ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
2023-10-19:-ਗੁਰਮਖਿ ਨਿਹਚਲੁ ਚਿਤੁ ਨ ਹਲੈ ਹਲਿਆ ਅਡੋਲ, ਨਿਹਚਲ ਪਹਾੜ ਵਰਗਾ ਤਾਂ ਹਿਲ ਕਿਥੇ ਜਾਊ। ਇਓਂ ਨਹੀ ਕਿ ਇਟੇ ਰੋੜੇ ਤਰਾਂ ਕੋਈ ਚਕ ਕੇ ਜਿਥੇ ਮਰਜੀ ਜਿਸਦੇ ਮਰਜੀ ਪੈਰਾਂ ਵਿਚ ਸੁਟ ਦਏ। ਭਰਾ, ਭਤੀਜਾ ਫਿਰ ਜਵਾਨ ਪੁਤ ਵੱਢ ਸੁਟਿਆ ਅਖਾਂ ਸਾਹਵੇਂ ਫਿਰ ਪਤਨੀ ਵੀ ਕਿ ਸ਼ਾਇਦ ਪਹਾੜ ਹਿਲ ਜਾਏ, ਡੋਲ ਜਾਏ, ਉਖੜ ਜਾਏ। ਇਧਰੋਂ ਹਥ ਪਾ ਕਦੇ ਇਧਰੋਂ ਜੋਰ ਲਾ ਪਰ ਨਿਹਚਲ ਚਿਤ ਅਡੋਲ ਜਿਗਰੇ ਕਿਥੇ ਹਲ ਜਾਣਗੇ। ਆਖਰ ਟੋਕਾ ਲੈ ਕੇ ਖਿਝਿਆ ਜਲਾਦ ਜਦ ਭਾਈ ਮਨੀ ਸਿੰਘ ਵੰਨੀ ਹੋਇਆ ਅਤੇ ਕੰਮ ਨਿਬੇੜਨ ਦੇ ਇਰਾਦੇ ਨਾਲ ਸਿਧਾ ਗੁਟ ਤੇ ਗਰਰਰਚ ਕਰਦਾ ਮਾਰਿਆ ਕਿ ਨਿਬੇੜੋ ਛੇਤੀ ਪਰ ਅਗਿਓਂ ਸਿੰਘ ਕਹਿੰਦਾ ਤੈਨੂੰ ਕਾਹਲੀ ਕਾਹਦੀ ਜਦ ਮੈਨੂੰ ਕੋਈ ਨਾ। ਫੁਟਦੀ ਮੁਛ, ਡਲਕਾਂ ਮਾਰਦਾ ਸੂਹਾ ਰੰਗ ਜਿਸ ਨੂੰ ਦੇਖ ਕੇ ਕਾਜੀ ਵੀ ਬੇਈਮਾਨ ਹੋ ਗਿਆ ਕਿ ਅਜਿਹਾ ਜਵਾਨ ਪੁਤ ਮੇਰੀ ਧੀ ਲਈ ਵਰ ਕਿਓਂ ਨਹੀ ਹੋਣਾ ਚਾਹੀਦਾ। ਭਾਈ ਸ਼ੁਬੇਗ ਸਿੰਘ ਨੂੰ ਮੁਖਾਤਬ ਹੁੰਦਾ ਕਾਜੀ ਆਂਹਦਾ ਸ਼ਬੇਗ ਸਿਆਂ ਹਾਲੇ ਵੀ ਪੁਤ ਅਪਣੇ ਨੂੰ ਸਮਝਾ ਠਾਠਾਂ ਮਾਰਦੀ ਚੜੀ ਆ ਰਹੀ ਜਵਾਨੀ ਕਿਓਂ ਭੰਗ ਦੇ ਭਾੜੇ ਗਵਾਉਣੀ ਹੋਈ। ਚਰਖੜੀ ਦੇ ਇਕ ਗੇੜੇ ਨੇ ਹੀ ਮੁੰਡਾ ਤੇਰਾ ਬੇਪਛਾਣ ਕਰ ਦੇਣਾ ਰਸਤਾ ਸੌਖਾ ਨਾਹ ਮੰਨ ਜਾਹ ਬਾਦਸ਼ਾਹੀਆਂ ਨੇ ਇਧਰ। ਸਿੰਘ ਕਹਿੰਦਾ ਮੈਨੂੰ ਕੀ ਪੁਛਦਾਂ ਖੁਦ ਹੀ ਅਜਮਾ ਕੇ ਦੇਖ ਲੈ ਪਹਾੜ ਹਲਦਾ ਜੇ। ਪੈਰਾਂ ਤੋਂ ਲੈ ਕੇ ਸਿਰ ਤਕ ਜਦ ਇਕ ਗੇੜੇ ਨੇ ਜਵਾਨ ਪੁਤ ਛਿਲ ਸੁਟਿਆ ਤਾਂ ਕਾਜੀ ਮੁੰਡੇ ਵੰਨੀ ਘਟ ਪਰ ਪਿਓ ਵੰਨੀ ਜਿਆਦਾ ਦੇਖ ਰਿਹਾ ਕਿ ਅਖ ਨੀਵੀ ਕਰਦਾ ਕਿ ਨਹੀ। ਹਾਓਕਾ ਲੈਂਦਾ ਕਿ ਨਹੀ, ਸਾਹ ਲੰਮਾ ਜਾਂਦਾ ਭਲਾ ਹਿਕ ਦੇ ਧੁਰ ਹੇਠਾਂ ਤਾਈਂ ਪਰ ਪਹਾੜਾਂ ਜਿਡੇ ਜਿਥੇ ਜਿਗਰੇ ਹੋਣ। ਟਾਰਚਰ ਕਰਦੇ ਅਮਰੀਕਾ ਵਾਲੇ ਪੁਛ ਰਹੇ ਸਨ ਬੰਦੇ ਨੂੰ ਕਿ ਬੰਬ ਕਿਥੇ ਕਿਥੇ ਲਾਏ ਵੇ ਨੇ। ਬੰਦਾ ਕੋਹਿਆ ਤਾਂ ਗਿਆ ਜੁਬਾਨ ਨਹੀ ਖੋਹਲੀ ਪਰ ਜਦ ਘਰਵਾਲੀ ਸਾਹਵੇਂ ਲਿਆ ਕੇ ਤੜਫਾਈ ਤਾਂ ਬੰਦਾ ਹਿਲਿਆ ਤਾਂ ਸਹੀਂ ਪਰ ਉਸ ਦਾ ਮਰਨਾ ਵੀ ਜਰ ਗਿਆ ਪਰ ਧਾਹਾਂ ਤਾਂ ਤਦ ਨਿਕਲੀਆਂ ਜਦ ਪੁਤ ਵੀ ਸਾਹਵੇਂ ਲਿਆ ਖੜਾ ਕੀਤਾ। ਏਹਾ ਕਹਾਣੀ ਇਕ ਅਮਰੀਕਨ ਮੂਵੀ ਦੀ ਹੈ ਜੋ ਸਹੀ ਕਹਾਣੀ ਦੇ ਬੇਸ ਤੇ ਬਣੀ ਸੀ ਨਾਂ ਭੁਲ ਗਿਆ। ਪੁਤ ਦੀ ਝੂਠੀ ਖਬਰ ਨਾਲ ਹੀ ਸੂਰਮਾ ਮੰਨਿਆ ਜਾਂਦਾ ਦਰੋਣਾਚਾਰੀਆ ਗੋਡਿਆਂ ਭਾਰ ਹੋ ਗਿਆ ਅਗਲਿਆਂ ਗਾਟਾ ਲਾਹ ਕੇ ਔਹ ਮਾਰਿਆ। ਚਰਖੜੀ ਦਾ ਜਦ ਅਗਲਾ ਗੇੜਾ ਆਇਆ ਤਾਂ ਆਂਦਰਾ ਦੇ ਰੁਗ ਭਰ ਭਰ ਬਾਹਰ ਮਾਰੇ ਚਰਖੜੀ ਨੇ ਤਾਂ ਕਾਜੀ ਨੇ ਫਿਰ ਪਿਓ ਵੰਨੀ ਦੇਖਿਆ ਕਿ ਹੁਣ ਤਾਂ ਚੀਕਾਂ ਵਜਣਗੀਆਂ ਪਰ ਗੁਰਮੁਖਾਂ ਦੇ ਨਿਹਚਲ ਚਿਤ ਕਾਹਨੂੰ ਹਿਲਦੇ। ਪਿੰਜਰੇ ਵਿਚ ਬੈਠੇ ਬਾਬੇ ਨੂੰ ਜਲਾਦ ਆਂਹਦਾ ਬੰਦਾ ਸਿਆਂ ਭੁਖਾਂ ਏ ਬੜੇ ਦਿਨਾ ਦਾ ਅਜ ਤੇਰੇ ਖਾਣ ਦਾ ਖਾਸ ਪ੍ਰਬੰਧ ਕੀਤਾ ਗਿਆ ਈ ਅਤੇ ਮਾਸੂਮ ਪੁਤ ਲਿਆ ਕੇ ਪਿਓ ਦੇ ਪਟ ਤੇ ਰਖ ਦਿਤਾ ਕਿ ਸ਼ਾਇਦ ਹਿਲ ਜਾਏ ਪਰ ਕੋਈ ਹਿਲ ਜੁਲ ਨਾ ਬਾਬਾ ਓਵੇਂ ਦਾ ਓਵੇਂ ਅਡੋਲ। ਚੀਰ ਕੇ ਕਲੇਜਾ ਛੋਟਾ ਜਿਹਾ ਧੜਕਦਾ ਦਿਲ ਬਾਹਰ ਕਢਕੇ ਪਿਓ ਦੇ ਹੀ ਮੂੰਹ ਤੁੰਨ ਦਿਤਾ ਕਿ ਮਿਟਾ ਭੁਖ ਆਵਦੀ ਪਰ ਕਿਸੇ ਦੇਖਿਆ ਹੋਵੇ ਪਹਾੜ ਹਿਲਦਾ। ਗੁਰਮਖਾਂ ਦੇ ਚਿਤ ਅਹਿਲ, ਨਿਹਚਲ। ਆਹਾ ਤੁਹਾਡੇ ਲੰਡਰ ਜਿਹੇ ਸਾਧ ਜਿਹੜਾ ਮਾੜਾ ਜਿਹਾ ਭਾਰਾ ਲਫਾਫਾ ਰਖ ਦਏ ਚਲ ਸਿਧਾ ਗੁਰਮੁਖ। ਗੁਰਮੁਖ ਦੀ ਸਹੀ ਵਿਆਖਿਆ ਖਾਲਸਾ ਜੀ ਦੇ ਇਤਿਹਾਸ ਵਿਚੋਂ ਬਾਖੂਬ ਲਭਦੀ ਜਦ ਜ਼ਕਰੀਆ ਪੁਛਦਾ ਤਾਰੂ ਸਿਆਂ ਕੇਸ ਲਾਹਵਾਂ ਕੇ ਖੋਪਰੀ। ਜ਼ਕਰੀਏ ਨੂੰ ਜਾਪਿਆ ਸੌਖਾ ਰਾਹ ਚੁਣੇਗਾ ਪਰ ਸਿੰਘ ਆਂਹਦਾ ਜ਼ਕਰੀਆ ਖੋਪਰੀ ਹੀ ਲਥਣ ਦੇਹ ਦੇਖਾਂ ਕਿੰਨਾ ਕੁ ਜੋਰ ਐ ਤੇਰੇ ਜੁਲਮ ਵਿਚ ਅਤੇ ਮੇਰੇ ਜਰਨ ਵਿਚ ਅਤੇ ਸਿੰਘ 21 ਦਿਨ ਲਹੂ ਚੋਂਦੇ ਈ ਅਡੋਲ ਕਟ ਗਿਆ ਪਰ ਜ਼ਕਰੀਏ ਕੋਲੋਂ ਪਹਾੜ ਹਲਿਆ ਨਾ। ਇਥੇ ਤਾਂ 7-9 ਸਾਲ ਦੇ ਨਾ ਹਲੇ ਵਜੀਦੇ ਕੋਲੋਂ ਬਾਕੀਆਂ ਕੀ ਹਿਲਣਾ ਸੀ। ਜਦ ਬੰਦਾ ਸਥਿਰ ਹੋ ਗਿਆ, ਜਦ ਲਿਵ ਵਿਚ ਚਲਾ ਗਿਆ, ਜਦ ਭਰੋਸੇ ਵਿਚ ਉਤਰ ਗਿਆ ਫਿਰ ਓਹ ਗੁਰਮੁੱਖ ਹੋ ਗਿਆ ਅਤੇ ਗੁਰਮੁਖਾਂ ਦੀ ਲਾਈਨ ਲੰਮੀ ਮੇਰੇ ਇਤਿਹਾਸ ਵਿਚ ਜਿਹੜੇ ਤੂੰਬਾ ਤੂੰਬਾ ਤਾਂ ਉਡ ਗਏ ਪਰ ਹਲੇ ਨਾ। ਹਾਲੇ ਤਾਂ ਕਲ ਦੀਆਂ ਗਲਾਂ ਭਾਈ ਕੁਲਵੰਤ ਸਿੰਘ ਨਾਗੋਕੇ ਵਰਗੇ ਵੰਗਾਰ ਕੇ ਬੈਠੇ ਮੂਹਰੇ ਕੇ ਥਾਣੇਦਾਰਾ ਬਾਕੀ ਗਲਾਂ ਮਾਰ ਗੋਲੀ ਜਾਹ ਹਾਇ ਵੀ ਕਢਾ ਦੇਹ ਮੂੰਹੋਂ ਸਿਖੀ ਛਡ ਦਿਆਂਗਾ। ਅਤੇ ਦੇਹ ਸਿੰਘ ਦੀ? ਕਿਹੜਾ ਅੰਗ ਸੀ ਜਿਹੜਾ ਭੰਨ ਨਾ ਸੁਟਿਆ। ਗੁਰਦੇਵ ਸਿੰਘ ਸੱਧੇਵਾਲੀਆ ( Total Visits: 73)


[1] 2 3 4  >>    Last >>
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.