
ਇੱਕ ਸਵਾਲ - ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਪਹਿਲਾਂ ਹੋਈ ਜਾਂ ਮੀਰੀ-ਪੀਰੀ ਪਹਿਲਾਂ ਧਾਰਨ ਕੀਤੀ?
ਕਿਰਪਾਲ ਸਿੰਘ ਬਠਿੰਡਾ
ਬਠਿੰਡਾ 7 ਜੁਲਾਈ : ਸ਼੍ਰੋਮਣੀ ਕਮੇਟੀ ਦੇ ਕੈਲੰਡਰ ਤੋਂ ਨਹੀਂ ਪਤਾ ਲਗਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਪਹਿਲਾਂ ਧਾਰਨ ਕੀਤੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਪਹਿਲਾਂ ਕੀਤੀ?
ਇਹ ਸ਼ਬਦ ਕਿਰਪਾਲ ਸਿੰਘ ਬਠਿੰਡਾ ਨੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਸਾਧਦਿਆਂ ਕਹੇ।
ਉਨ੍ਹਾਂ ਕਿਹਾ ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਨੂੰ ਇੱਕ ਥੜੇ ਦੀ ਉਸਾਰੀ ਕਰਨ ਲਈ ਨੀਂਹ ਰੱਖੀ।
ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਠੀਕ 20 ਦਿਨਾਂ ਬਾਅਦ ਇਸੇ ਥੜੇ ’ਤੇ ਬੈਠ ਕੇ 6 ਸਾਵਣ ਸੰਮਤ 1663 (5 ਜੁਲਾਈ 1606) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਜਿਨ੍ਹਾਂ ਵਿੱਚੋਂ ਇਕ ‘ਮੀਰੀ’ ਦੀ ਪ੍ਰਤੀਕ ਹੈ ਤੇ ਦੂਜੀ ‘ਪੀਰੀ’ ਦੀ।
ਇਸ ਦਿਨ ਨੂੰ ਮੀਰੀ-ਪੀਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਅੰਗਰੇਜੀ ਕੈਲੰਡਰ ਵਿੱਚ 1752 ਵਿੱਚ ਹੋਈ 11 ਦਿਨ ਦੀ ਸੋਧ ਅਤੇ ਬਿਕ੍ਰਮੀ ਕੈਲੰਡਰ ਦਾ ਰੁੱਤਾਂ ਨਾਲੋਂ ਟੁੱਟ ਰਹੇ ਸਬੰਧ ਕਾਰਨ ਅੱਜ ਕੱਲ੍ਹ 18 ਹਾੜ 15 ਜੂਨ ਦੀ ਬਜਾਏ ਇੱਕ ਜਾਂ ਦੋ ਜੁਲਾਈ ਨੂੰ ਅਤੇ 6 ਸਾਵਣ ਹਰ ਸਾਲ 21 ਜੁਲਾਈ ਨੂੰ ਆ ਰਿਹਾ ਹੈ।
ਨਾਨਕਸ਼ਾਹੀ ਕੈਲੰਡਰ ਵਿੱਚ ਪੱਕੇ ਤੌਰ ’ਤੇ 18 ਹਾੜ ਹਰ ਸਾਲ 2 ਜੁਲਾਈ ਅਤੇ 6 ਸਾਵਣ 21 ਜੁਲਾਈ ਨੂੰ ਆਉਂਦਾ ਹੈ ਅਤੇ ਆਉਂਦੇ ਰਹਿਣਗੇ।
ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਸਾਲ ਮੀਰੀ ਪੀਰੀ ਦਿਵਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਤੋਂ 19-20 ਦਿਨ ਬਾਅਦ ਦੀ ਬਜਾਏ ਇੱਕ ਦਿਨ ਪਹਿਲਾਂ ਵਖਾਇਆ ਅਤੇ ਮਨਾਇਆ ਗਿਆ ਭਾਵ ਮੀਰੀ-ਪੀਰੀ ਦਿਵਸ 17 ਹਾੜ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ 18 ਹਾੜ ਨੂੰ।
ਇਤਿਹਾਸ ਵਿੱਚ ਪਾਏ ਜਾ ਰਹੇ ਇਸ ਵਿਗਾੜ ਸਬੰਧੀ ਸ਼੍ਰੋਮਣੀ ਕਮੇਟੀ ਤੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੀ।
ਇਸ ਵਿਗਾੜ ਦਾ ਮੂਲ ਕਾਰਨ ਇਹ ਹੈ ਕਿ ਕਿ ਬ੍ਰਾਹਮਣੀ ਵੀਚਾਰ ਅਧੀਨ ਸ਼੍ਰੋਮਣੀ ਕਮੇਟੀ ਮੀਰੀ-ਪੀਰੀ ਦਿਵਸ ਚੰਦਰ ਕੈਲੰਡਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਸੂਰਜੀ ਕੈਲੰਡਰ ਅਨੁਸਾਰ ਮਨਾਏ ਜਾਣ ਸਦਕਾ ਸਿੱਖ ਇਤਿਹਾਸ ਵਿੱਚ ਪਹਿਲਾਂ ਆਉਣ ਵਾਲੀ ਘਟਨਾ ਪਿੱਛੋਂ ਅਤੇ ਪਿਛੋਂ ਆਉਣ ਵਾਲੀ ਘਟਨਾ ਪਹਿਲਾਂ ਆ ਜਾਣ ਕਾਰਨ ਮਨ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਮੀਰੀ-ਪੀਰੀ ਪਹਿਲਾਂ ਧਾਰਨ ਕੀਤੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਪਹਿਲਾਂ ਕੀਤੀ? ਸ਼੍ਰੋਮਣੀ ਕਮੇਟੀ ਨੂੰ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਥੇ ਲਿਖਿਆ ਹੈ ਕਿ ਕੁਝ ਇਤਿਹਾਸਕ ਦਿਹਾੜੇ ਚੰਦਰ ਕੈਲੰਡਰ ਅਨੁਸਾਰ ਅਤੇ ਕੁਝ ਸੂਰਜੀ ਕੈਲੰਡਰ ਅਨੁਸਾਰ ਮਨਾ ਕੇ ਹਰ ਸਾਲ ਪੈਦਾ ਕੀਤੀ ਜਾਵੇ।