ਸਰਹਿੰਦ ਫ਼ਤਿਹ ਦਿਵਸ
ਤਾਰੀਖ ਬਨਾਮ ਪ੍ਰਵਿਸ਼ਟਾ
ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬ ਜੀ ਦੇ ਥਾਪੜੇ ਨਾਲ ਦੱਖਣ ਤੋਂ ਤਾਂ ਪੰਜ ਸਿੰਘਾ ਦੇ ਨਾਲ ਹੀ ਤੁਰਿਆਂ ਸੀ ਪਰ, ਪੰਜਾਬ ਤਾਈ ਪਹੁੰਚਦਿਆਂ ਉਸ ਦੇ ਕਾਫਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਬੰਦ ਸਿੱਖ ਵਿੱਚ ਸ਼ਾਮਿਲ ਹੋ ਚੁੱਕੇ ਸਨ। ਬਾਬਾ ਬੰਦਾ ਬਹਾਦਰ ਵੱਲੋਂ ਪਹਿਲੀ ਕਾਰਵਾਈ, ਖਰਖੌਦਾ ਦੇ ਇਲਾਕੇ (ਸੋਨੀਪਤ ਅਤੇ ਰੋਹਤਕ ਦਾ ਇਲਾਕਾ) ਵਿੱਚ, ਸਰਕਾਰੀ ਸ਼ਹਿ ਤੇ ਲੁੱਟ ਮਾਰ ਕਰਨ ਵਾਲਿਆਂ ਖਿਲਾਫ਼ ਕੀਤੀ ਸੀ। ਇਥੋਂ ਸੋਨੀਪਤ ਅਤੇ ਕੈਥਲ ਦਾ ਪ੍ਰਬੰਧ ਖਾਲਸਾ ਪੰਚਾਇਤ ਦੇ ਹਵਾਲੇ ਕਰਕੇ, ਖਾਲਸਾ ਲਸ਼ਕਰ ਸਮਾਣੇ ਆ ਗਰਜਿਆ। ਇਥੋਂ ਦਾ ਪ੍ਰਬੰਧ ਭਾਈ ਫ਼ਤਿਹ ਸਿੰਘ ਨੂੰ ਸੌਂਪ ਕੇ, ਖਾਲਸਾ ਫੌਜਾਂ ਘੁਮਾੜ ਹੁੰਦੀਆਂ ਹੋਈਆਂ ਸਢੌਰੇ ਆ ਪੁੱਜੀਆਂ। ਇਥੋਂ ਦੇ ਕਿਲੇ ਤੇ ਕਬਜਾ ਕਰਕੇ, ਨਿਸ਼ਾਨ ਸਾਹਿਬ ਝੁਲਾ ਦਿੱਤਾ।
ਇਸ ਸਮੇਂ ਦੌਰਾਨ ਬੰਦਾ ਸਿੰਘ ਬਹਾਦਰ ਦੀ ਫੌਜੀ ਅਤੇ ਆਰਥਿਕ ਤਾਕਤ ਵਿੱਚ ਅਥਾਹ ਵਾਧਾ ਹੋ ਚੁੱਕਾ ਸੀ। ਹੁਣ ਇਸ ਤੋਂ ਅਗਲਾ ਨਿਸ਼ਾਨ ਸੀ ਸਰਹਿੰਦ। ਖਾਲਸਾ ਫੌਜਾਂ ਦਾ ਰਾਹ ਰੋਕਣ ਲਈ, ਵਜ਼ੀਰ ਖਾਨ ਦੀਆਂ ਫੌਜਾਂ ਨੇ ਚੱਪੜ ਚਿੜੀ (ਛੱਪੜ ਅਤੇ ਝਿੜੀ) ਦੇ ਮੈਦਾਨ ਵਿੱਚ ਮੋਰਚਾ ਆ ਮੱਲਿਆ।
ਸਿੱਖ ਇਤਿਹਾਸ ਵਿੱਚ ਸਭ ਤੋਂ ਮਹੱਤਵ ਪੂਰਨ ਲੜਾਈ ਚੱਪੜ ਚਿੜੀ ਦੇ ਮੈਦਾਨ ਵਿੱਚ 12 ਮਈ 1710 ਈ: (ਜੂਲੀਅਨ) ਨੂੰ ਹੋਈ ਸੀ, ਜਿਸ ਵਿੱਚ ਮੁਗਲ ਫੌਜਾ ਨੂੰ ਲੱਕ-ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨੇ ਖਾਲਸਾ ਰਾਜ ਦਾ ਮੁੱਢ ਬੰਨਿਆਂ ਸੀ। ਡਾ ਸੁਖਦਿਆਲ ਸਿੰਘ ਨੇ ਇਹ ਤਾਰੀਖ 22 ਮਈ 1710 ਈ;
ਲਿਖੀ ਹੈ। ( ਬੰਦਾ ਬਹਾਦਰ ਦਾ ਇਤਿਹਾਸਕ ਅਧਿਐਨ ਪੰਨਾ 111) ਚੱਪੜ ਚਿੜੀ ਦੀ ਲੜਾਈ ਦੀ ਤਾਰੀਖ ਸਰਕਾਰੀ ਕੈਲੰਡਰ ਮੁਤਾਬਕ 24 ਰਬਿਉਲ ਅਵਲ ਸੰਮਤ 1122 ਹਿਜਰੀ ਲਿਖੀ ਮਿਲਦੀ ਹੈ।
Later Mughals ਦੇ ਕਰਤਾ William Irvine (1840-1911) ਨੇ ਵੀ ਇਹ ਤਾਰੀਖ ਹੀ ਲਿਖੀ ਹੈ, “This was on the 24 Rabi I , 1122 (22nd May 1710) “ (Page 95)। ਯਾਦ ਰਹੇ ਵਿਲੀਅਮ ਇਰਵਿਨ ਪਹਿਲੇ ਪੰਨੇ ਉੱਪਰ ਹੀ ਅੰਗਰੇਜੀ ਤਾਰੀਖ ਦੇ ਨਾਲ ‘New Style’ ਲਿਖਿਆ ਹੈ ਜਿਸ ਦਾ ਭਾਵ ਹੈ
ਗਰੈਗੋਰੀਅਨ ਕੈਲੰਡਰ । ਹੁਣ ਜੇ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਬਦਲੀ ਕਰੀਏ ਤਾਂ ਇਹ ਸ਼ਨਿਚਰਵਾਰ, 13 ਮਈ, 1710 ਈ: (ਜੂਲੀਅਨ) ਬਣਦੀ ਹੈ। ਇਥੇ ਇਕ ਹੋਰ ਸਮੱਸਿਆ ਆ ਗਈ ਹੈ ਕਿ 12 ਮਈ ਸਹੀ ਹੈ ਜਾਂ 13, ਮਈ ਹੈ? ਹਿਜਰੀ ਕੈਲੰਡਰ ਵਿੱਚ ਮਹੀਨੇ ਦਾ ਆਰੰਭ ਚੰਦ ਦੇ ਵਿਖਾਈ ਦੇਣ
(Observational) ਨਾਲ ਹੁੰਦਾ ਹੈ। ਨਾ ਕਿ ਗਿਣਤੀਆਂ-ਮਿਣਤੀਆਂ (Arithmetic) ਨਾਲ। ਇਸ ਲਈ ਇਕ ਦਿਨ ਦਾ ਫਰਕ ਹੈ।
ਡਾ ਹਰਚੰਦ ਸਿੰਘ ਸਰਹੱਦੀ ਨੇ ਆਪਣੀ ਕਿਤਾਬ ਵਿੱਚ ਦਿਨ “ਜੁਮਾ” (ਸ਼ੁਕਰਵਾਰ) ਵੀ ਲਿਖਿਆ ਹੋਇਆ ਹੈ। ਇਸ ਲਈ 12 ਮਈ (ਸ਼ੁਕਰਾਵਾਰ) ਨੂੰ ਹੀ ਸਹੀ ਮੰਨ ਕੇ ਚਲਦੇ ਹਾਂ।
ਕਿਉਂਕਿ ਇਹ ਤਾਰੀਖ ਸਤੰਬਰ 1752 ਈ: ਤੋਂ ਪਹਿਲਾ ਦੀ ਹੈ। ਇਸ ਲਈ ਇਹ ਜੂਲੀਅਨ ਕੈਲੰਡਰ ਅਨੁਸਾਰ ਹੈ। ਭਾਵੇਂ ਰੋਮ ਵਾਸੀਆਂ ਨੇ ਅਕਤੂਬਰ, 1582 ਈ: ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ ਗਰੈਗੋਰੀਅਨ ਕੈਲੰਡਰ ਬਣਾ ਲਿਆ ਸੀ, ਪਰ ਇੰਗਲੈਂਡ ਨੇ ਇਸ ਸੋਧ ਨੂੰ 1752 ਈ: ਵਿੱਚ ਮਾਨਤਾ ਦਿੱਤੀ ਸੀ।
ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਣ ਨਾਲ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਆਪਣੇ ਦੇਸ਼ ਵਿੱਚ ਜੂਲੀਅਨ ਕੈਲੰਡਰ ਕਦੇ ਵੀ ਲਾਗੂ ਨਹੀਂ ਹੋਇਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ, ਉਸ ਅਨੁਸਾਰ ਇਤਿਹਾਸਕ ਦਿਹਾੜੇ ਕਿਵੇਂ ਮਨਾਏ ਜਾ ਸਕਦੇ ਹਨ? ਹੁਣ ਜੇ ਇਸ ਤਾਰੀਖ ਨੂੰ ਬਿਕ੍ਰਮੀ ਕੈਲੰਡਰ ਵਿੱਚ ਬਦਲੀ ਕਰੀਏ ਤਾਂ ਇਹ 14 ਜੇਠ ਸੰਮਤ 1767 ਬਿਕ੍ਰਮੀ ਬਣਦੀ ਹੈ।
ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਚੱਪੜ ਚਿੜੀ ਦੇ ਮੈਦਾਨ ਵਿੱਚ ਯੁੱਧ 14 ਜੇਠ ਸੰਮਤ 1767 ਬਿਕ੍ਰਮੀ ਦਿਨ ਸ਼ੁਕਰਵਾਰ ਨੂੰ ਹੋਇਆ ਸੀ। 16 ਜੇਠ ਨੂੰ ਸਰਹਿੰਦ ਉੱਪਰ ਕਬਜਾ ਕੀਤਾ ਗਿਆ ਸੀ। ਪਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਪਿਛਲੇ ਕਈ ਸਾਲਾਂ ਦੇ ਕੈਲੰਡਰ ਵਿੱਚ “ਬਾਬਾ ਬੰਦਾ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦਿਵਸ” 12 ਮਈ ਦਾ ਦਰਜ ਕੀਤਾ ਜਾਂਦਾ ਹੈ।
ਸੰਮਤ 546 ਨਾਨਕਸ਼ਾਹੀ ਦੇ ਕੈਲੰਡਰ ਵਿੱਚ ‘ਸਰਹਿੰਦ ਫ਼ਤਿਹ ਦਿਵਸ” 14 ਮਈ ਦਾ ਦਰਜ ਹੈ। ਜੋ ਕੇ ਸਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਇਹ ਦਿਹਾੜੇ 10 ਤੋਂ 12 ਮਈ ਤੀਕ ਮਨਾਏ ਜਾ ਰਹੇ ਹਨ।
ਬਾਬਾ ਬੰਦਾ ਬਹਾਦਰ ਦੀ ਸ਼ਹੀਦੀ 11 ਹਾੜ ਸੰਮਤ 1773 ਬਿਕ੍ਰਮੀ, 29 ਜਮਾਦੀ ਉਲ ਸਾਨੀ 1129 ਹਿਜਰੀ, ਦਿਨ ਸ਼ਨਿਚਰਵਾਰ ਨੂੰ ਹੋਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਇਹ ਦਿਹਾੜਾ ਹਰ 11 ਹਾੜ ਦਾ ਹੀ ਦਰਜ ਹੈ। ਹੁਣ ਜੇ ਇਸ ਪ੍ਰਵਿਸ਼ਟੇ ਨੂੰ ਤਾਰੀਖ ਵਿਚ ਬਦਲੀ ਕਰੀਏ ਤਾਂ ਇਹ 9 ਜੂਨ, 1716 ਈ:(ਜੂਲੀਅਨ) ਬਣਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ, ਸਰਹਿੰਦ ਫ਼ਤਿਹ ਦਿਵਸ ਤਾਂ ਅੰਗਰੇਜੀ ਤਾਰੀਖਾਂ ਮੁਤਾਬਕ ਮਨਾਉਂਦੀ ਹੈ। ਅਤੇ ਬਾਬਾ ਬੰਦਾ ਬਹਾਦਰ ਦਾ ਸ਼ਹੀਦੀ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ। ਹੁਣ ਇਹ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਇਹ ਦੋਵੇਂ ਦਿਹਾੜੇ ਇਕੋ ਕੈਲੰਡਰ ਮੁਤਾਬਕ, 12 ਮਈ ਅਤੇ 9 ਜੂਨ (ਤਾਰੀਖਾਂ ਮੁਤਾਬਕ) ਜਾਂ 14 ਜੇਠ ਅਤੇ 11 ਹਾੜ ( ਪ੍ਰਵਿਸ਼ਟਿਆਂ) ਮੁਤਾਬਕ ਕਿਉ ਨਹੀਂ ਮਨਾਏ ਜਾ ਸਕਦੇ?
ਸਰਵਜੀਤ ਸਿੰਘ ਸੈਕਰਾਮੈਂਟੋ
ਸਰਹਿੰਦ ਫ਼ਤਿਹ ਦਿਵਸ
Page Visitors: 4