ਹੁਸ਼ਿਆਰਪੁਰ ਦੇ ਤਾਂਤਰਿਕ ਨੇ ਪ੍ਰਵਾਸੀ ਭਾਰਤੀ ਔਰਤ ਤੋਂ ਠੱਗੇ 3 ਲੱਖ
ਪਰਿਵਾਰਿਕ ਮਸਲਾ ਹੱਲ ਕਰਨ ਦੀ ਲਈ ਸੀ ਗਰੰਟੀ
ਈਪਰ, ਬੈਲਜ਼ੀਅਮ, 19 ਜਨਵਰੀ (ਪ੍ਰਗਟ ਸਿੰਘ ਜੋਧਪੁਰੀ/ਪੰਜਾਬ ਮੇਲ)- ਪਹਿਲਾਂ ਜਿਆਦਾਤਰ ਅਣਪੜ ਲੋਕਾਂ ਨੂੰ ਹੀ ਪਾਖੰਡੀ ਬਾਬਿਆਂ ਦਾ ਸ਼ਿਕਾਰ ਸਮਝਿਆਂ ਜਾਂਦਾ ਸੀ ਪਰ ਅੱਜਕੱਲ ਅਖੌਤੀ ਬਾਬੇ ਵੀ ਜਮਾਂਨੇ ਨਾਲ ਬਦਲਦੇ ਹੋਏ ਅਪਣਾ ਕਾਰੋਬਾਰ ਹਾਈਟੈਕ ਕਰ ਪੜਿਆਂ-ਲਿਖਿਆਂ ਨੂੰ ਵੀ ਅਪਣੇ ਮੱਕੜ ਜਾਲ ਵਿੱਚ ਫਸਾ ਰਹੇ ਹਨ। ਬੈਲਜ਼ੀਅਮ ਰਹਿੰਦੀ ਇੱਕ ਹਰਿਆਣਵੀ ਔਰਤ ਨੇ ਅਪਣੀ ਧੀ ਦਾ ਘਰ ਵਸਾਉਣ ਲਈ ਇੰਟਰਨੈਟ ਤੇ ਜਦ ਕੋਈ ਹੱਲ ਲੱਭਣਾ ਚਾਹਿਆਂ ਤਾਂ ਉਸਨੂੰ ਯੂਟਿਊਬ ‘ਤੇ ਹੁਸ਼ਿਆਰਪੁਰ ਦੇ ਅਜੇ ਨਾਂਮ ਦੇ ਤਾਂਤਰਿਕ ਦਾ ਸੰਪਰਕ ਮਿਲਿਆ। ਜਦ ਉਕਤ ਔਰਤ ਨੇ ਅਪਣੀ ਧੀ ਦੀ ਸਮੱਸਿਆ ਬਾਰੇ ਬਾਬੇ ਨੂੰ ਦੱਸਿਆ ਕਿ ਉਸਦੀ ਧੀ ਦਾ ਸਹੁਰਾ ਪਰਿਵਾਰ ਪਤੀ-ਪਤਨੀ ਨੂੰ ਇਕੱਠਿਆਂ ਨਹੀ ਰਹਿਣ ਦਿੰਦਾਂ ਤਾਂ ਪੰਡਤ ਜੀ ਨੇ ਕਿਹਾ ਕਿ ਇਹ ਵਸ਼ੀਕਰਨ ਦਾ ਮਸਲਾ ਹੈ ਤੇ ਤੁਹਾਡੀ ਧੀ ਦੇ ਸਹੁਰਾ ਪਰਿਵਾਰ ਨੂੰ ਵੱਸ ਕਰਨਾਂ ਪਵੇਗਾ। ਪੰਡਤ ਅਜੇ ਹੋਰਾਂ ਨੇ ਅੱਗੇ ਦੱਸਿਆ ਕਿ ਵਸ਼ੀਕਰਨ ਥੋੜਾ ਔਖਾ ਹੁੰਦਾਂ ਹੈ ਪਰ ਉਹ ਜੁਗਾੜ ਕਰ ਲਵੇਗਾ। ਪਤੀ ਪਤਨੀ ਦੀਆਂ ਫੋਟੋਵਾਂ ਲੈ ਕੇ ਸਮੱਸਿਆ ਦਾ ਹੱਲ ਸੁਰੂ ਕਰਦਿਆਂ ਪੰਡਤ ਜੀ ਨੇ ਜਾਲ ਵਿਛਾਇਆ ਕਿ ਐਥੇ ਇੱਕ ਮੰਦਰ ਬਣ ਰਿਹਾ ਹੈ ਜਿੱਥੇ ਤ੍ਰਿਸੂਲ ਲਗਵਾਉਣਾ ਹੈ ਤੇ ਕੁੱਝ ਹੋਰ ਸੇਵਾ ਕਰਨੀ ਹੈ ਤੇ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਹਾਡੀ ਸੇਵਾ ਵੀ ਸਿੱਧੀ ਪ੍ਰਮਾਤਮਾਂ ਦੇ ਦਰ ਤੇ ਕਬੂਲ ਹੋ ਜਾਵੇਗੀ।
ਧੀ ਦਾ ਘਰ ਵਸਾਉਣ ਲਈ ਮਾਂ ਨੇ ਪੰਡਤ ਜੀ ਕਹਿਣ ਮੁਤਾਬਕ ਭੇਟਾ ਭੇਜਣੀ ਸੁਰੂ ਕਰ ਦਿੱਤੀ। ਹੌਲੀ-ਹੌਲੀ ਜਦ ਰਾਸ਼ੀ ਤਿੰਨ ਲੱਖ ਟੱਪ ਗਈ ਤਾਂ ਪੰਡਤ ਜੀ ਅੱਖਾਂ ਫੇਰ ਗਏ ਤੇ ਫੋਨ ਚੁੱਕਣਾ ਬੰਦ ਕਰ ਦਿੱਤਾ। ਠੱਗੀ ਹੋਈ ਮਹਿਸੂਸ ਕਰ ਪ੍ਰਵਾਸੀ ਔਰਤ ਨੇ ਬੈਲਜ਼ੀਅਮ ‘ਤੋਂ ਪੰਜਾਬ ਆ ਹੁਸਿਆਰਪੁਰ ਦੇ ਪੁਲਿਸ ਮੁੱਖੀ ਅੱਗੇ ਫਰਿਆਦ ਲਗਾਈ ਤਾਂ ਡੀ ਐਸ ਪੀ ( ਐਚ ) ਦੁਆਰਾ ਕੀਤੀ ਜਾਂਚ ਵਿੱਚ ਪੰਡਿਤ ਅਜੇ ਪਰਿਆਲ ਨੂੰ ਦੋਸ਼ੀ ਪਾਇਆ ਗਿਆ ਤੇ ਉਸ ਵਿਰੁੱਧ ਥਾਣਾ ਮਾਡਲ ਟਾਊਨ ਵਿੱਚ ਧਾਰਾ 420 ਅਧੀਨ ਕੇਸ ਦਰਜ ਕਰ ਪੰਡਿਤ ਜੀ ਖਿਲਾਫ ਕਾਰਵਾਈ ਅਰੰਭ ਕਰ ਦਿੱਤੀ ਹੈ।
ਤਾਂਤਰਿਕ ਨਾਲ ਜਦ ਪ੍ਰਵਾਸੀ ਬੀਬੀ ਨੇ ਫਿਰ ਫੋਨ ਤੇ ਸੰਪਰਕ ਕੀਤਾ ਤਾਂ ਪੁਲਿਸ ਦੇ ਡਰ ‘ਤੋਂ ਬੇਖੌਫ ਤਾਂਤਰਿਕ ਸਾਹਿਬ ਕਹਿੰਦੇ ਕਿ ਬੀਬੀ ਕੇਸ ਤਾਂ ਕਰ ਹੀ ਦਿੱਤਾ ਹੈ ਤੇ ਹੁਣ ਪੈਸੇ ਕਿੱਥੋਂ ਵਾਪਸ ਕਰਾਂ।