ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਚਮਨ ਲਾਲ
ਦਯਾਲ ਸਿੰਘ ਕਾਲਜ ਦਿੱਲੀ ਦਾ ਨਾਂ ਬਦਲਣ ਦੀ ਜਿਦ ਕਿਉਂ ?.....ਪ੍ਰੋ ਚਮਨ ਲਾਲ
ਦਯਾਲ ਸਿੰਘ ਕਾਲਜ ਦਿੱਲੀ ਦਾ ਨਾਂ ਬਦਲਣ ਦੀ ਜਿਦ ਕਿਉਂ ?.....ਪ੍ਰੋ ਚਮਨ ਲਾਲ
Page Visitors: 2524

 

ਦਯਾਲ ਸਿੰਘ ਕਾਲਜ ਦਿੱਲੀ ਦਾ ਨਾਂ ਬਦਲਣ ਦੀ ਜਿਦ ਕਿਉਂ ?.....ਪ੍ਰੋ ਚਮਨ ਲਾਲ 
   17 ਨਵੰਬਰ ੨੦੧੭ ਨੂੰ ਦਯਾਲ ਸਿੰਘ ਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਦੀ ਇੱਕ ਅਸਧਾਰਨ ਮੀਟਿੰਗ ਤੋਂ ਬਾਦ ਕਾਲਜ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਹੁਣ ਤੋਂ ਬਾਦ ਦਯਾਲ ਸਿੰਘ ਕਾਲਜ (ਈਵਨਿੰਗ ਤੋਂ ਮਾਰਨਿੰਗ ਬਣਾਏ) ਦਾ ਨਾਂ ਵੰਦੇ ਮਾਤਰਮ ਕਾਲਜਹੋਵੇਗਾ. ਇਸ ਐਲਾਨ ਦੇ ਅਗਲੇ ਦਿਨ ਅਖ਼ਬਾਰਾਂ ਵਿਚ ਛਪਣ ਦੇ ਨਾਲ ਹੀ ਪੰਜਾਬ ਤੇ ਦਿੱਲੀ ਦੇ ਪੰਜਾਬੀ ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨੂੰ ਡੂੰਘਾ ਸਦਮਾ ਲਗਾ ਅਤੇ ਉਨ੍ਹਾਂ ਰੋਸ ਦਾ ਪ੍ਰਗਟਾਵਾ -ਮਤਿਆਂ, ਮੁਜ਼ਾਹਰਿਆਂ ਤੇ ਯਾਦ-ਪੱਤਰਾਂ ਰਾਹੀਂ ਸ਼ੁਰੂ ਕੀਤਾ. ਗੱਲ ਇੱਥੋਂ ਤਕ ਵਧੀ ਕਿ ਸਿਆਸੀ ਸਾਂਝੀਵਾਲ ਭਾਜਪਾ ਤੇ ਅਕਾਲੀ ਦਲ ਵਿਚ ਵੀ ਟਕਰਾ ਹੋ ਗਿਆ ਤੇ ਕਾਲਜ ਦੇ ਪ੍ਰਧਾਨ ਅਮਿਤਾਭ ਸਿਨਹਾ ਨੇ ਦਿੱਲੀ ਦੇ ਅਕਾਲੀ ਆਗੂ ਅਤੇ ਐਮ ਐਲ ਏ ਮਨਜਿੰਦਰ ਸਿੰਘ ਨੂੰ ਕਿਸੇ ਟੀਵੀ ਚੈਨਲ ਤੇ ਦੇਸ਼ ਧ੍ਰੋਹੀਕਹਿ ਕੇ ਪਾਕਿਸਤਾਨ ਜਾਣ ਨੂੰ ਕਹਿ ਦਿੱਤਾ. ਮੀਟਿੰਗ ਸਮੇਂ ਕਾਲਜ ਦੇ ਵਿਦਿਆਰਥੀ ਵੀ ਇੱਕ ਕਾਲਜ ਨੂੰ ਦੋ ਵਿਚ ਬਦਲਣ ਖ਼ਿਲਾਫ਼ ਰੋਸ ਲਈ ਪੁੱਜੇ ,ਜਿਨ੍ਹਾਂ ਨੂੰ ਕਾਲਜ ਪ੍ਰਧਾਨ ਨੇ ਧਮਕਾਇਆ, ਜਿਸ ਦਾ ਵਿਰੋਧ ਕਾਲਜ ਦੇ ਅਧਿਆਪਕਾਂ ਨੇ ਕੀਤਾ. ਪ੍ਰਧਾਨ-ਅਧਿਆਪਕਾਂ-ਵਿਦਿਆਰਥੀ ਸਮੂਹ ਵਿਚਕਾਰ ਤਲਖ਼ ਕਲਾਮੀ ਦੇ  ਵੀਡੀਓ ਸੋਸ਼ਲ ਮੀਡੀਆ ਤੇ ਵੀ ਖ਼ੂਬ ਚਲੇ.
   
ਕਾਲਜ ਪ੍ਰਧਾਨ ਦੇ ਇਸ ਮਨ ਮਾਨੇ ਤੇ ਗੈਰ ਕਾਨੂੰਨੀ ਫ਼ੈਸਲੇ ਤੇ ਦਿੱਲੀ ਅਤੇ ਪੰਜਾਬ ਦੇ ਆਪਣੀ ਵਿਰਾਸਤ ਪ੍ਰਤੀ ਸੁਹਿਰਦ ਪੰਜਾਬੀਆਂ ਨੂੰ ਇਹ ਲੱਗਿਆ ਜਿਵੇਂ ਪੰਜਾਬ ਦੀ ਸ਼ਾਨ ਦਯਾਲ ਸਿੰਘ ਮਜੀਠੀਆ ਵਰਗੇ ਮਹਾਨ ਦਾਨ ਵੀਰ ਪੰਜਾਬੀ ਦੀ ਵਿਰਾਸਤ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨੇ ਸੰਸਥਾਵਾਂ ਦੇ ਨਿਰਮਾਣ ਲਈ ਆਪਣੀ ਵਿਸ਼ਾਲ ਦੌਲਤ ਪੰਜਾਬੀ ਸਮਾਜ ਦੇ ਹਵਾਲੇ ਕਰ ਦਿੱਤੀ. ਦਯਾਲ ਸਿੰਘ ਹੋਰਾਂ ਦੀਆਂ ਕੋਸ਼ਿਸ਼ਾਂ ਸਦਕਾ ਲਾਹੌਰ ਤੋਂ ਅੰਗਰੇਜ਼ੀ ਅਖ਼ਬਾਰ ਦੀ ਟ੍ਰਿਬਿਊਨ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਸ਼ੁਰੂਆਤ ਉਨ੍ਹਾਂ ਦੇ ਜੀਵਨ ਕਾਲ ਵਿਚ ਹੀ ਹੋ ਚੁੱਕੀ ਸੀ.
   
੧੮੪੯ ਵਿਚ ਜੰਮੇ ਅਤੇ ੧੮੯੮ ਵਿਚ ਭਰ ਉਮਰੇ ਚੱਲ ਵਸੇ ਦਯਾਲ ਸਿੰਘ ਮਜੀਠੀਆ ਨੇ ਆਪਣੀ ਵਸੀਅਤ, ਜਿਸ ਨੂੰ ਉਨ੍ਹਾਂ ਦੀ ਮਿਰਤੂ ਉਪਰੰਤ ਖੋਲ੍ਹਿਆ ਗਿਆ, ਵਿਚ ਆਪਣੀ ਲਗਭਗ ਸਰੀ ਵਿਸ਼ਾਲ ਦੌਲਤ ਇੱਕ ਟਰੱਸਟ ਹਵਾਲੇ ਕਰ ਦਿੱਤੀ ਸੀ, ਜਿਸ ਦੇ ਮੇਮ੍ਬਰ ਉਨ੍ਹਾਂ ਖ਼ੁਦ ਹੀ ਨਾਮਜ਼ਦ ਕਰ ਦਿੱਤੇ ਸਨ. ਇਹਨਾਂ ਮੇਮ੍ਬ੍ਰਾਂ ਵਿਚ ਰਾਜਾ ਨਰਿੰਦਰ ਨਾਥ, ਬਾਬੂ ਜੋਗਿੰਦਰ ਚੰਦਰ ਬੋਸ, ਲਾਲਾ ਹਰਕਿਸ਼ਨ, ਲਾਲਾ ਰੁਚੀ ਰਾਮ ਅਤੇ ਉਸ ਵੇਲੇ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ. ਇਸ ਟਰੱਸਟ ਨੇ ਵਿੱਦਿਅਕ ਸੰਸਥਾਵਾਂ ਦਾ ਨਿਰਮਾਣ ਕਰਨਾ ਸੀ ਅਤੇ ਇਹਨਾਂ ਸੰਸਥਾਵਾਂ ਅਤੇ ਟ੍ਰਿਬਿਊਨ ਅਖ਼ਬਾਰ ਦੀ ਦੇਖ ਭਾਲ ਕਰਨੀ ਸੀ. ਟ੍ਰਿਬਿਊਨ ੧੮੮੧ ਤੋਂ ਹੀ ਲਾਹੌਰ ਤੋਂ ਪ੍ਰਕਾਸ਼ਿਤ ਹੋ ਰਿਹਾ ਸੀ.
      
ਇਸ ਟਰੱਸਟ ਨੇ ੧੯੦੮ ਵਿਚ ਦਯਾਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ ੧੯੧੦ ਵਿਚ ਦਯਾਲ ਸਿੰਘ ਕਾਲਜ ਨਿਸਬਤ ਰੋਡ ਲਾਹੌਰ ਵਿਖੇ ਸਥਾਪਤ ਕੀਤੇ, ਜੋ ਅੱਜ ਵੀ ਜਾਰੀ ਹਨ. ੧੯੪੭ ਦੀ ਵੰਡ ਤੋਂ ਬਾਦ ਪਾਕਿਸਤਾਨ ਸਰਕਾਰ ਨੇ ਦਯਾਲ ਸਿੰਘ ਕਾਲਜ ਨੂੰ ਸਰਕਾਰੀ ਹੱਥਾਂ ਵਿਚ ਲੈ ਕੇ ਇਸ ਦਾ ਨਾਂ ਸਰਕਾਰੀ ਦਯਾਲ ਸਿੰਘ ਕਾਲਜ ਕਰ ਦਿੱਤਾ ਅਤੇ ੨੦੦੦ ਤੋਂ ਬਾਦ ਦਯਾਲ ਸਿੰਘ ਰਿਸਰਚ ਅਤੇ ਸਭਿਆਚਾਰਕ ਕੇਂਦਰ  ਵੀ ਪਾਕਿਸਤਾਨ ਸਰਕਾਰ ਵੱਲੋਂ ਕਾਇਮ ਕੀਤਾ. ਦਯਾਲ ਸਿੰਘ ਕਾਲਜ ਲਾਹੌਰ ਦੇ ਪਹਿਲੇ ਪ੍ਰਿੰਸੀਪਲ ਐਨ.ਜੀ. ਵੇਲਿੰਕਰ ਨੂੰ ਬਣਾਇਆ ਗਿਆ, ਬਾਦ ਵਿਚ ੧੯੧੨-੧੫ ਦਰਮਿਆਨ ਪ੍ਰਸਿੱਧ ਸ਼ਖ਼ਸੀਅਤ ਸਾਧੂ ਟੀ.ਐਲ.ਵਾਸਵਾਨੀ ਇਸ ਦੇ ਪ੍ਰਿੰਸੀਪਲ ਰਹੇ. ਪੰਡਿਤ ਹੇਮਰਾਜ ਲੰਬਾ ਸਮਾਂ ਪ੍ਰਿੰਸੀਪਲ ਰਹੇ ਅਤੇ ਵੰਡ ਸਮੇਂ ਦਯਾ ਨਾਥ ਭੱਲਾ ਪ੍ਰਿੰਸੀਪਲ ਸਨ,  ਜਿਨ੍ਹਾਂ ਵੰਡ ਬਾਦ ਦਿੱਲੀ ਵਿਚ ਫਿਰ ਦਯਾਲ ਸਿੰਘ ਕਾਲਜ ਦੇ ਪ੍ਰਿੰਸੀਪਲ ਅਤੇ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਰਜਿਸਟਰਾਰ ਦੀ ਜਿਮ੍ਮੇਦਾਰੀ ਸੰਭਾਲੀ. ਦਯਾਲ ਸਿੰਘ ਕਾਲਜ ਲਾਹੌਰ ਵਿਚ ੧ ਸਤੰਬਰ ੧੯੪੭ ਤੋਂ ਡਾ. ਸੱਯਦ ਆਬਿਦ ਅਲੀ ਨੂੰ ਪ੍ਰਿੰਸੀਪਲ ਬਣਾਇਆ ਗਿਆ ਅਤੇ ੧ ਅਕਤੂਬਰ ਤੋਂ ਕਾਲਜ ਫਿਰ ਖੁੱਲ੍ਹਿਆ. (ਹਵਾਲੇ-ਡਾ. ਸੱਯਦ ਸੁਲਤਾਨ ਮਹਿਮੂਦ ਹੁਸੈਨ ਦੀ ਲਾਹੌਰ ਤੋਂ ਛਪੀ ਅੰਗਰੇਜ਼ੀ ਕਿਤਾਬ-ਦਯਾਲ ਸਿੰਘ ਕਾਲਜ ਦੇ ਸੌ ਵਰ੍ਹੇ-੧੯੧੦-੨੦੧੦ )
   
ਵੰਡ ਬਾਦ ਦਯਾਲ ਸਿੰਘ ਟਰੱਸਟ ਦੇ ਮੋਢੀ ਟਰੱਸਟੀ ਰਾਜਾ ਨਰਿੰਦਰ ਨਾਥ ਦੇ ਬੇਟੇ ਦੀਵਾਨ ਅਨੰਦ ਕੁਮਾਰ ਨੇ ਭਾਰਤ ਵਿਚ ਦਯਾਲ ਸਿੰਘ ਸੰਸਥਾਵਾਂ ਦੀ ਸ਼ੁਰੂਆਤ ਦੇ ਜਤਨ ਸ਼ੁਰੂ ਕੀਤੇ. ਦਿੱਲੀ ਵਿਚ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ ਕੈਂਪ ਕਾਲਜ ਨੂੰ ੧੯੪੮ ਵਿਚ ਸ਼ੁਰੂ ਕੀਤਾ ਗਿਆ. ੧੯੫੨ ਵਿਚ ਰੋਉਸ ਐਵਨਿਊ ਦਿੱਲੀ ਤੋਂ ਦਯਾਲ ਸਿੰਘ ਕਾਲਜ, ਲਾਇਬ੍ਰੇਰੀ ਅਤੇ ਟ੍ਰਿਬਿਊਨ ਦਫ਼ਤਰ ਸ਼ੁਰੂ ਕੀਤਾ ਗਿਆ. ਦਯਾਲ ਸਿੰਘ ਟਰੱਸਟ ਸੋਸਾਇਟੀ ਕਰਨਾਲ ਤੋਂ ਰਜਿਸਟਰ ਕਰਵਾ ਕੇ ਕਰਨਾਲ ਤੇ ਦਿੱਲੀ ਵਿਚ ਦਯਾਲ ਸਿੰਘ ਕਾਲਜ/ਸਕੂਲ ਖੋਲੇ. ੧੯੫੯ ਵਿਚ ਕੈਂਪ ਕਾਲਜ ਨੂੰ ਦਯਾਲ ਸਿੰਘ ਕਾਲਜ ਵਿਚ ਮਿਲਾ ਕੇ ਦਿੱਲੀ ਯੂਨੀਵਰਸਿਟੀ ਨਾਲ ਜੋੜਿਆ ਗਿਆ. ੧੯੬੧ ਵਿਚ ਦਯਾਲ ਸਿੰਘ ਕਾਲਜ ਨੂੰ ਲੋਧੀ ਰੋਡ ਤੇ ਮੌਜੂਦਾ ਜਗ੍ਹਾ ਦਿੱਤੀ ਗਈ, ਜਿੱਥੇ ਅਕਤੂਬਰ ੧੯੬੨ ਤੋਂ ਕਾਲਜ ਤਬਦੀਲ ਹੋਇਆ. ੧੯੬੩-੬੬ ਤਕ ਕਾਲਜ ਦੋ ਸ਼ਿਫ਼ਟਾਂ ਵਿਚ ਚੱਲਿਆ ਅਤੇ ੧੯੬੭ ਤੋਂ ਦਯਾਲ ਸਿੰਘ ਕਾਲਜ(ਸ਼ਾਮ ਦੀਆਂ ਕਲਾਸਾਂ) ਸ਼ੁਰੂ ਕੀਤਾ ਗਿਆ. ਪਹਿਲਾਂ ਇਹ ਸਵੇਰ ਦੇ ਕਾਲਜ ਅਧੀਨ ਵਾਯਿਸ ਪ੍ਰਿੰਸੀਪਲ ਅਧੀਨ ਚੱਲਿਆ, ੧੯੯੭ ਤੋਂ ਬਾਕਾਇਦਾ ਦਯਾਲ ਸਿੰਘ ਕਾਲਜ (ਸ਼ਾਮ ) ਦੇ ਪ੍ਰਿੰਸੀਪਲ/ਸਟਾਫ਼ ਦੀ ਨਿਯੁਕਤੀ ਹੋਈ. ਇਸੇ ਸ਼ਾਮ ਵਾਲੇ ਕਾਲਜ ਨੂੰ ਹੁਣ ਸਵੇਰ ਦੇ ਕਾਲਜ ਵਿਚ ਬਦਲ ਕੇ ਇਸ ਦਾ ਨਾਂ ਵੰਦੇ  ਮਾਤਰਮ ਕਾਲਜਰੱਖਣ ਦੇ ਜਤਨ ਹੋ ਰਹੇ ਹਨ, ਪਰ ਜੋ ਕਾਨੂੰਨੀ ਅਤੇ ਨੈਤਿਕ ਤੌਰ ਤੇ ਸੰਭਵ ਨਹੀਂ ਹੈ.
    
ਅਸਲ ਵਿਚ ਦਯਾਲ ਸਿੰਘ ਟ੍ਰਸਟ ਸੋਸਾਇਟੀ ਨੇ ੧੯੭੬ ਵਿਚ ਜ਼ਮੀਨ ਅਤੇ ਕਾਲਜ ਬਿਲਡਿੰਗ ਲਈ ਬਿਨਾ ਕਿਸੇ ਇਵਜ਼ਾਨੇ ਤੋਂ ਦਿੱਲੀ ਯੂਨੀਵਰਸਿਟੀ ਨੂੰ ਇਸ ਕਾਲਜ ਨੂੰ ਯੂਨੀਵਰਸਿਟੀ ਕਾਲਜ ਬਣਾਉਣ ਲਈ ਪ੍ਰਸਤਾਵ ਦਿੱਤਾ , ਜਿਸ ਅਨੁਸਾਰ ੧੯੭੮ ਵਿਚ ਦਯਾਲ ਸਿੰਘ ਸੋਸਾਇਟੀ ਅਤੇ ਦਿੱਲੀ ਯੂਨੀਵਰਸਿਟੀ  ਵਿਚ ਸਮਝੌਤੇ ਬਾਦ ਇਹ ਕਾਲਜ ਦਿੱਲੀ ਯੂਨੀਵਰਸਿਟੀ ਦਾ  Constituent ਕਾਲਜ ਬਣਾ ਦਿੱਤਾ ਗਿਆ. ਪਰ ਇਸ ਸਮਝੌਤੇ ਦੀ ਸ਼ਰਤ ਨ. 12 ਅਨੁਸਾਰ ਇਸ ਕਾਲਜ ਦਾ ਨਾਂ ਨਹੀਂ ਬਦਲਿਆ ਜਾ ਸਕਦਾ. ਸ਼ਰਤ ਨ. ੧੬ ਅਨੁਸਾਰ ਕਾਲਜ ਦੀ ਜ਼ਮੀਨ ਤੇ ਇਮਾਰਤ ਕੇਂਦਰੀ ਸਰਕਾਰ ਦੇ ਲੈਂਡ&Development ਦਫ਼ਤਰ ਤੋਂ ਕੋਈ ਇਤਰਾਜ਼ ਨਹੀਂਸਰਟੀਫਿਕੇਟ ਮਿਲਣ ਬਾਦ ਹੀ ਦਿੱਲੀ ਯੂਨੀਵਰਸਿਟੀ ਨੂੰ ਤਬਦੀਲ ਹੋ ਸਕਦੀ ਸੀ, ਜੋ ਇਹ ਸਰਟੀਫਿਕੇਟ ਨਾ ਮਿਲਣ ਕਰ ਕੇ ਅੱਜ ਤਕ ਤਬਦੀਲ ਨਹੀਂ ਹੋਈ. ੧੯੮੪ ਵਿਚ ਕਾਲਜ ਨੂੰ ਮਿਲੀ ਕੁੱਝ ਹੋਰ ਜ਼ਮੀਨ ਵੀ ਦਯਾਲ ਸਿੰਘ ਟਰੱਸਟ ਦੇ ਨਾਂ ਹੀ ਦਿੱਤੀ ਗਈ ਅਤੇ ਅੱਜ ਤਕ ਵੀ ਬਿਜਲੀ ਦਾ ਬਿਲ ਸੋਸਾਇਟੀ ਦੇ ਨਾਂ ਹੀ ਆਉਂਦਾ ਹੈ.
     
ਵੰਡ ਬਾਦ ਸਥਾਪਤ ਦਿੱਲੀ ਦੇ ਦਯਾਲ ਸਿੰਘ ਕਾਲਜ ਨਾਲ ਵੀ ਕਾਲਜ ਪ੍ਰਧਾਨ ਅਤੇ ਪ੍ਰਿੰਸੀਪਲ ਰੂਪ ਵਿਚ ਉੱਘੀਆਂ ਸ਼ਖ਼ਸੀਅਤਾਂ ਜੁੜਿਆ ਰਹੀਆਂ ਹਨ. ਲਾਹੌਰ ਤੋਂ ਹੀ ਉੱਘੇ ਦੇਸ਼ ਭਗਤ ਅਤੇ ਲੇਖਕ-ਸੰਪਾਦਕ ਲਾਲਾ ਫ਼ਿਰੋਜ਼ ਚੰਦ, ਲਾਲਾ ਬ੍ਰਿਸ਼ ਭਾਨ , ਦੀਵਾਨ ਆਨੰਦ ਕੁਮਾਰ, ਪ੍ਰੋ. ਵੀ.ਪੀ.ਦੱਤ, ਪ੍ਰੋ. ਸ਼ਾਹਿਦ ਮਾਹਦੀ, ਸ਼ੈਲਜਾ ਚੰਦਰ, ਐਸ ਐਸ. ਗਿੱਲ ਵਰਗੇ ਨਾਮੀ-ਗਿਰਾਮੀ ਵਿਅਕਤੀ ਇਸ ਕਾਲਜ ਦੇ ਪ੍ਰਧਾਨ, ਬੀ.ਐਮ. ਭੱਲਾ ਇਸ ਦੇ ਲੰਬਾ ਸਮਾਂ ਪ੍ਰਿੰਸੀਪਲ ਰਹੇ. ੨੦੦੬ ਤੋਂ ਡਾ. ਇੰਦਰਜੀਤ ਸਿੰਘ ਬਕਸ਼ੀ ਇਸ ਕਾਲਜ ਦੇ ਪ੍ਰਿੰਸੀਪਲ ਹਨ, ਜਿੰਨਾ ਅਨੁਸਾਰ ਉਨ੍ਹਾਂ ਪਿਛਲੇ ਦੋ ਸਾਲਾਂ ਵਰਗਾ ਦਬਾ ਕਦੇ ਪਹਿਲਾਂ ਮਹਿਸੂਸ ਨਹੀਂ ਕੀਤਾ. ਕਾਲਜ ਦੇ ਮੌਜੂਦਾ ਪ੍ਰਧਾਨ ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਨੇਤਾ ਅਮਿਤਾਭ ਸਿਨਹਾ ਹਨ, ਜਿਨ੍ਹਾਂ ਦੇ ਵਤੀਰੇ ਤੋਂ ਸਾਰਾ ਕਾਲਜ ਦੁਖੀ ਹੈ. ਕਾਲਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਨੇ ਕਾਲਜ ਦੇ ਕਾਨਫ਼ਰੰਸ ਰੂਮ ਤੇ ਕਬਜ਼ਾ ਕਰ ਕੇ ਉਸ ਤੇ ਆਪਣੇ ਨਾਂ ਦੀ ਪਲੇਟ ਥੋਪ ਦਿੱਤੀ, ਇਸ ਰੂਮ ਵਿਚ ਹੀ ਕਾਲਜ ਦੇ ਪਿਛਲੇ ਪ੍ਰਧਾਨਾਂ ਅਤੇ ਪ੍ਰਿੰਸੀਪਲਾਂ ਦੀ ਨਾਂ ਸੂਚੀ ਦੇ ਬੋਰਡ ਲੱਗੇ ਹਨ. ਕਾਲਜ ਦਾ ਕੋਈ ਵੀ ਅਧਿਕਾਰੀ ਇਹ ਨਾਂ ਬੋਰਡ ਦਿਖਾਉਣ ਲਈ ਵੀ ਕਮਰਾ ਖੋਲ੍ਹਣ ਤੋਂ ਡਰਦਾ ਹੈ. ਕਾਲਜ ਦੀ ਗਵਰਨਿੰਗ ਬਾਡੀ ਦੇ ਅੱਠ ਤੋ 12 ਮੇਮ੍ਬ੍ਰਾਂ ਵਿਚੋਂ ਪ੍ਰਧਾਨ ਆਪਣੀ ਮਰਜ਼ੀ ਦੇ ੨-੪ ਮੇਮ੍ਬ੍ਰਾਂ ਨੂੰ ਬਿਠਾ ਕੇ ਕੁੰਡੀ ਬੰਦ ਕਰਕੇ ਮੀਟਿੰਗ ਕਰਦਾ ਹੈ, ਮੇਮ੍ਬੇਰ ਸਕੱਤਰ ਦੀ ਡਿਊਟੀ ਮੀਟਿੰਗ ਦੇ ਮਿਨਟ ਲਿਖਣ ਦੀ ਹੁੰਦੀ ਹੈ, ਜੋ ਉਸ ਨੂੰ ਨਹੀਂ ਕਰਨ ਦਿੱਤੀ ਜਾਂਦੀ, ਪ੍ਰਧਾਨ ਆਪਣੀ ਮਰਜ਼ੀ ਦੇ ਮਿਨਟ ਲਿਖਵਾ ਕੇ ਮੀਟਿੰਗ ਤੋਂ ਬਾਹਰ ਰੱਖੇ ਮੇਮ੍ਬ੍ਰਾਂ ਤੋਂ ਖ਼ਾਲੀ ਹਾਜ਼ਰੀ ਪੰਨੇ ਤੇ ਦਸਖ਼ਤ ਕਰਵਾ ਕੇ ਮਿਨਟ ਮਨਜ਼ੂਰ ਕਰ ਦਿੰਦਾ ਹੈ. ਸਿਰਫ਼ ਕਾਲਜ ਦੇ ਨਾਂ ਬਦਲਣ ਵੇਲੇ ਹੀ ਮੀਟਿੰਗ ਦਾ ਇਹ ਗੈਰ ਕਾਨੂੰਨੀ ਢੰਗ ਨਹੀਂ ਅਪਣਾਇਆ ਗਿਆ. ਕੁੱਝ ਸਮਾਂ ਪਹਿਲਾਂ ਕਾਲਜ ਦੇ ਇੱਕ ਦਿਵ੍ਯਾੰਗ ਅਧਿਆਪਕ ਡਾ. ਕੇਦਾਰਨਾਥ ਮੰਡਲ ਨੂੰ ਵੀ ਮੀਟਿੰਗ ਦੇ ਇਸੇ ਤਰੀਕੇ ਨਾਲ ਮੁਅੱਤਲ ਕੀਤਾ ਗਿਆ, ਉਸਨੂੰ ਕਾਰਨ ਦੱਸੋ ਨੋਟਿਸ ਵੀ ਨਹੀਂ ਦਿੱਤਾ ਗਿਆ. ਦਲਿਤ ਸਾਹਿਤ ਨਾਲ ਜੁੜੇ ਇਸ ੭੦% ਤੋਂ ਵੱਧ ਦਿਵ੍ਯਾੰਗ ਇਸ ਅਧਿਆਪਕ ਨੇ ਦੇਵੀ ਦੁਰਗਾ ਬਾਰੇ ਕੋਈ ਟਿੱਪਣੀ ਕੀਤੀ ਸੀ. ਪ੍ਰਿੰਸੀਪਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਮੰਜੂਰੀ ਬਿਨਾ ਅਧਿਆਪਕ ਨੂੰ ਸਸ੍ਪੇੰਡ ਨਹੀਂ ਕੀਤਾ ਜਾ ਸਕਦਾ, ਪਰ ਕਾਲਜ ਪ੍ਰਧਾਨ ਨੂੰ ਨਿਯਮਾਂ ਯਾ ਪ੍ਰਕਿਰਿਆ ਦੀ ਕੋਈ ਪ੍ਰਵਾਹ ਨਹੀਂ.
          
ਕਾਲਜ ਪ੍ਰਧਾਨ ਇੱਕ ਸਾਲ ਲਈ ਦਿੱਲੀ ਯੂਨੀਵਰਸਿਟੀ ਦੇ ਵੀ ਸੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ. ੨੦੧੪ ਤੋਂ ਪਹਿਲਾਂ ਵਿੱਦਿਅਕ ਸ਼ਖ਼ਸੀਅਤ ਹੀ ਇਸ ਲਈ ਨਾਮਜ਼ਦ ਕੀਤੀ ਜਾਂਦੀ ਸੀ, ਪਰ ਹੁਣ ਵੀ ਸੀ ਆਪਣੇ ਸਿਆਸੀ ਮਾਲਕਾਂ ਨੂੰ ਖ਼ੁਸ਼ ਰੱਖਣ ਲਈ ਭਾਜਪਾ ਦੇ ਗੈਰ ਵਿੱਦਿਅਕ ਬੰਦਿਆਂ ਨੂੰ ਪ੍ਰਧਾਨ ਨਾਮਜ਼ਦ ਕਰ ਰਿਹਾ ਹੈ. ਦਿੱਲੀ ਸਰਕਾਰ ਦੇ ਆਪਣੇ ੨੮ ਕਾਲਜਾਂ ਲਈ ਪ੍ਰਧਾਨ ਨਾਮਜ਼ਦ ਕਰਨ ਲਈ ਭੇਜੀ ਸਰਕਾਰੀ ਸੂਚੀ ਨੂੰ ਵੀ ਸੀ ਨੇ ਰੱਦ ਕਰ ਦਿੱਤਾ, ਕਿਉਂਕਿ ਉਸ ਸੂਚੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਤੇ ਉੱਘੇ ਵਿਗਿਆਨੀ ਪ੍ਰੋ. ਸੋਪੋਰੀ, ਜਾਂ ਉੱਘੀ ਫ਼ਿਲਮ ਵਿਦਵਾਨ ਪ੍ਰੋ ਇਰਾ ਭਾਸਕਰ ਦਾ ਨਾਂ ਸੀ. ਇਹ ਗੈਰ ਵਿੱਦਿਅਕ ਸਿਆਸੀ ਬੰਦੇ ਕਾਲਜ-ਯੂਨੀਵਰਸਿਟੀ ਸਿੱਖਿਆ ਵਿਚ ਜ਼ਬਰਦਸਤੀ ਭਗਵਾ ਰੰਗ ਭਰਨਾ ਚਾਹੁੰਦੇ ਹਨ, ਤਦੇ ਹੀ ਦਯਾਲ ਸਿੰਘ ਕਾਲਜ ਵਿਚ ਵੀ ਵੰਦੇ ਮਾਤਰਮ ਨਾਂ ਤੇ ਬਖੇੜਾ ਸ਼ੁਰੂ ਕੀਤਾ ਹੈ. ਦਯਾਲ ਸਿੰਘ ਟ੍ਰਸਟ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ ਜਿਸ ਇਮਾਰਤ ਵਿਚ ਦਯਾਲ ਸਿੰਘ ਨਾਂ ਤੋਂ ਬਿਨਾ ਕੋਈ ਹੋਰ ਨਾਂ ਰੱਖਿਆ ਹੀ ਨਹੀਂ ਜਾ ਸਕਦਾ, ਉੱਥੇ ਸਿੱਖਿਆ ਵਿਦਵਾਨਾਂ, ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਪ੍ਰਧਾਨ ਅਮਿਤਾਭ ਸਿਨਹਾ ਜ਼ਬਰਦਸਤੀ ਵੰਦੇ  ਮਾਤਰਾ ਨਾਂ ਕਾਲਜ ਤੇ ਥੋਪਨਾ ਚਾਹੁੰਦਾ ਹੈ. ਕਾਲਜ ਪ੍ਰਧਾਨ ਜਾਂ ਦਿੱਲੀ ਯੂਨੀਵਰਸਿਟੀ ਕਿਸੇ ਹੋਰ ਜਗਾ ਤੇ ਨਵਾਂ ਕਾਲਜ ਬਣਾ ਕੇ ਜੋ ਮਰਜ਼ੀ ਨਾਂ ਰੱਖ ਸਕਦੇ ਹਨ, ਪਰ ਦਯਾਲ ਸਿੰਘ ਕਾਲਜ ਦੀ ਥਾਂ ਤੇ ਵੰਦੇ ਮਾਤਰਮ ਨਾਂ ਥੋਪਣ ਦੀ ਜ਼ਬਰਦਸਤੀ ਇੱਕ ਸਾਜ਼ਿਸ਼ ਯਾ ਸ਼ਰਾਰਤ ਤੋਂ ਸਿਵਾ ਹੋਰ ਕੁੱਝ ਨਹੀਂ.
    
ਸਵਾਲ ਇਹ ਵੀ ਹੈ ਕਿ ਦਿੱਲੀ ਯੂਨੀਵਰਸਿਟੀ ਸ਼ਾਮ ਦੇ ਕਾਲਜ ਬੰਦ ਕਰਨ ਤੇ ਕਿਉਂ ਤੁਲੀ ਹੈ? ਹਜ਼ਾਰਾਂ ਲੋਕ ਦਿਨ ਵੇਲੇ ਕੰਮ ਪੂਰਾ ਕਰ ਕੇ ਆਪਣੀ ਉੱਚ ਵਿੱਦਿਆ ਤੇ ਡਿਗਰੀ ਲਈ ਸ਼ਾਮ ਦੀਆਂ ਕਲਾਸਾਂ ਵਾਲੇ ਕਾਲਜਾਂ ਵਿਚ ਪੜ੍ਹਦੇ ਹਨ, ਜਿਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਵੱਲੋਂ ਇਸ ਕਾਲਜ ਨੂੰ ਸਵੇਰ  ਦਾ ਕਾਲਜ ਬਣਾਉਣ ਦੀ ਨਾਂ ਕੋਈ ਮੰਗ ਉੱਠੀ ਨਾ ਦੱਖਣੀ ਦਿੱਲੀ ਦੇ ਪੋਸ਼ ਇਲਾਕੇ ਵਿਚ ਉਨ੍ਹਾਂ ਕਿਸੇ ਮੁਸ਼ਕਿਲ ਦੀ ਕੋਈ ਸ਼ਿਕਾਇਤ ਕੀਤੀ ਹੈ.  ਦਯਾਲ ਸਿੰਘ ਸਵੇਰ ਦੇ ਕਾਲਜ ਵਿਚ ਇਸ ਸਮੇਂ ੫੨੦੦ ਤੋਂ ਵੱਧ ਅਤੇ ਸ਼ਾਮ ਵੇਲੇ ੩੨੦੦ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ. ਸਵੇਰ ਤੇ ਸ਼ਾਮ ਸਮੇਂ ਵੱਖ ਵੱਖ ਕਲਾਸਾਂ ਨਾਲ ਮੌਜੂਦਾ ਕਮਰਿਆਂ ਤੇ ਹੋਰ ਸਾਧਨਾਂ ਨਾਲ ਕੰਮ ਚੱਲ ਜਾਂਦਾ ਹੈ, ਪਰ ਇੱਕ ਹੀ ਇਮਾਰਤ ਵਿਚ ਇੰਨੇ ਹੀ ਸਾਧਨਾਂ ਨਾਲ ਦੋ ਕਾਲਜ ਨਹੀਂ ਚਲਾਏ ਜਾ ਸਕਦੇ, ਸੋ ਬਿਹਤਰ ਇਹ ਹੈ ਕਿ ਦਯਾਲ ਸਿੰਘ (ਸ਼ਾਮ) ਦੇ ਕਾਲਜ ਨੂੰ ਸਵੇਰ ਦਾ ਕਾਲਜ ਬਣਾਉਣ ਦੀ ਹਿੰਡ ਛੱਡੀ ਜਾਵੇ ਅਤੇ ਵਿਦਿਆਰਥੀ ਅਤੇ ਉੱਚ ਵਿੱਦਿਆ ਦੇ ਹਿਤ ਵਿਚ ਇਸ ਨੂੰ ਪੁਰਾਣੇ ਰੂਪ ਵਿਚ ਬਹਾਲ ਰੱਖਿਆ ਜਾਵੇ, ਜਿਸ ਨਾਲ ਕਾਲਜ ਦਾ ਨਾਂ ਬਦਲਣ ਦਾ ਆਧਾਰ ਹੀ ਖ਼ਤਮ ਹੋ ਜਾਵੇਗਾ. ਪਰ ਇਹ ਤਾਂ ਹੀ ਹੋ ਸਕੇਗਾ ਜੇ ਕਾਲਜ ਦੇ ਮੌਜੂਦਾ ਗੈਰ ਵਿੱਦਿਅਕ ਅਤੇ ਦਯਾਲ ਸਿੰਘ ਮਜੀਠੀਆ ਦੀ ਵਿਰਾਸਤ ਦੇ ਘੋਰ ਵਿਰੋਧੀ ਪ੍ਰਧਾਨ ਨੂੰ ਹਟਾਇਆ ਜਾਵੇ ਅਤੇ ਕਿਸੇ ਵਿੱਦਿਅਕ ਸ਼ਖ਼ਸੀਅਤ ਨੂੰ ਕਾਲਜ ਦਾ ਪ੍ਰਧਾਨ ਬਣਾਇਆ ਜਾਵੇ, ਜੋ ਦਯਾਲ ਸਿੰਘ ਟ੍ਰਸਟ ਸੋਸਾਇਟੀ, ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਵਰਗ ਦਾ ਭਰੋਸਾ ਜਿੱਤ ਸਕੇ ਅਤੇ ਕਾਲਜ ਦੀ ਪੁਰਾਣੀ ਸ਼ਾਨ ਬਹਾਲ ਕਰ ਸਕੇ.
ਪ੍ਰੋ. ਚਮਨ ਲਾਲ
ਪ੍ਰੋ. ਚਮਨ ਲਾਲ ਨੇ  ਦਿੱਲੀ ਯੂਨੀਵਰਸਿਟੀ ਦੇ ਵੀ ਸੀ ਨੂੰ ਕਾਲਜ ਦੇ ਨਾਂ ਬਦਲਣ ਦੀ ਮਨਜ਼ੂਰੀ ਨਾ ਦੇਣ ਲਈ ਖ਼ਤ ਲਿਖਿਆ ਹੈ.

 

 

 

 

 

 

 

 

 

         

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.