ਬੰਦੂਕ ਦੀ ਨਾਲੀ ਵਿਚਲਾ ਇਨਕਲਾਬ
ਗੁਰਦੇਵ ਸਿੰਘ ਸੱਧੇਵਾਲੀਆ
ਇਹ ਮੇਰਾ ਨਹੀਂ ਕਾਮਰੇਡਾਂ ਦਾ ਤਕੀਆ ਕਲਾਮ ਰਿਹਾ ਹੈ ਕਿ ਇਨਕਲਾਬ ਬੰਦੂਕ ਦੀ ਨਾਲੀ ਵਿਚੋਂ ਦੀ ਹੋ ਕੇ ਆਓਂਦਾ, ਪਰ ਆਓਂਦਾ ਕੇਵਲ ਕਾਮਰੇਡਾਂ ਦੀ ਨਾਲੀ ਵਿਚੋਂ ਹੀ ਹੈ ਦੂਜਿਆਂ ਦੀ ਨਾਲੀ ਵਿਚੋਂ ਤਾਂ ਅੱਤਵਾਦ ਆਓਂਦਾ। ਜਦੋਂ ਦੀ ਕਾਮਰੇਡਾਂ ਉਪਰ ਰਾਸ਼ਟਰਵਾਦ ਦੇ ਪੰਡੀਆ ਜੀ ਦੀ ਮਿਹਰ ਹੋਈ ਓਨੀ ਇਨਾ ਦੀ ਨਾਲੀ ਵੀ ਮੋਦੀ ਦੇ ਖੂਨੀ ਹਥਾਂ ਤਰਾਂ ਗੰਗਾ ਵਿਚ ਧੋ ਕੇ ਪਵਿਤਰ ਕਰ ਛਡੀ ਹੋਈ। ਇਸ ਲਈ ਇਨਾ ਦੀ ਨਾਲੀ ਨੂੰ ਬੁਰੀ ਅੱਖੇ ਦੇਖਣ ਵਾਲਾ ਗੁੰਡਾ ਖਾਲਿਸਤਾਨੀ ਕਰਕੇ ਜਾਣਿਆ ਜਾਊਗਾ।
ਇਨਾ ਦੀ ਨਾਲੀ ਵਿਚੋਂ ਨਿਕਲਿਆ ਹੀ ਇਨਕਲਾਬ ਹੋ ਸਕਦਾ ਹੋਰ ਕਿਸੇ ਦੀ ਬੰਦੂਕ ਦੀ ਨਾਲੀ ਵਿਚ ਇਨੀ ਸਮਰਥਾ ਵੀ ਕਿਥੇ ਕਿ ਇਨਕਲਾਬ ਹੋ ਸਕੇ। ਯਾਣੀ ਸਾਡਾ ਕੁੱਤਾ ਟੌਮੀ ਬਾਕੀਆਂ ਦੀ ਕਤੀੜ।
ਭਗਤ ਸਿੰਘ ਗੋਲੀ ਚਲਾਏ ਤਾਂ ਇਨਕਲਾਬ, ਬੇਅੰਤ ਸਿੰਘ ਸਤਵੰਤ ਸਿੰਘ ਚਲਾਏ ਤਾਂ ਅੱਤਵਾਦ। ਭਗਤ ਸਿੰਘ ਬੰਬ ਸੁਟੇ ਤਾਂ ਜੋਧਾ ਦਿਲਾਵਰ ਸਿੰਘ ਬੰਬ ਬੰਨੇ ਤਾਂ ਦਹਿਸ਼ਤਗਰਦ। ਭਗਤ ਸਿੰਘ ਨਿਹੱਥੇ ਬੰਦੇ ਨੂੰ ਮਾਰ ਸਕਦਾ ਸੁਖੇ ਜਿੰਦੇ ਨੂੰ ਪਹਿਲਾਂ ਵੈਦਿਯਾ ਨੂੰ ਬੰਦੂਕ ਫੜਾਓਂਣੀ ਚਾਹੀਦੀ ਸੀ ਕਿ ਅਸੀਂ ਤੈਨੂੰ ਮਾਰਨ ਆ ਰਹੇ ਆਂ। ਪਰ ਫਿਰ ਵੀ ਹੰਗਾਮੀ ਮੀਟਿੰਗ ਕਰਕੇ ਅਸੀਂ ਸੋਚਾਂਗੇ ਕਿ ਇਸ ਵਿਚ ਕਿੰਨੀ ਮਾਤਰਾ ਇਨਕਲਾਬ ਸੀ ਕਿੰਨਾ ਅੱਤਵਾਦ ਅਤੇ ਕਿੰਨੀ ਦਹਿਸ਼ਤਗਰਦੀ। ਆਖਰ ਸੀਧੇ ਦਾ ਮਾਪ ਤੋਲ ਵੀ ਰਖਣਾ ਪੈਂਦਾ ਖੁਲੀ ਕਵਿਤਾ ਦਾ ਕੜਾਹ ਨਹੀਂ ਕਰਨਾ ਹੁੰਦਾ।
ਕਾਮਰੇਡਾਂ ਦੀ ਬੰਦੂਕ ਦੀ ਨਾਲੀ ਨੇ ਇਸ ਵਾਰੀ ਛੋਟੀਆਂ ਛੋਟੀਆਂ ਇਨਕਲਾਬੀਆਂ ਵੀ ਬਥੇਰੀਆਂ ਕਢ ਮਾਰੀਆਂ ਜਿਹੜੀਆਂ ਰਾਤ ਦਿਨ ਟਟਹਿਰੀ ਤਰਾਂ ਲਤਾਂ ਚੁਕੀ ਹੀ ਰੱਖਦੀਆਂ ਜਿੰਨਾ ਨੂੰ ਰਹਿ ਚੁਕੇ ਪੁਲਿਸ ਟਾਊਟ ਜਾਂ ਕਾਤਲ ਵੀ ਬਦਾਮਾ ਦੀ ਖੀਰ ਵਰਗੇ ਜਾਪਣ ਲਗ ਗਏ, ਜਾਂ ਜੀਹਨਾ ਦਾ ਸਿਰ ਹੁੱਕੇ ਦੀ ਗੁੜ-ਗੁੜ ਵਿਚ ਫਸ ਕੇ ਰਹਿ ਗਿਆ ਜਾਂ ਜੇ ਕੋਈ ਸਿਰ ਫਿਰਾ ਗਾਹਲ ਕਢ ਜਾਏ ਤਾਂ ਪੂਰੀ ਕੌਮ ਈ ਓਨਾ ਨੂੰ ਬਦਮਾਸ਼ ਜਾਪਣ ਲਗਦੀ।
ਗਾਹਲ ਅਤ ਮਾੜੀ ਦੁਸ਼ਮਣ ਨੂੰ ਵੀ ਕੱਢਣੀ ਮਾੜੀ ਪਰ ਕੰਧਾਂ ਤੋਂ ਝਾਤੀਆਂ ਮਾਰਨ ਵਾਲੀ ਫੁਕਰੀ ਔਰਤ ਤਰਾਂ ਜਦ ਲੁਕ ਲੁਕ ਸੀਟੀਆਂ ਮਾਰੂ ਤਾਂ ਆਸ਼ਕ ਵੀ ਤਾਂ ਨਿਕਲਣਗੇ ਹੀ ਫਿਰ ਸਤੀ ਸਵਿਤਰੀ ਬਣਨ ਦੀ ਕੀ ਲੋੜ ਹੁੰਦੀ ਕਿ ਦੇਖੋ ਲੋਕੋ ਧਰਮ ਦੇ ਠੇਕੇਦਾਰਾਂ ਮੇਰਾ ਲੀੜਾ ਖਿਚ ਲਿਆ!
ਬਾਕੀ ਤਾਂ ਚਲੋ ਖਾਧੀ ਕੜੀ ਪਰ ਕਾਮਰੇਡਾਂ ਦੀ ਸਖਤ ਘਾਲਣਾ ਨੇ ਅਪਣੀ ਨਾਲੀ ਵਿਚੋਂ ਇਨਾ ਛੋਟੀਆਂ ਇਨਕਲਾਬੀਆਂ ਤੋਂ ਬਿਨਾ ਬਾਬਾ ਤੋਤਾ ਵੀ ਕਢ ਮਾਰਿਆ। ਜਿਸ ਨੇ ਇਨਕਲਾਬ ਦਾ ਅਜਿਹਾ ਧੂੰਆਂ ਕੀਤਾ ਕਿ ਮਿਰਜੇ ਈ ਵਿਚਾਰੇ ਵਢਵਾ ਸੁੱਟੇ।
ਬਾਬੇ ਤੋਤੇ ਇਨਕਲਾਬ ਨੂੰ ਦਾਲ ਵਾਲੀ ਤੌੜੀ ਵਿਚ ਪਾ ਕੇ ਅਜਿਹਾ ਰਿੰਨਿਆ ਕਿ ਇਨਕਲਾਬ ਵੀ ਪਾ ਬਹੁੜੀਆਂ ਉਠਿਆ ਕਿ ਜਾਲਮਾ ਦਾਲ ਥਲੇ ਲਗ ਗਈ ਊ ਲਾਹ ਲੈ ਹੁਣ। ਪਰ ਚੇਲੇ ਹੇਠਾਂ ਲਗੀ ਓ ਈ ਬੁਕ ਭਰ ਭਰ ਛਕੀ ਜਾਂਦੇ ਕਿ ਵੇਖਿਆ! ਏਹਨੂੰ ਕਹਿੰਦੇ ਇਨਕਲਾਬ। ਜੋ ਨਰਕਧਾਰੀਆ, ਕਾਮਰੇਡ, ਆਸ਼ੂਤੋਸ਼ੀਆ ਜਾਂ ਭੰਨਿਆਰਾ ਜਾਂ ਓਸ਼ੋ ਬਰੀਡ ਸਭ ਸਿਖ ਕੌਮ ਮਗਰ ਹਲਾ ਹਲਾ ਹੋਈ ਪਈ ਪਰ ਮੋਢਾ ਬਾਬੇ ਤੋਤੇ ਕਿਆਂ ਦਾ ਹੈ।
ਰਾਸ਼ਟਰਵਾਦੀ ਕਾਮਰੇਡਾਂ ਦੀ ਜੰਗਾਲੀ ਅਤੇ ਵਿੰਗੇ ਫਾਇਰ ਕਰਨ ਵਾਲੀ ਨਾਲੀ ਵਿਚੋਂ ਦੀਵਾਲੀ ਤੋਂ ਅਗਲੇ ਦਿਨ ਦੇ ਸਲਾਬੇ ਪਟਾਕਿਆਂ ਵਰਗੇ ਪਤਾ ਨਹੀਂ ਕਿੰਨੇ ਇਨਕਲਾਬੀ ਪੈਦਾ ਹੋਏ ਨੇ ਜਿਹੜੇ ਨਵੇ ਬਣੇ ਨਮਾਜੀ ਤਰਾਂ ਇਨਕਲਾਬ ਦੀ ਬਾਂਗ ਪੁੜੇ ਚੁਕ ਚੁਕ ਇਓਂ ਦਿੰਦੇ ਜਿਵੇਂ ਹੇਠਾਂ ਚੁੰਝ ਮਾਰ ਕੇ ਕੁਕੜ ਸਿਰੀ ਜਿਹੀ ਚੁਕ ਕੇ ਇਓਂ ਦੇਖਦਾ ਕਿ ਦੇਖਿਆ ਜਟ ਦੀਆਂ ਚੁਗਣੀਆਂ।
ਸਿਸਟਮ ਮਾੜਾ ਇਹ ਤਾਂ ਸਭ ਨੂੰ ਪਤਾ ਪਰ ਦਾਲਾਂ ਦੀਆਂ ਤੌੜੀਆਂ ਨਾਲ ਤਾਂ ਸਿਸਟਮ ਨਹੀਂ ਬਦਲੇ ਜਾਂਦੇ। ਕਸੂਰ ਲੋਕਾਂ ਦਾ ਤਾਂ ਕਢ ਦਿਤਾ ਕਿ ਵੋਟਾਂ ਪਾ ਕੇ ਮਾੜਾ ਸਿਸਟਮ ਚੁਣਦੇ ਪਰ ਜਦ ਅਸੀਂ ਖੁਦ ਜਰਵਾਣਿਆਂ ਨੂੰ ਸਿਰੋਪੇ ਦਿੰਨੇ ਆਂ ਅਤੇ ਕੇ ਪੀ ਗਿਲ ਵਰਗੇ ਬੁੱਚੜਾਂ ਦੇ ਯਾਰਾਂ ਨੂੰ ਨਿਵਾਜਦੇ ਆਂ।
ਪਰ ਬਾਬੇ ਤੋਤੇ ਕਿਆਂ ਇਨਕਲਾਬ ਤੋਂ ਵੜੇਵੇਂ ਲੈਣੇ ਉਸ ਦਾ ਇਨਕਲਾਬ ਤਾਂ ਹੁਣ ਅਮਰੀਕਾ ਲੁੱਡੀਆਂ ਪਾਇਆ ਕਰੂ।
ਕੱਦ ਚਾਹੇ ਨਿਕਾ ਪਰ ਬਾਬਾ ਤਿਖਾ ਉਸ ਨੂੰ ਪਤੈ ਮੇਰੇ ਯਾਰ ਯਾਣੀ ਕੈਪਟਨ ਦੇ ਇਨਕਲਾਬ ਦੇ ਦਿਨ ਥੋੜੇ ਰਹਿ ਗਏ ਜੇ ਬਾਦਲ ਜਰਵਾਣੇ ਆ ਗਏ ਬਾਦਲਾਂ ਦੇ ਯਾਰ ਧੁੰਮੇ ਕਿਆਂ ਪੁੜੇ ਬੁਰੇ ਸੇਕਣੇ ਇਸ ਲਈ ਅਪਣਾ ਇਨਕਲਾਬ ਪਹਿਲਾਂ ਪਹਿਲਾਂ ਹੂੰਝ ਕੇ ਅਮਰੀਕਾ ਜਾ ਡੇਰਾ ਖੋਹਲੋ। ਚੁਕਣ ਵਾਲਿਆਂ ਮਿਰਜੇ ਤਰਾਂ ਮੁੜ ਚੁਕਣ ਵੀ ਨਹੀਂ ਆਓਂਣਾ। ਕਾਮਰੇਡਾਂ ਦਾ ਕੀ ਏ 'ਤੋਤਾ ਤੇਰੀ ਸੀਚ ਤੇ ਪਹਿਰਾ ਦਿਆਂਗਾ ਠੋਕ ਕੇ' ਕਹਿ ਕੇ ਅਗਾਂਹ ਜਾਣਗੇ ਜਾਂ ਦੋ ਚਾਰ ਖੁਲੀਆਂ ਕਵਿਤਾ ਲਿਖ ਮਾਰਨਗੇ ਕਿ ਬਾਬਾ ਤੋਤਾ ਜੀ ਇਕ ਹੋਏ ਸਨ, ਓਨੀ ਖੁਦ ਹੀ ਖੋਦੇ ਟੋਏ ਸਨ ਤੇ ਇਨਕਲਾਬ ਜਿਂਦਾਬਾਦ?