ਸਿਰੀ ਰਾਗੁ ਮਹਲਾ 1---ਪੰਨਾ 18
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ॥
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ॥1॥-
--ਮਨਮੁੱਖ ਦੇ ਜੀਵਨ ਨੂੰ ਧ੍ਰਿਕਾਰ ਹੈ ਜੋ ਪਰਮੇਸ਼ਰ ਦੇ ਪਿਆਰ ਨੂੰ ਛੱਡ ਕੇ ਕਿਸੇ ਹੋਰ ਦੇ ਪ੍ਰੇਮ ਵਿਚ ਠੱਗਿਆ ਗਿਆ ਹੈ। ਉਹ ਕੱਲਰ ਦੀ ਕੰਧ ਵਾਂਗ ਦਿਨ ਰਾਤ ਕਿਰਦਾ ਰਹਿੰਦਾ ਹੈ ਤੇ ਅੰਤ ਨੂੰ ਢਹਿ ਪੈਂਦਾ ਹੈ। ਗੁਰੂ ਦੇ ਸ਼ਬਦ ਬਿਨਾਂ ਪਰਮੇਸ਼ਰ ਪ੍ਰਾਪਤੀ ਦਾ ਸੁਖ ਨਹੀਂ ਮਿਲਦਾ ਅਤੇ ਪਰਮੇਸ਼ਰ ਮਿਲਾਪ ਤੋਂ ਬਿਨਾ ਵਿਛੋੜੇ ਦਾ ਦੁਖ ਦੂਰ ਨਹੀਂ ਹੁੰਦਾ।
ਮੁੰਧੇ ਪਿਰ ਬਿਨੁ ਕਿਆ ਸੀਗਾਰੁ॥
ਦਰਿ ਘਰਿ ਢੋਈ ਨਾ ਲਹੈ ਦਰਗਹ ਝੂਠੁ ਖੁਆਰੁ॥1॥ ਰਹਾਉ ॥-
--ਹੇ ਮਨਮੁੱਖ ! ਪਰਮੇਸ਼ਰ ਪਿਆਰ ਤੋਂ ਇਲਾਵਾ ਜੋ ਸਾਧਨ ਤੂੰ ਕਰ ਰਿਹਾ ਹੈ ਕਿਸ ਕੰਮ ? ਮਿਥਿਆ ਪੱਲੇ ਹੋਣ ਕਰਕੇ ਤੈਨੂੰ ਆਪਣੇ ਸਰੂਪ ਵਿਚ ਟਿਕਾਉ ਨਹੀਂ ਮਿਲਨਾ ਅਤੇ ਪਰਮੇਸ਼ਰ ਦਰਗਾਹ ਵਿਚ ਖੁਆਰੀ ਹੀ ਹੋਵੇਗੀ।
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ॥2॥--
--ਪਰਮੇਸ਼ਰ ਆਪ ਸਭ ਕੁਝ ਜਾਣਦਾ ਹ, ਉਹ ਭੁਲਦਾ ਨਹੀਂ। ਉਹ ਸੱਤ੍ਯ ਸਰੂਪ ਹੈ, ਸਭ ਤੋਂ ਵੱਡਾ ਹੈ। ਜਿਨ੍ਹਾਂ ਨੂੰ ਤਾਰਨਾ ਚਾਹੇ, ਕਿਰਸਾਨ ਦੀ ਤਰ੍ਹਾਂ ਪਹਿਲਾਂ ਉਨ੍ਹਾਂ ਦੀ ਹਿਰਦੇ ਰੂਪ ਧਰਤੀ ਨੂੰ ਸਾਧਦਾ ਹੈ ਤੇ ਫਿਰ ਨਾਮ ਦਾ ਬੀਜ ਬੀਜਦਾ ਹੈ। ਇਸ ਸਾਧਨ ਰੂਪ ਨਾਮ ਤੋਂ ਇਕ ਸਿਧੀ ਰੂਪ ਨਾਮ ਉਪਜਦਾ ਹੈ ਅਤੇ ਉਸ ਸਿਧੀ ਪ੍ਰਾਪਤ ਸਾਧਕ ਉੱਤੇ ਪਰਮੇਸ਼ਰ ਦੇ ਫਜ਼ਲ ਦਾ ਨਿਸ਼ਾਨ ਪੈਂਦਾ ਹੈ।
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ॥
ਅੰਧੁਲੇ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ॥ 3॥---
--ਪ੍ਰਸ਼ਨ:- ਉਹ ਰੰਗ ਰੂਪ ਤੋਂ ਨਿਆਰਾ ਪਰਮੇਸ਼ਰ ਕਿਸ ਤਰ੍ਹਾਂ ਸਿੱਖ ਦੇ ਮਨ ਨੂੰ ਸਾਧ ਦੇਂਦਾ ਹੈ ਤੇ ਉਸ ਵਿਚ ਨਾਮ ਦਾ ਪ੍ਰਵੇਸ਼ ਕਰ ਦੇਂਦਾ ਹੈ ?
ਉੱਤਰ:- ਇਹ ਕਾਰਜ ਉਹ ਗੁਰੂ ਦੁਆਰਾ ਕਰਦਾ ਹੈ।ਜੋ ਪੁਰਖ ਗੁਰੂ ਨੂੰ ਨਹੀਂ ਜਾਣਦਾ, ਗੁਰੂ ਤੋਂ ਨਾਮ ਨਹੀਂ ਲੈਂਦਾ, ਉਸ ਦੇ ਕੀਤੇ ਕਰਮ ਕਾਂਡ, ਰਹਿਣੀ ਬਹਿਣੀ ਦੇ ਚੱਜ ਅਚਾਰ ਕਿਸ ਕੰਮ ? ਨਾਮ ਨੂੰ ਵਿਸਾਰਣ ਕਰਕੇ ਉਸ ਮਨਮੁੱਖ ਤੇ ਅਗਆਨਤਾ ਦਾ ਗੁਬਾਰ ਛਾਇਆ ਰਹਿੰਦਾ ਹੈ ਅਤੇ ਉਸ ਨੂੰ ਮੁਕਤ ਮਾਰਗ ਨਹੀਂ ਦਿਸਦਾ। ਉਹ ਮਰ-ਮਰ ਕੇ ਜੰਮਦਾ ਤੇ ਖੁਆਰ ਹੁੰਦਾ ਰਹਿੰਦਾ ਹੈ।
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅੰਡਬਰ ਕੂੜੁ॥4॥--
---ਜਿਵੇਂ ਦੁਹਾਗਣ ਇਸਤ੍ਰੀ ਨੇ ਸਭ ਪ੍ਰਬੰਧ ਕੀਤੇ ਪਤੀ ਨੂੰ ਮੋਹ ਲੈਣ ਵਾਸਤੇ:- ਮਾਂਗ ਭਰਨ ਲਈ ਸੰਧੂਰ, ਤਿਲਕ ਲਉਣ ਲਈ ਕੇਸਰ, ਵੀਣਿਆਂ ਡੋਲਿਆਂ ਤੇ ਲਉਣ ਲਈ ਘਸਿਆ ਚੰਦਨ, ਕਪੜਿਆਂ ਤੇ ਛਿੜਕਣ ਲਈ ਬਹੁਤ ਵਧੀਆ ਅਤਰ, ਮੁਖ ਸੁਧੀ ਲਈ ਪਾਨ, ਸੇਜ ਸਿੰਗਾਰਣ ਲਈ ਮੁਸ਼ਕ ਕਾਫੂਰ। ਸਭ ਕੁਝ ਵਰਤ ਕੇ ਆਪਣੇ ਵਲੋਂ ਸੋਹਣੀ ਬਣ ਕੇ ਬਹਿ ਗਈ। ਪਰ ਜੇ ਇਸਤ੍ਰੀ ਪਤੀ ਨੂੰ ਪਿਆਰੀ ਹੀ ਨਾਂ ਲਗੇ ਤਾਂ ਇਹ ਬਾਹਰਲੀਆਂ ਬਨਾਵਟਾਂ ਵਿਅਰਥ ਹਨ।
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ॥5॥--
--ਪਰਮੇਸ਼ਰ ਪ੍ਰੇਮ ਤੋਂ ਬਿਨਾ ਜਗ੍ਯਾਸੂ ਲਈ ਸਾਰੇ ਰਸ ਮਾਣਨੇ, ਅਤੇ ਸਾਰੇ ਸਾਧਨ ਵਿਅਰਥ ਹਨ। ਜਦ ਤਕ ਸ਼ਬਦ ਨਾਲ ਵਿੰਨਿਆ ਨਾਂ ਜਾਏ, ਵਾਹਿਗੁਰੂ ਦੇ ਦਰਬਾਰ ਵਿਚ ਜਗ੍ਯਾਸੂ ਕਿਸ ਤਰ੍ਹਾਂ ਸੋਭਾ ਪਾ ਸਕਦਾ ਹੈ ? ( ਗੁਰੂ ਜੀ ਫਰਮਾਉਂਦੇ ਹਨ ) ਹੇ ਨਾਨਕ ! ਉਹ ਪਰਵਾਣ ਜਗ੍ਯਾਸੂ ਧੰਨ ਹੈ ਜਿਸ ਨੂੰ ਵਾਹਿਗੁਰੂ ਨਾਲ ਪਿਆਰ ਹੈ।
ਵਿਆਖਿਆ:- ਇਸ ਸ਼ਬਦ ਵਿਚ ਪਰਮਾਰਥ ਦੇ ਰਾਹ ਤੇ ਤੁਰਨ ਵਾਲੇ ਪ੍ਰਤੀ ਉਪਦੇਸ਼ ਦਿੱਤਾ ਹੈ ਕਿ ਉਸ ਤੋਂ ਪਹਿਲਾਂ ਕੋਈ ਸਾਧਨ ਕਰੇ, ‘ਈਸ਼ਵਰ ਪ੍ਰਾਪਤੀ’ ਨੂੰ ਆਪਣਾ ਮਨੋਰਥ ਬਣਾਵੇ। ਫਿਰ ਪ੍ਰੇਮ ਨੂੰ ਮਿਲਾਪ ਦਾ ਵਸੀਲਾ ਸਮਝੇ।ਗੁਰੂ ਜੀ ਨੇ ਫੁਮਾਇਆ ਹੈ:-
“ਨਾਨਕ ਧਨੁ ਸੁਹਾਗਣੀ ਜਿਨ ਸਹ ਨਾਲ ਪਿਆਰ॥”
ਪਿਆਰ ਕਰਦਿਆਂ ‘ਪਿਆਰ ਸਰੂਪ’ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ। ਲਫ਼ਜ਼ ‘ਸੁਹਾਗਣ’ ਵਿਚ ਇਹੋ ਇਸ਼ਾਰਾ ਹੈ ਕਿ ਇਸਤ੍ਰੀ ਵਲੋਂ ਕੀਤੇ ਪਿਆਰ ਤੇ ਮੋਹਿਤ ਹੋ ਕੇ ਪਤੀ ਉਸ ਨੂੰ ਪਿਆਰ ਕਰਦਾ ਹੈ ਤਾਂ ਉਹ ‘ਧੰਨ ਸੁਹਾਗਣ’ ਹੋ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਪ੍ਰੇਮੀ ਵਾਹਿਗੁਰੂ ਦਾ ਪਿਆਰਾ ਹੋ ਜਾਂਦਾ ਹੈ। ਬਿਨਾ ਪਰਮੇਸ਼ਰ ਨੂੰ ਨਿਸ਼ਾਨਾ ਬਣਾਏ ਦੇ ਆਪਣੇ ਮਨ ਮੰਨੇ ਰਾਹ ਤੁਰਨਾ ਪਰਮੇਸ਼ਰ ਤੋਂ ਛੁੱਟ ਕਿਸੇ ਹੋਰ ਦੇ ਭਾਇ ਵਿਚ ਲਾ ਦੇਂਦਾ ਹੈ। ਪਰਮੇਸ਼ਰ ਸਦਾ ਥਿਰ ਹੈ, ਹੋਰ ਸਭੇ ਅਨਸਥਿਰ ਹਨ। ਅਨਸਥਿਰ ਦਾ ਪਿਆਰ ਅਨਸਥਿਰਤਾ ਵਿਚ ਲੈ ਜਾਏਗਾ। ਥਿਰ ਦਾ ਪਿਆਰ ਸਦਾ ਲਈ ਥਿਰ ਕਰ ਦੇਵਾਗਾ। ਅਨਸਥਿਰ ਦਾ ਪਿਆਰ ‘ਦੂਜੇ ਭਾਇ’, ‘ਕਲਰੀ ਕੰਧ’ ਤੇ ‘ਝੂਠ’ ਪਦਾਂ ਨਾਲ ਬਿਆਨ ਕੀਤਾ ਹੈ। ਕਰਮ ਕਾਂਡ, ਮਾਇਆ ਮੋਹ ਆਦਿ ਵੀ ‘ਦੂਜਾ ਭਾਇ’ ਹੈ। ਈਸ਼ਵਰ ਪ੍ਰਾਪਤੀ ਦੇ ਦੋ ਰੁਕਨ ਦੱਸੇ ਹਨ। ਇਕ ‘ਨਾਮ’ ਤੇ ਇਕ ‘ਨਾਮ ਦਾਤਾ’।
‘ਨਾਮ’ ਬਾਬਤ ਕਹਿਆ ਹੈ
“ਸਚੁ ਨਾਮੁ ਦੇ ਦਾਣੁ”॥
ਗੁਰੂ, ਜੋ ‘ਨਾਮ ਦਾਤਾ’ ਹੈ, ਲਈ ਫੁਰਮਾਇਆ ਹੈ
“ਗੁਰੂ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ”॥‘
ਕਿਰਸਾਣ’ ਦਾ ਜ਼ਿਕਰ ਕਰਦੇ ਸਾਰ ਗੁਰੂ ਦਾ ਜ਼ਿਕਰ ਕੀਤਾ ਹੈ। ਇਸ ਦਾ ਭਾਵ ਇਹ ਹੈ ਕਿ ਵਾਹਿਗੁਰੂ ਗੁਰੂ ਦੁਆਰਾ ਨਾਮ ਦੀ ਦਾਤ ਦੇਂਦਾ ਹੈ। ਪਰ ਜਿਹੜੇ ਗੁਰੂ ਵਿਚ ਗਲਤੀਆਂ ਕੱਢਦੇ ਹਨ, ਉਹਨਾਂ ਨੂੰ ਨਾਮ ਦੀ ਦਾਤ ਕਿਥੋਂ ਮਿਲਣੀ ਹੈ ? ਇਹਨਾਂ ਮਨਮੁੱਖਾਂ ਤੇ ਅਗਿਆਨਤਾ ਦਾ ਗੁਬਾਰ ਹੀ ਛਾਇਆ ਰਹੇਗਾ ਅਤੇ ਉਹ ਮਰ-ਮਰ ਕੇ ਜੰਮਦੇ ਅਤੇ ਖੁਆਰ ਹੂੰਦੇ ਰਹਿਣਗੇ
“ਅੰਧੁਲੇ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ॥”
ਸੁਰਜਨ ਸਿੰਘ-- +919041409041
ਸੁਰਜਨ ਸਿੰਘ
ਸਿਰੀ ਰਾਗੁ ਮਹਲਾ 1---ਪੰਨਾ 18
Page Visitors: 2883