ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
...ਦੁਰਲਭ ਮਾਨੁਖ ਦੇਹ
...ਦੁਰਲਭ ਮਾਨੁਖ ਦੇਹ
Page Visitors: 2440

...ਦੁਰਲਭ ਮਾਨੁਖ ਦੇਹ 
ਗੁਰਦੇਵ ਸਿੰਘ ਸੱਧੇਵਾਲੀਆ ਬੜੀ ਦੁਰਲਭ, ਇਨੀ ਕਿ ਇਸ ਦੀ ਇੱਕ ਚੂਲ ਵੀ ਇਧਰ ਉਧਰ ਹੋਈ ਤਾਂ ਪੂਰਾ ਸੰਸਾਰ ਹੀ ਗਿਆ। ਸਭ ਧੀਆਂ ਪੁੱਤ, ਧਨ ਦੌਲਤ ਯਾਣੀ ਪੂਰਾ ਸੰਸਾਰ ਈ ਖਤਮ। ਤੂੰ ਮੰਜੇ ਤੇ ਢਹਿ ਤਾਂ ਸਹੀਂ ਜੇ ਸੰਸਾਰ ਦੇਖਣਾ। ਮੁੱਛ ਹੇਠਾਂ ਹੋ ਜਾਂਦੀ, ਧਨ ਦੌਲਤ ਕਿਸੇ ਕੰਮ ਨਾ, ਨਿਆਣੇ ਨੇੜੇ ਨਹੀਂ ਲੱਗਦੇ, ਘਰਵਾਲੀ ਖੁਦ ਪਾਸਾ ਵੱਟਦੀ, ਮਿੱਤਰ, ਰਿਸ਼ਤੇਦਾਰ ਤਾਂ ਪਹਿਲੇ ਹੱਲੇ ਹੀ ਉਡ ਜਾਂਦੇ! ਕਿਉਂ?
ਤੇਰੇ ਖੁਦ ਦੇ ਹੀ ਖੰਭ ਝੜ ਗਏ ਤਾਂ ਬੰਦੇ ਤੋਂ ਲੈਣਾ ਕੀ ਕਿਸੇ?
ਦੁਨੀਆਂ ਤਾਂ ਉਡਦਿਆਂ ਨਾਲ ਹੀ ਉਡਦੀ ਰੀਂਗਣ ਵਾਲੇ ਨੂੰ ਕੌਣ ਪੁੱਛਦਾ! ਕਿ ਪੁੱਛਦਾ?
  ਇੱਕ ਵਾਰੀ ਅਸੀਂ ਨਿਆਣਿਆਂ ਨਾਲ ਛੋਲੇ ਭਟੂਰੇ ਖਾਣ ਰੈਸਟੋਰੈਂਟ ਵਿਚ ਗਏ। ਜੋੜਾ ਇੱਕ ਸਾਡੇ ਸਾਹਵੇਂ ਵਾਲੇ ਟੇਬਲ ਤੇ। ਪਹਿਲਾਂ ਉਨੀ ਪੂਰੀ ਪੂਰੀ ਥਾਲੀ ਮੰਗਵਾਈ ਸਾਨੂੰ ਲੱਗਾ ਬੱਅਸ ਹੋ ਗਈ ਹੋਣੀ ਕਿਉਂਕਿ ਕਦੇ ਦਿਲ ਕਰੇ ਤਾਂ ਇੱਕ ਥਾਲੀ ਨਾਲ ਅਸੀਂ ਘਰੇ ਤਿੰਨ ਜਣੇ ਭੁਗਤ ਜਾਂਦੇ ਸਾਂ। ਪਰ ਮਗਰੇ ਇੱਕ ਇੱਕ ਪਲੇਟ ਛੋਲੇ ਭਟੂਰੇ। ਪਤਨੀ ਕਹਿੰਦੀ ਹੁਣ ਤਾਂ ਬੱਅਸ ਹੋ ਈ ਗਈ ਹੋਣੀ ਆਖਰ ਬੰਦੇ ਈ ਤਾਂ ਨੇ! ਪਰ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਨੀ ਦੋ ਦੋ ਸਮੋਸੇ ਹੋਰ ਠੂਸ ਮਾਰੇ ਤੇ ਬੰਦੇ ਦਾ ਢਿੱਡ ਤੇ ਉਸ ਦਾ ਉਠਣ ਲਗੇ ਦਾ ਹਾਲ?
ਜੁਬਾਨ ਦਾ ਤਾਂ ਐਵੇਂ ਦੋਸ਼ ਉਹ ਤਾਂ ਪਾਣੀ ਦਾ ਹੀ ਨਲਕਾ ਗੇੜਦੀ ਸਵਾਦਾਂ ਦੀਆਂ ਬੋਕੀਆਂ ਭਰ ਭਰ ਤਾਂ ਸਿਰ ਸੁਟਦਾ! ਨਕਸ਼ੇ ਬਣਾਉਂਦਾ ਕਿਤੇ ਸਿਰ ਕਿ ਉਨਾ ਰਸ ਜਲੇਬੀ ਚੋਂ ਨਹੀਂ ਚੋਂਦਾ ਜਿੰਨਾ ਜੁਬਾਨ ਚੋਂ ਚੋਣ ਲਾ ਦਿੰਦਾ!
ਬਾਕੀ ਛੱਡੋ ਗੁਰਦੁਆਰੇ ਬੰਦੇ ਅਪਣੇ ਪਕੌੜੇ ਖਾਂਦੇ ਦੇਖੇ?
ਰਸਗੁਲੇ, ਗੁਲਾਬ ਜਾਮਨ ਤੇ ਜਲੇਬੀਆਂ ਵੀ ਵਿਚੇ ਈ ਚਲਣ ਦੇਹ? ਵੇਸਣ ਦੀਆਂ ਦੋ ਡਕਰੀਆਂ ਤੇ ਗਜਰੇਲਾ ਕਿਧਰ ਦੌੜੂ, ਹਾਲੇ ਬਦਾਨਾ?
ਬਹੁਤਿਆਂ ਨੂੰ ਪਤਾ ਹੁੰਦਾ ਗੁਰਦੁਆਰੇ ਕੜ੍ਹੀ ਚੌਲ ਕਿਸ ਦਿਨ ਬਣਨੇ ਤੇ ਖੱਟੇ ਚੌਲਾਂ ਦਾ ਕੀ ਵਾਰ ਹੈ?
ਦਰਅਸਲ ਮੈਨੂੰ ਪਤਾ ਹੀ ਨਹੀਂ ਕਿ ਜਿਸ ਦੇਹ ਦੀ ਕਿਸ਼ਤੀ ਵਿਚ ਬੈਠਾ ਮੈਂ ਜੀਵਨ ਦੇ ਸਮੁੰਦਰ ਵਿਚ ਤਾਰੀਆਂ ਲਾ ਰਿਹਾਂ ਉਸ ਵਿਚ ਮੈਂ ਰੋਜਾਨਾ ਕਿੰਨੇ ਛੇਕ ਕਰ ਰਿਹਾ ਹੁੰਨਾ ਜਦ ਦੰਦਾਂ ਦੇ ਟੋਕੇ ਨਾਲ ਅੰਨ ਦੇ ਪੱਠੇ ਕੁਤਰਨੋਂ ਹਟਦਾ ਨਹੀਂ ਤੇ ਦੇਹ ਨੂੰ ਦੁਰਲਭ ਮੰਨਣ ਦੀ ਬਜਾਇ 'ਵੰਡ ਵਾਲਾ ਭਾਂਡਾ' ਬਣਾ ਛੱਡਦਾ ਜਿਸ ਵਿਚ ਜੋ ਆਇਆ ਤੂੜ ਸੁੱਟਿਆ?
ਖਾਣ ਪੀਣ ਤਾਂ ਖਰਾਬ ਮੈਂ ਕਰ ਹੀ ਲਿਆ ਹਿੱਲਣ ਜੁੱਲਣ ਵਲੋਂ ਵੀ ਰਾਮ ਸੱਤ। ਜਿਹੜਾ ਬੰਦਾ ਜਾਂ ਬੰਦੀ ਅੰਨ੍ਹ ਨਾਲ ਲਿਹੜ ਕੇ ਸਿੱਧਾ ਸੋਫੇ ਤੇ ਜਾ ਡਿੱਗਦਾ ਅਤੇ ਟੀ.ਵੀ ਜਾਂ ਫੋਨਾਂ ਦੀ ਦੁਨੀਆਂ ਵਿਚ ਜਾ ਘੁਸਦਾ ਉਸ ਨੂੰ ਅਪਣੀ ਦੇਹ ਨਾਲ ਭੋਰਾ ਲਗਾਅ ਜਾਂ ਮੁਹੱਬਤ ਨਹੀਂ ਕਿ ਜਿਸ ਦੇਹ ਨੇ ਉਸ ਨੂੰ ਸੰਸਾਰ ਵਿਚ ਚੁੱਕੀ ਫਿਰਨ ਦਾ ਸਾਰਾ ਭਾਰ ਅਪਣੇ ਜਿੰਮੇ ਲੈ ਰੱਖਿਆ ਹੈ ਉਸ ਉਪਰ ਥੋੜਾ ਬਾਹਲਾ ਤਾਂ ਰਹਿਮ ਕਰਾਂ! ਅਜਿਹਾ ਮਨੁੱਖ ਉਸ ਗੱਡੀ ਵਿਚ ਸਵਾਰ ਹੋ ਬੈਠਾ ਹੈ ਜਿਹੜੀ ਬੜੀ ਤੇਜੀ ਨਾਲ ਬਿਮਾਰੀਆਂ ਵਾਲੇ 'ਟੇਸ਼ਨ' ਵੰਨੀ ਵਧ ਰਹੀ ਹੈ ਜਿਥੇ ਹਾਲ ਪਾਹਰਿਆਂ ਤੋਂ ਬਿਨਾ ਹੈ ਹੀ ਕੱਖ ਨਹੀਂ?
ਲੱਤਾਂ ਮੇਰੀਆਂ ਜਦ ਭਾਰ ਹੀ ੬੫-੭੫ ਕਿੱਲੋ ਲਈ ਬਣੀਆਂ ਸਨ ਤਾਂ ੧੦੦ ਤੋਂ ਉਪਰ ਵਾਲਾ ਭਾਰ ਚੁਕਣਾ ਤਾਂ ਗਧਾ ਹੀ ਹੋਣ ਤਰ੍ਹਾਂ ਹੈ। ਤੁਸੀਂ ਕਦੇ ਦੱਸ ਕਿੱਲੋ ਭਾਰ ਲਗਾਤਾਰ ਚੁੱਕ ਕੇ ਮੀਲ ਇੱਕ ਤੁਰ ਕੇ ਦੇਖਣਾ ਪਰ ਮੈਂ ਹੈਰਾਨ ਨਹੀਂ ਹੁੰਦਾ ਜਦ ੩੦-੪੦-੫੦ ਕਿੱਲੋ ਦੀ ਲੋੜ ਤੋਂ ਵਾਧੂ ਲਾਸ਼ ਹਰ ਸਮੇ ਧੂਹੀ ਰੱਖਦਾਂ?
ਜਦ ਫਿਰ ਗੋਡਿਆਂ ਦੇ ਮਾੜੇ ਬਾਲਿਆਂ ਤਰ੍ਹਾਂ ਕੜਾਕੇ ਪੈਂਦੇ ਤਾਂ ਡਾਕਟਰਾਂ ਨੂੰ ਕਹਿ ਰਿਹਾ ਹੁੰਨਾ ਕਿ ਯਾਰ ਹੁਣੇ ਹੀ?
ਕਮਲਿਆ ਛੱਤ ਉਪਰ ਮਿੱਟ ਤਾਂ ਦੇਖ ਕਿੰਨੀ ਚਾਹੜੀ ਪਈ ਹੇਠਾਂ ਬਾਲੇ ਕੀ ਕਰਨਗੇ?
ਬਾਬਾ ਜੀ ਅਪਣੇ ਵਾਰ ਵਾਰ ਦੇਹੀ ਉਪਰ ਫੋਕਸ ਕਰ ਰਹੇ ਹਨ ਕਿ ਤੈਨੂੰ ਇਹੀ ਚੁੱਕੀ ਫਿਰਨ ਵਾਲੀ ਹੈ ਜਿਸ ਦਿਨ ਟਾਇਰਾਂ ਚੋਂ ਫੂਕ ਨਿਕਲੀ ਜੇ ਕੋਈ ਤੇਰੇ ਨੇੜੇ ਵੀ ਲੱਗ ਗਿਆ।
ਏ ਸ੍ਰਵਣੋ, ਕਦੇ ਏ ਨੇਤਰੋ, ਕਦੇ ਏ ਰਸਨਾ, ਕਦੇ ਏ ਸਰੀਰਾ ਕਰਕੇ ਮੈਨੂੰ ਸਬੰਧੋਨ ਹੁੰਦੇ ਤਾਂ ਕਿ ਦੇਹੀ ਮੇਰੀ ਸਵੱਸ਼ ਰਹਿ ਸਕੇ, ਤਾਂ ਕਿ ਮੈਂ ਕੰਨਾਂ ਰਾਹੀਂ, ਅੱਖਾਂ ਰਾਹੀਂ, ਜੁਬਾਨ ਰਾਹੀਂ ਅੰਦਰ ਜਾਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਵਾਂ ਤੇ ਚਾਰ ਦਿਨ ਖੁਸ਼ ਤੇ ਸੁਖੀ ਰਹਿ ਸਕਾਂ।
ਇਸ ਦੇਹੀ ਦੀ ਦੁਰਲਭਤਾ ਬਾਰੇ ਦੇਖਣਾ ਤਾਂ ਕਿਤੇ ਉਡਦਾ ਉਡਦਾ ਹਸਪਤਾਲ ਦਾ ਗੇੜਾ ਓਂ ਈ ਮਾਰ ਆਇਆ ਕਰ ਸ਼ਾਇਦ ਭਲੇ ਦੀ ਹੀ ਗੱਲ ਹੋਵੇ! ਨਹੀਂ?
 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.