
ਬਿਬੇਕ ਬੁੱਧੀ ਨਾਲ ਸ਼ੇਰ, ਖੋਤੇ, ਹੰਸ ਅਤੇ ਬਗਲੇ ਨੂੰ ਪਛਾਣੋ
ਅਵਤਾਰ ਸਿੰਘ ਮਿਸ਼ਨਰੀ 510 432 5827
ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਅਤੇ ਬਗਲਾ ਚਿੱਟੇ ਰੰਗ ਕਰਕੇ ਹੰਸ ਨਹੀਂ ਬਣ ਜਾਂਦਾ। ਇਵੇਂ ਹੀ ਕੋਈ ਨੀਲਾ ਬਾਣਾ ਪਾ ਕੇ ਸਿੰਘ ਅਤੇ ਚਿੱਟਾ ਪਾ ਕੇ ਸੰਤ ਨਹੀਂ ਬਣ ਸਕਦਾ। ਜਿਵੇਂ ਹੰਸ ਦੀ ਖੁਰਾਕ ਮੋਤੀ ਹਨ ਤੇ ਬਗਲੇ ਦੀ ਡੱਡੀਆਂ-ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੈ (ਗੁਰੂ ਗ੍ਰੰਥ) ਓਂਵੇ ਹੀ ਸਿੱਖ (ਸਿੰਘ) ਦੀ ਆਤਮ ਖੁਰਾਕ "ਗੁਰੂ ਗ੍ਰੰਥ ਸਾਹਿਬ ਦੀ ਬਾਣੀ" ਅਤੇ ਬਗਲੇ ਭਗਤਾਂ ਦੀ ਖੁਰਾਕ ਤ੍ਰੀਆ ਚਰਿਤ੍ਰਾਂ ਅਤੇ ਬਾਮਣਵਾਦੀ ਮਿਥਿਹਾਸਕ ਗ੍ਰੰਥਾਂ ਦੀਆਂ ਮਨਘੜਤ ਕਥਾਵਾਂ ਹਨ।
ਅੱਜ ਅਸਲੀ ਸਿੱਖ ਦੀ ਪਹਿਚਾਨ ਇਕੱਲੇ ਬਾਣੇ ਤੋਂ ਨਹੀਂ, ਸਗੋਂ ਉਸ ਦੇ ਗੁਰਮੱਤੀ ਕਰਮਾਂ ਤੋਂ ਕਰਨੀ ਚਾਹੀਦੀ ਹੈ ਜੇ ਕਰਮ ਜਨਤਾ ਲੋਟੂ ਪੇਟੂ ਠੱਗ ਬਾਮਣਾਂ ਵਾਲੇ ਹਨ ਤਾਂ ਭਾਂਵੇ ਅਜਿਹਾ ਢੋਂਗੀ ਅਤੇ ਭੇਖੀ ਪੰਜ ਕਕਾਰ, ਗੋਲ ਪੱਗ, ਦੁਮਾਲੇ ਅਤੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਕ੍ਰਿਪਾਨਾਂ ਫੜੀ ਫਿਰੇ, ਉਹ ਗੁਰਸਿੱਖ ਨਹੀਂ ਹੋ ਸਕਦਾ, ਸਗੋਂ ਬਾਮਣਾਂ, ਮੀਣਿਆਂ, ਮਸੰਦਾਂ, ਭੂਤਾਂ ਵਾਲੇ ਵਡਭਾਗੀਆਂ, ਨਿਰਮਲੇ, ਉਦਾਸੀ, ਨਕਲੀ ਨਿਰੰਕਾਰੀ, ਗੁਰੂ ਦੇ ਸ਼ਰੀਕ ਨਾਮਧਾਰੀ ਅਤੇ ਰਾਧਾ ਸੁਵਾਮੀ ਆਦਿਕ ਡੇਰੇਦਾਰ ਦੇਹਧਾਰੀ ਗੁਰੂਡੰਮ ਦਾ ਪੈਰੋਕਾਰ ਹੀ ਕਿਹਾ ਜਾ ਸਕਦਾ ਹੈ।
ਹੁਣ ਵੇਲਾ ਆ ਗਿਆ ਹੈ ਕਿ ਛੇਤੀ ਤੋਂ ਛੇਤੀ ਪੰਥਕ ਖੇਤ ਵਿੱਚੋਂ ਇਨ੍ਹਾਂ ਜਨਤਾ ਦਾ ਖੂਨ ਪੀਣ ਵਾਲੀਆਂ ਚਿੱਟੀਆਂ ਸਿਉਂਕਾਂ ਅਤੇ ਨਦੀਨਾਂ ਦੀ ਕਾਂਗਿਆਰੀ ਬਾਹਰ ਕੱਢ੍ਹੀ ਜਾਵੇ, ਨਹੀਂ ਤਾਂ ਪੰਥਕ ਖੇਤ ਵਿਰਾਨ ਹੋ ਜਾਵੇਗਾ, ਅਤੇ ਇਹ ਆਪੂੰ ਬਣੇ ਜਥੇਦਾਰ, ਸੰਤ, ਮਹਾਤਮਾਂ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਣਗੇ। ਇਨ੍ਹਾਂ ਦੀ ਅਸਲੀ ਪਹਿਚਾਨ ਬਿਬੇਕ ਬੁੱਧੀ ਵਰਤ ਕੇ ਹੀ ਕੀਤੀ ਜਾ ਸਕਦੀ ਹੈ ਨਾਂ ਕਿ ਅੰਨ੍ਹੇਵਾਹ ਇਨ੍ਹਾਂ ਅੱਗੇ ਸਿਰ ਝੁਕੁਣ ਨਾਲ-
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥