ਕੈਟੇਗਰੀ

ਤੁਹਾਡੀ ਰਾਇ



ਬਲਰਾਜ ਸਿੰਘ ਸਪੋਕਨ
< ਐਸੇ ਸੰਤ ਨ ਮੋਕਉ ਭਾਵਹਿ >
< ਐਸੇ ਸੰਤ ਨ ਮੋਕਉ ਭਾਵਹਿ >
Page Visitors: 2536

<   ਐਸੇ ਸੰਤ ਨ ਮੋਕਉ ਭਾਵਹਿ    >
ਦਾਸ ਨੇ 2007 ਦੇ ਆਸ ਪਾਸ ਗੁਰਮਤਿ ਸਿਧਾਂਤ ਸਮਝਣ ਦੀ ਕੋਸ਼ਿਸ ਸ਼ੁਰੂ ਕੀਤੀ ਸੀ, ਜੋ ਨਿਰੰਤਰ ਜਾਰੀ ਹੈ । ਉਸ ਵਕਤ ਡੇਰਾਵਾਦ , ਬਾਬਾਵਾਦ ਦੀ ਵੀ ਪੂਰੀ ਚੜਾਈ ਸੀ । ਕੈਨੇਡਾ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਸਾਧਾਂ ਦੇ ਦਿਵਾਨਾਂ ਵਿਚ ਰਿਕਾਰਡ ਤੋੜ ਸੰਗਤਾਂ ਦੇ ਇਕੱਠ ਹੁੰਦੇ ਸਨ । ਕਈ ਤਾਜੇ ਤਾਜੇ ਨੌਜਵਾਨ ਹੋਏ ਬਾਬੇ ਵੇ ਬੜੇ ਪ੍ਰਚਲਿਤ ਸੀ । ਇਕ ਨੌਜਵਾਨ ਬਾਬੇ ਦੇ ਦਿਵਾਨ ਦੀ ਸਮਾਪਤੀ ਤੋਂ ਬਾਅਦ ਉਸ ਦੇ ਜਥੇ ਦੇ ਸਿੰਘ ਇਕ ਪਾਸੇ ਕਾਲੇ ਰੰਗ ਦੇ ਬੜੇ ਬੜੇ ਗਾਰਬੇਜ ਬੈਗ ਲੈ ਕੇ ਖੜਦੇ ਸਨ ਅਤੇ ਸੰਗਤਾਂ ਉਨ੍ਹਾਂ ਵਿੱਚ ਸ਼ਰਧਾ ਅਧੀਨ ਆਪਣੀ ਕਿਰਤ ਕਮਾਈ ਵਿਚੋਂ ਤਿਲ ਫੁਲ ਪਾਉਂਦੀਆਂ ਸਨ । ਇਹ ਵੀ ਦੇਖਿਆ ਗਿਆ ਕੇ ਅਕਸਰ ਹੀ ਉਹ ਬੈਗ ਨੋਟਾਂ ਨਾਲ ਭਰ ਜਾਂਦੇ ਸਨ । ਉਨ੍ਹਾਂ ਨੋਟਾਂ ਨਾਲ ਹੀ ਉਹ ਆਲੀਸ਼ਾਨ ਡੇਰਾ ਬਣਾਉਣ ਵਿਚ ਕਾਮਯਾਬ ਹੋਏ ਸੀ । ਉਸ ਤੋਂ ਇਲਾਵਾ ਹੋਰ ਡੇਰੇਦਾਰ ਸਾਧਾਂ ਦੀ ਵੀ ਅਮਰੀਕਾ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਭਰਮਾਰ ਹੁੰਦੀ ਸੀ । ਨਿਤ ਕੋਈ ਨਾ ਕੋਈ ਚਿਟ ਕਪੜੀਆ ਸਾਧ ਤੁਰਿਆ ਹੀ ਰਹਿੰਦਾ ਸੀ ।
ਪੰਜਾਬ ਵਿੱਚ ਵੀ ਸਾਧਾਂ ਦੇ ਦਿਵਾਨ ਆਮ ਹੀ ਲਗਦੇ ਸਨ । ਪਰ ਅਜ ਨਹੀਂ ਲਗਦੇ । ਇਸ ਦਾ ਕਾਰਣ ਕੀ ਹੈ ?
ਉਨ੍ਹਾਂ ਦਿਨਾਂ ਵਿੱਚ ਹੀ ਤੱਤ ਗੁਰਮਤਿ ਦੇ ਵਿਚਾਰਾਂ ਨਾਲ ਜਾਗਰਤੀ ਲਹਿਰ ਦੀ ਵੀ ਸ਼ੁਰੂਆਤ ਹੋ ਚੁੱਕੀ ਸੀ । ਸਿਰਦਾਰੁ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਘੱਗਾ, ਸੁਖਵਿੰਦਰ ਸਿੰਘ ਸਭਰਾ ਦੀਆਂ ਸੰਤਾ ਦੇ ਕੌਤਕ ਕਿਤਾਬਾਂ, ਸਿੱਖ ਮਾਰਗ, ਸਿੰਘ ਸਭਾ ਕੈਨੇਡਾ ਆਦਿ ਵੈਬਸਾਈਟਾਂ ਲੋਕ ਪੜਣ ਲਗ ਪਏ ਸਨ । ਪ੍ਰੋ. ਦਰਸ਼ਨ ਸਿੰਘ ਜੀ ਦੀ ਅਕਾਲ ਤਖਤ ਪੇਸ਼ੀ ਵਾਲੇ ਘਟਨਾਕ੍ਰਮ ਨੇ ਉਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ । ਖ਼ਾਲਸਾ ਨਿਊਜ਼ ਹੋਂਦ ਵਿੱਚ ਆਈ । ਉਨ੍ਹਾਂ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿਤਾ । ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਨੇ ਜਾਗਰਤੀ ਲਹਿਰ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਅ ਦਿਤਾ ।
      ਇਕ ਪਾਸੇ ਜਾਗਰਤੀ ਲਹਿਰ ਦਾ ਉਭਾਰ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਡੇਰਾਬਾਦ ਦਾ ਪਤਣ ਸ਼ੁਰੂ ਹੋ ਚੁੱਕਿਆ ਸੀ । 2011 / 12 ਵਿੱਚ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੱਰਪਤ ਤੱਤ ਗੁਰਮਤਿ ਦੇ ਪ੍ਰਚਾਰਕਾਂ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਇਲਾਹੀ ਸਿਧਾਂਤਕ ਫੁਰਮਾਣ ਗੁੰਜਣ ਲਗ ਪਏ ਸਨ । ਵਿਦੇਸ਼ੀ ਸਿੱਖ ਸੰਗਤਾਂ ਨੇ ਇਨ੍ਹਾਂ ਪ੍ਰਚਾਕਰਾ ਵਲੋ ਬੋਲੇ ਜਾਂਦੇ ਸੱਚ ਨੂੰ ਬਹੁਤ ਸਲਾਹਿਆ । ਸੰਗਤਾਂ ਨੂੰ ਇੰਝ ਲਗਣ ਲਗ ਪਿਆ ਜਿਵੇਂ ਉਨ੍ਹਾਂ ਨੂੰ ਗੁਰਮਤਿ ਰੂਪੀ ਭੁਲਿਆ ਵਿਸਰਿਆ ਖਜਾਨਾ ਫਿਰ ਤੋਂ ਪ੍ਰਾਪਤ ਹੋਣ ਲੱਗਾ ਹੈ । ਬਹੁਤ ਥਾਂਈ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਕੁਝ ਥਾਵਾਂ ਤੇ ਸੰਗਤਾਂ ਨੇ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ "ਗੋਲਡ ਮੈਡਲਾਂ" ਨਾਲ ਸਨਮਾਨਿਤ ਕਰਣਾ ਸ਼ੁਰੂ ਕਰ ਦਿਤਾ । ਵਿਦੇਸ਼ਾਂ ਵਿੱਚ ਪ੍ਰਚਾਰਕਾਂ ਨੂੰ ਮਿਲਦੇ "ਗੋਲਡ ਮੈਡਲ" ਪੰਜਾਬ ਬੈਠਾ ਚਿਟ ਕਪੜੀਆ ਸਾਧ ਕਿਵੇਂ ਬਰਦਾਸ਼ਤ ਕਰ ਸਕਦਾ ਸੀ । ਉਸ ਨੇ ਆਪਣੇ ਰਾਜਨੀਤਕ ਰਸੁਖ ਵਰਤ ਕੇ ਉਨ੍ਹਾਂ ਸਨਮਾਨਾਂ ਨੂੰ ਰੋਕਣਾ ਚਾਹਿਆ, ਪਰ ਉਹ ਕਾਮਯਾਬ ਨਾ ਹੋ ਸਕਿਆ । ਬਸ ਇਹ ਸਭ ਦੇਖ ਕੇ "ਇੱਕ ਬਾਬੇ" ਦੇ ਰੌਸ਼ਨ ਦਿਮਾਗ ਨੇ ਸੋਚਿਆ ਕਿ ਹੁਣ ਡੇਰੇਦਾਰੀ ਬਹੁਤ ਦੇਰ ਚਲਦੀ ਨਜ਼ਰ ਨਹੀਂ ਆਉਂਦੀ । ਉਸ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿਤਾ, ਨਹੀਂ ਤਾਂ ਉਸ ਦਾ ਹੁੱਕਾ-ਪਾਣੀ ਵੀ ਬੰਦ ਹੋ ਜਾਣਾ ਸੀ।
ਇਹ ਗੱਲਾਂ ਲਿਖਣ ਦੀ ਜ਼ਰੂਰਤ ਤਾਂ ਪਈ ਕਿਉਂਕਿ ਕਈ ਸੱਜਣ ਜ਼ਿੱਦ ਕਰਦੇ ਹਨ ਕੇ ਫਲਾਣੇ ਬਾਬਾ ਜੀ ਗੁਰਮਤਿ ਨੂੰ ਸਮਝ ਕੇ ਬਦਲੇ ਹਨ । ਨਹੀਂ ! ਐਸਾ ਨਹੀਂ ਹੈ । ਉਸ ਦਾ ਆਪਣੇ ਆਪ ਨੂੰ ਬਦਲਣਾ ਸਮੇਂ ਦੀ ਲੋੜ ਸੀ।
ਜੇਕਰ ਅੱਜ ਪੰਜਾਬ ਦੀ ਧਰਤੀ ਜਾਂ ਵਿਦੇਸ਼ਾਂ ਵਿੱਚ ਦੇਖਿਆ ਜਾਵੇ ਤਾਂ ਸੰਤ ਬਾਬਿਆਂ ਦੇ ਦਿਵਾਨ ਲਗਣੇ ਕਿਧਰੇ ਨਜ਼ਰ ਨਹੀਂ ਆਉਂਦੇ ਜਾਂ ਬਹੁਤ ਘੱਟ ਗਏ ਹਨ। ਜਿਨ੍ਹਾਂ ਸਾਧਾਂ ਦੀ ਪਹਿਲਾਂ ਭਰਮਾਰ ਹੁੰਦੀ ਸੀ ਉਹ ਕਿਸੇ ਗੁਰਦੁਆਰੇ ਦਿਖਾਈ ਨਹੀਂ ਦਿੰਦੇ ? ਅੱਜ ਦੇਸ਼ ਵਿਦੇਸ਼ ਵਿੱਚ ਮਾਨ ਸਿੰਘ ਪਿਹੋਵੇ ਵਾਲੇ ਦੇ ਦਿਵਾਨ ਲਗਣੇ ਸਮਾਪਤ ਹੋ ਚੁੱਕੇ ਹਨ । ਧਨਵੰਤ ਸਿੰਘ ਗੁਰਦਾਸਪੁਰੀਆ ਕਿਧਰੇ ਨਜਰ ਨਹੀਂ ਆਉਂਦਾ । ਬਾਬਾ ਬਲਵਿੰਦਰ ਸਿੰਘ ਕੁਰਾਲੀ, ਦਲਜੀਤ ਸਿੰਘ ਮੋਟਲ ਵਾਲਾ, ਹਰੀ ਸਿੰਘ ਰੰਧਾਵਾ ਆਦਿਕ ਸਾਧ ਖਤਮ ਹੋ ਚੁੱਕੇ ਹਨ । ਨਾਨਕਸਰੀਅੇ, ਟਕਸਾਲੀਅੇ, ਤਰਮਾਲੇ ਵਾਲੇ, ਰਾੜੇਵਾਲੇ ਸੰਪਰਦਾਈ ਬਾਬੇ ਸਿਰਫ ਆਪਣੇ ਨਿਜੀ ਡੇਰਿਆਂ ਤੱਕ ਸੀਮਤ ਹੋ ਕੇ ਰਹਿ ਗਏ ਹਨ । ਝੂਠੇ ਸੌਧੇ ਵਾਲਾ ਜੇਲ ਦੀ ਚੱਕੀ ਪੀਸ ਰਿਹਾ ਹੈ । ਜੇਕਰ ਕਿਸੇ ਬਾਬੇ ਦੇ ਕੁੱਝ ਦਿਵਾਨ ਅੱਜ ਦੀ ਤਰੀਕ ਵਿਚ ਲਗ ਰਹੇ ਹਨ, ਤਾਂ ਉਹ ਸਿਰਫ ਉਸ ਵਲੋਂ ਮਾਰੀ ਯੂ ਟਰਨ ਕਰਕੇ ਹੀ ਬਰਕਰਾਰ ਹਨ । ਨਹੀਂ ਤਾਂ ਉਹ ਵੀ ਅੱਜ ਤੱਕ ਬੂਰੀ ਤਰਾਂ ਫਲਾਪ ਹੋ ਜਾਣਾ ਸੀ ਜਾਗਰਤੀ ਲਹਿਰ ਦੀ ਵਗਦੀ ਹਨੇਰੀ ਸਾਹਮਣੇ ।
ਇੱਕ ਗਲ ਹੋਰ ਕਰਣੀ ਚਾਹੁੰਦਾ ਹਾਂ, ਕਈ ਲੋਕਾਂ ਨੇ ਨਿਰੋਲ ਨਾਨਕ ਮਤਿ ਦੇ ਧਾਰਣੀ ਪ੍ਰਚਾਰਕਾਂ ਨੂੰ ਘਰ ਬਿਠਾਲਣ ਦੀ ਗਲ ਕੀਤੀ ਸੀ, ਪਰ ਵਾਹਿਗੁਰੂ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਮਾਗਮ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਰਹੇ ਹਨ । ਸਿੱਖ ਹੁਣ ਸਿਆਣੇ ਹੋ ਰਹੇ ਹਨ । ਉਹ ਸਭ ਦੇਖ ਪਰਖ ਰਹੇ ਹਨ । ਹੁਣ ਕੋਈ ਚਿਟ ਕਪੜੀਆ ਸਾਧ ਕੌਮ ਨੂੰ ਧਰਮ ਦੇ ਨਾਮ ਉਪਰ ਮੂਰਖ ਨਹੀਂ ਬਣਾ ਸਕਦਾ ।
ਕਈ ਬਾਬਿਆਂ ਦੇ ਸ਼ਰਧਾਲੂ ਸਾਨੂੰ ਚੁੱਪ ਹੋਣ ਜਾਂ ਨਾ ਲਿਖਣ ਲਈ ਦਬਾ ਪਾਉਂਦੇ ਰਹਿੰਦੇ ਹਨ । ਮੇਰੇ ਵਲੋਂ ਉਨ੍ਹਾਂ ਗੁਰਮੁੱਖ ਪਿਆਰਿਆਂ ਨੂੰ ਇਕੋ ਬੇਨਤੀ ਹੈ ...
.. "ਗੁਰੂ ਪਾਤਸ਼ਾਹਿ ਨੇ ਸਾਨੂੰ ਖੁਦਮੁਖਿਤਿਆਰੀ ਬਖਸ਼ੀ ਹੈ। ਜਿਸ ਨੂੰ ਮੁੱਖ ਰਖਦਿਆਂ ਅਸੀਂ ਗੁਰੂ ਪਾਤਸ਼ਾਹਿ ਦੇ ਸਿਧਾਂਤਾਂ ਦੇ ਹੱਕ ਵਿੱਚ ਮੜਕਦੇ, ਖੜਕਦੇ, ਬੜਕਦੇ ਰਹਾਂਗੇ ਅਤੇ ਇਨ੍ਹਾਂ ਸਿਧਾਂਤਾਂ ਦਾ ਚੀਰ ਹਰਣ ਕਰਣ ਵਾਲੇ ਸਾਧਾਂ ਦੀਆਂ ਅੱਖਾਂ ਵਿੱਚ ਰੜਕਦੇ ਰਹਾਂਗੇ।"
 ਬਲਰਾਜ ਸਿੰਘ ਸਪੋਕਨ
………………………….
ਟਿੱਪਣੀ:-  ਜੇ ਸਿੱਖ ਸਿਆਣੇ ਹੋ ਗਏ ਹਨ ਤਾਂ ਫਿਰ ਸਿੱਖਾਂ ਦੇ ਮਸਲ੍ਹੇ ਘਟਣ ਦੀ ਥਾਂ ਵਧਦੇ ਕਿਉਂ ਜਾ ਰਹੇ ਹਨ ? ਵੀਰ ਜੀ ਜਦੋਂ ਤੱਕ ਸਿੱਖਾਂ ਵਿਚ ਗੁਰਬਾਣੀ ਸਿਧਾਂਤ ਦਾ ਪਰਚਾਰ ਨਹੀਂ ਹੁੰਦਾ, ਤਦ ਤੱਕ ਚੇਹਰੇ ਬਦਲਦੇ ਰਹਣਗੇ, ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕੀਤਾ ਜਾਂਦਾ ਰਹੇਗਾ, ਅੱਜ ਤਾਂ ਸਿੱਧਾ ਗੁਰੂਆਂ ਅਤੇ ਗੁਰਬਾਣੀ ਤੇ ਕਿੰਤੂ ਹੋਣ ਲੱਗ ਪਿਆ ਹੈ।
   ਮੰਜ਼ਿਲ ਬਹੁਤ ਦੂਰ ਹੈ ਅਤੇ ਸਿੱਖਾਂ ਦਾ ਜਿੱਧਰ ਨੂੰ ਮੂੰਹ ਹੋ ਜਾਂਦਾ ਹੈ, ਉਨ੍ਹਾਂ ਨੂੰ ਓਧਰ ਹੀ ਮੰਜ਼ਿਲ ਨਜ਼ਰ ਆਉਂਦੀ ਹੈ। ਕਦੀ ਗੁਰਬਾਣੀ ਦੇ ਨਾਂ ਤੇ, ਕਦੀ ਸਰਬੱਤ-ਖਾਲਸਾ ਦੇ ਨਾਮ ਤੇ, ਕਦੀ ਪੰਜ ਪਿਆਰਿਆਂ ਦੇ ਨਾਮ ਤੇ, ਕਦੇ ਖਾਲਿਸਤਾਨ ਦੇ ਨਾਮ ਤੇ ਸਿੱਖਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਰੈਫਰੈਂਡਮ ਰਾਹੀਂ ਖਾਲਿਸਤਾਨ ਬਣਾਇਆ ਜਾ ਰਿਹਾ ਹੈ।
   ਸਿੱਖਾਂ ਦਾ ਜਿਹੜਾ ਦਸਵੰਧ ਪੰਥ ਦੇ ਵਿਕਾਸ ਤੇ ਲੱਗਣਾ ਸੀ, ਉਹ ਗੁਰਦਵਾਰਿਆਂ ਤੇ ਸੋਨਾ ਲਗਾ ਕੇ, ਨਗਰ-ਕੀਰਤਨਾ ਦੀ ਆੜ ਵਿਚ ਵਿਖਾਵਿਆਂ ਤੇ,  ਗੁਰਦਵਾਰਿਆਂ ਤੇ ਕਬਜ਼ਾ ਕਰਨ ਲਈ ਮੁਕੱਦਮਿਆਂ ਤੇ ਅਤੇ ਹੋਰ ਬਹੁਤ ਸਾਰੇ ਫਜ਼ੂਲ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ, ਏਥੇ ਤਾਂ ਲੀਡਰਾਂ ਦੀਆਂ ਕਾਰਾਂ ਹੀ, ਗੁਰਦਵਾਰੇ ਦੀ ਗੋਲਕ ਦੇ ਕ੍ਰੋੜਾਂ ਰੁਪਏ ਦਾ ਤੇਲ ਪੀ ਜਾਂਦੀਆਂ ਹਨ, ਕੀ ਕਿਸੇ ਜਾਗਰੂਕ ਸਿੱਖ ਨੇ ਅੱਜ-ਤਕ ਇਸ ਪਾਸੇ ਵੀ ਧਿਆਨ ਦਿੱਤਾ ਹੈ ?
  ਸਿੱਖੀ ਦਾ ਵਿਕਾਸ ਵੇਲ੍ਹੜ ਮਾਇਆ-ਧਾਰੀਆਂ ਨੇ ਨਹੀਂ, ਕਿਰਤੀ-ਸਿੱਖਾਂ ਨੇ ਕਰਨਾ ਹੈ। ਅਤੇ ਅੱਜ ਦਾ ਸਿੱਖ ਕਿਰਤ ਤੋਂ ਭਗੌੜਾ ਹੋ ਕੇ ਹੇਰਾ ਫੇਰੀਆਂ ਵਾਲਾ ਨਸ਼ੇ ਦਾ ਵਪਾਰੀ ਹੋ ਕੇ ਇੰਸਾਨੀਅਤ ਦਾ ਬੇੜਾ ਗਰਕ ਕਰ ਰਿਹਾ ਹੈ। ਜਿਨ੍ਹਾਂ ਦੇ ਪਰਚਾਰ ਨਾਲ ਤੁਸੀਂ ਸਿੱਖ ਨੂੰ ਸਿਆਣਾ ਹੁੰਦਾ ਦੱਸ ਰਹੇ ਹੋ, ਉਨ੍ਹਾਂ ਨੂੰ ਤਾਂ ਆਪ ਹੀ ਪਤਾ ਨਹੀਂ ਕਿ ਸਿੱਖ ਦੀ ਮੰਜ਼ਿਲ ਕੀ ਹੈ ? ਅਤੇ ਮੰਜ਼ਿਲ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਨੂੰ ਦੱਸਣੀ ਹੈ, ਜੋ ਗੁਰੂ ਸਾਹਿਬ ਨਾਲ ਆਪ ਇਸ ਬਾਰੇ ਗੱਲਾਂ ਕਰੇਗਾ ।
             ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.