
-=ਗੁਰਮੁੱਖ ਕਾਮਰੇਡ=--
ਜਗਜੀਤ ਸਿੰਘ ਖ਼ਾਲਸਾ
ਨਾਲ ਦੇ ਪਿੰਡ ਕਿਸੇ ਕੰਮ ਜਾਣਾ ਪਿਆ ਤੇ ਜਿਸ ਨੂੰ ਮਿਲਣਾ ਸੀ, ਉਹ ਪਿੰਡ ਦੇ ਬਾਹਰ ਬੋਹੜ ਦੀ ਛਾਂਵੇਂ ਤਿੰਨ ਹੋਰ ਜਾਣਕਾਰਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ। ਉਨ੍ਹਾਂ ਮੈਂਨੂੰ ਵੀ ਚਰਚਾ ਵਿੱਚ ਸ਼ਾਮਿਲ ਕਰ ਲਿਆ ਤੇ ਗੱਲਬਾਤ ਸਾਧਾਂ ਦੇ ਫੈਲੇ ਮੱਕੜਜਾਲ 'ਤੇ ਚੱਲ ਪਤੀ। ਇੱਕ ਵੀਰ ਜੋ ਚੱਲ ਰਹੀ ਗੱਲਬਾਤ ਤੋਂ ਬਹੁਤ ਔਖਾ ਸੀ, ਮੈਂਨੂੰ ਟੋਕ ਕੇ ਕਹਿੰਦਾ: ਗੁਰਮੁੱਖਾ ਤੇਰਾ ਮਿਸਰਨ ਕਿੰਨਾ ਹੈ?
ਮੈਂ ਕਿਹਾ ਵੀਰ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਇਸ ਸਰੀਰ ਦੇ ਜਿੰਨੇ ਸਾਹ ਚੱਲ ਰਹੇ ਨੇ, ਉਸਦੇ ਧੰਨਵਾਦ ਵਿੱਚ ਸਿਮਰਨ ਹੀ ਹੋ ਗਿਆ ਹੈ। ਮੈਂਨੂੰ ਕਹਿੰਦਾ, ਇਸ ਤਰ੍ਹਾਂ ਦਾ ਸਿਮਰਨ ਨਹੀਂ, ਵਿਧੀ ਨਾਲ ਕਰਨਾ ਚਾਹੀਦਾ ਹੈ। ਮੈਂ ਕਿਹਾ ਕਿਹੜੀ ਵਿਧੀ? ਕਹਿੰਦਾ "ਵਾਹ" ਅੰਦਰ ਤੇ "ਗੁਰੂ" ਬਾਹਰ... ਮੈਂ ਵਿੱਚੋਂ ਹੀ ਬੋਲ ਪਿਆ, ਕਿ ਜੇ "ਗੁਰੂ" ਨੂੰ ਹੀ ਬਾਹਰ ਕਰਤਾ, ਤਾਂ ਪਿੱਛੇ ਕੀ ਰਹਿ ਗਿਆ?
ਮੇਰੀ ਐਨੀ ਗੱਲ ਸੁਣਕੇ, ਉਹ ਗੁੱਸੇ ਵਿੱਚ ਉੱਠ ਕੇ ਕਹਿੰਦਾ ਤੁਰ ਪਿਆ ਤੇ ਕਹਿੰਦਾ "ਗੁਰਮੁੱਖਾ, ਤੂੰ ਮੈਂਨੂੰ ਕਾਮਰੇਡ ਲਗਦੈਂ।" ਪਹਿਲੀ ਵਾਰ ਕਿਸੇ ਕੋਲ਼ੋਂ "ਗੁਰਮੁੱਖ ਕਾਮਰੇਡ" ਲਫ਼ਜ਼ ਸੁਣ ਕੇ ਮੇਰਾ ਹਾਸਾ ਨਿਕਲ ਪਿਆ !