
ਹੁਣ ਤਾਂ ਮਹਾਕਾਲ, ਕਾਲਕਾ ਅਤੇ ਭਗਾਉਤੀਆਂ ਦਾ ਖਹਿੜਾ ਛੱਡੀਏ
ਅਵਤਾਰ ਸਿੰਘ ਮਿਸ਼ਨਰੀ (5104325827)
ਬਿਲਕੁਲ ਸਹੀ ਕਿਹਾ ਦਵਿੰਦਰਜੀਤ ਸਿੰਘ ਜਰਮਨ ਸਿੱਖ ਮੀਡੀਆ ਵਾਲਿਆਂ ਨੇ ਕਿ ਜੇ ਤੁਸੀਂ ਟਕਸਾਲੀ ਦਸਮ ਗ੍ਰੰਥ ਬਿਨਾ ਨਹੀਂ ਰਹਿ ਸਕਦੇ ਇਹ ਤੁਹਾਡਾ ਰਸਤਾ ਹੈ ਪਰ ਮੇਰਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਮੈਂ ਉਸ ਤੋਂ ਬਿਨਾ ਕਿਸੇ ਹੋਰ ਸੰਤ ਤੇ ਗ੍ਰੰਥ ਨੂੰ ਨਹੀਂ ਮੰਨਦਾ, ਤੁਸੀਂ ਮੈਨੂੰ ਬਚਿਤ੍ਰ ਨਾਟਕ ਉਰਫ ਅਖੌਤੀ ਦਸਮ ਗ੍ਰੰਥ ਦਾ ਜਬਰੀ ਉਪਾਸ਼ਕ ਨਹੀਂ ਬਣਾ ਸਕਦੇ। ਜੋਰ ਤੇ ਜਬਰ ਧੱਕੇ ਨਾਲ ਕੀਤੇ ਜਾਂਦੇ ਜੋ ਜੁਲਮ ਹੁੰਦੇ ਹਨ-
ਕਬੀਰ ਜੋਰੁ ਕੀਆ ਸੋ ਜੁਲਮੁ ਹੈ...॥ (1275)
ਇਨ੍ਹਾਂ ਅਖੌਤੀ ਟਕਸਾਲਿਆਂ ਨੇ ਇਟਲੀ ਵਿੱਚ ਖਾਹ-ਮਖਾਹ ਭਾਈ ਪੰਥਪ੍ਰਿਤ ਸਿੰਘ ਜੀ ਦਾ ਵੀ ਲਾਲਾ ਲਾਲਾ ਕਰਕੇ ਵਿਰੋਧ ਕੀਤਾ। ਕੋਈ ਸਵਾਲ ਨਹੀਂ, ਕੋਈ ਵਜਾ ਨਹੀਂ, ਕੋਈ ਮੁੱਦਾ ਨਹੀਂ ਅਖੇ ਅਸੀਂ ਫਲਾਨੇ ਦੇ ਕਹੇ ਤੇ ਆਏ ਹਾਂ ਅਤੇ ਸੰਤ ਭਿੰਡਰਾਂਵਾਲੇ ਇਹ ਕਰਦੇ ਸੀ ਓਹ ਕਰਦੇ ਸੀ। ਇਨ੍ਹਾਂ ਵਾਸਤੇ 10 ਗੁਰੂ, 15 ਭਗਤ, 11 ਭੱਟ ਤੇ 3 ਗੁਰਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਸਾਰੇ ਭਿੰਡਰਾਂਵਾਲੇ ਤੋਂ ਥੱਲੇ ਹਨ। ਗੁਰੂ ਗ੍ਰੰਥ ਸਾਹਿਬ ਤਾਂ ਇਨ੍ਹਾਂ ਸਿਰਫ ਮੱਥੇ ਟੇਕਣ ਅਤੇ ਪੈਸੇ ਕਮਾਉਣ ਨੂੰ ਪ੍ਰਕਾਸ਼ ਕੀਤਾ ਹੈ।
ਸੋ ਐਸ ਵੇਲੇ ਸਾਰੇ ਜਾਗਰੂਕ ਤੇ ਮਿਸ਼ਨਰੀਆਂ ਨੂੰ ਇੱਕਮੁੱਠ ਹੋ ਕੇ, ਅਖੌਤੀ ਦਸਮ ਗ੍ਰੰਥ, ਭਗਾਉਤੀ ਅਤੇ ਦੇਹ ਸ਼ਿਵਾ ਬਰ ਵਾਲਾ ਮਖੌਟਾ ਲਾਹ ਦੇਣਾ ਚਾਹੀਦਾ ਹੈ ਅਤੇ ਇਸ ਭਾਈ ਦਵਿੰਦਰਜੀਤ ਸਿੰਘ ਜਰਮਨ ਵਰਗੇ ਜਾਗਰੂਕ ਸਿੱਖਾਂ ਨਾਲ ਖੜਨਾ ਚਾਹੀਦਾ ਹੈ। ਹੁਣ ਤਾਂ ਮਹਾਕਾਲ, ਕਾਲਕਾ ਅਤੇ ਭਗਾਉਤੀਆਂ ਦਾ ਖਹਿੜਾ ਛੱਡੀਏ ਜਾਂ ਜਦ ਮਰ ਮੁੱਕ ਗਏ ਫਿਰ ਹੀ ਛੱਡਾਂਗੇ?