ਕੈਟੇਗਰੀ

ਤੁਹਾਡੀ ਰਾਇ



ਇੰਜ ਦਰਸ਼ਨ ਸਿੰਘ ਖਾਲਸਾ
ਪ੍ਰੀਤਮ ਜਾਨਿ ਲੇਹੁ ਮਨ ਮਾਹੀ
ਪ੍ਰੀਤਮ ਜਾਨਿ ਲੇਹੁ ਮਨ ਮਾਹੀ
Page Visitors: 2643

ਪ੍ਰੀਤਮ ਜਾਨਿ ਲੇਹੁ ਮਨ ਮਾਹੀ
ਪਰੀਤਮ: ਪਿਆਰੇ, ਸਜਨ, ਦੋਸਤ, ਮਿਤ੍ਰ।
ਜਾਨ ਲੇਹੁ; ਜਾਨਣਾ ਕਰੋ, ਸਮਝ ਲਉ।
ਮਨ ਮਾਹੀ; ਆਪਣੇ ਅੰਦਰ ਮਨ ਵਿਚ,
** ਕੁੱਦਰਤ ਦੇ ਬਣਾਏ ਨਿਯਮਾਂ ਦੇ ਅਨੁਸਾਰ ਇਹ ਸਾਰਾ ਜਗਤ ਨਾਸ਼ਵਾਨ ਹੈ।
ਗੁਰਬਾਣੀ ਫੁਰਮਾਨ: ਸਲੋਕੁ ਮਃ ੧ ॥
 ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
 ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
 ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ॥
 ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
 ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
 ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
 ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
 ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
 ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ
॥੧॥
ਕੋਈ ਵੀ ਤਾਂ ਸਾਥ ਨਭਾਉਣ ਵਾਲਾ ਨਹੀਂ ਹੈ, ਕੋਈ ਵੀ ਤਾਂ ਕੰਮ ਆਉਣ ਵਾਲਾ ਨਹੀਂ ਹੈ। ਸਿਵਾਏ …
** ਸੋਰਠਿ ਮ 9॥
 ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ
*** ਜਦ ਕੋਈ ਹਮੇਂਸ਼ਾ ਲਈ ਸਥਿਰ ਨਹੀਂ ਹੈ।
*** ਜਦ ਸਾਡਾ ਕੋਈ ਸਾਥ ਨਿਭਾਉਣ ਵਾਲਾ ਨਹੀਂ ਹੈ।
*** ਜਦ ਹਰ ਕੋਈ ਆਪਣੀ ਆਪਣੀ ਮੰਜ਼ਿਲ ਪ੍ਰਾਪਤੀ ਵੱਲ ਨੂੰ ਯਾਤਰਾ ਕਰ ਰਿਹਾ ਹੈ।     ਤਾਂ
*** ਫਿਰ ਇਹ ਬਾਹਰਮੁਖੀ ਵਿਖਾਵਾ, ਮੋਹ, ਪਿਆਰ, ਮੇਰਾ ਮੇਰਾ ਕਰਕੇ ਖਿੱਚ ਕਰਨੀ ਤਾ ਇੱਕ ਛੱਲ ਹੈ। ਅਸੀਂ ਸਾਰੇ ਹੀ ਜਾਣਦੇ ਹਾਂ।
** ਲੇਕਿੰਨ ਫਿਰ ਭੀ ਅਸੀਂ ਅੱਖਾਂ ਮੀਚ ਚੱਲੀ ਜਾ ਰਹੇ ਹਾਂ। ਜਾਣਦੇ ਬੁਝਦੇ ਇੱਕ ਦੂਜੇ ਨੂੰ ਧੋਖਾ ਦੇ ਰਹੇ ਹਾਂ। ਇਸੇ ਲਈ ਗੁਰਬਾਣੀ ਵਿੱਚ ਬਾਰ ਬਾਰ ਇਹ ਸਮਝਾਉਣਾ ਕਤਿਾ ਗਿਆ ਹੈ ਕਿ ਐ ਪ੍ਰਾਣੀ:
ਗੁਰਬਾਣੀ ਫੁਰਮਾਨ: ***
 ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
 ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ
॥੧॥ ਰਹਾਉ ॥
 ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
 ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
 ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ
॥੨॥
 ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
 ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
 ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ
॥੩॥
 ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
 ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
 ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ
॥੪॥੩॥੭੩॥
ਸੋਰਠਿ ਮਹਲਾ 9॥
 ਪ੍ਰੀਤਮ ਜਾਨਿ ਲੇਹੁ ਮਨ ਮਾਹੀ
ਐ ਮੇਰੇ ਪ੍ਰੀਤਮ ਸਜਨ, ਦੋਸਤ ਮਿੱਤਰ ਆਪਣੇ ਮਨ ਇਹ ਜਾਨਣਾ ਕਰ ਲੈ, ਸਮਝ ਲੈ, ਕਿ,
 ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ॥ 1॥ ਰਹਾਉ॥
ਇਹ ਸਾਰਾ ਸੰਸਾਰ ਆਪਣੇ-ਆਪਣੇ ਆਪਣੇ ਸੁੱਖ ਸਾਧਨਾ ਵਿੱਚ ਵਿਅਸਤ ਹੈ, ਰੁੱਝਿਆ ਹੋਇਆ ਹੈ, ਲੱਗਿਆ ਹੋਇਆ ਹੈ, ਕਿਸੇ ਪ੍ਰਾਣੀ ਨੂੰ ਕਿਸੇ ਦੂਜੇ ਨਾਲ ਕੋਈ ਵਾਸਤਾ ਨਹੀਂ ਹੈ।। ਰਹਾਉ।
 ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ
ਜਦੋਂ ਤੇਰੇ ਪਾਸ ਬਹੁਤ ਸਾਰਾ ਧਨ ਦੌਲਤ ਹੋਵੇਗੀ ਤਾਂ ਸਾਰੇ ਤੇਰੇ ਨਾਲ ਸਾਂਝ ਬਨਾਉਣ/ਪਾਉਣ ਲਈ ਤਿਆਰ ਹੋਣਗੇ, ਅਤੇ ਚਾਰੋਂ ਪਾਸਿਉਂ ਘੇਰ ਕਰ ਕੇ ਰੱਖਣਗੇ।
 ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ॥ 1॥
ਲੇਕਿੰਨ ਜਦੋਂ ਤੇਰੇ ਉੱਪਰ ਕੋਈ ਬਿਪਤਾ, ਦੁੱਖ ਤਕਲੀਫ਼ ਆਈ ਤਾਂ ਸਾਰੇ ਤੇਰਾ ਸਾਥ ਛੱਡ ਕੇ ਤੇਰੇ ਤੋਂ ਦੂਰ ਹੋ ਜਾਣਗੇ, ਕਿਸੇ ਨੇ ਤੇਰੇ ਪਾਸ ਰਹਿਣ ਦੀ ਹਿੰਮਤ ਨਹੀਂ ਕਰਨੀ, ਭਾਵ ਤੇਰਾ ਸਾਥ ਨਹੀਂ ਦੇਣਾ।
 ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ
ਤੇਰੀ ਆਪਣੀ ਪਤਨੀ, ਜੋ ਤੈਨੂੰ ਬਹੁਤ ਪ੍ਰੇਮ/ਪਿਆਰ ਕਰਦੀ ਹੈ, ਤੇਰੇ ਤੋਂ ਆਪਾ ਕੁਰਬਾਨ ਕਰਨ ਲਈ ਵੀ ਮੂੰਹੋਂ ਬੋਲ ਕੱਢਦੀ ਹੈ, ਗੱਲ ਕਰਦੀ ਹੈ। ਸਦਾ ਤੇਰੇ ਪੱਲੇ ਨਾਲ ਲੱਗੀ ਰਹਿੰਦੀ ਹੈ, ਤੇਰਾ ਸਾਥ ਨਿਭਾਉਣ ਦੀ ਗੱਲ ਵੀ ਕਰਦੀ ਹੈ।
 ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ॥ 2॥
ਲੇਕਿੰਨ ਜਦੋਂ ਹੀ ਤੇਰੇ ਸਰੀਰ ਦੇ ਪ੍ਰਾਣ ਪੰਖੇਰੂ ਉਡ ਗਏ, ਭਾਵ ਤੇਰਾ ਸਰੀਰ ਮਰ ਗਿਆ, ਨਿਰਜੀਵ ਹੋ ਗਿਆ ਤਾਂ ਉਹੀ ਤੇਰੀ ਪਤਨੀ, ਤੇਰੇ ਘਰ ਵਾਲੀ ਜੋ ਹਮੇਂਸ਼ਾ ਤੇਰੇ ਪੱਲੇ ਨਾਲ ਲੱਗ ਲੱਗ ਕੇ ਬਹਿੰਦੀ ਸੀ, ਉਹੀ ਭੂਤ, ਭੂਤ ਕਹਿ ਕੇ ਤੇਰੇ ਤੋਂ ਦੂਰ ਭੱਜੇਗੀ।
 ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ
ਇਸ ਤਰਾਂ ਕਰਕੇ ਇਹ ਇਸ ਦੁਨੀਆਂ ਦਾ ਕਾਰ ਵਿਵਹਾਰ ਬਣਿਆ ਹੋਇਆ ਹੈ, ਜਿਸ ਨਾਲ ਤੂੰ ਪਿਆਰ ਪਾਇਆ ਹੋਇਆ ਹੈ। ਇਹ ਕੁੱਦਰਤ ਦਾ ਨਿਯਮ ਹੈ।
 ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ॥ 3॥॥ ਪੰ 634॥
ਸੋ ਇਸ ਤਰਾਂ ਅਖੀਰ ਦੇ ਸਮੇਂ ਅਕਾਲ-ਪੁਰਖ ਤੋਂ ਬਿਨਾਂ ਕਿਸੇ ਹੋਰ ਨੇ ਤੇਰੇ ਕੰਮ ਨਹੀਂ ਆਉਣਾ। ਭਾਵ ਕਿ ਐ ਮਨੁੱਖ ਆਪਣੇ ਜਿਉਂਦੇ ਜੀਅ ਰੱਬੀ ਗੁਣਾਂ ਨੂੰ ਧਾਰਨ ਕਰਕੇ ਉਹਨਾਂ ਦੇ ਅਨੁਸਾਰੀ ਹੋ ਕੇ ਆਪਣਾ ਮਨੁੱਖਾ ਜੀਵਨ ਜਿਉਂਣਾ ਕਰ। ਰੱਬ ਦੀ ਯਾਦ ਅੰਦਰ ਜਿਉਂਣਾ ਮਤਲਭ "ਜੀਉ ਅਤੇ ਜਿਉਣ ਦਿਉ" ਆਪ ਖ਼ੁਸ਼ ਰਹੋ ਅਤੇ ਦੂਸਰਿਆਂ ਨੂੰ ਵੀ ਖ਼ੁਸ਼ ਰੱਖਣ ਦੀ ਕੋਸ਼ਿਸ ਕਰੋ।
**** ਇਹ ਤਾਂ ਹੈ ਇਸ ਸੰਸਾਰ ਦੀ ਅਟੱਲ ਸਚਾਈ ਕਿ "ਜਿਉਂਣਾ ਕੂੜ ਅਤੇ ਮਰਨਾ ਸੱਚ"। ਇਸ ਸਚਾਈ ਨੂੰ ਆਪਣੇ ਮਨ ਵਿੱਚ ਰੱਖਦੇ ਹੋਏ ਇਸ ਸੰਸਾਰ ਵਿੱਚ ਵਿਚਰਦੇ ਆਪਣੇ ਫਰਜ਼ਾ ਨੂੰ ਨਿਭਾਉਣਾ ਕਰਨਾ ਹੈ। ਪਰੀਵਾਰ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਜਿਹੜੇ ਵੀ ਮੇਰੇ ਫਰਜ਼ ਬਣਦੇ ਹਨ ਉਹਨਾਂ ਆਪਣੀ ਤਨ ਦੇਹੀ, ਮਨ ਕਰਕੇ ਕਰਨਾ ਕਰਾਂ।
** ਜਦ ਵੀ ਮੈਂ ਇਹਨਾਂ ਫਰਜ਼ਾ ਨੂੰ ਆਪਣੀ ਵਫਾਦਾਰੀ ਨਾਲ ਨਿਭਾਉਣਾ ਕਰ ਰਿਹਾ ਹੋਵਾਂ ਤਾਂ ਮੇਰੇ ਅੰਦਰ, ਮੇਰੇ ਮਨ ਵਿੱਚ ਰੱਬੀ ਗੁਣਾਂ ਦੀ ਯਾਦ/ਸਿਮਰਨ ਬਕਾਇਦਾ ਬਣੀ ਰਹੇ। ਇਹਨਾਂ ਰੱਬੀ ਗੁਣਾਂ ਦੇ ਅਨੁਸਾਰੀ ਹੀ ਮੇਰੇ ਸਾਰੇ ਕਰਮ ਹੋਣੇ ਚਾਹੀਦੇ ਹਨ। ਚਾਹੇ ਉਹ ਮੇਰਾ ਖਾਣ-ਪੀਣ ਹੈ, ਚਾਹੇ ਮੇਰਾ ਹੋਰਨਾਂ ਨਾਲ ਵਰਤ ਵਰਤਾਰਾ ਹੈ, ਲੈਣ-ਦੇਣ ਹੈ, ਬੋਲ-ਚਾਲ ਹੈ, ਗੱਲ ਕੀ ਅੱਠੋ ਪਹਿਰ ਇਹ ਸਤਿਗੁਰ ਗਿਆਨ ਮੇਰੇ ਅੰਦਰ ਬਾਹਰ ਮੇਰੇ ਕਰਮਾਂ ਵਿੱਚ ਨਜ਼ਰ ਆਵੇ। ਤਾਂ ਹੀ ਮੈਂ ਆਪਣੇ ਆਪ ਨੂੰ ਸਿੱਖਆਰਥੀ ਕਹਾਉਣ ਦਾ ਹੱਕਦਾਰ ਹਾਂ।
*** ਤਾਂ ਮੈਂ ਕਿਸੇ ਨੂੰ ਦੋਸ਼ ਨਹੀਂ ਦੇਵਾਂਗਾ, ਕਿ ਫਲਾਂ-ਫਲਾਂ ਨੇ ਮੇਰਾ ਨੁਕਸਾਨ ਕਰ ਦਿੱਤਾ। ਮੇਰੇ ਜਿਹਨ ਵਿੱਚ ਇਹ ਪੰਕਤੀਆਂ ਗੂੰਜਣ ਗੀਆਂ ਕਿ:
 ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ॥
 ਜੋ ਮੈਂ ਕੀਆ ਸੋ ਮੈਂ ਪਾਇਆ ਦੋਸੁ ਨ ਦੀਜੈ ਅਵਰ ਜਨਾ
॥ ਮ 1॥ ਪੰ 432॥
*** ਅਗਰ ਮੈਂ ਇੱਕ ਚੰਗਾ ਸਿੱਖਆਰਥੀ ਨਹੀਂ ਬਣਦਾ ਤਾਂ ਮੈਂ ਆਪਣੇ ਆਪ ਨੂੰ ਸਿਰਫ ਇਸ ਧਰਮੀ ਜੰਜਾਲ ਦੇ ਦਕੀਆਨੂਸੀ ਧਰਮੀ ਕਰਮਕਾਂਡਾਂ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਮਜ਼ਬੂਰ ਮਨੁੱਖ ਸਮਝ ਸਕਦਾ ਹਾਂ ਜੋ ਆਪਣੇ ਆਪ ਨੂੰ ਧਰਮੀ ਅਖਵਾ ਕੇ ਆਪਣੇ ਹਉਮੈਂ ਨੂੰ ਪੱਠੇ ਪਾ ਰਿਹਾ ਹਾਂ, ਆਪਣੀ ਤਸੱਲੀ ਕਰੀ ਕਰਾਈ ਜਾ ਰਿਹਾ ਹਾਂ। ਪਰ ਅੰਦਰੋਂ ਮੈਂ ਖਾਲੀ ਹੀ ਹਾਂ।
**** ਸੋ ਆਉ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਵਿਚਾਰਨਾ ਕਰੀਏ, ਤਾਂ ਜੋ ਮੈਂ ਆਤਮ-ਗਿਆਨ ਲੈਕੇ ਆਪਣੇ ਅੰਦਰ ਗਿਆਨ ਦਾ ਦੀਵਾ ਜਗਾ, ਇਸ ਜਗਤ ਦੀ ਸਚਾਈ ਨੂੰ ਜਾਣਦੇ-ਬੁੱਝਦੇ ਆਪਣਾ ਮਨੁੱਖਾ ਜੀਵਨ ਦਾ ਵਰਤਮਾਨ ਸਫਲਾ ਕਰ ਸਕਾਂ। ਬਹੁਤ ਆਏ ਅਤੇ ਆ ਕੇ ਚਲੇ ਗਏ, ਮੇਰੇ ਨਾਲ ਵੀ ਇਹੋ ਕੁੱਝ ਹੋਣ ਵਾਲਾ ਹੈ, ਇਹ ਸਚਾਈ ਨੂੰ ਜਾਣਦੇ ਹੋਏ ਵੀ ‘ਸਚਿਆਰਤਾ’ ਵਾਲੇ ਰਾਹ ਉੱਪਰ ਚੱਲਦੇ ਜਾਈਏ। ਲੋਕਾਂ ਵੱਲ ਨੂੰ ਵੇਖ ਕੇ ਆਪਣਾ ਨੁਕਸਾਨ ਨਾ ਕਰੋ। ਕਿਉਂਕਿ ਯਾਤਰਾ ਸੱਬ ਦੀ ਆਪੋ ਆਪਣੀ ਹੈ। ਜਿੰਨਾਂ ਜਲਦੀ ਜਾਗ ਜਾਵਾਂਗੇ, ਉਤਨਾਂ ਹੀ ਚੰਗਾ ਹੈ।
*** ਵਰਨਾ ਸਮੇਂ ਦੇ ਅਰੁੱਕ ਚੱਕਰ ਨੇ ਤਾਂ ਚੱਲਦੇ ਹੀ ਰਹਿਣਾ ਹੈ,
ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ,
ਸਮੇਂ ਦੀ ਸੁਚੱਜੀ ਵਰਤੌਂ ਕਰਨਾ ਹੀ ਬੁੱਧੀਮਤਾ ਦੀ ਨਿਸ਼ਾਨੀ ਹੈ।
‘ਆਪਾ’ ਆਪਣੇ-ਆਪ ਨੂੰ ਚੀਨਣੇ/ਜਾਨਣੇ ਦੀ ਕੋਸ਼ਿਸ ਕਰਨਾ।
ਆਤਮ-ਗਿਆਨ ਲੈ ਕੇ ਸਮੇਂ ਦੇ ਅਨੁਸਾਰੀ ਆਪਣੇ ਆਪ ਵਿੱਚ ਬਦਲਾਅ ਲੈ ਆਉਣੇ ‘ਸਚਿਆਰਤਾ’ ਵਾਲਾ ਜੀਵਨ ਜਿਉਂਣਾ ਕਰਨਾ ਹੈ। ਮਨੁੱਖਾ ਜੀਵਨ ਵਿੱਚ ਆ ਕੇ ਅਸੀਂ ਹਰ ਰੋਜ਼ ਅੰਤ ਵੱਲ ਨੂੰ ਵੱਧ ਰਹੇ ਹਾਂ। ਇਸ ਅੰਤ ਨੇ ਕਦੋਂ ਆ ਜਾਣਾ ਹੈ, ਇਸ ਦਾ ਕਿਸੇ ਨੂੰ ਵੀ ਭੇਦ ਨਹੀਂ ਹੈ, ਜਾਣਕਾਰੀ ਨਹੀਂ ਹੈ। ਸੋ ਫਿਰ ਕਿਉਂ ਨਾ ਮੈਂ ਆਪਣੀ ਜੀਵਨ ਯਾਤਰਾ ਨੂੰ ਸਾਰਿਆਂ ਨਾਲ ਹੱਸਦਿਆਂ ਖੇਡਦਿਆਂ, ਫਰਜ਼ਾਂ ਨੂੰ ਨਿਭਾਉਦਿਆਂ ਸਫਲੀ ਕਰੀਏ।
** ਇਹ ਪੰਕਤੀ ਮੇਰੇ ਕੰਨਾਂ ਵਿੱਚ ਗੂੰਜੇ ਕਿ:
 ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ॥ 3॥॥ ਪੰ 634॥
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.