ਯੂ.ਕੇ. ‘ਚ ਪੰਜਾਬੀ ਮੂਲ ਦੇ ਦੁਕਾਨਦਾਰ ਨੇ ਲੁਟੇਰਿਆਂ ਦਾ ਕੀਤਾ ਬਹਾਦਰਾ ਨਾਲ ਟਾਕਰਾ
ਲੰਡਨ, 25 ਜਨਵਰੀ (ਪੰਜਾਬ ਮੇਲ)-ਯੂ.ਕੇ. ਵਿਚ ਪੰਜਾਬੀ ਮੂਲ ਦੇ ਦੁਕਾਨਦਾਰ ਨੇ ਹਥੌੜਿਆਂ ਨਾਲ ਲੈਸ ਤਿੰਨ ਲੁਟੇਰਿਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ ਜਦੋਂਕਿ ਉਸ ਕੋਲ ਲੁਟੇਰਿਆਂ ਦਾ ਸਾਹਮਣਾ ਕਰਨ ਲਈ ਮਹਿਜ਼ ਗੱਤੇ ਦੇ ਡੱਬੇ ਸਨ। ਰਾਜ ਸੰਧੂ (55) ਦਾ ਇਹ ਦਲੇਰਾਨਾ ਕਦਮ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਿਆ ਹੈ। ਸੋਮਵਾਰ ਦੀ ਰਾਤ ਨੂੰ ਵਾਰਵਿਕਸ਼ਾਇਰ ਦੇ ਵੈਲਫੋਰਡ-ਆਨ-ਏਵਨ ਵਿਚ ਮੇਅਪੋਲ ਸਟੋਰਜ਼ ਉਤੇ ਉਹ ਲੁਟੇਰਿਆਂ ਨਾਲ ਜੂਝਿਆ। ਬਾਂਹਾਂ ਝਰੀਟੀਆਂ ਜਾਣ ਦੇ ਬਾਵਜੂਦ ਉਸ ਨੇ ਲੁਟੇਰਿਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਤੇ ਭੱਜੇ ਜਾਂਦੇ ਲੁਟੇਰੇ ਕੁੱਝ ਕੁ ਨਕਦੀ ਹੀ ਲਿਜਾ ਸਕੇ।
ਸ਼੍ਰੀ ਸੰਧੂ ਨੇ ਕੋਵੈਂਟਰੀ ਟੈਲੀਗ੍ਰਾਫ ਨੂੰ ਦੱਸਿਆ ”ਮੇਰੇ ‘ਚ ਸੁਭਾਵਿਕ ਦਲੇਰੀ ਹੈ। ਮੈਨੂੰ ਲੱਗਦਾ ਹੈ ਕਿ ਜੇ ਮੈਂ ਟਾਕਰਾ ਨਾ ਕਰਦਾ ਤਾਂ ਉਨ੍ਹਾਂ ਮੇਰੇ ਸਿਰ ਵਿਚ ਹਥੌੜਾ ਮਾਰਨਾ ਸੀ। ਮੈਂ ਕਾਊਂਟਰ ਪਿੱਛੇ ਜਾਣ ਦਾ ਯਤਨ ਕਰ ਰਿਹਾ ਸੀ ਕਿਉਂਕਿ ਉਥੇ ਪੈਨਿਕ ਬਟਨ ਹੈ ਪਰ ਹਥੌੜਿਆਂ ਨਾਲ ਹਮਲੇ ਕਾਰਨ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ।’ ਜਦੋਂ ਲੁਟੇਰੇ ਦੁਕਾਨ ‘ਚ ਦਾਖ਼ਲ ਹੋਏ ਤਾਂ ਰਾਜ ਸੰਧੂ ਕੈਸ਼ ਮਸ਼ੀਨ ਖਾਲੀ ਕਰ ਰਿਹਾ ਸੀ ਪਰ ਉਨ੍ਹਾਂ ਦਾ ਧਿਆਨ ਪੋਸਟ ਆਫਿਸ ਸੇਫ ਉਤੇ ਸੀ ਜਦੋਂ ਉਹ ਇਸ ਨੂੰ ਖੋਲ੍ਹਣ ਵਿਚ ਨਾਕਾਮ ਰਹੇ ਤਾਂ ਉਹ ਦੁਕਾਨਦਾਰ ਵੱਲ ਹੋ ਗਏ ਜਿਸ ਕੋਲ ਆਪਣੇ ਆਪ ਨੂੰ ਬਚਾਉਣ ਲਈ ਮਹਿਜ਼ ਗੱਤੇ ਦੇ ਡੱਬੇ ਸਨ। ਸੀ.ਸੀ.ਟੀ.ਵੀ. ਫੁਟੇਜ ‘ਚ ਲੁਟੇਰੇ ਗੂੜ੍ਹੇ ਰੰਗ ਦੀ ਮਰਸਿਡੀਜ਼ ਕਾਰ ਵਿਚ ਭੱਜਦੇ ਦਿਖਾਈ ਦੇ ਰਹੇ ਹਨ।
ਸ਼੍ਰੀ ਸੰਧੂ ਨੇ ਕਿਹਾ, ”ਅਸੀਂ ਤਕਰੀਬਨ 25 ਸਾਲਾਂ ਤੋਂ ਇਥੇ ਰਹਿ ਰਹੇ ਹਾਂ। ਚੋਰੀਆਂ ਹੋਈਆਂ ਹਨ ਪਰ ਇਸ ਤਰ੍ਹਾਂ ਦਾ ਕਦੇ ਕੁੱਝ ਨਹੀਂ ਹੋਇਆ।” ਰਾਜ ਸੰਧੂ ਦੀ ਨੂੰਹ ਬੌਬੀ ਨੇ ਕਿਹਾ, ”ਇਹ ਡੂੰਘਾ ਝਟਕਾ ਹੈ ਪਰ ਉਹ ਬਹੁਤ ਦਲੇਰ ਹਨ। ਇਸ ਔਖੀ ਘੜੀ ਸਮੇਂ ਮਜ਼ਬੂਤ ਰਹਿਣ ਕਾਰਨ ਉਨ੍ਹਾਂ ‘ਤੇ ਮੈਨੂੰ ਮਾਣ ਹੈ।” ਵਾਰਵਿਕਸ਼ਾਇਰ ਪੁਲਿਸ ਵੱਲੋਂ ਚਸ਼ਮਦੀਦਾਂ ਨੂੰ ਲੁਟੇਰਿਆਂ ਦੀ ਸ਼ਨਾਖ਼ਤ ਲਈ ਅੱਗੇ ਆਉਣ ਵਾਸਤੇ ਅਪੀਲ ਕੀਤੀ ਗਈ ਹੈ।