
ਮਾਇਆ ਤੇ ਸ਼ੁਹਰਤ ਖਾਤਰ ਡੇਰੇਦਾਰਾਂ ਨੂੰ ਮਹਾਂਪੁਰਖ ਕਹਿਣ ਵਾਲੇ !
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ (੧੩੭੬)
ਗੁਰਬਾਣੀ ਮਹਾਂਵਾਕ ਅਨੁਸਾਰ ਗਿ. ਪਿੰਦਰਪਾਲ ਸਿੰਘ ਸਭ ਕੁਝ ਗੁਰਮਤਿ ਬਾਰੇ ਜਾਣਦਾ ਹੈ। ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਤੋਂ ਪੜ੍ਹਿਆ ਹੈ ਜਿੱਥੇ ਸਾਧ ਟੋਲਿਆ ਅਤੇ ਸੰਪ੍ਰਦਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਹ ਵੀ ਸਿਖਾਇਆ ਜਾਂਦਾ ਹੈ ਕਿ ਗੁਰੂ ਨੇ *ਖਾਲਸਾ ਪੰਥ* ਚਲਾਇਆ ਸੀ ਨਾਂ ਕਿ ਗੋਲ ਪੱਗਾਂ ਵਾਲੇ ਚਿੱਟਕਪੜੀ ਬਗਲਿਆਂ ਦੇ ਡੇਰੇ" ਮਾਇਆ ਤੇ ਸ਼ੁਹਰਤ ਖਾਤਰ ਡੇਰੇਦਾਰਾਂ ਨੂੰ ਮਹਾਂਪੁਰਖ ਜਾਂ ੧੦੮ ਸੰਤ ਜੀ ਮਹਾਂਰਾਜ ਕਹਿਣ ਵਾਲੇ ਹੋਰ ਵੀ ਬਥੇਰੇ ਕਲਾਕਾਰ-ਕਥਾਕਾਰ ਪ੍ਰਚਾਰਕ ਹਨ। ਕਲਾਕਾਰ ਹੋਣਾ ਹੋਰ ਅਤੇ ਸ਼ਬਦ ਗੁਰੂ ਦਾ ਪ੍ਰਚਾਰਕ ਕਥਾਕਾਰ ਹੋਣਾ ਹੋਰ ਗੱਲ ਹੈ।
ਹੁਣ ਜਦ ਦਿੱਲ੍ਹੀ ਕਮੇਟੀ ਅਤੇ ਅਖੌਤੀ ਜਥੇਦਾਰ ਨੇ ਗੁਰੂ ਦੋਖੀ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਦਾ ਆਦੇਸ਼ ਦਿੱਤਾ ਤੇ ਪਹਿਲੇ ਸ੍ਰੀ ਚੰਦੀਆਂ ਅਤੇ ਬਲਾਤਕਾਰੀ ਸਾਧ ਪਹੇਵੇ ਵਾਲਿਆ ਤੋਂ ਸਿਰੋਪੇ ਤੇ ਸੋਨੇ ਦੇ ਖੰਡੇ ਲੈ ਕੇ, ਗੁਰੂ ਪੰਥ ਦਾ ਸ਼ਰੇਆਮ ਮੂੰਹ ਚੜਾਇਆ ਸੀ ਇਸ ਸਬੰਧ ਵਿੱਚ ਕਲਾਕਾਰ-ਪੰਥ ਪ੍ਰਸਿੱਧ ਕਥਾਕਾਰ ਦਾ ਕੋਈ ਬਿਆਨ ਨਹੀਂ ਆਇਆ ਕਿਉਂ? ਕਿਉਂਕਿ ਇਨ੍ਹਾਂ ਮਸੰਦ ਜਥੇਦਾਰਾਂ ਨੇ ਭਾਈ ਸਾਹਿਬ ਦਾ ਵੱਡਾ ਰੁਤਬਾ ਜੁ ਦਿੱਤਾ ਹੋਇਆ ਹੈ। ਇਵੇਂ ਹੀ ਹੋਰ ਵੀ ਬਹੁਤੇ ਕਲਾਕਾਰ-ਕਥਾਕਾਰਾਂ ਨੇ ਵੀ ਕੋਈ ਬਿਆਨ ਨਹੀਂ ਦਿੱਤਾ। ਇਹ ਕਥਾਕਾਰ ਭੁੱਲ ਜਾਂਦੇ ਹਨ ਕਿ ਗੁਰੂ ਅਤੇ ਭਗਤ ਗ੍ਰਿਹਸਤੀ ਤੇ ਕਿਰਤੀ ਹੋਏ ਹਨ ਤੇ ਜਿਨ੍ਹਾਂ ਦੇ ਡੇਰਿਆਂ ਤੋਂ ਗੱਫੇ ਮਿਲਦੇ ਹਨ ਉਹ ਬਹੁਤੇ ਗ੍ਰਿਹਸਤ ਅਤੇ ਕਿਰਤ ਤੋਂ ਭਗੌੜੇ ਲੋਕ ਮਹਾਂ ਪੁਰਖੁ ਕਿਵੇਂ ਹੋ ਸਕਦੇ ਹਨ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਧਾਂਤ ਅਨੁਸਾਰ ਮਹਾਂ ਪੁਰਖ ਕੌਣ ਹੈ? ਧਿਆਨ ਨਾਲ ਪੜ੍ਹੋ-
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (੯੩੫)
ਗੁਰਮੁਖ ਉਹ ਵਿਰਲੇ ਹਨ ਜੋ ਬਾਣੀ ਵਿਚਾਰਦੇ ਹਨ ਪਰ ਇਹ ਬਾਣੀ ਮਹਾਂਪੁਰਖ ਪ੍ਰਮਾਤਮਾਂ ਦੀ ਹੈ।
ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ॥ (੧੩੧੧)
ਦੂਜੇ ਫੁਰਮਾਨ ਵਿੱਚ ਕਹਿੰਦੇ ਹਨ ਕਿ ਸਤਿਗੁਰੂ (ਸੱਚਾ ਗੁਰੂ) ਮਹਾਂ ਪੁਰਖ ਪਾਰਸੁ ਹੈ। ਹੁਣ ਤੁਸੀਂ ਆਪ ਸੋਚੋ ਕਿ ਕਿਸੇ ਆਪੂੰ ਬਣੇ ਭੇਖਧਾਰੀ ਡੇਰੇਦਾਰ ਸੰਪ੍ਰਾਦਈ ਸਾਧ ਸੰਤ ਨੂੰ ਮਹਾਂ ਪੁਰਖ ਕਿਹਾ ਜਾ ਸਕਦਾ ਹੈ? ਭਲਿਓ ਸਿੱਖਾਂ ਦਾ ਮਹਾਂ ਪੁਰਖੁ ਇੱਕ ਅਕਾਲ ਪੁਰਖੁ ਅਤੇ ੩੫ ਬਾਣੀਕਾਰ ਜਿੰਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਤ ਹੈ ਹੀ ਹਨ। ਜਾਂ ਛੋਟੇ ਲਫਜਾਂ ਵਿੱਚ ਅੱਜ ਕੇਵ ਤੇ ਕੇਵਲ "ਗੁਰੂ ਗ੍ਰੰਥ ਸਾਹਿਬ" ਹੀ ਸਿੱਖਾਂ ਦਾ ਮਹਾਂ ਪੁਰਖੁ ਹੈ। ਅਰਦਾਸ ਹੀ ਕਰ ਸਕਦੇ ਹਾਂ ਕਿ ਗੁਰੂ ਦਾ ਦਿੱਤਾ ਖਾਣ ਵਾਲੇ ਵਿਦਵਾਨ ਗੁਰੂ ਦੀ ਹੀ ਸਿਖਿਆ ਦਾ ਪ੍ਰਚਾਰ ਕਰਨ ਨਾਂ ਕਿ ਅਖੌਤੀ ਸਾਧਾਂ ਤੇ ਗ੍ਰੰਥਾਂ ਦੀ ਹੀ ਉਸਤਤਿ ਕਰੀ ਜਾਣ-ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥ (੨੮੧) ਭਾਈ ਪਿੰਦਰਪਾਲ ਸਿੰਘ ਜੀ ਸਾਡੇ ਤਾਂ ਛੋਟੇ ਭਾਈ ਹਨ ਜਾਤੀ ਤੌਰ ਤੇ ਸਾਡੀ ਕਿਸੇ ਨਾਲ ਵੀ ਕੋਈ ਨਫਰਤ ਨਹੀਂ ਪਰ ਪੰਥਕ ਤੌਰ ਤੇ ਗੁਰੂ ਨੂੰ ਛੱਡ ਡੇਰੇਦਾਰ ਸਾਧਾਂ-ਸੰਤਾਂ ਦੀ ਉਸਤਤਿ ਕਰਨ ਤੇ ਗਿਲਾ ਜਰੂਰ ਹੈ।
ਆਸ ਕਰਦਾ ਹਾਂ ਕਿ ਸਤਿਕਾਰਯੋਗ ਵੀਰ ਪਿੰਦ੍ਰਪਾਲ ਸਿੰਘ ਜੀ ਅਤੇ ਹੋਰ ਕਥਾਕਾਰ ਵੀ ਇਸ ਬਾਰੇ ਗੌਰ ਕਰਨਗੇ।
ਅਵਤਾਰ ਸਿੰਘ ਮਿਸ਼ਨਰੀ (5104325827)