
*ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀਆਂ ਵੱਲੋਂ ਸਾਂਝੀ ਸੋਚ ਅਖਬਾਰ ਦੇ ਸੰਚਾਲਕ ਬੂਟਾ ਸਿੰਘ ਬਾਸੀ ਤੇ ਕੀਤੇ ਗਏ ਕਤਲਾਨਾਂ ਹਮਲੇ ਦੀ ਜੋਰਦਾਰ ਨਿਖੇਦੀ*
*(ਅਵਤਾਰ ਸਿੰਘ ਮਿਸ਼ਨਰੀ +510 432 9444 )* ਬੀਤੀ ੧੯ ਮਈ ਸੰਨ ੨੦੧੫ ਨੂੰ ਪੰਜਾਬੀ ਦੀ ਸਿਰਕੱਢ ਅਖਬਾਰ *“ਸਾਂਝੀ ਸੋਚ”* ਦੇ ਸੰਚਾਲਕ ਤੇ ਸੰਪਾਦਕ ਬੂਟਾ ਸਿੰਘ ਬਾਸੀ ਤੇ ਵਿਰੋਧੀਆਂ ਵੱਲੋਂ ਗਿਣਮਿਥ ਕੇ ਕਤਲਾਨਾਂ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਗੰਭੀਰ ਜਖਮੀ ਹੋ ਗਏ। ਜਰਾ ਸੋਚੋ ਹਥਿਆਰਾਂ ਨਾਲ ਹਮਲੇ ਹਮਲਾਵਰਾਂ ਤੇ ਹੀ ਕੀਤੇ ਜਾਂਦੇ ਹਨ ਨਾਂ ਕਿ ਪੱਤਰਕਾਰਾਂ, ਲੇਖਕਾਂ, ਪ੍ਰਚਾਰਕਾਂ, ਅਧਿਆਪਕਾਂ ਜਾਂ ਵਿਗਿਆਨੀਆਂ ਤੇ ਜੋ ਕਲਮ ਨਾਲ ਖਬਰਾਂ, ਲੇਖ, ਕਹਾਣੀਆਂ, ਕਵਿਤਾਵਾਂ ਤੇ ਇਤਿਹਾਸ ਲਿਖਦੇ, ਪ੍ਰਚਾਰਦੇ, ਪੜਾਉਂਦੇ ਤੇ ਖੋਜਾਂ ਕਰਦੇ ਹਨ।
ਅਖਬਾਰ ਨੂੰ ਜੋ ਖਬਰ ਦਿੱਤੀ ਜਾਂਦੀ ਜਾਂ ਘਟਨਾਂਕ੍ਰਮ ਵਾਲੀ ਥਾਂ ਤੇ ਪਹੁੰਚ ਕੇ ਖੁਦ ਲਿਖਦਾ ਹੈ। ਕੁਝ ਲੋਕਾਂ ਜਾਂ ਜਥੇਬੰਦੀਆਂ ਵੱਲੋਂ ਪੇਅਡ ਖਬਰਾਂ ਜਾਂ ਇਸ਼ਤਿਹਾਰ ਵੀ ਲਵਾਏ ਜਾਂਦੇ ਹਨ ਜਿਨ੍ਹਾਂ ਨਾਲ ਪੱਤ੍ਰਕਾਰ ਦਾ ਸਹਿਮਤ ਹੋਣਾਂ ਕੋਈ ਜਰੂਰੀ ਨਹੀਂ ਹੁੰਦਾ। ਹਾਂ ਜੇ ਕੋਈ ਖਬਰ ਜਾਂ ਹੋਰ ਸਮਗਰੀ ਕਿਸੇ ਦੇ ਵਿਰੁੱਧ ਲਿਖਵਾਈ ਗਈ ਹੋਵੇ ਜਾਂ ਉਸ ਨਾਲ ਕਿਸੇ ਦੇ ਮਨ ਨੂੰ ਠੇਸ ਪਾਹੁੰਚੇ ਤਾਂ ਉਸ ਦਾ ਢੁੱਕਵਾਂ ਜਵਾਬ ਲਿਖਤ ਰਾਹੀਂ ਹੀ ਦਿੱਤਾ ਜਾਣਾਂ ਚਾਹੀਦਾ ਹੈ ਨਾਂ ਕਿ ਗੁੱਸੇ ਵਿੱਚ ਆ ਕੇ ਹਥਿਆਰਾਂ ਨਾਲ।
ਫਿਰ ਵਿਦੇਸ਼ਾਂ ਵਿਖੇ ਮਾਂ ਬੋਲੀ ਪੰਜਾਬੀ ਦੀਆਂ ਅਖਬਾਰਾਂ ਕੱਢਣੀਆਂ ਕੋਈ ਅਸਾਨ ਨਹੀਂ ਹਨ ਜੇ ਤੁਸੀਂ ਉਨ੍ਹਾਂ ਦੀ ਹਮਾਇਤ ਨਹੀਂ ਕਰ ਸਕਦੇ ਤਾਂ ਧਮਕੀਆਂ ਤੇ ਹਮਲਿਆਂ ਨਾਲ ਬੰਦ ਕਰਾਉਣ ਦੀ ਸ਼ਰਾਰਤ ਕਿੱਧਰ ਦੀ ਸਿਆਣਪ ਹੈ?
ਇਹ ਸੰਵਾਦ ਅਤੇ ਸਵਾਲ ਜੁਵਾਬ ਵਿੱਚ ਹਾਰੇ ਹੋਏ ਲੋਕਾਂ ਦਾ ਹੀ ਕੰਮ ਹੁੰਦਾ ਹੈ। ਇਹ ਲੋਕ ਹਰ ਥਾਂ ਧੱਕੇ ਨੂੰ ਪਹਿਲ ਦਿੰਦੇ ਹਨ। ਧਰਮ ਪ੍ਰਚਾਰਕਾਂ, ਲੇਖਕਾਂ, ਤੇ ਤਰਕਸ਼ੀਲਾਂ ਨਾਲ ਵੀ ਧੱਕਾ ਮੁੱਕੀ ਕਰਦੇ ਹਨ। ਇਹ ਆਪੋ ਆਪਣੇ ਡੇਰੇਦਾਰ ਸੰਤਾਂ, ਸੰਪ੍ਰਦਾਈਆਂ ਜਾਂ ਜਥੇਬੰਦੀਆਂ ਦੇ ਅੰਨ੍ਹੇ ਭਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਅਦਿਕ ਧਰਮ ਗ੍ਰੰਥਾਂ ਨੂੰ ਪੜ੍ਹ, ਵਿਚਾਰ ਕੇ ਅਮਲ ਵਿੱਚ ਲਿਆਉਣ ਦੀ ਥਾਂ ਕੇਵਲ ਦਿਖਾਵੇ ਦੇ ਮੱਥੇ ਟੇਕਦੇ ਤੇ ਭਾੜੇ ਦੇ ਪਾਠ ਕਰਾ ਕੇ ਦਾਨੀ ਤੇ ਧਰਮੀ ਹੋਣ ਦਾ ਡੰਨ ਭਰਦੇ ਰਹਿੰਦੇ ਹਨ। ਜਰਾ ਸੋਚੋ! ਪੱਤ੍ਰਕਾਰਾਂ ਜਾਂ ਚਿੰਤਕਾਂ ਤੇ ਹਮਲੇ ਕਰਨੇ ਬਹਾਦਰੀ ਨਹੀਂ ਸਗੋਂ ਕਾਇਰਤਾ ਹੈ। ਹਾਂ ਜੇ ਅਕਲ ਦੇ ਖਾਨੇ ਵਿੱਚ ਦਮ ਹੈ ਤਾਂ ਲਿਖਤ ਦਾ ਜਵਾਬ ਲਿਖਤ ਵਿੱਚ ਦੇਵੋ ਨਾਂ ਕਿ ਡਾਂਗਾਂ ਸੋਟਿਆਂ, ਤਲਵਾਰਾਂ ਜਾਂ ਹੋਰ ਮਾਰੂ ਹਥਿਆਰਾਂ ਨਾਲ।
ਗੁਰੂ ਗ੍ਰੰਥ ਦੇ ਬਰਾਬਰ ਹੋਰ ਹੋਰ ਗ੍ਰੰਥਾਂ ਤੇ ਪੋਥੀਆਂ ਦਾ ਪ੍ਰਕਾਸ਼ ਕਰਨ ਵਾਲਿਆਂ, ਨਸ਼ਿਆਂ ਤੇ ਸੈਕਸੀ ਕਿਸੇ ਕਹਾਣੀਆਂ ਛਾਪਣ ਵਾਲਿਆਂ, ਬਲਾਤਕਾਰੀਆਂ, ਲੂੰਬੜ ਲੀਡਰਾਂ ਅਤੇ ਭੇਖੀ ਸਾਧਾਂ ਮੂਹਰੇ ਤੁਹਾਡੇ ਹਥਿਆਰ ਖੁੰਡੇ ਕਿਉਂ ਹੋ ਜਾਂਦੇ ਹਨ? ਜਰਾ ਹੋਸ਼ ਤੋਂ ਕੰਮ ਲਵੋ ਕੌਮ ਤਾਂ
ਪਹਿਲੇ ਹੀ ਗੁਲਾਮੀ ਅਤੇ ਜੁਲਮਾਂ ਦਾ ਸੰਤਾਪ ਭੋਗ ਰਹੀ ਹੈ। ਬਹੁਤੇ ਵਿਰੋਧੀਆਂ ਦੇ ਅਖਬਾਰ ਤੇ ਕਲਮਾਂ ਸਰਕਾਰੀ ਸਰਪ੍ਰਸਤੀ ਅਤੇ ਪੈਸੇ ਦੇ ਲਾਲਚ ਹੇਠ ਪੰਜਾਬੀਆਂ ਤੇ ਸਿੱਖ ਕੌਮ ਦੇ ਵਿਰੁੱਧ ਲਿਖਦੇ ਰਹਿੰਦੇ ਹਨ। ਜੇ ਤੁਹਾਨੁੰ ਕੋਈ ਸ਼ੰਕਾ ਹੈ ਤਾਂ ਲਿਖਤ ਦਾ ਜੁਵਾਬ ਲਿਖਤ ਵਿੱਚ ਦਿਓ ਨਾਂ ਕਿ ਹੁਲੜਬਾਜੀ ਅਤੇ ਹਥਿਆਰਾਂ ਨਾਲ। ਬੇਨਤੀ ਕਰਦੇ ਹਾਂ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਅਤੇ ਸਿੱਖਾਂ ਦੀ ਸ਼ਵੀ ਖਰਾਬ ਨਾਂ ਕਰੋ। ਅਸੀਂ ਪੱਤਰਕਾਰ ਬੂਟਾ ਸਿੰਘ ਬਾਸੀ ਤੇ ਹੋਏ ਇਸ ਹੁਲੜਬਾਜੀ ਵਾਲੇ ਹਮਲੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਾਂਝੀ ਸੋਚ ਅਖਬਾਰ ਦੇ ਪੱਤਰਕਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।