ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ
ਸ਼ੱਟਡਾਊਨ ਕਾਰਨ ਵੱਡੀ ਗਿਣਤੀ ਮੁਲਾਜ਼ਮ ਆਰਥਿਕ ਤੰਗਹਾਲੀ ਦਾ ਸ਼ਿਕਾਰ
ਹਿਊਸਟਨ, 20 ਜਨਵਰੀ (ਪੰਜਾਬ ਮੇਲ)- ਟੈਕਸਸ ਦੇ ਸਾਨ ਅੰਤੋਨੀਓ ‘ਚ ਰਹਿੰਦੇ ਸਿੱਖ ਭਾਈਚਾਰੇ ਨੇ ਇਕ ਨਿਵੇਕਲੇ ਉੱਦਮ ਤਹਿਤ ਲੰਗਰ ਲਗਾ ਕੇ ਤਿੰਨ ਦਿਨ ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਦਾ ਢਿੱਡ ਭਰਿਆ। ਇਹ ਸੈਂਕੜੇ ਮੁਲਾਜ਼ਮ, ਅਮਰੀਕੀ ਸਦਰ ਡੋਨਲਡ ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਫੰਡਾਂ ਦੀ ਘਾਟ ਦੇ ਚੱਲਦਿਆਂ ਸਰਕਾਰ ਦੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਮਗਰੋਂ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਅਹਿਮ ਵਿਭਾਗਾਂ ‘ਚ ਕੰਮ ਕਰਦੇ 8 ਲੱਖ ਤੋਂ ਵੱਧ ਸੰਘੀ ਮੁਲਾਜ਼ਮ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਨੇ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਸਾਰੇ ਸੰਘੀ ਮੁਲਾਜ਼ਮਾਂ ਜਾਂ ਆਰਜ਼ੀ ਤਾਲਾਬੰਦੀ ਕਰਕੇ ਫਰਲੋ ਮਾਰਨ ਵਾਲੇ ਮੁਲਾਜ਼ਮਾਂ ਦਾ ਲੰਗਰਾਂ ਰਾਹੀਂ ਢਿੱਡ ਭਰਿਆ। 11 ਜਨਵਰੀ ਤੋਂ ਤਿੰਨ ਦਿਨ ਲਈ ਲਾਏ ਲੰਗਰ ਵਿਚ ਸੱਜਰਾ ਤੇ ਗਰਮ ਸ਼ਾਕਾਹਾਰੀ ਖਾਣਾ ਵਰਤਾਇਆ ਗਿਆ। ਸਿੱਖ ਭਾਈਚਾਰੇ ਨੇ ਲੰਗਰ ਲਈ ਗੁਰਦੁਆਰੇ ਦੇ ਮੀਨੂ ਮੁਤਾਬਕ ਵਸਤਾਂ ਜਿਵੇਂ ਮਸਰਾਂ ਦੀ ਦਾਲ, ਸਬਜ਼ੀਆਂ, ਚੌਲ ਤੇ ਪ੍ਰਸ਼ਾਦੇ ਤਿਆਰ ਕੀਤੇ।
ਸਾਨ ਅੰਤੋਨੀਓ ਦੇ ਗੁਰਦੁਆਰੇ ਦੇ ਪ੍ਰਧਾਨ ਬਲਵਿੰਦਰ ਢਿੱਲੋਂ ਨੇ ਕਿਹਾ, ‘ਸਿੱਖ ਭਾਈਚਾਰਾ ਉਨ੍ਹਾਂ ਸੰਘੀ ਮੁਲਾਜ਼ਮਾਂ ਦੇ ਨਾਲ ਡੱਟ ਕੇ ਖੜ੍ਹਾ ਹੈ, ਜਿਨ੍ਹਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਮਿਲੀਆਂ।’ ਸਾਨ ਅੰਤੋਨੀਓ ਦਾ ਸਿੱਖ ਸੈਂਟਰ ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜੋ 2001 ਵਿਚ ਸਥਾਪਤ ਕੀਤਾ ਗਿਆ ਸੀ। ਗੁਰਦੁਆਰੇ ਵੱਲੋਂ ਨਵੇਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਖਾਣਾ, ਕੱਪੜੇ ਤੇ ਆਸਰਾ ਵੀ ਦਿੱਤਾ ਜਾਂਦਾ ਹੈ।