‘ਐਸਾ ਕੋਈ ਇਨਸਾਨ ਨਹੀਂ ਜੋ ‘ਮਾਸ’ ਨਾ ਖਾਂਦਾ ਹੋਵੇ’
ਕੁਦਰਤ ਵਲੋਂ ਇਨਸਾਨ ਦਾ ‘ਮਾਸ’ ਨਾਲ ਬੜਾ ਗੂੜ੍ਹਾ ਸਬੰਧ ਕਾਇਮ ਕੀਤਾ ਹੈ। ਜਿਸ ਕਰਕੇ ‘ਮਾਸ’ ਵਰਤਣ ਅਤੇ ਖਾਣ ਤੋਂ ਬਿਨਾਂ ਮਾਸ ਦੇ ਬਣੇ ਇਸ ਇਨਸਾਨ ਦਾ ਬਣਦਾ ਹੀ ਕੁੱਝ ਨਹੀਂ। ਚਾਹੇ ਉਹ ਕਿਤਨਾ ਵੀ ਵੱਡਾ ਸੰਤ ਮਹਾਂਪੁਰਸ਼ ਬ੍ਰਹਮਗਿਆਨੀ ਕਿਉਂ ਨਾ ਹੋਵੇ। ਮਾਸ ਤੋਂ ਬਿਨਾਂ ਇਨਸਾਨ ਜੀਵਤ ਰਹਿ ਹੀ ਨਹੀਂ ਸਕਦਾ। “ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਇ॥ (ਪੰਨਾ-472) ਗੁਰੂ ਨਾਨਕ ਸਹਿਬ ਕਹਿੰਦੇ ਨੇ ਕਿ ਐਸਾ ਕੋਈ ਅੰਨ ਦਾ ਦਾਣਾ ਨਹੀਂ ਹੈ ਜਿਹੜਾ ਜੀਵਤ ਨਾ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ ‘ਕੱਚਾ ਮਾਸ’ ਖਾਣ ਵਾਲੇ ਇਨਸਾਨ, ਮਾਸ ਪਕਾਕੇ ਖਾਣ ਵਾਲਿਆਂ ਨੂੰ ਨਫਰਤ ਕਰਦੇ (ਸਾਰੇ ਨਹੀਂ) ਵੇਖਿਆ ਜਾ ਸਕਦਾ ਹੈ। ਇਹ ਮਾਸ ਦੇ ਵਿਰੋਧੀ ਲੋਕ ਮੇਰੇ ਖਿਆਲ ਮੁਤਾਬਕ ਦੋ ਤਰਾਂ ਦੇ ਹਨ। ਇਕ ਉਹ ਹਨ ਜਿਹੜੇ ਪੀਰਾਂ-ਫਕੀਰਾਂ, ਦੇਵੀ-ਦੇਵਤੇ, ਭੂਤ-ਪ੍ਰੇਤਾਂ ਅਤੇ ਸਾਧਾਂ-ਸੰਤਾਂ ਦੇ ਡਰ ਕਾਰਨ ਮਾਸ ਨਹੀਂ ਖਾਦੇ; ਇਹ ਲੋਕ ਅਣਜਾਣ ਤੇ ਭੋਲੇ-ਭਾਲੇ ਹੁੰਦੇ ਹਨ ।
ਦੂਜੇ ਹਨ, ਜਿਹੜੇ ਨਾਨਕ ਸਹਿਬ ਅਤੇ ਵਿਗਿਆਨ ਦੀ ਗੱਲ ਸਮਝਦੇ ਹੋਏ ਵੀ ਆਪਣੇ ਹਿੱਤਾਂ ਲਈ ਜਬਰੀ ਤਿਆਗ ਕਰਦੇ ਅਤੇ ਕਰਵਾਉਂਦੇ ਹਨ। ਇਹ ਚਤਰ-ਚਲਾਕ ਲੋਕ ਦੂਜੇ ਲੋਕਾਂ ਦੀਆਂ ਕਮਜੋਰੀਆਂ ਦਾ ਨਜਾਇਜ ਫਇਦਾ ਉਠਾਕੇ ਉਹਨਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਹਨ। ਜਿਹਨਾਂ ਤੋਂ ਬਚਣਾ ਜਰੂਰੀ ਹੈ। ਇਹ ਲੋਕ ਗੁਰੂ ਨਾਨਕ ਸਹਿਬ ਦੀਆਂ ਸਦੀਆਂ ਪਹਿਲਾਂ ਕਹੀਆਂ ਗੱਲਾਂ ਨੂੰ ਮੰਨ ਨਹੀਂ ਰਹੇ। ਜਿਸ ਨੂੰ ਵਿਗਿਆਨ ਵੀ ਮੰਨ ਰਿਹਾ ਹੈ। ਗੁਰੂ ਫੁਰਮਾਣ ਹੈ:-
ਪਹਿਲਾਂ ਮਾਸਹੁ ਨਿਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਉਪਜੇ ਮਾਸਹੁ ਸਭੇ ਸਾਕੁ॥ (ਪੰਨਾ-1289)
ਮਾਸ, ਮਾਸ ਦੇ ਮੇਲ ਤੋਂ ਮਾਸ (ਪੇਟ) ਅੰਦਰ ਮਾਸ (ਬੱਚਾ) ਵੱਧਿਆ ਫੁੱਲਿਆ, ਜਦ ਇਹ ਮਾਸ ਬਾਹਰ ਆਇਆ ਤਾਂ ਫਿਰ ਸਭ ਤੋਂ ਪਹਿਲਾਂ ਮਾਸ (ਮੰਮਾ) ਮੂੰਹ ਵਿੱਚ ਪਿਆ ਅਤੇ ਮਾਸ ਵਿਚੋਂ ਸਿੰਮਕੇ ਤਿਆਰ ਹੋਇਆ ਅਤੇ ਬੜੇ ਹੀ ਬਰੀਕ ਸੂਖਮ ਚਰਬੀ ਦੇ ਕਣ ਮਿਲਿਆ ਦੁੱਧ (ਮਾਸ) ਹੀ ਮੂੰਹ ਵਿੱਚ ਪਿਆ। (ਦੁੱਧ ਭਾਵੇਂ ਗਾਂ, ਮੱਝ, ਬੱਕਰੀ ਆਦਿ ਕਿਸੇ ਦਾ ਵੀ ਹੋਵੇ ਸਭ ਮਾਸ ਹੀ ਹੈ।) ਇਹ ਮਾਸ ਵੱਡਾ ਹੋਇਆ, ਮਾਸ (ਵਹੁਟੀ) ਹੀ ਘਰ ਲਿਆਇਆ ਅਤੇ ਫਿਰ ਮਾਸ ਨਾਲ ਹੀ ਸਭ ਰਿਸਤੇ ਨਾਤੇ ਜੁੜੇ ਹਨ। ਜਿਸ ਕਰਕੇ ਗੁਰੂ ਨਾਨਕ ਸਹਿਬ ਕਹਿੰਦੇ ਹਨ:-
“ਮਾਸੁ ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸ ਮਹਿ ਪਾਪ ਸਮਾਣੈ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੈ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੈ॥
ਫੜੁ (ਪਖੰਡ) ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨਾ ਕਹਿਆ ਬੂਝੈ॥” (ਗੁਰਬਾਣੀ, ਪੰਨਾ-1289) ਇਹ ਗੱਲ ਗੁਰੂ ਨਾਨਕ ਸਹਿਬ ਨੂੰ ਕਿਉਂ ਕਹਿਣੀ ਪਈ; ਕਿਉਂ ਕਿ ਪਹਿਲਾਂ ‘ਬ੍ਰਾਹਮਣ’ ਨੇ ਆਪ ਤਰਾਂ-ਤਰਾਂ ਮਾਸ ਮੁਫਤ ਖਾਣ ਲਈ ਯੱਗਾਂ ਅਤੇ ਸ਼ਰਾਧਾਂ ਵਿੱਚ ਪ੍ਰਬੰਧ ਕੀਤਾ ਹੋਇਆ ਸੀ, ਐਸਾ ਕੋਈ ਯੱਗ ਨਹੀਂ ਸੀ ਸਪੂਰਨ ਹੁੰਦਾ, ਜਿਥੇ ਤਰਾਂ-ਤਰਾਂ ਮਾਸ ਨਾ ਪਰੋਸਿਆ ਜਾਂਦਾ, ਜਿਸ ਵਿੱਚ ਗੈਂਡੇ ਦਾ ਮਾਸ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਜਾਂਦਾ ਸੀ।
ਸ਼ਰਾਧਾਂ ਵਾਰੇ ‘ਮੰਨੂ’ ਸਿਮਰਤੀ ਵਿੱਚ ਲਿਖਿਆ ਹੈ, ਕਿ ਜਿਹੜਾ ਬ੍ਰਾਹਮਣ ਸ਼ਰਾਧਾਂ ਵਿੱਚ ਮਾਸ ਨਾ ਖਾਵੇ, ਉਹ 21 ਜਨਮ ਪਸ਼ੂ ਦੀ ਜੂਨ ਪ੍ਰਾਪਤ ਕਰਦਾ ਹੈ। ਇਸ ਲਈ, ਬ੍ਰਾਹਮਣ ਨੇ ਤਰਾਂ-ਤਰਾਂ ਦੇ ਮਾਸ ਦਾ ਸੁਆਦ ਲੈਣ ਲਈ ਲੋਕਾਂ ਨੂੰ ਕਿਹਾ, ਜੇਕਰ ਤੁਸੀਂ ਆਪਣੇ ਪਿਤਰਾਂ ਨੂੰ ਖੁਸ਼ ਰੱਖਣਾ ਚਾਹੰਦੇ ਹੋਂ ਤਾਂ (ਹੇਠ ਲਿਖੇ ਤਰੀਕੇ ਅਨੂਸਾਰ) ਸ਼ਰਾਧਾਂ ਵਿੱਚ ਬ੍ਰਾਹਮਣ ਨੂੰ ਮਾਸ ਖਵਾਇਆ ਜਾਵੇ, ਤਾਂ ਤੁਹਾਡੇ ‘ਪਿਤਰ’ (ਐਨਾ ਚਿਰ) ਤ੍ਰਿਪਤ ਰਹਿ ਸਕਦੇ ਹਨ; “ਮੱਛੀ ਦੇ ਮਾਸ ਨਾਲ 2 ਮਹੀਨੇ, ਹਿਰਨ ਦੇ ਮਾਸ ਨਾਲ 3 ਮਹੀਨੇ, ਭੇਡ ਦੇ ਮਾਸ ਨਾਲ 4 ਮਹੀਨੇ, ਪੰਛੀਆਂ ਦੇ ਮਾਸ ਨਾਲ 5 ਮਹੀਨੇ, ਬੱਕਰੇ ਦੇ ਮਾਸ ਨਾਲ 6 ਮਹੀਨੇ, ਚਤਰ ਮਿਰਗ ਦੇ ਮਾਸ ਨਾਲ 7 ਮਹੀਨੇ, ਏਣ ਮਿਰਗ ਦੇ ਮਾਸ ਨਾਲ 8 ਮਹੀਨੇ, ਰੌਰਵ ਮਿਰਗ ਦੇ ਮਾਸ ਨਾਲ 9 ਮਹੀਨੇ, ਜੰਗਲੀ ਸੂਰ ਤੇ ਝੋਟੇ ਦੇ ਮਾਸ ਨਾਲ 10 ਮਹੀਨੇ, ਕੱਛੂ ਕੁੰਮਾਂ ਤੇ ਖਰਗੋਸ਼ ਦੇ ਮਾਸ ਨਾਲ 11 ਮਹੀਨੇ, ਜਿਸ ਬੱਕਰੇ ਦਾ ਰੰਗ ਚਿੱਟਾ ਹੋਵੇ ਕੰਨ ਲੰਮੇ ਹੋਣ, ਖੱਸੀ ਕਰਕੇ ਪਾਲਿਆ ਹੋਵੇ ਉਸ ਦਾ ਮਾਸ ਬ੍ਰਾਹਮਣ ਨੂੰ ਖਵਾਉਣ ਨਾਲ ‘ਪਿਤਰ’ 12 ਮਹੀਨੇ ਭਾਵ ਸਾਰਾ ਸਾਲ ਰੱਜੇ ਰਹਿੰਦੇ ਹਨ। (ਹਵਾਲਾ-ਗਿਆਨੀ ਨਿਰੰਜਣ ਸਿੰਘ ਜੀ ‘ਸਰਲ’ ) ਇਸ ਤਰਾਂ ਮਾਸ ਖਾਣ ਵਾਲਾ ਬ੍ਰਾਹਮਣ, ਮਾਸ ਨਾ ਖਾਣ ਦਾ ਬਹੁਤ ਵੱਡਾ ਪਖੰਡ ਕਰ ਰਿਹਾ ਸੀ ਅਤੇ ਇਹਨਾਂ ਦੇ ਪਿਛਲੱਗ ਵੀ ਮਾਸ ਨੂੰ ਵੇਖਕੇ ਨੱਕ ਬੰਦ ਕਰਨ ਦੇ ਪਖੰਡ ਕਰਨ ਲੱਗ ਪਏ ਸਨ। ਗੁਰੂ ਨਾਨਕ ਸਹਿਬ ਦੇ ਕਹਿਣ ਦਾ ਮਤਲਬ ਇਹ ਨਹੀਂ, ਕਿ ਤੁਸੀਂ ਮਾਸ ਜਰੂਰੀ ਖਾਓ, ਗੁਰੂ ਨਾਨਕ ਜੀ ਤਾਂ ਇਹ ਸਮਝਾਅ ਰਹੇ ਨਜ਼ਰ ਆ ਰਹੇ ਹਨ, ਕਿ ਇਹ ਇੱਕ ਖੁਰਾਕ ਦਾ ਮਸਲਾ ਹੈ, ਖਾਣਾ ਨਾ ਖਾਣਾ ਤੁਹਾਡੀ ਮਰਜੀ ਹੈ, ਪਰ ਇਸ ਖਾਣ ਵਾਲੇ ਪਦਾਰਥ ਨੂੰ ਨਫਰਤ ਕਰਕੇ ਝਗੜੋ ਨਾ। ਫਿਰ ਇਹ ਮਾਸ ਖਾਣ ਦੇ ਵਿਰੋਧੀ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਕਿਵੇਂ ਉਹ ਕੁੱਝ ਵਜਨੀ ਗੰਦ, ਜਿਹੜਾ ਇਹਨਾਂ ਦੇ ਚੰਗੇ ਤੋਂ ਚੰਗਾ ਖਾਣ-ਪੀਣ ਤੋਂ ਪੈਦਾ ਹੋਇਆ ਹੈ, ਹਰ ਵੇਲੇ ਧਾਰਮਿਕ ਅਸਥਾਨਾਂ ਵਿੱਚ ਵੀ ਲਈ ਫਿਰਦੇ ਰਹਿੰਦੇ ਹਨ। ਕਈ ਵਾਰੀ ਤਾਂ ਅੰਦਰੋਂ ਨਿਕਲੀ ਹਵਾ (ਹਵਾੜ) ਇਨਸਾਨ ਦਾ ਚੰਗਾ ਭਲਾ ਮੂਢ ਤਾਂ ਖ਼ਰਾਬ ਕਰਦੀ ਹੀ ਕਰਦੀ ਹੈ, ਨਾਲ ਵਾਤਾਵਰਨ ਨੂੰ ਦੂਸ਼ਤ ਕਰਦੀ ਹੈ, ਇਸ ਲਈ ਮਾਸ ਵਿਰੋਧੀ ਐਵੇਂ ਹੀ ਮਾਸ-ਮਾਸ ਦਾ ਝਗੜਾ ਖੜ੍ਹਾ ਕਰਦੇ ਰਹਿੰਦੇ ਹਨ, ਇਹ ਜਾਣਦੇ ਹੀ ਨਹੀਂ ਕਿ ਮਾਸ ਅਤੇ ਸਾਗ (ਬਨਸਪਤੀ) ਵਿੱਚ ਕੀ ਫਰਕ ਹੈ। ਕਿਉਂ ਕਿ ਸਾਰੀ ਬਨਸਪਤੀ ਵੀ ਜੀਵਤ ਹੈ, ਇਸ ਵਿੱਚ ਜਾਨ ਹੈ।
ਹੁਣ ਵਿਗਿਆਨ ਨੇ ਇਹ ਵੀ ਸਿੱਧ ਕਰ ਕਰ ਦਿੱਤਾ ਹੈ ਕਿ ਬਨਸਪਤੀ ‘ਪੌਦੇ’ ਆਦਿ ਆਪਣੀ ਹੀ ਭਾਸ਼ਾ ਵਿੱਚ ਆਪਸ ਵਿੱਚ ਗੱਲਾਂ ਵੀ ਕਰਦੇ ਹਨ, ਜਦੋਂ ਕੋਈ ਇਨਸਾਨ ਇਹਨਾਂ ਨੂੰ ਕੱਟਣ ਜਾਂ ਤੋੜਨ ਵਾਸਤੇ ਜਾਂਦਾ ਹੈ, ਇਹ ਉਸਨੂੰ ਵੇਖਕੇ, ਡੌਰ-ਭੌਰ ਹੋ (ਸਹਿਮ) ਜਾਂਦੇ ਹਨ, ਇਹਨਾਂ ਦੇ ਹਾਭ-ਭਾਵ ਵੀ ਬਦਲਦੇ ਰਹਿੰਦੇ ਹਨ। ਕੀ ਮਾਸ ਦੇ ਵਿਰੋਧੀ ਇਹਨਾਂ ਪੌਦੇ ਆਦਿ ਨੂੰ ਕੱਟਦੇ ਨਹੀਂ, ਇਹਨਾਂ ਦੇ ਫੁੱਲ ਤੋੜਕੇ ਆਪਣੇ ਚਹੇਤਿਆਂ ਦੇ ਗਲਾਂ ਵਿੱਚ ਹਾਰ ਬਣਾਕੇ ਨਹੀਂ ਪਾਉਂਦੇ? ਜਾਂ ਪੱਥਰਾਂ ਦੀਆਂ ਮੂਰਤੀਆਂ ਤੇ ਨਹੀਂ ਚੜਾਉਂਦੇ?
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥” ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥ (ਪੰਨਾ-479)
ਵਾਹ! ਕੈਸਾ ਪਖੰਡ ਅਤੇ ਮੂਰਖਤਾ ਹੈ! ! ਜਿਸ ਪਾਹਨ (ਪੱਥਰ) ਲਈ ਫੁੱਲ ਤੋੜੇ ਜਾਂਦੇ ਹਨ, ਉਸ ਵਿੱਚ ਕੋਈ ਜਾਨ ਨਹੀਂ, ਉਸ ਬੇਜ਼ਾਨ ਲਈ ਜੀਵਤ ‘ਫੁੱਲਾਂ’ ਨੂੰ ਤੋੜਿਆ ਜਾਂਦਾ ਹੈ। ਮਾਸ ਵਿਰੋਧੀਆਂ ਨੂੰ ਪਤਾ ਹੋਣਾ ਚਾਹੀਂਦਾ ਹੈ, ਕਿ ਹਰ ਤਰਾਂ ਦੇ ਫ਼ਲ ਅਤੇ ਸਬਜੀਆਂ ਵਿੱਚ ਜਾਨ ਹੈ? ਕੀ ਤੁਸੀਂ ਇਹਨਾਂ ਨੂੰ ਇਹ ਖਾਂਦੇ ਨਹੀਂ? ਹੋਰ ਵੇਖੋ ‘ਦਹੀਂ’ ਨੂੰ ਕਿਸੇ ਲੈਬ: ਤੋਂ ਜਾਣੋਂ ਤਾਂ ਸਹੀ, ਇਸ ਅੰਦਰ ਕਿਨ੍ਹੇ ਹੀ ਜੀਵਤ ਜੀਵ ਹਨ, ਜਿਹਨਾਂ ਨੂੰ ਅਸੀਂ ਅੱਖਾ ਬੰਦ ਕਰਕੇ ਨਹੀਂ, ਖੋਲਕੇ ਸ਼ੌਕ ਨਾਲ ਖਾਂਦੇ ਹਾਂ, ਕੀ ਇਹ ਖਾਧੇ ਗਏ ਜੀਵ ਹੱਤਿਆ (ਮਾਸ) ਨਹੀਂ? ਫਿਰ ਇਸ ਬਨਸਪਤੀ ਅਤੇ ਬਹੁਤ ਸਾਰੇ ਜਾਨਵਰਾਂ ਦੇ ਮਾਸ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਐਸੀ ਕੋਈ ਦਵਾਈ ਨਹੀਂ, ਜਿਹੜੀ ਇਹਨਾਂ ਤੋਂ ਵਗੈਰ ਤਿਆਰ ਕੀਤੀ ਜਾਵੇ, ਕੀ ਮਾਸ ਵਿਰੋਧੀ ਇਹ ਪਤਾ ਲੱਗਣ ਤੇ ਕਿ ਇਹ ਦਵਾਈ ਫਲਾਣੇ ਮਾਸ ਤੋਂ ਤਿਆਰ ਕੀਤੀ ਗਈ ਹੈ, ਛੱਡਕੇ ਜੀਵਤ ਰਹਿ ਸਕਦੇ ਹਨ?
ਜਿਵੇਂ ਕਿ ‘ਕਮਜੋਰੀ’ ਦੂਰ ਕਰਨ ਵਾਲੀ, ‘ਸ਼ੁਗਰ’ ਦੀ ਬਿਮਾਰੀ ਨੂੰ ਕੰਟਰੌਲ ਕਰਨ ਲਈ, ‘ਖੂਨ’ ਨੂੰ ਪਤਲਾ ਕਰਨ ਲਈ, ‘ਬਲੱਡ ਪ੍ਰੈਸ਼ਰ’ ਨੂੰ ਕੰਟਰੌਲ ਕਰਨ ਲਈ ਅਤੇ ‘ਸਫੈਦ ਖੂਨ’ ਦੇ ਰਕਾਤਣੂਆਂ ਦੀ ਗਿਣਤੀ ਵਧਾਉਣ ਲਈ, ‘ਕੈਂਸਰ’ ਅਤੇ ‘ਦਰਦਾਂ’ ਆਦਿ ਦੀਆਂ ਕਈਆਂ ਦਵਾਈਆਂ ਵਿੱਚ ਮੱਛੀ, ਗਾਂ, ਸੂਰ, ਸੱਪਾਂ ਆਦਿ ਦੇ ਮਾਸ, ਆਦਰਾਂ, ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸੇ ਤਰਾਂ ਭੋਜਨ ਪਦਾਰਥਾਂ ਵਿਚ, ਬੰਦ ਬੋਤਲਾਂ ਵਿੱਚ ਜੂਸ ਦੀ ਰੰਗਤ ਬਣਾਉਣ ਲਈ, ਟੌਫੀਆਂ, ਆਇਸ ਕਰੀਮ, ਭੁੰਨਕੇ ਖਾਦੇ ਜਾਂਦੇ ਬਰੈੱਡ, ਚਿਪਸ, ਚਾਕਲੇਟ ਆਦਿ, ਅਤੇ ‘ਖੰਡ’ ਨੂੰ ਚਮਕਦਾਰ ਬਣਾਉਣ ਲਈ ਵੀ ਜਾਨਵਰਾਂ ਅਤੇ ਇਹਨਾਂ ਦੀਆਂ ਹੱਡੀਆਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। (ਹਵਾਲਾ, ਸਤਿੰਦਰਜੀਤ ਸਿੰਘ) ਹੁਣ ਮਾਸ ਖਾਣ ਦੇ ਵਿਰੋਧੀ ਇਹ ਕੁੱਝ ਵਰਤਦੇ ਨਹੀਂ ਹਨ?
ਮੇਜਰ ਸਿੰਘ ‘ਬੁਢਲਾਡਾ’
9417642327-9041406713