ਅਮਰੀਕੀ ਅਦਾਲਤ ਵੱਲੋਂ ਸਾਈਬਰ ਹਮਲੇ ਦੇ ਦੋਸ਼ ‘ਚ ਭਾਰਤਵੰਸ਼ੀ ਨੂੰ 63.5 ਕਰੋੜ ਦਾ ਜੁਰਮਾਨਾ
ਨਿਊਯਾਰਕ, 1 ਨਵੰਬਰ (ਪੰਜਾਬ ਮੇਲ)-ਅਮਰੀਕੀ ਅਦਾਲਤ ਨੇ ਦੇਸ਼ ਦੀ ਇਕ ‘ਵਰਸਿਟੀ ‘ਤੇ ਸਾਈਬਰ ਹਮਲੇ ਦੇ ਅਪਰਾਧ ‘ਚ ਭਾਰਤਵੰਸ਼ੀ ਨੌਜਵਾਨ ਪਾਰਸ ਝਾਅ (22) ‘ਤੇ 86 ਲੱਖ ਡਾਲਰ (ਕਰੀਬ 63.5 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਪਾਰਸ ਨੇ ਨਵੰਬਰ, 2014 ਤੋਂ ਸਤੰਬਰ 2016 ਦਰਮਿਆਨ ਨਿਊਜਰਸੀ ਦੀ ਰੂਟਜਰਸ ਯੂਨੀਵਰਸਿਟੀ ਦੇ ਕੰਪਿਊਟਰ ਨੱੈਟਵਰਕ ‘ਚ ਸੰਨ੍ਹ ਲਗਾ ਕੇ ਇਕ ਲੱਖ ਤੋਂ ਜ਼ਿਆਦਾ ਕੰਪਿਊਟਰਾਂ ਨੂੰ ਪ੍ਰਭਾਵਿਤ ਕਰ ਦਿੱਤਾ ਸੀ।
ਟ੍ਰੈਂਟਨ ਫੈਡਰਲ ਕੋਰਟ ਨੇ ਕੰਪਿਊਟਰ ਧੋਖਾਧੜੀ ਅਤੇ ਦੁਰਵਰਤੋਂ ਕਾਨੂੰਨ ਤਹਿਤ ਜੁਰਮਾਨੇ ਦੇ ਇਲਾਵਾ ਪਾਰਸ ਨੂੰ ਛੇ ਮਹੀਨੇ ਤਕ ਘਰ ‘ਚ ਨਜ਼ਰਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਪਾਰਸ ਨੇ ਯੂਨੀਵਰਸਿਟੀ ਦੇ ਕੰਪਿਊਟਰ ਨੈੱਟਵਰਕ ‘ਚ ਸੰਨ੍ਹ ਲਗਾਉਣ ਦਾ ਅਪਰਾਧ ਕਬੂਲ ਲਿਆ ਸੀ ਜਿਸ ਪਿੱਛੋਂ ਅਦਾਲਤ ਨੇ ਸਾਈਬਰ ਹਮਲੇ ਨਾਲ ਯੂਨੀਵਰਸਿਟੀ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਜੁਰਮਾਨੇ ਦੀ ਰਕਮ ਤੈਅ ਕੀਤੀ। ਪਿਛਲੇ ਮਹੀਨੇ, ਸਾਈਬਰ ਹਮਲੇ ਨਾਲ ਜੁੜੇ ਇਕ ਹੋਰ ਮਾਮਲੇ ‘ਚ ਅਲਾਸਕਾ ਦੇ ਫੈਡਰਲ ਕੋਰਟ ਨੇ ਵੀ ਪਾਰਸ ਅਤੇ ਉਸ ਦੇ ਦੋ ਸਾਥੀਆਂ ਨੂੰ ਜੁਰਮਾਨੇ ਦੇ ਇਲਾਵਾ 2500 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਤਿੰਨਾਂ ‘ਤੇ ਪੰਜ ਸਾਲ ਤਕ ਨਿਗਰਾਨੀ ਰੱਖੇ ਜਾਣ ਦਾ ਵੀ ਆਦੇਸ਼ ਦਿੱਤਾ ਸੀ।