ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਦੀ ਇਤਿਹਾਸ ਦੀ ਤੋੜ-ਮਰੋੜ ਆਰ.ਐੱਸ.ਐੱਸ. ਦੀ ਕੋਝੀ ਹਰਕਤ
Page Visitors: 2634
ਸਿੱਖ ਦੀ ਇਤਿਹਾਸ ਦੀ ਤੋੜ-ਮਰੋੜ ਆਰ.ਐੱਸ.ਐੱਸ. ਦੀ ਕੋਝੀ ਹਰਕਤ
May 16
10:32 2018
ਹਿੰਦੂਤਵ ਦੀ ਵਿਚਾਰਧਾਰਕ ਸੰਸਥਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਵੱਲੋਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਖ਼ਬਰਾਂ ਛੱਪ ਰਹੀਆਂ ਹਨ। ਇਹ ਕਿਹਾ ਜਾਂਦਾ ਹੈ ਕਿ ਆਰ.ਐੱਸ.ਐੱਸ. ਦੇ ਨਾਗਪੁਰ ਸਥਿਤ ਹੈੱਡਕੁਆਰਟਰ ਵੱਲੋਂ ਲਗਾਤਾਰ ਅਜਿਹੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਿੱਖ ਧਰਮ, ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸਾਖੀਆਂ ਨੂੰ ਮਰਜ਼ੀ ਨਾਲ ਤੋੜ-ਮਰੋੜ ਕੇ ਗਲਤ ਇਤਿਹਾਸਕ ਤੱਥ ਪੇਸ਼ ਕੀਤੇ ਜਾ ਰਹੇ ਹਨ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਅੰਗ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ 2013 ਵਿਚ ਸੰਘ ਦੇ ਹੈੱਡਕੁਆਰਟਰ ਨੇ ਤਿੰਨ ਪਾਕਿਟ ਬੁੱਕਸ ਛਾਪੀਆਂ ਸਨ। ਹਿੰਦੀ ਵਿਚ ਛਪੀਆਂ ਇਨ੍ਹਾਂ ਪਾਕਿਟ ਬੁੱਕਸ ਦੇ ਸਿਰਲੇਖ ਸਨ, ‘ਗੁਰੂ ਗੋਬਿੰਦ ਸਿੰਘ’, ‘ਗੁਰੂ ਤੇਗ ਬਹਾਦਰ’ ਅਤੇ ਗੁਰੂ ਪੁੱਤਰ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ’ ਸ਼ਾਮਲ ਹਨ। ਇਨ੍ਹਾਂ ਤਿੰਨਾਂ ਪੁਸਤਕਾਂ ਵਿਚ ਗਲਤ ਇਤਿਹਾਸਕ ਤੱਥ ਪੇਸ਼ ਕਰਕੇ ਅਜਿਹਾ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਸਿੱਖ ਗੁਰੂ ਪ੍ਰੰਪਰਾ ਵੀ ਹਿੰਦੂ ਧਰਮ ਦੀ ਇਕ ਪ੍ਰੰਪਰਾ ਸੀ। ਇਸੇ ਤਰ੍ਹਾਂ ਮੋਦੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਦੇਸ਼ ਅੰਦਰ ਸਿੱਖਿਆ ਨੀਤੀ ਨੂੰ ਵੀ ਭਗਵੇਂ ਕਰਨ ਦਾ ਰੰਗ ਚਾੜ੍ਹਨ ਲਈ ਵੱਖ-ਵੱਖ ਰਾਜਾਂ ਵਿਚ ਸਿੱਖਿਆ ਦੇ ਤਿਆਰ ਕੀਤੇ ਜਾਂਦੇ ਪਾਠਕ੍ਰਮਾਂ ਵਿਚ ਸਿੱਖ ਇਤਿਹਾਸ ਅਤੇ ਸਿੱਖ ਗੁਰੂਆਂ ਬਾਰੇ ਬਹੁਤ ਸਾਰੀਆਂ ਭਗਵੇਂਕਰਨ ਨੂੰ ਸੂਤ ਬੈਠਦੀ ਜਾਣਕਾਰੀ ਲਿਖੀ ਹੋਈ ਹੈ।
ਸਿੱਖ ਇਤਿਹਾਸ ਬਾਰੇ ਮੌਜੂਦਾ ਸਮੇਂ ਵਿਚ ਕੁੱਝ ਹੋਰ ਵੀ ਅਜਿਹੀਆਂ ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿਚ ਸਿੱਖ ਇਤਿਹਾਸ ਦੀ ਵੱਡੀ ਪੱਧਰ ਉੱਤੇ ਤੋੜ-ਮਰੋੜ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਰ.ਐੱਸ.ਐੱਸ. ਦਾ ਮੁੱਢ ਤੋਂ ਹੀ ਇਹ ਯਤਨ ਰਿਹਾ ਹੈ ਕਿ ਸਿੱਖਾਂ ਨੂੰ ਵੱਖਰੇ ਧਰਮ, ਵੱਖਰੀ ਕੌਮ ਅਤੇ ਨਿਰਾਲੀ ਸ਼ਾਨ ਵਾਲੇ ਭਾਈਚਾਰੇ ਦਾ ਰੁਤਬਾ ਨਾ ਦਿੱਤਾ ਜਾਵੇ, ਸਗੋਂ ਆਰ.ਐੱਸ.ਐੱਸ. ਹਮੇਸ਼ਾ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਅੰਗ ਮੰਨ ਕੇ ਚੱਲਣ ਲਈ ਯਤਨਸ਼ੀਲ ਰਹੀ ਹੈ। ਭਾਰਤ ਦੇ ਆਜ਼ਾਦ ਹੋਣ ਸਮੇਂ ਉਲੀਕੇ ਗਏ ਭਾਰਤੀ ਸੰਵਿਧਾਨ ਵਿਚ ਵੀ ਹਾਲੇ ਤੱਕ ਸਿੱਖਾਂ ਨੂੰ ਆਜ਼ਾਦ ਧਰਮ ਅਤੇ ਆਜ਼ਾਦ ਭਾਈਚਾਰੇ ਵਜੋਂ ਮਾਨਤਾ ਨਹੀਂ ਦਿੱਤੀ ਗਈ, ਸਗੋਂ ਭਾਰਤੀ ਸੰਵਿਧਾਨ ਦੀ 25ਵੀਂ ਧਾਰਾ ਵਿਚ ਸਿੱਖਾਂ ਨੂੰ ਹਿੰਦੂ ਸ਼ਬਦ ਲਿਖ ਕੇ ਉਸ ਦੇ ਬਰੈਕਟ ਵਿਚ ਸਿੱਖ, ਬੋਧੀ, ਜੈਨੀ ਅੰਕਿਤ ਕਰਕੇ ਕਾਨੂੰਨੀ ਤੌਰ ‘ਤੇ ਕਿਹਾ ਹੈ ਕਿ ਭਾਰਤ ਵਿਚ ਸਿੱਖ, ਬੋਧੀ ਅਤੇ ਜੈਨੀ ਹਿੰਦੂ ਸਮਾਜ ਦਾ ਹੀ ਅੰਗ ਹਨ।
ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਬਦਲਣ ਲਈ ਸ਼ੁਰੂ ਤੋਂ ਹੀ ਸਿੱਖ ਯਤਨ ਕਰਦੇ ਆਏ ਹਨ। ਭਾਰਤ ਦੀ ਸੰਵਿਧਾਨ ਘੜਨੀ ਕਮੇਟੀ ਵਿਚ ਸ਼ਾਮਲ ਦੋ ਸਿੱਖਾਂ ਨੇ ਇਸ ਦੇ ਅੰਤਿਮ ਖਰੜੇ ਉਪਰ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਗੱਲ ਅੱਜ ਵੀ ਰਿਕਾਰਡ ਉਪਰ ਹੈ ਕਿ ਸੰਵਿਧਾਨ ਘੜਨੀ ਕਮੇਟੀ ਵਿਚ ਸ਼ਾਮਲ ਦੋ ਸਿੱਖ ਨੁਮਾਇੰਦਿਆਂ ਨੇ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਸੀ ਕੀਤਾ। ਉਸ ਤੋਂ ਬਾਅਦ ਪੰਜਾਬੀ ਸੂਬੇ ਲਈ ਲੱਗਦੇ ਮੋਰਚਿਆਂ ਵਿਚ ਧਾਰਾ 25 ਦੀ ਸੰਵਿਧਾਨਕ ਸੋਧ ਕਰਨ ਦੀ ਮੰਗ ਵਾਰ-ਵਾਰ ਉਠਦੀ ਰਹੀ ਹੈ। ਅਕਾਲੀ ਦਲ ਮੁੱਢ ਤੋਂ ਹੀ ਕਹਿੰਦਾ ਰਿਹਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰਕੇ ਸ਼ਬਦ ਹਿੰਦੂ ਤੋਂ ਬਾਅਦ ਬਰੈਕਟ ਦੀ ਥਾਂ ਸਿੱਧੇ ਸਿੱਖ, ਬੋਧੀ, ਜੈਨੀ ਵੱਖਰੇ ਧਰਮਾਂ ਵਜੋਂ ਦਰਜ ਹੋਣੇਂ ਚਾਹੀਦੇ ਹਨ।
1985 ਵਿਚ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਵਿਚ ਵੀ ਇਸ ਮੱਦ ਬਾਰੇ ਵਿਚਾਰ ਕਰਨ ਬਾਰੇ ਵੀ ਮਾਮਲਾ ਸਰਕਾਰੀਆ ਕਮਿਸ਼ਨ ਨੂੰ ਸੌਂਪਣ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਕੁਝ ਸਿੱਖ ਐੱਮ.ਪੀ. ਪਾਰਲੀਮੈਂਟ ਵਿਚ ਵੀ ਇਹ ਮੁੱਦਾ ਉਠਾਉਂਦੇ ਆ ਰਹੇ ਹਨ। ਪਰ ਭਾਰਤ ਦੀ ਪਾਰਲੀਮੈਂਟ ਅਜੇ ਤੱਕ ਸਿੱਖਾਂ ਦੇ ਵੱਖਰੇ ਧਰਮ, ਵੱਖਰੀ ਕੌਮ ਅਤੇ ਵੱਖਰੀ ਪਛਾਣ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਸਗੋਂ ਉਲਟਾ ਆਰ.ਐੱਸ.ਐੱਸ. ਅਤੇ ਭਗਵੇਂਕਰਨ ਲਈ ਯਤਨਸ਼ੀਲ ਕੁੱਝ ਹੋਰ ਤਾਕਤਾਂ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਅਤੇ ਇਸ ਦੇ ਨਿਆਰੇ ਧਾਰਮਿਕ ਫਲਸਫੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਸਰਗਰਮ ਹਨ। ਇਸ ਮਾਮਲੇ ਨੂੰ ਲੈ ਕੇ ਦੁਨੀਆਂ ਭਰ ਵਿਚ ਵਸਦੇ ਸਿੱਖ ਚਿੰਤਾ ਜ਼ਾਹਿਰ ਕਰ ਰਹੇ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਦੁਨੀਆਂ ਦਾ ਮਾਡਰਨ ਅਤੇ ਯੂਨੀਵਰਸਲ ਸਰਵ ਵਿਆਪੀ ਮਾਨਵਵਾਦੀ ਧਰਮ ਹੈ। ਸਿੱਖ ਧਰਮ ਨੇ ਪੂਰੀ ਕਾਇਆਨਾਤ ਨੂੰ ਇਗ ਅਗੰਮੀ ਸ਼ਕਤੀ ਦੀ ਸਿਰਜਣਾ ਦੱਸਿਆ ਹੈ ਅਤੇ ਸਰਵ-ਸਾਂਝੀਵਾਲਤਾ ਦੇ ਨਾਂ ਹੇਠ ਪੂਰੇ ਦੁਨੀਆਵੀ ਭਾਈਚਾਰੇ ਦੀ ਵਕਾਲਤ ਕੀਤੀ ਹੈ। ਇਹ ਦੁਨੀਆਵੀ ਭਾਈਚਾਰਾ ਊਚ-ਨੀਚ ਤੋਂ ਰਹਿਤ, ਆਰਥਿਕ ਅਤੇ ਹਰ ਤਰ੍ਹਾਂ ਦੀ ਸਮਾਜਿਕ ਗੈਰ ਬਰਾਬਰੀ ਅਤੇ ਹਰ ਤਰ੍ਹਾਂ ਦੇ ਅਨਿਆਂ ਅਤੇ ਵਿਤਕਰੇ ਤੋਂ ਰਹਿਤ ਹੋਵੇਗਾ। ਇਹ ਭਾਈਚਾਰਾ ਅਜਿਹੇ ਸਮਾਜਿਕ ਨਿਜ਼ਾਮ ਦੀ ਸਿਰਜਣਾ ਦਾ ਨਾਂ ਹੈ, ਜਿੱਥੇ ਮਨੁੱਖੀ ਸ਼ਾਨ ਅਤੇ ਕਦਰਾਂ-ਕੀਮਤਾਂ ਨੂੰ ਪ੍ਰਫੁਲਿਤ ਹੋਣ ਲਈ ਸਭਨਾਂ ਵਾਸਤੇ ਖੁੱਲ੍ਹਮ-ਖੁੱਲ੍ਹਾ ਮਾਹੌਲ ਮਿਲੇਗਾ।
ਸਿੱਖ ਧਰਮ ਨੂੰ ਕਿਸੇ ਵੀ ਤਰ੍ਹਾਂ ਕਿਸੇ ਹੋਰ ਧਰਮ ਦੀ ਕਾਪੀ ਜਾਂ ਹਿੱਸਾ ਨਹੀਂ ਕਿਹਾ ਜਾ ਸਕਦਾ। ਸਿੱਖ ਧਰਮ ਦਾ ਆਪਣਾ ਧਾਰਮਿਕ ਫਲਸਫਾ ਹੈ। ਗੁਰੂ ਨਾਨਕ ਦੇਵ ਜੀ ਨੇ ਲੰਬੀ ਯਾਤਰਾ ਦੌਰਾਨ ਸਿੱਧ ਗੋਸ਼ਟੀਆਂ ਵਿਚ ਇਸ ਫਲਸਫੇ ਨੂੰ ਵਿਕਸਿਤ ਕੀਤਾ ਅਤੇ ਸਾਣ ਉਪਰ ਚਾੜ੍ਹਿਆ। ਉਨ੍ਹਾਂ ਤੋਂ ਬਾਅਦ ਸਾਰੇ ਸਿੱਖ ਗੁਰੂਆਂ ਨੇ ਇਸ ਸਰਵ ਵਿਆਪਕ ਫਲਸਫੇ ਨੂੰ ਅੱਗੇ ਵਧਾਇਆ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਦੀ ਸਾਜਨਾ ਅਤੇ ਫਿਰ ਸਿੱਖ ਕੌਮ ਦੀ ਸਾਜਨਾ ਇਸ ਫਲਸਫੇ ਦਾ ਸਿਖਰਲਾ ਪੜ੍ਹਾਅ ਸੀ। ਮਨੁੱਖੀ ਸ਼ਾਨ ਲਈ ਸਿੱਖਾਂ ਦੀਆਂ ਗੌਰਵਸ਼ਾਲੀ ਲੜਾਈਆਂ ਅਤੇ ਹਰ ਤਰ੍ਹਾਂ ਦੇ ਧਾੜਵੀਆਂ ਵਿਰੁੱਧ ਡਟਣ ਦਾ ਨਿਰਾਲਾ ਹੀ ਇਤਿਹਾਸ ਹੈ। ਇਸ ਕਰਕੇ ਅਜਿਹੇ ਵਿਲੱਖਣ, ਸ਼ਾਨਾਂਮੱਤੇ ਅਤੇ ਮਾਨਵਵਾਦੀ ਇਤਿਹਾਸ ਅਤੇ ਫਲਸਫੇ ਨਾਲ ਖੁੱਲ੍ਹ ਖੇਡਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।
ਸਿੱਖ ਵਿਦਵਾਨਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ ਅਤੇ ਖੁਰਾ-ਖੋਜ ਮਿਟਾਉਣਾ ਹੋਵੇ, ਤਾਂ ਸਭ ਤੋਂ ਪਹਿਲਾਂ ਉਸ ਦੇ ਇਤਿਹਾਸ ਉਪਰ ਲੀਕ ਫੇਰੀ ਜਾਂਦੀ ਹੈ। ਲੱਗਦਾ ਹੈ ਕਿ ਇਸੇ ਰਾਹ ਤੁਰਦਿਆਂ ਭਗਵੇਂਕਰਨ ਦੀਆਂ ਤਾਕਤਾਂ ਆਰ.ਐੱਸ.ਐੱਸ. ਆਦਿ ਇਸੇ ਰਾਹ ਤੁਰ ਰਹੀਆਂ ਹਨ। ਉਨ੍ਹਾਂ ਵੱਲੋਂ ਪਹਿਲਾਂ ਸਿੱਖਾਂ ਦੇ ਇਤਿਹਾਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਜੇਕਰ ਸਾਡੇ ਸਿੱਖ ਬੱਚੇ ਸਾਡੇ ਸਿੱਖ ਇਤਿਹਾਸ ਬਾਰੇ ਹੀ ਪੂਰੀ ਤਰ੍ਹਾਂ ਜਾਣੂੰ ਨਹੀਂ ਹੋਣਗੇ, ਤਾਂ ਫਿਰ ਉਹ ਨਾ ਤਾਂ ਅਜਿਹੇ ਉਪਰ ਮਾਣ ਹੀ ਕਰ ਸਕਣਗੇ ਅਤੇ ਨਾ ਹੀ ਉਸ ਉਪਰ ਚੱਲਣ ਦਾ ਰਾਹ ਹੀ ਅਪਣਾਉਣਗੇ। ਇਤਿਹਾਸ ਹੀ ਕੌਮਾਂ ਨੂੰ ਅੱਗੇ ਵਧਣ ਦਾ ਰਾਹ ਦਿਖਾਉਂਦਾ ਹੈ ਅਤੇ ਉਨ੍ਹਾਂ ਅੰਦਰ ਨਵੀਂ ਸਪਿਰਟ ਅਤੇ ਹੌਂਸਲਾ ਅਫਜ਼ਾਈ ਦੀ ਲਗਨ ਭਰਦਾ ਹੈ। ਇਸ ਕਰਕੇ ਇਸ ਵੇਲੇ ਸਭ ਤੋਂ ਜ਼ਰੂਰੀ ਸਿੱਖ ਇਤਿਹਾਸ ਨੂੰ ਤੋੜਨ-ਮਰੋੜਨ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ।
ਸਿੱਖ ਇਤਿਹਾਸ ਬਾਰੇ ਪਹਿਲਾਂ ਵੀ ਬਹੁਤ ਕੁੱਝ ਗੜਬੜ ਵਾਲਾ ਚਲਿਆ ਆਉਂਦਾ ਰਿਹਾ ਹੈ। ਸਿੱਖ ਇਤਿਹਾਸ ਆਮ ਕਰਕੇ ਸਿੱਖ ਵਿਦਵਾਨਾਂ ਵੱਲੋਂ ਨਹੀਂ, ਸਗੋਂ ਗੈਰ ਸਿੱਖ ਇਤਿਹਾਸਕਾਰਾਂ ਅਤੇ ਖੋਜੀਆਂ ਵੱਲੋਂ ਲਿਖਿਆ ਗਿਆ ਹੈ। ਉਸ ਉਪਰ ਵੀ ਕਈ ਤਰ੍ਹਾਂ ਦੀਆਂ ਉਂਗਲਾਂ ਉਠਦੀਆਂ ਆ ਰਹੀਆਂ ਹਨ। ਇਸ ਵੇਲੇ ਸਿੱਖ ਪੂਰੀ ਦੁਨੀਆਂ ਵਿਚ ਵਸੇ ਹੋਏ ਹਨ। ਬਾਹਰਲੇ ਮੁਲਕਾਂ ਵਿਚ ਵੀ ਸਿੱਖ ਵਿਦਵਾਨ ਰਹਿ ਰਹੇ ਹਨ। ਪੂਰੀ ਦੁਨੀਆਂ ਵਿਚ ਵਸੇ ਸਿੱਖ ਵਿਦਵਾਨਾਂ ਅਤੇ ਖੋਜੀਆਂ ਨੂੰ ਸਿੱਖ ਇਤਿਹਾਸ ਬਾਰੇ ਕਿਤਾਬਾਂ ਅਤੇ ਹੋਰ ਸਮੱਗਰੀ ਤਿਆਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਵੀ ਇਸ ਮਾਮਲੇ ਵਿਚ ਅੱਗੇ ਆਉਣਾ ਚਾਹੀਦਾ ਹੈ। ਸਿੱਖ ਵਿਦਵਾਨਾਂ ਅਤੇ ਖੋਜੀਆਂ ਵੱਲੋਂ ਸਿੱਖ ਇਤਿਹਾਸ ਦੇ ਵੱਖ-ਵੱਖ ਦੌਰ ਦੀਆਂ ਤਿਆਰ ਕੀਤੀਆਂ ਕਿਤਾਬਾਂ ਅਤੇ ਇਤਿਹਾਸ ਬਾਰੇ ਆਮ ਸਹਿਮਤੀ ਬਣਾਉਣ ਲਈ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਅਤੇ ਫਿਰ ਅਜਿਹੀਆਂ ਕਿਤਾਬਾਂ ਨੂੰ ਸਿੱਖ ਕੌਮ ਦੀ ਮਾਨਤਾ ਵਾਲੀਆਂ ਇਤਿਹਾਸਕ ਅਤੇ ਹੋਰ ਕਿਤਾਬਾਂ ਵਜੋਂ ਛਾਪਿਆ ਜਾਣਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਆਰ.ਐੱਸ.ਐੱਸ. ਵਰਗੀਆਂ ਸਿੱਖ ਵਿਰੋਧੀ ਜਥੇਬੰਦੀਆਂ ਨੂੰ ਸਿੱਖਾਂ ਅੰਦਰ ਵਿਵਾਦ ਖੜ੍ਹੇ ਕਰਨ ਅਤੇ ਸਿੱਖ ਇਤਿਹਾਸ ਬਾਰੇ ਗਲਤਫਹਿਮੀਆਂ ਖੜ੍ਹੀਆਂ ਕਰਨ ਤੋਂ ਰੋਕਿਆ ਜਾ ਸਕੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐੱਸ.ਐੱਸ. ਵੱਲੋਂ ਸਿੱਖ ਇਤਿਹਾਸ ਦਾ ਮੂੰਹ ਮੱਥਾ ਵਿਗਾੜਨ ਦੇ ਯਤਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਇਹ ਕਮੇਟੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸਿੱਖਿਆ ਬੋਰਡਾਂ ਵੱਲੋਂ ਲਾਈਆਂ ਜਾਂਦੀਆਂ ਟੈਕਸਟ ਬੁੱਕਾਂ ਵਿਚ ਸ਼ਾਮਲ ਸਿੱਖ ਇਤਿਹਾਸ ਦੀ ਪੁਣ-ਛਾਨ ਕਰੇਗੀ। ਤਾਂ ਜੋ ਸਿੱਖ ਇਤਿਹਾਸ ਬਾਰੇ ਗਲਤ ਤੱਥ ਜਾਂ ਬਿਰਤਾਂਤ ਨੂੰ ਦਰੁੱਸਤ ਕਰਾਉਣ ਲਈ ਯਤਨ ਕੀਤੇ ਜਾ ਸਕਣ। ਇਸ ਕਮੇਟੀ ਵਿਚ 20 ਮੈਂਬਰ ਸ਼ਾਮਲ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਸਾਡੀ ਰਾਏ ਹੈ ਕਿ ਅਜਿਹੀ ਕਮੇਟੀ ਦੀ ਦਾਇਰਾ ਹੋਰ ਚੌੜਾ ਕਰਨਾ ਚਾਹੀਦਾ ਹੈ ਅਤੇ ਇਸ ਕਮੇਟੀ ਵਿਚ ਸਿਰਫ ਭਾਰਤ ਵਿਚੋਂ ਹੀ ਨਹੀਂ, ਸਗੋਂ ਬਾਹਰਲੇ ਮੁਲਕਾਂ ਵਿਚੋਂ ਵੀ ਇਤਿਹਾਸਕਾਰ ਅਤੇ ਵਿਦਵਾਨ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਸਾਂਝੇ ਯੋਜਨਾਬੱਧ ਯਤਨ ਸਾਡੇ ਇਤਿਹਾਸ ਅਤੇ ਪ੍ਰੰਪਰਾਵਾਂ ਨੂੰ ਸਾਂਭਣ ਦਾ ਸਾਰਥਿਕ ਯਤਨ ਬਣ ਸਕਦੇ ਹਨ।