ਚੰਦੀ ਸੁਰਿੰਦਰ ਕੌਰ ਦੀ ਸੱਥ !
ਧਨਾਸਰੀ ਮਹਲਾ 4 ॥
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥
ਹੇ ਭਾਈ, ਸੇਵਕ ਅਖਵਾਣ ਵਾਲੇ, ਸਿੱਖ ਅਖਵਾਣ ਵਾਲੇ ਸਾਰੇ, ਗੁਰੂ ਦਰ ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ, ਉਸ ਉੱਤੇ ਅਮਲ ਕੀਤਾ ਹੈ।1।
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥
ਹੇ ਭਾਈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੇ ਗੁਰੂ-ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫਤ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।1।ਰਹਾਉ।
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ, ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥2॥5॥11॥
ਹੇ ਭਾਈ, ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਸਚਰਜ ਤਮਾਸ਼ੇ ਕਰਨ ਵਾਲਾ ਹੈ। ਹੇ ਦਾਸ ਨਾਨਕ, ਉਹੀ ਮਨੁੱਖ ਪ੍ਰਭੂ ਨੂੰ ਮਿਲ ਸਕਦਾ ਹੈ, ਜਿਸ ਨੂੰ ਪ੍ਰਭੂ ਆਪ ਮਿਲਾਂਦਾ ਹੈ। ਹੇ ਭਾਈ, ਹੋਰ ਸਾਰਾ ਆਸਰਾ-ਪਰਨਾ ਛੱਡ, ਗੁਰੂ ਦੀ ਆਗਿਆ ਵਿਚ ਤੁਰ ਕੇ, ਸਿਫਤ-ਸਾਲਾਹ ਕਰਿਆ ਕਰ, ਪ੍ਰਭੂ ਨੂੰ ਉਹ ਸਿਫਤ-ਸਾਲਾਹ ਹੀ ਪਿਆਰੀ ਲਗਦੀ ਹੈ।2।5।11।
(669)