ਕੈਟੇਗਰੀ

ਤੁਹਾਡੀ ਰਾਇ



ਅਮਨਪ੍ਰੀਤ ਸਿੰਘ ਛੀਨਾ
ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ
ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ
Page Visitors: 2556

ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ
ਸਦੀਆਂ ਤੋਂ ਅਣਖੀਲੇ ਯੋਧਿਆਂ ਅਤੇ ਸ਼ੂਰਬੀਰਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਗੰਧਲੀ ਸਿਆਸਤ, ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਗ੍ਰਹਿਣ ਲਗਾ ਦਿੱਤਾ ਹੈ। ਅੱਜਕੱਲ੍ਹ ਅਖਬਾਰਾਂ ਵਿੱਚ ਸੁਰਖੀਆਂ 100 ਗ੍ਰਾਮ ਹੈਰੋਇਨ ਜਾਂ ਸਮੈਕ ਜ਼ਬਤ ਕਰਨ ਤੇ ਨਹੀਂ ਬਣਦੀਆਂ ਸਗੋਂ ਘੱਟੋ-ਘੱਟ 100 ਕਿਲੋ ਹੈਰੋਇਨ, ਸਮੈਕ ਜਾਂ ਹੋਰ ਸਨਥੈਟਿਕ ਨਸ਼ਿਆਂ ਦੀ ਬਰਾਮਦਗੀ ਤੇ ਬਣਦੀਆਂ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 100 ਤੋਂ 500 ਕਰੋੜ ਦੇ ਆਸ-ਪਾਸ ਹੁੰਦੀ ਹੈ । ਇਥੇ ਸਵਾਲ ਉੱਠਦਾ ਹੈ ਕਿ ਉਹ ਕੌਣ ਦੇਸ਼-ਧਿਰੋਹੀ ਲੋਕ ਹਨ ਜੋ ਪੰਜਾਬ ਦੀ ਜ਼ਵਾਨੀ ਨੂੰ ਤਬਾਹ ਕਰਨ ਉਤਾਰੂ ਹਨ ਅਤੇ ਉਹਨਾਂ ਦਾ ਅਸਲ ਮਕਸਦ ਕੀ ਹੈ ? ਆਉ ਇਸ ਲੇਖ ਰਾਹੀਂ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਦੇ ਹੱਲ ਲੱਭਣ ਦਾ ਇਕ ਯਤਨ ਕਰੀਏ । ਅੱਜ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਅਤੇ ਕਿੱਥੇ ਵੱਸਦਾ ਹੈ ਇਸ ਦਾ ਪਤਾ ਹਰ ਪੰਜਾਬੀ ਨੂੰ ਹੈ ਪਰ ਪੰਜਾਬ ਵਿੱਚ ਪਿਛਲੇ ਤੀਹਾਂ ਸਾਲਾਂ ਤੋਂ ‘ਕਾਨੂੰਨ-ਦਾ-ਰਾਜ’ ਨਾ ਹੋ ਬੰਦੇ-ਦਾ-ਰਾਜ’ ਹੋਣ ਕਾਰਨ ਹਰ ‘ਆਮ-ਆਦਮੀ’ ਆਪਣੇ ਹੱਥ ਬਨ੍ਹੀ ਖੜਾ ਪ੍ਰਮਾਤਮਾ ਅੱਗੇ ਦਿਨ-ਰਾਤ ਜਿੱਥੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਦੀ ਅਰਦਾਸ ਕਰਦਾ ਹੈ, ਉੱਥੇ ਹੀ ਪ੍ਰਮਾਤਮਾ ਨੂੰ ਕਹਿੰਦਾ ਹੈ, ਹੇ ਪ੍ਰਮਾਤਮਾ, ਮੇਰੇ ਬੱਚਿਆਂ ਨੂੰ ਕੱਲਯੁਗ ਦੀ ਇਸ ਕਾਲੀ ਹਨੇਰੀ ਤੋਂ ਬਚਾ ਲਵੀਂ ।
ਅੱਜ ਸੂਬੇ ਵਿੱਚ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਮਿਲੀ-ਭੁਗਤ ਕਾਰਨ ਦੇਸੀ ਸ਼ਰਾਬ, ਕੈਪਸੂਲਾਂ, ਸਨਥੈਟਿਕ ਡ੍ਰਗਸ ਅਤੇ ਹੋਰਨਾ ਜਾਨ ਲੇਵਾ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ । ਸਿਆਸਤਦਾਨ ਤਾਕਤ ਦੀ ਪ੍ਰਾਪਤੀ ਦੀ ਲਾਲਸਾ ਵਿੱਚ ਆਪਣਾ ਜ਼ਮੀਰ ਵੇਚ ਕਰੋੜਾਂ ਰੁਪਏ ਚੋਣਾਂ ਵਿੱਚ ਖ਼ਰਚ ਕਰਦਾ ਹੈ ਅਤੇ ਆਪਣੀ ਸਾਂਝ ਉਹਨਾਂ ਲੋਕਾਂ ਨਾਲ ਪਾਉਂਦਾ ਹੈ ਜੋ ਉਹਨਾਂ ਲਈ ਨਸ਼ੇ ਅਤੇ ਪੈਸੇ ਵੰਡ ਸਕਦੇ ਹੋਣ ਅਤੇ ਆਮ-ਆਦਮੀ ਨੂੰ ਡੰਡੇ ਦੇ ਜ਼ੋਰ ਤੇ ਆਪਣੇ ਹੱਕ ਵਿੱਚ ਭੁਗਤਾ ਸਕਦੇ ਹੋਣ । ਇਹ ਨਸ਼ੇ ਦੇ ਸੌਦਾਗਰ ਚੋਣਾਂ ਵਿੱਚ ਜਿੱਤਣ ਵਾਲੀਆਂ ਪਾਰਟੀਆਂ ਨੂੰ ਭਾਰੀ ਚੰਦਾ ਵੀ ਦਿੰਦੇ ਹਨ ਅਤੇ ਡਾਂਗ ਦੇ ਨਾਲ ਵੋਟਾਂ ਵੀ ਪਵਾਉਂਦੇ ਹਨ । ਪਾਰਟੀ ਤਾਕਤ ਵਿੱਚ ਆਉਣ ਤੋਂ ਬਾਅਦ ਇਹ ਲੋਕ ਆਪਣਾ ਨਸ਼ਿਆਂ ਦਾ ਕਾਰੋਬਾਰ ਰਾਸ਼ਟਰੀ ਪੱਧਰ ਤੇ ਕਰ ਨੌਜ਼ਵਾਨਾ ਦੀ ਜਵਾਨੀ ਨਸ਼ਿਆਂ ਵਿਚ ਡੋਬ ਦਿੰਦੇ ਹਨ । ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਦੁੱਧ-ਮੱਖਣਾਂ ਨਾਲ ਪਲੀ ਜਵਾਨੀ ਕੁੱਝ ਕੰਮ ਕਰਨ ਦੀ ਬਜਾਏ ਮਾਂ ਦੀਆਂ ਵਾਲੀਆਂ ਅਤੇ ਘਰ ਦੇ ਭਾਂਡੇ ਤੱਕ ਵੇਚਣ ਲਈ ਮਜ਼ਬੂਰ ਹੋ ਜਾਂਦੀ ਹੈ ।
ਅੱਜ ਹਰ ਪਿੰਡ ਵਿਚੋਂ ਅਕਸਰ ਖ਼ਬਰ ਮਿਲਦੀ ਹੈ ਕਿ ਸਾਡੀ ਮੋਟਰ ਦਾ ਸਟਾਟਰ ਜਾਂ ਸਰਕਾਰੀ ਬਿਜਲੀ ਵਾਲਾ ਟ੍ਰਾਂਸਫਾਰ੍ਮਰ ਜਾਂ ਲੋਹੇ ਦਾ ਪੋਲ ਜਾਂ ਸਰਕਾਰੀ ਸਕੂਲ ਦੀਆਂ ਇੱਟਾਂ, ਪੱਖੇ, ਕਮਪਿਊਟਰ ਅਤੇ ਬੱਚਿਆਂ ਦਾ ਖਾਣਾ ਬਣਾਉਣ ਵਾਲਾ ਐਲ।ਪੀ।ਜੀ। ਸਲੰਡਰ ਚੋਰੀ ਹੋ ਗਿਆ ਹੈ । ਬਦਨਸੀਬ ਮਾਂ-ਬਾਪ ਆਪਣੇ ਜਵਾਨ ਬੱਚੇ ਦੀ ਨਸ਼ਿਆਂ ਤੋਂ ਹੋਈ ਮੌਤ ਤੇ ਉਸ ਦੀ ਚਿਤਾ ਨੂੰ ਅਗਨੀ ਭੇਂਟ ਕਰਦਿਆਂ ਆਪਣੇ ਕਰਮਾਂ ਨੂੰ ਕੋਸਦੇ ਹਨ ਅਤੇ ਉਸ ਤੋਂ ਉਲਟ ਨੌਜਵਾਨ ਬੱਚਿਆਂ ਦੇ ਕਾਤਲ – ਨਸ਼ਿਆਂ ਦੇ ਸੌਦਾਗਰ – ਨਸ਼ਿਆਂ ਦੀ ਕਮਾਈ ਤੋਂ ਆਪਣੇ ਮਹਿਲ ਉਸਾਰ ਰਹੇ ਹਨ । ਮੈਂ ਇਥੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਵਿੱਚ ਕਿੰਨੇ ਨੌਜਵਾਨ ਬੱਚੇ ਨਸ਼ਿਆਂ ਦੀ ਬਲੀ ਚੜੇ ਹਨ । ਇਸ ਦੀ ਗਿਣਤੀ ਤੁਸੀਂ ਆਪਣੇ ਆਪਣੇ ਪਿੰਡ ਦੀ ਸੱਥ ਵਿੱਚ ਬੈਠਕੇ ਆਪ ਹੀ ਕਰ ਲੈਣਾ।
ਕਹਿੰਦੇ ਹਨ ਦੁਨੀਆਂ ਵਿੱਚ ਕੋਈ ਵੀ ਚੀਜ਼ ਮੁਫ਼ਤ ਨਹੀਂ ਮਿਲਦੀ । ਜੇ ਕੋਈ ਸਿਆਸਤਦਾਨ ਵੋਟਰ ਨੂੰ ਚੰਦ ਰੁਪਿਆਂ ਦੀ ਖਾਤਰ ਖ਼ਰੀਦਾ ਹੈ ਜਾਂ ਸ਼ਰਾਬ ਆਦਿ ਵੰਡਦਾ ਹੈ ਤਾਂ ਉਹ ਕੋਈ ਦਾਨ-ਪੁੰਨ ਨਹੀਂ ਕਰ ਰਿਹਾ । ਉਸ ਨੇ ਸਤ੍ਹਾ ਵਿੱਚ ਆਕੇ ਆਪਣੇ ਪੈਸੇ ਵੋਟਰ ਤੋਂ ਹੀ ਵਸੂਲ ਕਰਨੇ ਹੁੰਦੇ ਹਨ । ਜਿਸ ਸਦਕਾ ਅੱਜ ਹਰ ਵੋਟਰ ਨੂੰ ਗੰਧਲੀ ਸਿਆਸਤ ਦਾ ਮੁੱਲ ਅਦਾ ਕਰਨਾ ਪੈ ਰਿਹਾ ਹੈ । ਪੰਜਾਬ ਦੇ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਖਾਤਿਰ ਸਦੀਆਂ ਤੋਂ ਪੰਜਾਬ ਦੀ ਮਿੱਟੀ ਨਾਲ ਬਣੀ ਸਾਂਝ ਨੂੰ ਤੋੜ ਦੂਸਰਿਆਂ ਸੂਬਿਆਂ ਜਾਂ ਵਿਦੇਸ਼ਾ ਵਿੱਚ ਵੱਸਣਾ ਸ਼ੁਰੂ ਹੋ ਗਏ ਹਨ । ਇਹਨਾਂ ਹਾਲਾਤਾਂ ਸਦਕਾ ਪੰਜਾਬ ਵਿਚੋਂ ਹਰ ਦੂਸਰਾ ਪੜਿਆ- ਲਿਖਿਆ ਨੌਜਵਾਨ ਆਪਣੇ ਮਾਂ-ਬਾਪ, ਰਿਸ਼ਤੇਦਾਰ ਅਤੇ ਦੋਸਤਾਂ ਨੂੰ ਪਿੱਛੇ ਛੱਡ ਪ੍ਰਦੇਸ਼ਾਂ ਵਿੱਚ ਸਖ਼ਤ ਮਿਹਨਤ ਕਰ ਆਪਣਾ ਪਰਿਵਾਰ ਪਾਲ ਰਿਹਾ ਹੈ ।
ਅੱਜ ਪੰਜਾਬ ਦਾ ਕੋਈ ਵੀ ਇਲਾਕਾ ਐਸਾ ਨਹੀਂ ਜਿਸ ਵਿੱਚ ਦੇਸ਼ੀ ਸ਼ਰਾਬ ਜਾਂ ਨਸ਼ਿਆਂ ਦਾ ਕਾਰੋਬਾਰ ਨਾ ਚਲਦਾ ਹੋਵੇ ਅਤੇ ਉਸ ਦਾ ਹਿੱਸਾ ਉਥੋਂ ਦੇ ਅਫ਼ਸਰ ਜਾਂ ਚੁਣੇ ਹੋਏ ਲੋਕ-ਨੁੰਮਾਂਇੰਦੇ ਨੂੰ ਨਾ ਜਾਂਦਾ ਹੋਵੇ । ਇਥੇ ਮੈਂ ਇਕ ਸਵਾਲ ਹਰ ਪੰਜਾਬੀ ਨੂੰ ਪੁੱਛਦਾ ਹਾਂ ਕਿ ਕੀ ਅੱਜ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਕਰਦਾ ਹੋਵੇ ਜਾਂ ਨਸ਼ਿਆਂ ਦਾ ਕਾਰੋਬਾਰ ਕਰਦਾ ਹੋਵੇ ਤੇ ਤਹਾਨੂੰ ਪਤਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ? ਕਹਿੰਦੇ ਹਨ ਪੰਜਬ ਦੇ ਪਿੰਡ ਵਿੱਚ ਕਿਸੇ ਦੇ ਘਰ ਵਿੱਚ ਕੋਈ ਪਰਾਹੁਣਾ ਵੀ ਆ ਜਾਵੇ ਤੇ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਘਰ ਵਿੱਚ ਉਸ ਦੀ ਖਾਤਰਦਾਰੀ ਵਿੱਚ ਕੀ ਬਣ ਰਿਹਾ ਹੈ । ਅੱਜ ਪੰਜਾਬ ਦਾ ਕੋਈ ਵੀ ਘਰ ਜਾਂ ਪਰਿਵਾਰ ਐਸਾ ਨਹੀਂ ਜੋ ਹੱਥ ਖੜਾ ਕਰਕੇ ਇਹ ਕਹਿ ਸਕਦਾ ਹੋਵੇ ਕਿ ਨਸ਼ਿਆਂ ਦੀ ਕਾਲੀ ਹਨੇਰੀ ਨੇ ਪਿਛਲੇ ਤੀਹਾਂ ਸਾਲਾਂ ਵਿੱਚ ਉਹਨਾਂ ਦੇ ਪਰਿਵਾਰ ਤੇ ਵਾਰ ਨਹੀਂ ਕੀਤਾ ।
ਅੱਜ ਇਸ ਨੁਕਸਾਨ ਦੀ ਜ਼ਿੰਮੇਵਾਰੀ ਇੱਕਲੀ ਸੂਬਾ ਜਾਂ ਕੇਂਦਰ ਸਰਕਾਰ ਦੀ ਨਹੀਂ ਬਲਕਿ ਹਰ ਬੰਦੇ, ਵੋਟਰ, ਸਰਪੰਚ, ਪਿੰਡ ਜਾਂ ਇਲਾਕੇ ਦੇ ਮੁਹਤਬਰਾਂ ਤੋਂ ਇਲਾਵਾ ਹਰ ਚੁਣੇ ਹੋਏ ਨੁੰਮਾਇੰਦੇ ਦੀ ਹੈ ਜਿਸ ਦੀ ਨੱਕ ਥੱਲੇ ਇਹ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ । ਮੰਦਭਾਗੀ ਗੱਲ੍ਹ ਇਹ ਹੈ ਕਿ ਅੱਜ ਜਾਂ ਤਾਂ ਉਹ ਬੰਦਾ ਇਸ ਕਾਰੋਬਾਰ ਦਾ ਭਾਈਵਾਲ ਹੈ ਜਾਂ ‘ਬੰਦੇ-ਦੇ-ਰਾਜ’ ਵਿੱਚ ਉਸ ਦੀ ਤਾਕਤ ਦੇ ਡਰ ਤੋਂ ਅਪਣੀਆਂ ਅਖਾਂ ਬੰਦ ਕਰੀ ਬੈਠਾ ਹੈ । ਸੱਭ ਤੋਂ ਵੱਧ ਦੁੱਖ ਉਸ ਵੇਲੇ ਲੱਗਦਾ ਹੈ ਜਦੋਂ ਚੁਣਿਆਂ ਹੋਇਆ ਨੁਮਾਇੰਦਾ ਆਪਣੇ ਫ਼ਰਜਾਂ ਨੂੰ ਭੁੱਲ ਥਾਣਿਆਂ ਤੋਂ ਨਸ਼ੇ ਦੇ ਸੌਦਾਗਰਾਂ ਨੂੰ ਛੱਡਵਾਉਣ ਦੀ ਸ਼ਿਫਾਰਸ਼ ਕਰਦਾ ਹੈ ਅਤੇ ਆਪਣੀ ਆਉਣ ਵਾਲੀ ਪੀਹੜੀ ਲਈ ਨਸ਼ਿਆਂ ਦੇ ਰੰਗ ਵਿੱਚ ਡੁੱਬੀ ਕਾਲੇ ਧੰਨ ਦੀ ਕਮਾਈ ਘਰ ਲੈ ਕੇ ਜਾਂਦਾ ਹੈ ਅਤੇ ਫਿਰ ਆਪਣੇ ਬੱਚਿਆਂ ਤੋਂ ਚੰਗਿਆਈ ਦੀ ਆਸ ਰੱਖਦਾ ਹੈ ।
ਮੈਂ ਇਸ ਲੇਖ ਰਾਹੀਂ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਅੱਜ ਪੰਜਾਬ ਵਿੱਚ ਕਿੰਨੇ ਘਰ ਜਾਂ ਮੁੰਡੇ ਜਾਂ ਕੁੜੀਆਂ ਨਸ਼ੇ ਦੀ ਲਪੇਟ ਵਿੱਚ ਹਨ ਜਾਂ ਇਸ ਨੁਕਸਾਨ ਲਈ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿਉਕਿ ਇਸ ਦੇ ਸਿੱਟੇ ਤੁਸੀਂ ਆਪ ਕੱਢ ਲੈਣੇ ਹਨ । ਪਰ ਜੇ ਅਸੀਂ ਸੱਮੁਚੇ ਪੰਜਾਬੀਆਂ ਨੇ ਇਸ ਮੁਸੀਬਤ ਦਾ ਹੱਲ ਨਾ ਲਭਾ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਵਿੱਚ ਦੁੱਧ ਮੱਖਣਾਂ ਨਾਲ ਪਾਲੇ ‘ਉੱਚੇ-ਲੰਬੇ-ਗੱਭਰੂ’ਅਤੇ ਸੋਹਣੀਆਂ ਸੁਨਖੀਆਂ ਮੁਟਿਆਰਾਂ ਨਹੀਂ ਲਭਣਗੀਆਂ ਅਤੇ ਅਸੀਂ ਆਉਣ ਵਾਲੀ ਪੀਹੜੀ ਨੂੰ ਆਪਣੇ ਹੱਥੀਂ ਬਰਬਾਦ ਕਰ ਲਵਾਂਗੇ । ਹਰ ਵਸਨੀਕ, ਮਾਂ-ਬਾਪ, ਸਰਕਾਰ (ਸੂਬਾ-ਕੇਂਦਰ), ਸਿਆਸੀ- ਪਾਰਟੀਆਂ, ਅਫ਼ਸਰਾਂ ਅਤੇ ਸਿਆਸਤਦਾਨਾਂ ਨੂੰ ਨਸ਼ਿਆਂ ਦੇ ਖਿਲਾਫ਼ ਆਪਣੀ ਜ਼ੁਮੇਵਾਰੀ ਚੁੱਕਣੀ ਪੈਣੀ ਹੈ । ਆਪਣੀ ਹੋਂਦ ਬਚਾਉਣ ਲਈ ਹਰ ਮਾਂ-ਬਾਪ ਨੂੰ ਵਿਆਹ-ਸ਼ਾਦੀਆਂ ਜਾਂ ਪ੍ਰਾਹੁਣਾਚਾਰੀ ਵਿੱਚ ਸ਼ਰਾਬ ਦੇ ਨਾਲ ਖਾਤਰਦਾਰੀ ਬੰਦ ਕਰਨੀ ਹੋਵੇਗੀ । ਸਰਕਾਰ ਨੂੰ ਆਪਣੀ ਆਮਦਨ ਪੰਜਾਬ ਦੇ ਹਰ ਪਿੰਡ ਵਿੱਚ ਸ਼ਰਾਬ ਦੇ ਠੇਕਿਆਂ ਦੀ ਥਾਂ ਕਾਰਖਾਨੇ ਖੋਲਕੇ ਕਰਨੀ ਹੋਵੇਗੀ ਤਾਂ ਜੋ ਲੋਕਾਂ ਨੂੰ ਵਪਾਰ ਅਤੇ ਰੁਜ਼ਗਾਰ ਦੋਨੋਂ ਹੀ ਮਿਲ ਸੱਕਣ ।
ਹਰ ਪੰਚਾਇਤ ਨੂੰ ਆਪਣੇ ਪਿੰਡਾ ਵਿਚ ਸ਼ਰਾਬ ਦੇ ਠੇਕਿਆਂ ਉੱਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਖ਼ਤ ਪਾਬੰਦੀ ਲਗਾਉਣੀ ਹੋਵੇਗੀ । ਸਿਆਸਤਦਾਨਾਂ ਨੂੰ ਚੋਣਾਂ ਜਿੱਤਣ ਲਈ ਨਸ਼ੇ ਦੇ ਸੌਦਾਗਰਾਂ ਨਾਲ ਸਾਂਝ, ਪੈਸੇ ਜਾਂ ਨਸ਼ੇ ਨਹੀਂ ਬਲਕਿ ਪਾਰਟੀ ਦੇ ਏਜੰਡੇ, ਇਲਾਕੇ ਦੇ ਮੁੱਦਿਆਂ ਅਤੇ ਲੋੜਾਂ ਨੂੰ ਸਮਝਣਾ ਹੋਵੇਗਾ । ਅੱਜ ਹਰ ਸਿਆਸੀ ਪਾਰਟੀ ਨੂੰ ਆਪਣੀ ਸਿਆਸਤ ਸਤ੍ਹਾ ਦੀ ਲਾਲਸਾ ਦੀ ਥਾਂ ਅਸੂਲਾਂ ਅਤੇ ਲੋਕ ਹਿਤਾਂ ਦੀ ਖਾਤਿਰ ਕਰਨੀਂ ਹੋਵੇਗੀ ਨਹੀਂ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆਂ ਵਿੱਚ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਅਤੇ ਨਾ ਹੀ ਕੋਈ ਘਰ ਬਚਿਆ ਰਹਿ ਸਕਦਾ ਹੈ। ਅੱਜ ਸੂਬਾ, ਕੇਂਦਰ ਸਰਕਾਰਾਂ ਅਤੇ ਸਿਆਸਤਦਾਨ ਇਸ ਮੁੱਦੇ ਤੇ ਇਕ ਦੂਜੇ ਤੇ ਦੂਸ਼ਣਬਾਜ਼ੀ ਬੰਦ ਕਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਰਲਕੇ ਹੱਲ ਲੱਭਣ ।
ਅਮਨਪ੍ਰੀਤ ਸਿੰਘ ਛੀਨਾ Msc
Oct 26,2012
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.