ਪੰਜਾਬ ‘ਚ ਚੋਣ ਬਿਗਲ ਵੱਜਿਆ
Posted On 17 Aug 2016
By : Punjab Mail USA
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲਈ ਅਜੇ ਭਾਵੇਂ 5 ਮਹੀਨੇ ਤੋਂ ਵੱਧ ਸਮਾਂ ਬਾਕੀ ਹੈ। ਪਰ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਚੋਣ ਬਿਗਲ ਵਜਾ ਦਿੱਤਾ ਗਿਆ ਹੈ। ਸਾਰੀ ਹੀ ਰਾਜਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ ਅਤੇ ਪੂਰੇ ਪੰਜਾਬ ਵਿਚ ਚੋਣ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣੇ 19 ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੁਹਿੰਮ ਵਿਚ ਪਹਿਲ ਹਾਸਲ ਕਰ ਲਈ ਹੈ। ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਦਰਖਾਸਤਾਂ ਮੰਗੀਆਂ ਗਈਆਂ ਹਨ ਅਤੇ ਅਕਾਲੀ ਦਲ ਨੇ ਵੀ ਉਮੀਦਵਾਰ ਜਲਦੀ ਐਲਾਨ ਕਰਨ ਦਾ ਅਮਲ ਆਰੰਭਿਆ ਹੋਇਆ ਹੈ। ਬਹੁਜਨ ਸਮਾਜ ਪਾਰਟੀ ਅਤੇ ਕੁਝ ਹੋਰ ਛੋਟੀਆਂ ਰਾਜਸੀ ਧਿਰਾਂ ਵੱਲੋਂ ਵੀ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣ ਲਈ ਤਿਆਰੀਆਂ ਹੋ ਰਹੀਆਂ ਹਨ। ਪੰਜਾਬ ਦਾ ਰਾਜਸੀ ਮਾਹੌਲ ਇਸ ਵੇਲੇ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ ਹਰ ਹਲਕੇ ਵਿਚ ਰਾਜਸੀ ਕਾਨਫਰੰਸਾਂ ਕਰਨ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ। ਬਹੁਤ ਸਾਰੇ ਹਲਕਿਆਂ ਵਿਚ ਹੁਣ ਤੱਕ ਹੁੰਦੀਆਂ ਰੈਲੀਆਂ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ। ਕਾਂਗਰਸ ਵੱਲੋਂ ਵੀ ਹਲਕੇ ‘ਚ ਕੈਪਟਨ ਦੇ ਨਾਂ ਹੇਠ ਰਾਜਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਖੁਦ ਅਜਿਹੀਆਂ ਰੈਲੀਆਂ ਵਿਚ ਬੜੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਰਾਜਸੀ ਕਾਨਫਰੰਸਾਂ ਦਾ ਸਿਲਸਿਲਾ ਆਰੰਭ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸਰਕਾਰੀ ਸਮਾਗਮ ਬੁਲਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਹਨ। ਰਾਜ ਅੰਦਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਵਾਰ ਤਿੰਨ ਧਿਰੀ ਸਿਆਸੀ ਟੱਕਰ ਹੋਣ ਦੀਆਂ ਸੰਭਾਵਨਾ ਵੱਧ ਗਈਆਂ ਹਨ। ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਹਲਕਾ ਹੋਵੇਗਾ, ਜਿੱਥੇ ਤਿੰਨ ਧਿਰੀ ਟੱਕਰ ਹੋਣ ਦੇ ਆਸਾਰ ਨਾ ਹੋਣ। ਪਹਿਲਾਂ ਹੁੰਦੀਆਂ ਚੋਣਾਂ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦਰਮਿਆਨ ਦੋ ਧਿਰੀ ਟੱਕਰ ਹੀ ਹੁੰਦੀ ਰਹੀ ਹੈ। ਇਹ ਆਮ ਪ੍ਰਭਾਵ ਸੀ ਕਿ ਇਹ ਦੋਵੇਂ ਧਿਰਾਂ ਹਰ ਸਾਲ ‘ਉਤਰ ਕਾਟੋ, ਮੈਂ ਚੜ੍ਹਾਂ’ ਦੀ ਕਹਾਵਤ ਮੁਤਾਬਕ ਸਤਾ ‘ਚ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ। ਪਰ ਇਸ ਵਾਰ ਆਮ ਆਦਮੀ ਪਾਰਟੀ ਤਕੜੀ ਰਾਜਸੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਸ ਵੱਲੋਂ ਪੂਰੇ ਸੂਬੇ ਅੰਦਰ ਰਾਜਸੀ ਤਬਦੀਲੀ ਦੀ ਇਕ ਲਹਿਰ ਆਰੰਭ ਕੀਤੀ ਗਈ ਹੈ। ਲੋਕਾਂ ਵੱਲੋਂ ਵੀ ਤਬਦੀਲੀ ਦੀ ਉੱਠ ਰਹੀ ਇਸ ਲਹਿਰ ਨੂੰ ਕਾਫੀ ਹੁੰਗਾਰਾ ਮਿਲਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਤਬਦੀਲੀ ਦੀ ਇਸ ਲਹਿਰ ਤੋਂ ਘਬਰਾਹਟ ‘ਚ ਆਈਆਂ ਦੋਵੇਂ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੇ ਹਨ। ਇਨ੍ਹਾਂ ਦੋ ਧਿਰਾਂ ਦੇ ਪ੍ਰਚਾਰ ਅੰਦਰ ਇਕ ਦੂਜੇ ਖਿਲਾਫ ਬੋਲਣ ਦੀ ਬਜਾਏ ਵਧੇਰੇ ਕਰਕੇ ਨਿਸ਼ਾਨਾ ‘ਆਪ’ ਉਪਰ ਹੀ ਸਾਧਿਆ ਜਾਂਦਾ ਹੈ। ਕਾਂਗਰਸ ਵੱਲੋਂ ਇਸ ਵਾਰ ਉਮੀਦਵਾਰਾਂ ਦੀ ਚੋਣ ਲਈ ਇਕ ਵੱਖਰਾ ਢੰਗ-ਤਰੀਕਾ ਅਪਣਾਇਆ ਜਾ ਰਿਹਾ ਹੈ। ਕਾਂਗਰਸ ਦੀ ਟਿਕਟ ਦੇ ਚਾਹਵਾਨ ਹਰ ਆਗੂ ਲਈ ਇਹ ਜ਼ਰੂਰੀ ਬਣਾਇਆ ਗਿਆ ਹੈ ਕਿ ਉਹ ਆਪਣੀ ਦਰਖਾਸਤ ਦੇ ਨਾਲ ਹਲਕੇ ਦੇ ਹਰ ਬੂਥ ਵਿਚੋਂ 2 ਵੋਟਰਾਂ ਦੇ ਨਾਂ, ਦਸਤਖਤ ਅਤੇ ਵੋਟਰ ਕਾਰਡ ਦੀ ਫੋਟੋ ਕਾਪੀ ਨਾਲ ਜ਼ਰੂਰ ਲਗਾਉਣ। ਇਸ ਤਰ੍ਹਾਂ ਹਰ ਬੂਥ ਦੇ ਦੋ ਮੈਂਬਰਾਂ ਵੱਲੋਂ ਪ੍ਰਸਤਾਵਿਤ ਉਮੀਦਵਾਰ ਦੀ ਸਿਫਾਰਿਸ਼ ਨੂੰ ਜ਼ਰੂਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਸੀ ਹੋਇਆ। ਸਗੋਂ ਇਹ ਹੁੰਦਾ ਸੀ ਕਿ ਹਰ ਕੋਈ ਨਿਸ਼ਚਿਤ ਫੀਸ ਭਰ ਕੇ ਟਿਕਟ ਹਾਸਲ ਕਰਨ ਲਈ ਦਰਖਾਸਤ ਦੇ ਦਿੰਦਾ ਸੀ। ਘੱਟੋ-ਘੱਟ ਹਰ ਬੂਥ ਦੇ ਦੋ ਵੋਟਰਾਂ ਵੱਲੋਂ ਸਿਫਾਰਸ਼ ਕੀਤੇ ਜਾਣ ਦੀ ਮਦਦ ਨਾਲ ਕਿਸੇ ਨਾ ਕਿਸੇ ਪੱਧਰ ‘ਤੇ
ਹਲਕੇ ਦੇ ਲੋਕਾਂ ਦੀ ਆਪਣਾ ਉਮੀਦਵਾਰ ਬਣਾਏ ਜਾਣ ਵਿਚ ਕੁਝ ਨਾ ਕੁਝ ਸ਼ਮੂਲੀਅਤ ਤਾਂ ਬਣੀ ਹੀ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਹਲਕਿਆਂ ਵਿਚ ਘੜਮਸ ਮੱਚਿਆ ਹੋਇਆ ਹੈ ਅਤੇ ਆਪਸੀ ਧੜੇਬੰਦੀ ਵੀ ਚੱਲ ਰਹੀ ਹੈ। ਪਿਛਲੇ ਸਾਢੇ 9 ਸਾਲ ਤੋਂ ਪੰਜਾਬ ਅੰਦਰ ਹਕੂਮਤ ਕਰ ਰਹੀ ਅਕਾਲੀ-ਭਾਜਪਾ ਗਠਜੋੜ ਨੂੰ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖਫਾ ਅਤੇ ਨਾਰਾਜ਼ ਹਨ। ਪਿਛਲੇ ਸਾਲਾਂ ਦੌਰਾਨ ਉੱਠਦੇ ਰਹੇ ਅਨੇਕ ਮਸਲਿਆਂ ਵਿਚੋਂ ਕਦੇ ਕਿਸੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਤ ਇੰਨੀ ਨਿਘਰ ਗਈ ਹੈ ਕਿ ਸ਼ਰੇਆਮ ਧਾਰਮਿਕ ਪ੍ਰਚਾਰਕਾਂ ਅਤੇ ਆਗੂਆਂ ਉਪਰ ਜਾਨਲੇਵਾ ਹਮਲੇ ਹੋ ਰਹੇ ਹਨ ਅਤੇ ਦੋਸ਼ੀ ਨਹੀਂ ਫੜੇ ਜਾ ਰਹੇ ਜਾਂ ਸਰਕਾਰੀ ਸਰਪ੍ਰਸਤੀ ਮਿਲਣ ਕਾਰਨ ਉਨ੍ਹਾਂ ਵੱਲ ਉਂਗਲ ਕੀਤੇ ਜਾਣ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਅਜਿਹੀ ਹਾਲਤ ਵਿਚ ਪੰਜਾਬ ਦੇ ਲੋਕਾਂ ਅੰਦਰ ਨਾਰਾਜ਼ਗੀ ਅਤੇ ਗੁੱਸਾ ਹੋਣਾ ਤਾਂ ਕੁਦਰਤੀ ਹੈ। ਸਗੋਂ ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀ ਵੀ ਇਸ ਮਾਮਲੇ ਨੂੰ ਲੈ ਕੇ ਬੇਹੱਦ ਚਿੰਤਾ ਅਤੇ ਫਿਕਰ ਵਿਚ ਹਨ। ਪ੍ਰਵਾਸੀ ਪੰਜਾਬੀਆਂ ਦਾ ਮਨ ਹਮੇਸ਼ਾ ਪੰਜਾਬ ਦੀ ਧਰਤੀ ਵੱਲ ਹੀ ਲੱਗਾ ਰਹਿੰਦਾ ਹੈ। ਉਹ ਹਮੇਸ਼ਾ ਪੰਜਾਬ ਵੱਲੋਂ ਠੰਡੀ ਹਵਾ ਆਉਣ ਦੀਆਂ ਦੁਆ ਕਰਦੇ ਰਹਿੰਦੇ ਹਨ। ਪਰ ਜਦ ਉਹ ਦੇਖਦੇ ਹਨ ਕਿ ਉਨ੍ਹਾਂ ਦੀਆਂ ਦੁਆ ਦੇ ਬਾਵਜੂਦ ਪੰਜਾਬ ਦੇ ਹਾਲਾਤ ਨਹੀਂ ਸੁਧਰ ਰਹੇ ਅਤੇ ਉਥੇ ਜਾਨ-ਮਾਲ ਦੀ ਰਾਖੀ ਵੀ ਨਹੀਂ ਹੈ, ਤਾਂ ਪ੍ਰਵਾਸੀ ਪੰਜਾਬੀਆਂ ਨੂੰ ਵਧੇਰੇ ਚਿੰਤਾ ਹੁੰਦੀ ਹੈ। ਇਹੀ ਵੱਡਾ ਕਾਰਨ ਹੈ ਕਿ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ ਇਸ ਵੇਲੇ ਤਬਦੀਲੀ ਦੀ ਲਹਿਰ ਦੇ ਹੱਕ ਵਿਚ ਖੜ੍ਹਾ ਨਜ਼ਰ ਆਉਂਦਾ ਹੈ ਅਤੇ ਉਹ ਪੰਜਾਬ ਅੰਦਰ ਰਾਜਸੀ ਤਬਦੀਲੀ ਲਿਆ ਕੇ ਉਥੇ ਸਾਫ-ਸੁਥਰਾ ਰਾਜ, ਸੁਚੱਜੀ ਰਾਜਨੀਤੀ ਅਤੇ ਢੁੱਕਵੇਂ ਵਿਕਾਸ ਦੀ ਆਸ ਰੱਖ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਜਲਦੀ ਹੀ ਦੂਜੀ ਲਿਸਟ ਜਾਰੀ ਕਰਨ ਦੇ ਸੰਕੇਤ ਮਿਲ ਰਹੇ ਹਨ। ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਹਰ ਹਲਕੇ ਵਿਚ ਆਪਣੇ ਵਲੰਟੀਅਰ ਸੱਦ ਕੇ ਆਪਣੀ ਮਰਜ਼ੀ ਦੇ ਉਮੀਦਵਾਰਾਂ ਦੀ ਸੂਚੀ ਬਣਾਉਂਦੀ ਹੈ। ਇਹ ਸੂਚੀ ਅੱਗੇ ਰਾਜ ਪੱਧਰ ਦੀ ਚੋਣ ਕਮੇਟੀ ਕੋਲ ਜਾਂਦੀ ਹੈ, ਜੋ ਅੱਗੇ ਹਰ ਹਲਕੇ ਦੇ ਪੰਜ-ਪੰਜ ਸੰਭਾਵਿਤ ਉਮੀਦਵਾਰਾਂ ਦੇ ਨਾਂਵਾਂ ਦੀ ਸੂਚੀ ਸਕ੍ਰੀਨਿੰਗ ਕਮੇਟੀ ਨੂੰ ਭੇਜਦੀ ਹੈ। ਇਹ ਕਮੇਟੀ ਅੱਗੋਂ ਇਕ ਜਾਂ ਦੋ ਨਾਂਵਾਂ ਦੀ ਸਿਫਾਰਸ਼ ਉਮੀਦਵਾਰ ਬਣਾਏ ਜਾਣ ਕਰਕੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਕੋਲ ਭੇਜਦੀ ਹੈ, ਜੋ ਉਮੀਦਵਾਰਾਂ ਬਾਰੇ ਅੰਤਿਮ ਫੈਸਲਾ ਕਰਦੇ ਹਨ।
ਆਮ ਆਦਮੀ ਪਾਰਟੀ ਵੱਲੋਂ ਬਣਾਏ ਜਾਣ ਵਾਲੇ ਉਮੀਦਵਾਰਾਂ ਦੀ ਕਸਵੱਟੀ ਇਹ ਰੱਖੀ ਜਾ ਰਹੀ ਹੈ ਕਿ ਉਨ੍ਹਾਂ ਵਿਰੁੱਧ ਕੋਈ ਵੀ ਅਪਰਾਧਿਕ ਮਾਮਲੇ ਦਾ ਕੇਸ ਨਾ ਹੋਵੇ, ਭ੍ਰਿਸ਼ਟਾਚਾਰ ਵਿਚ ਲਿਪਤ ਨਾ ਹੋਣ ਅਤੇ ਤੀਜਾ ਚਰਿੱਤਰਹੀਣਤਾ ਦੇ ਦੋਸ਼ੀ ਨਾ ਹੋਣ। ਇਸ ਦੇ ਨਾਲ ਹੀ ਹਲਕੇ ਵਿਚ ਸੰਬੰਧਤ ਵਿਅਕਤੀ ਦੀ ਹਰਮਨਪਿਆਰਤਾ ਅਤੇ ਜਿੱਤ ਸਕਣ ਦੀ ਸਮਰੱਥਾ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ।
‘ਆਪ’ ਵੱਲੋਂ 19 ਉਮੀਦਵਾਰ ਹਾਲੇ ਤੱਕ ਐਲਾਨੇ ਜਾ ਚੁੱਕੇ ਹਨ, ਜਦਕਿ 15 ਦੇ ਕਰੀਬ ਹੋਰ ਉਮੀਦਵਾਰਾਂ ਦੀ ਸੂਚੀ ਜਲਦੀ ਜਾਰੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਾਰੇ ਹਲਕਿਆਂ ਲਈ ਉਮੀਦਵਾਰ ਸਤੰਬਰ ਮਹੀਨੇ ਐਲਾਨ ਦਿੱਤੇ ਜਾਣ ਬਾਰੇ ‘ਆਪ’ ਵੱਲੋਂ ਐਲਾਨ ਕੀਤੇ ਜਾ ਰਹੇ ਹਨ। ਭਾਵੇਂ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨ ਕੀਤੇ ਜਾਣ ਬਾਅਦ ਸਰਗਰਮੀਆਂ ਹੋਰ ਵਧੇਰੇ ਤੇਜ਼ ਹੋ ਜਾਣਗੀਆਂ। ਪਰ ਇਸ ਵਾਰ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਰਾਜਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਪ੍ਰਵਾਸੀ ਪੰਜਾਬੀਆਂ ਅੰਦਰ ਵੀ ਪੰਜਾਬ ਚੋਣਾਂ ਨੂੰ ਲੈ ਕੇ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਚੋਣਾਂ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਲਈ ਜਾਣ ਵਾਸਤੇ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਇਸ ਵਾਰ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਜਾਬੀਆਂ ਵੱਲੋਂ ਚੋਣਾਂ ਨੇੜੇ ਪੰਜਾਬ ਆਉਣ ਦੀ ਸੰਭਾਵਨਾ ਹੈ। ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇੰਨੀ ਦਿਲਚਸਪੀ ਦਿਖਾਏ ਜਾਣ ਦਾ ਵੱਡਾ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਪ੍ਰਵਾਸੀ ਪੰਜਾਬੀ ਰਾਜ ਅੰਦਰ ਰਾਜਸੀ ਤਬਦੀਲੀ ਦੇਖਣ ਦੇ ਚਾਹਵਾਨ ਹਨ। ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਸ ਵਾਰ ਰਾਜਸੀ ਤਬਦੀਲੀ ਵਾਲੀ ਧਿਰ ਹਰ ਹਾਲ ਮਜ਼ਬੂਤ ਹੋਣੀ ਚਾਹੀਦੀ ਹੈ। ਇਸੇ ਕਾਰਨ ਉਹ ਖੁਦ ਚੋਣਾਂ ਮੌਕੇ ਪੰਜਾਬ ਵਿਚ ਹਾਜ਼ਰ ਹੋਣ ਨੂੰ ਤਰਜੀਹ ਦੇ ਰਹੇ ਹਨ।
ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਅੰਦਰ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਪ੍ਰਵਾਸੀ ਪੰਜਾਬੀ ਵੀ ਇਨ੍ਹਾਂ ਉਪਰ ਬੜੀ ਤਿੱਖੀ ਨੀਝ ਨਾਲ ਨਿਗਾਹ ਰੱਖ ਰਹੇ ਹਨ। ਸੋਸ਼ਲ ਮੀਡੀਏ ਕਾਰਨ ਇਸ ਵਾਰ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀਆਂ ਚੋਣਾਂ ਉਪਰ ਪ੍ਰਭਾਵ ਵਧੇਰੇ ਪਿਆ ਨਜ਼ਰ ਆਵੇਗਾ। ਸੋਸ਼ਲ ਮੀਡੀਏ ਕਾਰਨ ਹੀ ਪੰਜਾਬ ਦੀਆਂ ਚੋਣਾਂ ਬਾਰੇ ਪ੍ਰਵਾਸੀ ਪੰਜਾਬੀਆਂ ਨੂੰ ਪਲ-ਪਲ ਦੀ ਜਾਣਕਾਰੀ ਹਾਸਲ ਹੋ ਰਹੀ ਹੈ ਤੇ ਇਹ ਜਾਣਕਾਰੀ ਹੀ ਪ੍ਰਵਾਸੀ ਪੰਜਾਬੀਆਂ ਦੀ ਵਧੀ ਦਿਲਚਸਪੀ ਦਾ ਵੱਡਾ ਕਾਰਨ ਹੈ।
ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਚੋਣ ਬਿਗਲ ਵੱਜਿਆ
Page Visitors: 2536