ਮਲੇਸ਼ੀਆ ਸਰਕਾਰ ‘ਚ ਪਹਿਲਾ ਸਿੱਖ ਕੈਬਨਿਟ ਮੰਤਰੀ ਬਣਿਆ
ਕੁਆਲਾਲੰਪੁਰ, 23 ਮਾਰਚ (ਪੰਜਾਬ ਮੇਲ)- ਮਲੇਸ਼ੀਆ ‘ਚ ਭਾਰਤੀ ਮੂਲ ਦੇ ਉੱਘੇ ਵਕੀਲ ਤੇ ਸਿਆਸਤਦਾਨ ਗੋਬਿੰਦ ਸਿੰਘ ਦਿਓ ਮੁਸਲਿਮ ਬਹੁਗਿਣਤੀ ਮੁਲਕ ਦੇ ਇਤਿਹਾਸ ਵਿਚ ਪਹਿਲੇ ਸਿੱਖ ਕੈਬਨਿਟ ਮੰਤਰੀ ਬਣ ਗਏ ਹਨ। 44 ਸਾਲਾ ਸ਼੍ਰੀ ਦਿਓ ਜਿਨ੍ਹਾਂ ਨੂੰ ਸੰਚਾਰ ਤੇ ਮਲਟੀਮੀਡੀਆ ਮਹਿਕਮਾ ਦਿੱਤਾ ਗਿਆ ਹੈ। ਸ਼੍ਰੀ ਦਿਓ ਮਲੇਸ਼ੀਆਈ ਪਾਰਲੀਮੈਂਟ ਵਿਚ ਪੁਚੌਂਗ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਮਲੇਸ਼ੀਆ ਦੇ ਵਕੀਲ ਤੇ ਸਿਆਸਤਦਾਨ ਮਰਹੂਮ ਕਰਪਾਲ ਸਿੰਘ ਦੇ ਪੁੱਤਰ ਹਨ। ਉਹ ਪਹਿਲੀ ਵਾਰ 2008 ‘ਚ ਪਾਰਲੀਮੈਂਟ ਲਈ ਚੁਣੇ ਗਏ ਸਨ ਤੇ 2013 ਵਿਚ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਦੁਬਾਰਾ ਚੁਣੇ ਗਏ ਸਨ। ਇਸ ਵਾਰ ਉਨ੍ਹਾਂ 47635 ਵੋਟਾਂ ਦੇ ਫ਼ਰਕ ਨਾਲ ਸੀਟ ਜਿੱਤੀ ਹੈ। ਮੀਰੀ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਤੇ ਕਾਊਂਸਲਰ ਕਰਮਬੀਰ ਸਿੰਘ ਨੇ ਬੋਰਨੀਓ ਪੋਸਟ ਨਾਲ ਗੱਲਬਾਤ ਕਰਦਿਆਂ ਕਿਹਾ, ”ਪੰਜਾਬੀ ਭਾਈਚਾਰੇ ਦੇ ਮੈਂਬਰ ਗੋਬਿੰਦ ਸਿੰਘ ਨੂੰ ਕੈਬਨਿਟ ‘ਚ ਸ਼ਾਮਲ ਕਰਨਾ ਚੰਗੀ ਗੱਲ ਹੈ। ਇਹ ਸਾਡੇ ਭਾਈਚਾਰੇ ਲਈ ਮਾਣ ਤੇ ਖ਼ੁਸ਼ੀ ਦਾ ਮੌਕਾ ਹੈ ਤੇ ਮਲੇਸ਼ੀਆਈ ਸਮਾਜ ਵਿਚ ਪੰਜਾਬੀ ਭਾਈਚਾਰੇ ਦੀ ਭੱਲ ਦਾ ਪ੍ਰਤੀਕ ਵੀ ਹੈ। ਮਲੇਸ਼ੀਆ ਵਿਚ ਸਿੱਖਾਂ ਦੀ ਕਰੀਬ ਇਕ ਲੱਖ ਆਬਾਦੀ ਹੈ। ਦੇਸ਼ ਦੇ ਬਾਦਸ਼ਾਹ ਸੁਲਤਾਨ ਮੁਹੰਮਦ ਦੀ ਪ੍ਰਧਾਨਗੀ ਹੇਠ ਸ਼ਾਹੀ ਮਹਿਲ ਵਿਚ ਹੋਏ ਇਕ ਸਮਾਗਮ ਦੌਰਾਨ ਕੁੱਲ 13 ਫੈਡਰਲ ਮੰਤਰੀਆਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਗਿਆ।
ਸ਼੍ਰੀ ਦਿਓ ਭਾਰਤੀ ਮੂਲ ਦੇ ਦੋ ਸਿਆਸਤਦਾਨਾਂ ‘ਚੋਂ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਮੰਤਰੀ ਮੰਡਲ ਵਿਚ ਥਾਂ ਦਿੱਤੀ ਗਈ ਹੈ। ਦੂਜੇ ਭਾਰਤੀ ਮੂਲ ਦੇ ਵਕੀਲ ਡੈਮੋਕਰੇਟਿਕ ਐਕਸ਼ਨ ਪਾਰਟੀ (ਡੀ.ਏ.ਪੀ.) ਦੇ ਐੱਮ. ਕੁਲਾਸੇਗਰਾਨ ਹਨ, ਜਿਨ੍ਹਾਂ ਨੂੰ ਮਨੁੱਖੀ ਸਰੋਤ ਮੰਤਰਾਲਾ ਦਿੱਤਾ ਗਿਆ ਹੈ। 61 ਸਾਲਾ ਕੁਲਾਸੇਗਰਾਨ ਡੀ.ਏ.ਪੀ. ਦੇ ਕੌਮੀ ਮੀਤ ਪ੍ਰਧਾਨ ਹਨ ਤੇ ਪੇਰਾਕ ਵਿਚ ਇਪੋਹ ਬਾਰਾਤ ਹਲਕੇ ਤੋਂ ਨੁਮਾਇੰਦਗੀ ਕਰਦੇ ਹਨ।