ਕੈਟੇਗਰੀ

ਤੁਹਾਡੀ ਰਾਇ



ਮਨੋਹਰ ਸਿੰਘ ਪੁਰੇਵਾਲ
ਸੱਚੇ ਧਰਮ ਦਾ ਇੱਕੋ ਇੱਕ ਰਾਹ-ਗੁਰਬਾਣੀ ਸਿੱਖਿਆ ਤੇ ਅਮਲ
ਸੱਚੇ ਧਰਮ ਦਾ ਇੱਕੋ ਇੱਕ ਰਾਹ-ਗੁਰਬਾਣੀ ਸਿੱਖਿਆ ਤੇ ਅਮਲ
Page Visitors: 2479

ਸੱਚੇ ਧਰਮ ਦਾ ਇੱਕੋ ਇੱਕ ਰਾਹ-ਗੁਰਬਾਣੀ ਸਿੱਖਿਆ ਤੇ ਅਮਲ
ਉਸ ਇੱਕ ਦੀ ਸਰਬ ਵਿਆਪਕ ਹਸਤੀ ਨਾਲ ਪਰੇਮ ਪੁਆਉਣਾ ਗੁਰਬਾਣੀ ਦਾ ਮੰਤਵ ਹੈ। ਗੁਰਬਾਣੀ ਸਿੱਖਿਆ ਨਾਲ ਜੁੜਕੇ ਅਸੀਂ ਇਹ ਕੰਮ ਕਰਨਾ ਸੀ।
ਇਸ ਯਾਤਰਾ ਨੂੰ ਗੁਰਬਾਣੀ ਔਖੇ ਰਸਤੇ ਦਾ ਸਫ਼ਰ ਮੰਨਦੀ ਹੈ:
ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰਦੁਆਰੈ ਕੋ ਪਾਵਏ -੪੪੦
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ -੯੧੮
ਇਹ ਸੱਚਾਈ ਹੈ ਕਿ ਦਸਾਂ ਪਾਤਿਸ਼ਾਹੀਆਂ ਨੇ, ਧਰਮ ਦੇ ਰਾਹ ਤੇ ਸਾਡੀ ਅਗਵਾਹੀ ਲਈ ਇੱਕ ਹੀ ਗ੍ੰਥ ਤਿਆਰ ਕੀਤਾ ਤੇ ਸਾਨੂੰ ਇਸਦੀ ਸਿੱਖਿਆ ਦੇ ਦਾਇਰੇ ਵਿੱਚ ਰਹਿਣ ਦਾ ਹੁਕਮ ਕੀਤਾ। ਉਨਾਂ ਦਾ ਆਸ਼ਾ ਸੀ ਕਿ ਇਸਦੀ ਸਿੱਖਿਆ ਤੇ ਅਮਲ ਕਰਕੇ ਅਸੀਂ ਜਿੰਦਗੀ ਸਫਲ ਕਰੀਏ। ਉਹ ਇਹ ਕਦੇ ਵੀ ਸਵੀਕਾਰ ਨਹੀਂ ਕਰਨਗੇ ਕਿ ਅਸੀਂ ਸਿੱਖਿਆ ਤੇ ਚੱਲਣ ਦੇ ਕੰਮ ਨੂੰ ਛੱਡ ਕੇ ਸਿਰਫ ਪੜਨ ਸੁਣਨ ਦੇ ਕਰਮ ਕਾਂਡ ਹੀ ਕਰੀ ਜਾਈਏ। ਸਿੱਖਿਆ ਨੂੰ ਬੁੱਝਣਾ ਅਤੇ ਉਸਤੇ ਚੱਲਣਾ ਹੀ ਔਖਾ ਪਰ ਅਸਲ ਕੰਮ ਹੈ। ਅਸੀਂ ਆਪਣੀ ਸੌਖ ਲਈ ਗੁਰਬਾਣੀ ਗ੍ੰਥ ਦੇ ਨਾਲ ਜੁੜਕੇ ਕਰਮ ਕਾਂਡ ਤਾਂ ਬਹੁਤ ਬਣਾ ਲਏ ਪਰ ਇਸਦੀ ਸਿੱਖਿਆ ਤੇ ਚੱਲਣ ਦੇ ਕੰਮ ਨੂੰ ਆਪਣਾ ਇੱਕੋ ਇੱਕ ਟੀਚਾ ਕਦੇ ਨਹੀਂ ਬਣਾਇਆ। ਸਿੱਖਿਆ ਨਾ ਲੈਣ ਦੀ ਹਾਲਤ ਵਿੱਚ ਕੀਤਾ ਕਰਾਇਆ ਸਾਰਾ ਕੁੱਝ ਨਿਸਫਲ ਹੋ ਜਾਂਦਾ ਹੈ। ਕੁੱਝ ਕੁ ਗੱਲਾਂ ਪਰਖ ਕੇ ਦੇਖਦੇ ਹਾਂ ਕਿ ਕੀ ਅਸੀਂ ਗੁਰਬਾਣੀ ਦੀ ਸੇਧ ਨੂੰ ਸਵੀਕਾਰ ਕਰਦੇ ਹਾਂ।
ਗੁਰਬਾਣੀ ਪੜਨਾ ਅਤੇ ਸੁਣਨਾ
ਅਸੀਂ ਸਿਰਫ ਪੜਨ ਸੁਣਨ ਤੇ ਬਹੁਤਾ ਸਮਾਂ ਲਾਉਂਦੇ ਹਾਂ ਅਤੇ ਇਸਤੇ ਫ਼ਖਰ ਵੀ ਕਰਦੇ ਹਾਂ। ਜਿਹੜਾ ਜਿਆਦਾ ਪੜਦਾ ਸੁਣਦਾ ਹੈ ਉਸਨੂੰ ਵੱਡਾ ਧਰਮੀ ਮੰਨਦੇ ਹਾਂ। ਇਹ ਸਾਡਾ ਸੌਖੇ ਰਾਹ ਚੱਲਣ ਦਾ ਸੌਖਾ ਕੰਮ ਹੈ। ਗੁਰਬਾਣੀ, ਪੜਨ ਸੁਣਨ ਦੇ ਨਾਲ ਕੋਈ ਮੰਤਵ ਨੱਥੀ ਕਰਦੀ ਹੈ। ਜੇ ਉਹ ਪੂਰਾ ਹੋਵੇਗਾ ਤਾਂ ਹੀ ਗੁਰੂ ਦੇ ਹਿਸਾਬ ਨਾਲ ਸਾਡਾ ਕੀਤਾ ਕੰਮ ਪਰਵਾਨ ਹੋਵੇਗਾ:
ਗੁਰਬਾਣੀ ਸੁਣਿ ਮੈਲੁ ਗਵਾਏ .....
ਕੂੜੁ ਕੁਸਤੁ ਤਿ੍ਸਨਾ ਅਗਨਿ ਬੁਝਾਏ -੬੬੫
ਇਹ ਅੰਦਰੋਂ ਮੈਲ ਖਤਮ ਕਰਨਾ ਅਤੇ ਤਰਿਸ਼ਨਾ ਦੀ ਅੱਗ ਬੁਝਾਕੇ ਸੱਚ ਨਾਲ ਜੁੜਨਾ ਹੀ ਔਖਾ ਕੰਮ ਹੈ। ਇਹ ਹੀ ਬਿਖਮ ਮਾਰਗ ਅਤੇ ਖੰਨਿਅਹੁ ਤਿੱਖੀ ਅਤੇ ਵਾਲਹੁ ਨਿੱਕੀ ਸੜਕ ਦੀ ਯਾਤਰਾ ਹੈ। ਜੇ ਇਹ ਕੰਮ ਨਾ ਹੋਇਆ ਤਾਂ ਸਾਡਾ ਸਿਰਫ ਪੜਨਾ ਸੁਣਨਾ ਗੁਰੂ ਨੂੰ ਪਰਵਾਨ ਨਹੀਂ ਹੋਣਾ। ਇਹ ਨਾ ਕਰਨਾ ਹੀ ਗੁਰਬਾਣੀ ਦੀ ਸੇਧ ਨਾ ਮੰਨਣਾ ਹੈ ਅਤੇ ਇਹ ਨਾ ਕਰਨਾ ਹੀ ਸਾਡੇ ਪੜਨ ਸੁਣਨ ਨੂੰ ਸਿਰਫ ਇੱਕ ਕਰਮ ਕਾਂਡ ਦਾ ਦਰਜਾ ਹੀ ਦੇਵੇਗਾ।
ਕੀਰਤਨ ਕਰਨਾ ਅਤੇ ਸੁਣਨਾ
ਗੁਰਬਾਣੀ ਗਾਇਨ ਕੰਨਾਂ ਨੂੰ ਸੰਗੀਤਕ ਤੌਰ ਤੇ ਬਹੁਤ ਪਿਆਰਾ ਲੱਗਦਾ ਹੈ। ਮਿੱਠੀ ਆਵਾਜ਼ ਵਿੱਚ ਗਾਉਣ ਵਾਲੇ ਸੱਜਣ ਬਹੁਤ ਕੀਮਤ ਲੈ ਕੇ ਗਾਉਂਦੇ ਹਨ। ਇਸ ਗੁਰਬਾਣੀ ਗਾਇਨ ਨੂੰ ਅਸੀਂ ਕੀਰਤਨ ਦਾ ਨਾਂਅ ਦਿੱਤਾ ਹੈ। ਬਹੁਤ ਸਾਰੇ ਇਹ ਗਾਇਨ ਕਰਨ ਵਾਲਿਆਂ ਨੂੰ ਇਕੱਠੇ ਕਰਕੇ ਕੀਤੇ ਸਮਾਗਮ ਨੂੰ ਅਸੀਂ ਮਹਾਨ ਅਤੇ ਅਲੌਕਿਕ ਕੀਰਤਨ ਦਰਬਾਰ ਦਾ ਦਰਜਾ ਦਿੰਦੇ ਹਾਂ। ਪਰ ਗੁਰਬਾਣੀ ਇਸ ਨਾਲ ਵੀ ਕੋਈ ਟੀਚਾ ਜੋੜਦੀ ਹੈ:
ਜੋ ਜੋ ਕਥੈ ਸੁਨੈ ਹਰਿ ਕੀਰਤਨ ਤਾ ਕੀ ਦੁਰਮਤਿ ਨਾਸ -੧੩੦੦
ਜੇ ਅੰਦਰੋਂ ਦੁਰਮਤਿ ਦੀ ਮੈਲ ਦੂਰ ਨਾ ਹੋਈ ਤਾਂ ਕਸਵੱਟੀ ਅਨੁਸਾਰ ਨਾ ਹੀ ਕੀਰਤਨ ਕੀਤਾ ਹੈ ਅਤੇ ਨਾ ਹੀ ਸੁਣਿਆ ਹੈ। ਗੁਰਬਾਣੀ ਸਿੱਖਿਆ ਦਾ ਹਿਰਦੇ ਤੇ ਕੋਈ ਵੀ ਅਸਰ ਨਾ ਹੋਣ ਦੀ ਹਾਲਤ ਵਿੱਚ ਸਾਡਾ ਮੰਨਿਆ ਹੋਇਆ ਕੀਰਤਨ ਕਰਨਾ ਜਾਂ ਸੁਣਨਾ ਮਹਿਜ਼ ਇੱਕ ਕਰਮ ਕਾਂਡ ਦਾ ਦਰਜਾ ਹੀ ਲਵੇਗਾ। ਇੱਥੇ ਫੇਰ ਅਸੀਂ ਦੇਖ ਸਕਦੇ ਹਾਂ ਕਿ ਗੁਰਬਾਣੀ ਦਾ ਦੱਸਿਆ ਰਸਤਾ ਸਾਡੇ ਲਈ ਕਿੰਨਾ ਔਖਾ ਹੈ। ਉਸਦੇ ਉੱਤੇ ਚੱਲਣ ਦੀ ਸ਼ਰਤ ਤੇ ਆਪਣੇ ਆਪ ਨੂੰ ਕਦੇ ਵੀ ਨਹੀਂ ਪਰਖਦੇ। ਗੁਰਬਾਣੀ ਸਾਡੇ ਤੋਂ ਕੀ ਆਸ ਕਰਦੀ ਹੈ ਉਸਦਾ ਧਿਆਨ ਰੱਖੇ ਬਗੈਰ ਬੱਸ ਰਸਮਾਂ ਕਰ ਕੇ ਤਸੱਲੀ ਕਰੀ ਜਾਂਦੇ ਹਾਂ।
ਧਿਆਨ ਰਹੇ ਕਿ ਗੁਰਬਾਣੀ ਜਿਹੜੇ ਕੀਰਤਨ ਦੀ ਸਾਡੇ ਤੋਂ ਆਸ ਕਰਦੀ ਹੈ ਉਹ ਸਾਨੂੰ ਹਰ ਵਖਤ ਕਰਨਾ ਪੈਣਾ ਹੈ ਇਸ ਕਰਕੇ ਇਹ ਕੋਈ ਰਸਮ ਨਹੀਂ ਹੋ ਸਕਦੀ:
ਆਠ ਪਹਰ ਕੀਰਤਨੁ ਗੁਣ ਗਾਉ -੧੧੪੯
ਇਸ ਦਾ ਭਾਵ ਸਿਰਫ ਇਹ ਹੀ ਹੋ ਸਕਦਾ ਹੈ ਕਿ ਸੱਚੇ ਧਰਮੀ ਨੂੰ ਹਰ ਵੇਲੇ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਜੀਣਾ ਚਾਹੀਦਾ ਹੈ। ਜੇ ਉਹ ਇਹ ਨਹੀਂ ਕਰਦਾ ਤਾਂ ਉਸਦਾ ਧਰਮ ਦੇ ਨਾਂਅ ਤੇ ਕੀਤਾ ਹਰ ਕੰਮ ਸਿਰਫ ਇੱਕ ਕਰਮ ਕਾਂਡ ਬਣ ਕੇ ਹੀ ਰਹਿ ਜਾਂਦਾ ਹੈ।
ਸੰਤਾਂ ਦੀ ਚਰਨ ਧੂੜ
ਕਿਸੇ ਦੇਹਧਾਰੀ ਜੀਵ ਨੂੰ ਸੰਤ ਮੰਨਕੇ ਉਸਨੂੰ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਜੇ ਤਾਂ ਸੰਤ ਦੀ ਉਪਾਧੀ ਧਾਰਨ ਕਰਨ ਵਾਲੇ ਨੇ ਇਹ ਦਰਜਾ ਸਿਰਫ ਤੇ ਕੇਵਲ ਗੁਰਬਾਣੀ ਦੀ ਸਿੱਖਿਆ ਨਾਲ ਰੌਸ਼ਨ ਹੋਣ ਤੇ ਕੀਤਾ ਹੈ ਅਤੇ ਉਹ ਇਹ ਹੀ ਚਾਨਣ ਆਪਣੇ ਸੰਗ ਵਿੱਚ ਆਉਣ ਵਾਲਿਆਂ ਨੂੰ ਵੰਡਦਾ ਹੈ ਫਿਰ ਤਾਂ ਠੀਕ ਹੈ। ਅਸੀਂ ਵੀ ਜੇਕਰ ਉਸਤੋਂ ਸਿਰਫ ਗਿਆਨ ਦੇ ਚਾਨਣ ਦੀ ਪਰਾਪਤੀ ਕਰਦੇ ਹਾਂ ਤਾਂ ਸਫਲ ਕੰਮ ਕਰਦੇ ਹਾਂ। ਪਰ ਸਾਡੀ ਸੌਖੇ ਰਾਹਾਂ ਤੇ ਚੱਲਣ ਦੀ ਅਾਦਤ ਸਾਨੂੰ ਅਸਲ ਕੰਮ ਕਰਨ ਨਹੀਂ ਦਿੰਦੀ। ਅਸੀਂ ਆਪਣੇ ਮੰਨੇ ਹੋਏ ਸੰਤਾਂ ਦੀ ਚਰਨ ਧੂੜ ਲੈ ਕੇ ਮੱਥੇ ਤੇ ਲਾਉਣ ਨਾਲ ਹੀ ਸਫਲ ਕੰਮ ਕਰ ਲਿਆ ਮੰਨ ਲੈਂਦੇ ਹਾਂ। ਇੱਥੇ ਫਿਰ ਅਸੀਂ ਆਪਣੀ ਆਦਤ ਅਨੁਸਾਰ ਗੁਰਬਾਣੀ ਦੇ ਬਿਖਮ ਮਾਰਗ ਤੇ ਚੱਲਣ ਤੋਂ ਪਾਸਾ ਵੱਟ ਜਾਂਦੇ ਹਾਂ। ਆਪਣੇ ਬਣਾਏ ਅਤੇ ਮੰਨੇ ਸੌਖੇ ਰਾਹਾਂ ਤੇ ਤੁਰ ਕੇ ਅਸਲ ਮੰਜਿਲ ਕਦੇ ਵੀ ਨਹੀਂ ਮਿਲਣੀ। ਗੁਰਬਾਣੀ ਦੀ ਸੇਧ ਤੇ ਧਿਆਨ ਕਰਦੇ ਹਾਂ:
ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ
ਦੁਰਮਤਿ ਬਿਨਸੀ ਕੁਬੁਧਿ ਅਭਾਗੀ -੧੦੦
ਕੀ ਕਿਸੇ ਦੇਹਧਾਰੀ ਦੀ ਧੂੜ ਲੈ ਕੇ ਇਹ ਕੰਮ ਹੋ ਸਕਦਾ ਹੈ। ਜੇ ਇੰਝ ਹੁੰਦਾ ਤਾਂ ਧਰਮੀ ਹੋਣਾ ਤਾਂ ਬਹੁਤ ਹੀ ਸੌਖਾ ਕੰਮ ਸੀ। ਇਹ ਕੰਮ ਤਾਂ ਗੁਰਬਾਣੀ ਦੀ ਸੁਮੱਤਿ ਅਤੇ ਸੁਬੁਧਿ ਲੈ ਕੇ ਹੀ ਹੋ ਸਕੇਗਾ।
ਗੁਰਬਾਣੀ ਗਰੰਥ ਦੇ ਲੜ ਲੱਗਕੇ ਸਿਰਫ ਇਹ ਕੰਮ ਅਸੀਂ ਕਰਨਾ ਸੀ। ਪਰ ਅਸੀਂ ਇਹ ਕੰਮ ਤਿਆਗ ਕੇ ਬਹੁਤ ਨਿੱਕੇ ਵੱਡੇ ਹੋਰ ਕਰਮ ਕਾਂਡ ਬਣਾ ਲਏ ਹਨ:
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ
ਸੇਵਕ ਕਉ ਗੁਰੁ ਸਦਾ ਦਇਆਲ
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ -੨੮੬
ਸਤਿਗੁਰੂ ਸਿੱਖ ਸੇਵਕ ਦੀ ਪਾਲਣਾ ਕਰਨ ਲਈ ਪਹਿਲਾ ਕੰਮ ਹੀ ਦੁਰਮਤਿ ਦੂਰ ਕਰਨ ਦਾ ਨੀਯਤ ਕਰਦਾ ਹੈ। ਇਸਦਾ ਭਾਵ ਇਹ ਹੈ ਕਿ ਗੁਰਬਾਣੀ ਪੜਨ ਸੁਣਨ ਅਤੇ ਗਾਉਣ ਦਾ ਭਾਵ ਹੀ ਦੁਰਮਤਿ ਦੂਰ ਕਰਨਾ ਹੈ। ਜੇ ਇਹ ਨਹੀਂ ਹੁੰਦਾ ਤਾਂ ਸਭ ਕੁੱਝ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ।
ਦੁਰਮਤਿ ਹੀ ਉਹ ਮੈਲ ਹੈ ਜਿਹੜੀ ਸਾਡੇ ਮਨਾਂ ਨੂੰ ਮੈਲੇ ਰੱਖਦੀ ਹੈ ਅਤੇ ਮੈਲੇ ਮਨ ਨਾਲ ਧਰਮ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ।
ਆਪਣੇ ਮੰਨੇ ਹੋਏ ਸੰਤਾਂ ਦੀ ਚਰਨ ਧੂੜ ਪਰਾਪਤ ਕਰਕੇ ਖੁਸ਼ ਹੋਣ ਦੀ ਥਾਂ ਸਾਨੂੰ ਨਿਮਰਤਾ ਸਹਿਤ ਗੁਰਬਾਣੀ ਦੇ ਗਿਣਤੀ ਮਿਣਤੀ ਦੇ ਪਾਠਾਂ ਦੀ ਥਾਂ ਅਤੇ ਗੁਰਬਾਣੀ ਗਾਇਨ ਨੂੰ ਮਿੱਠੇ ਸੰਗੀਤ ਦੀ ਤਰਾਂ ਸੁਣਨ ਦੀ ਥਾਂ ਗੁਰਬਾਣੀ ਸਿੱਖਿਆ ਤੇ ਅਮਲ ਕਰਨ ਦੇ ਸਹੀ ਕੰਮ ਵਿੱਚ ਲੱਗਣਾ ਚਾਹੀਦਾ ਹੈ
ਸੱਚੇ ਧਰਮ ਦੇ ਰਾਹ ਤੇ ਤੁਰਨ ਲਈ ਗੁਰਬਾਣੀ ਤੋਂ ਵੱਡਾ ਕੋਈ ਸੰਤ ਸਾਧ ਜਾਂ ਮਹਾਂਪੁਰਖ ਨਹੀਂ ਹੈ। ਅਸਲ ਸਿੱਖਿਆ ਦੇ ਹੀਰਿਆਂ ਨਾਲ ਜੜਿਆ ਗਰੰਥ ਸੁਭਾਗ ਵੱਸ ਸਾਡੇ ਕੋਲ ਹੈ। ਇਸਦੀ ਸਿੱਖਿਆ ਤੇ ਅਮਲ ਕਰਨ ਦੀ ਥਾਂ ਅਸੀਂ ਕਿਉਂ ਹੋਰ ਥਾਵਾਂ ਤੇ ਅਤੇ ਹੋਰ ਹੋਰ ਕਰਮ ਕਾਂਡਾਂ ਵਿੱਚ ਪੈ ਕੇ ਅਸਫਲ ਕੰਮ ਕਰਦੇ ਹਾਂ। ਇਸਦੀ ਸਿੱਖਿਆ ਤੇ ਅਮਲ ਕਰਨ ਦਾ ਮਾਰਗ ਕਠਿਨ ਜ਼ਰੂਰ ਹੈ ਪਰ ਸਫਲਤਾ ਆਪੂੰ ਬਣਾਏ ਸੌਖੇ ਰਾਹਾਂ ਤੇ ਚੱਲਕੇ ਕਦੇ ਵੀ ਨਹੀਂ ਮਿਲਣੀ।
ਗੁਰਸਿੱਖ ਦਾ ਦਰਜਾ ਸਿਰਫ ਗੁਰਬਾਣੀ ਦੀ ਸਿੱਖਿਆ ਤੇ ਚੱਲ ਕੇ ਹੀ ਮਿਲਣਾ ਹੈ। ਗੁਰੂ ਦਾ ਅਸਲੀ ਸ਼ਰਧਾਲੂ ਉਹ ਹੀ ਹੋ ਸਕਦਾ ਹੈ ਜਿਹੜਾ ਇਸਦੀ ਸਿੱਖਿਆ ਤੇ ਅਮਲ ਕਰਕੇ ਆਪਣੇ ਮੈਲੇ ਮਨ ਨੂੰ ਨਿਰਮਲ ਕਰਦਾ ਹੈ। ਜੇ ਇਸਤੋਂ ਉਲਟ ਪਾਸੇ ਜਾ ਕੇ ਬਾਹਰਲੇ ਵੇਸਾਂ, ਚਿੰਨਾਂ ਅਤੇ ਹੋਰ ਨਜ਼ਰ ਆਉਣ ਵਾਲੇ ਸ਼ਿੰਗਾਰਾਂ ਨਾਲ ਜੁੜਕੇ ਤੇ ਆਪੂੰ ਚੰਗੇ ਮਿੱਥੇ ਕਰਮ ਕਾਂਡਾਂ ਵਿੱਚ ਹੀ ਲੱਗੇ ਰਹੇ ਤਾਂ ਅੰਦਰ ਮੈਲ ਹੋਰ ਵਧ ਜਾਣੀ ਹੈ। ਬਾਹਰਲੀ ਚਮਕ ਦਮਕ ਵਿੱਚ ਪੂਰੇ ਹੁੰਦਿਆਂ ਸਾਡੇ ਲਈ ਗੁਰਬਾਣੀ ਕੀ ਫਲ ਨੀਯਤ ਕਰਦੀ ਹੈ:
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ -੯੧੯
ਸਿਰਫ ਸਤਿਗੁਰੂ ਦੇ ਉਪਦੇਸ਼ ਤੇ ਅਮਲ ਕਰਨਾ ਹੀ ਸਫਲ ਨੁਸਖਾ ਹੈ। ਕਿਉਕਿ ਧਰਮ ਦਾ ਹਰੇਕ ਕੰਮ ਅੱਠੇ ਪਹਿਰ ਕਰਨਾ ਹੁੰਦਾ ਹੈ ਇਸ ਕਰਕੇ ਹਰ ਵੇਲੇ ਗੁਰੂ ਦੇ ਉਪਦੇਸ਼ ਅਨੁਸਾਰ ਜੀਣਾ ਹੀ ਸੱਚੇ ਧਰਮੀ ਬਣਾ ਸਕਦਾ ਹੈ:
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ -੯੧੮
ਜੇ ਸਿਰਫ ਗੁਰਬਾਣੀ ਦੀ ਸਿੱਖਿਆ ਨੂੰ ਪੜ ਬੁੱਝ ਕੇ ਉਸ ਉੱਤੇ ਅਮਲ ਕਰਾਂਗੇ ਤਾਂ ਸੱਚੇ ਧਰਮੀ ਬਣ ਸਕਾਂਗੇ। ਕੰਮ ਬਹੁਤ ਔਖਾ ਹੈ ਤੇ ਇਹ ਨਾ ਕਰਦਿਆਂ ਨੂੰ ਬਹੁਤ ਚਿਰ ਬੀਤ ਵੀ ਗਿਆ ਹੈ ਪਰ ਇਸਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ। ਗੁਰਬਾਣੀ ਦੇ ਹਰ ਸ਼ਰਧਾਲੂ ਨੂੰ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਗੁਰੂ ਦਾ ਦੱਸਿਆ ਰਾਹ ਭਾਵੇਂ ਕਿੰਨਾਂ ਵੀ ਔਖਾ ਲੱਗੇ ਉਹ ਹੋਰ ਸਾਰਾ ਕੁੱਝ ਛੱਡ ਕੇ ਉਸ ਤੇ ਚੱਲਣ ਦੀ ਅਸਲ ਘਾਲਣਾ ਘਾਲਣ ਵਿੱਚ ਲੱਗੇਗਾ। ਗੁਰਬਾਣੀ ਨੂੰ ਕਰਮ ਕਾਂਡੀ ਤੌਰ ਤੇ ਪੜਨ ਦੀ ਥਾਂ, ਇਸਦੇ ਗਾਇਨ ਨੂੰ ਸਿਰਫ ਮਿੱਠੇ ਸੰਗੀਤ ਦੀ ਤਰਾਂ ਸੁਣਨ ਦੀ ਥਾਂ ਗੁਰਬਾਣੀ ਸਿੱਖਿਆ ਨੂੰ ਬੁੱਝਕੇ ਉਸ ਤੇ ਅਮਲ ਕਰਕੇ ਹੀ ਗੁਰੂ ਦੀ ਖ਼ੁਸ਼ੀ ਅਤੇ ਮਿਹਰ ਤੇ ਪਾਤਰ ਬਣ ਸਕਦੇ ਹਾਂ।
ਮਨੋਹਰ ਸਿੰਘ ਪੁਰੇਵਾਲ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.