
*ਪਤੰਜਲੀ ਯੋਗ, ਗੁਰਦੁਆਰੇ ਅਤੇ ਗੁਰਮਤਿ*
*ਅਵਤਾਰ ਸਿੰਘ ਮਿਸ਼ਨਰੀ* *(5104325827)
ਗੁਰਮੱਤ ਜਿਸਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਹਨ ਜੋ ਸਾਰੇ ਮੱਤਾਂ ਤੋਂ ਨਿਆਰਾ, ਕਰਮਸ਼ੀਲ, ਯਤਨਸ਼ੀਲ ਅਤੇ ਗਿਆਨ-ਵਿਗਿਆਨ ਦਾ ਸੋਮਾਂ ਹੈ ਅਤੇ ਜਿਸ ਵਿੱਚ ਰੱਬੀ ਗੁਰੂਆਂ-ਭਗਤਾਂ ਦੇ ਸੁਨਹਿਰੀ ਉਪਦੇਸ਼ ਹਨ। ਅੰਧਵਿਸ਼ਵਾਸ਼ੀ ਲੋਕ ਇਸ ਅਗਾਂਹ ਵਧੂ ਅਤੇ ਕ੍ਰਿਆਸ਼ੀਲ ਮੱਤ ਨੂੰ ਬਰਦਾਸ਼ਤ ਨਾਂ ਕਰਦੇ ਹੋਏ ਇਸ ਵਿੱਚ ਵੀ ਫੋਕੇ ਕਰਮਕਾਂਡਾਂ ਦਾ ਰਲਾ ਕਰਨ ਲਈ ਆਏ ਦਿਨ ਵੱਖ-ਵੱਖ ਰੂਪਾਂ ਵਿੱਚ ਤਰਲੋਮੱਛੀ ਹੋ ਰਹੇ ਹਨ। ਸਾਨੂੰ ਇਸ ਮਾਜਰੇ ਨੂੰ ਗੰਭੀਰਤਾ ਨਾਲ ਸਮਝਣ ਦੀ ਅਤਿਅੰਤ ਲੋੜ ਹੈ। ਸਮੁੱਚੇ ਸੰਸਾਰ ਦਾ ਰੱਬੀ ਧਰਮ ਇੱਕ ਹੀ ਹੈ ਪਰ ਮੱਤ (ਮਜ਼ਹਬ) ਬਹੁਤ ਹਨ ਜਿਵੇਂ ਜੈਨਮੱਤ, ਬੁੱਧਮੱਤ, ਯਹੂਦੀਮੱਤ, ਈਸਾਈਮੱਤ, ਇਸਲਾਮਮੱਤ ਅਤੇ ਸਿੱਖਮੱਤ (ਗੁਰਮੱਤ) ਆਦਿਕ ਕਈ ਹੋਰ ਮੱਤ ਵੀ ਹਨ ਇਵੇਂ ਹੀ ਇਨ੍ਹਾਂ ਵਿੱਚ ਇੱਕ ਯੋਗਮੱਤ ਵੀ ਹੈ, ਇਸਦੇ ਆਪਣੇ ਵੱਖਰੇ ਨਿਯਮ-ਸਾਧਨ ਹਨ ਜਿਨ੍ਹਾਂ ਦਾ ਅੱਜ ਕੱਲ੍ਹ ਇੰਗਲਿਸ਼ ਦੇ ਵਰਡ *(**Yoga)* ਯੋਗਾ ਟਾਈਟਲ ਹੇਠ ਪ੍ਰਚਾਰ ਹੋ ਰਿਹਾ ਹੈ। ਆਓ ਆਪਾਂ ਇਸ ਬਾਰੇ ਵਿਚਾਰ-ਵਿਟਾਂਦਰਾ ਕਰੀਏ। ਮਹਾਨਕੋਸ਼ ਅਨੁਸਾਰ ਜੋਗ ਪੰਜਾਬੀ ਅਤੇ ਯੋਗ ਸੰਸਕ੍ਰਿਤ ਦੇ ਲਫਜ਼ ਹਨ, ਪ੍ਰਕਰਣ ਅਨੁਸਾਰ ਅਰਥ ਹਨ। ਜਿਵੇਂ *ਜੋਗ*-ਨੂੰ, ਕੋ, ਪ੍ਰਤਿ, ਤਾਈਂ ਜਿਵੇਂ-*ਲਿਖਤਮ ਉੱਤਮ ਸਿੰਘ ਜੋਗ ਭਾਈ ਗੁਰਮੁਖ ਸਿੰਘ* ਅਤੇ *"ਤਿਤੁ ਮਹਲੁ ਜੋ ਸ਼ਬਦੁ ਹੋਆ ਸੋ ਪੋਥੀ ਗੁਰਿ ਅੰਗਦ ਜੋਗੁ ਮਿਲੀ"*
*ਜੋਗ*-ਲੀਏ, ਵਾਸਤੇ, ਲਈ-
*ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥ (੧੪੧੨)*
* ਜੋਗ* -ਉਚਿੱਤ, ਲਾਇਕ, ਕਾਬਲ-
*ਨਾਨਕ ਸਦਾ ਧਿਆਈਐ ਧਿਆਵਨ ਜੋਗ ॥ (੨੬੯)*
*ਜੋਗ*-ਮੇਲ, ਜੁੜਨਾ
*ਜੋਗ*-ਸਮਰੱਥ-
*ਪ੍ਰਭੁ ਸਭਨਾ ਗਲਾ ਜੋਗਾ ਜੀਉ ॥ (੧੦੮)*
*ਯੋਗਾ-*ਪਤੰਜਲਿ ਰਿਖੀ ਨਾਲ ਸਬੰਧਤ ਹੈ ਅਤੇ ਇਸਦੇ ਹਠਯੋਗ ਨਾਲ ਚਿੱਤ ਨੂੰ ਇਕਾਗਰ ਕਰਨ ਦੇ ਸਾਧਨ ਹਨ। *ਗੁਰਮਤਿ ਮਾਰਤੰਡ ਅਨੁਸਾਰ ਮੁੱਖ ਤੌਰ ਤੇ ਯੋਗ ਦੋ ਪ੍ਰਕਾਰ ਦਾ ਹੈ*-*ਹਠਯੋਗ* ਅਤੇ *ਸਹਜਯੋਗ*।
*ਹਠਯੋਗ-*ਜੋਗੀਆਂ, ਨਾਥਾਂ ਦਾ ਮਾਰਗ ਅਤੇ ਸਹਜਯੋਗ ਭਗਤਾਂ ਆਦਿਕ ਗੁਰਮੱਤ ਅਵਿਲੰਬੀਆਂ ਦਾ ਮਾਰਗ ਹੈ। ਹਠਯੋਗ ਵਿੱਚ ਸਰੀਰ ਨੂੰ ਗੈਰ-ਕੁਦਰਤੀ ਕਸ਼ਟ ਵੀ ਦਿੱਤੇ ਜਾਂਦੇ ਹਨ ਪਰ ਸਹਜਯੋਗ ਵਿੱਚ ਗ੍ਰਹਿਸਤ ਵਿੱਚ ਰਹਿੰਦਿਆ ਪ੍ਰੇਮਾਂ-ਭਗਤੀ ਕਰਕੇ ਮਨ ਸ਼ਾਂਤ ਕੀਤਾ ਜਾਂਦਾ ਹੈ। ਮੁੱਖ ਤੌਰ ਤੇ ਚਿੱਤ-ਬਿਰਤੀਆਂ ਨੂੰ ਰੋਕਣ ਦਾ ਨਾਉਂ ਯੋਗ ਹੈ ਪਰ ਯੋਗੀ ਲੋਕ ਇਸ ਵਾਸਤੇ *ਹਠਯੋਗ* ਕਰਦੇ ਹਨ। *ਹਠ-ਯੋਗ ਦੇ ਅੱਠ ਅੰਗ ਹਨ*-
੧. *ਯਮ *(ਅਹਿੰਸਾ, ਸਤਯ, ਪਰ-ਧਨ, ਪਰ-ਇਸਤ੍ਰੀ ਦਾ ਤਿਆਗ, ਨੰਮ੍ਰਤਾ ਅਤੇ ਧੀਰਯ
੨. ਨਿਯਮ (ਪਵਿਤ੍ਰਤਾ, ਸੰਤੋਖ, ਤਪ, ਵਿਦਿਆ ਅਭਿਆਸ, ਹੋਮ, ਦਾਨ ਅਤੇ ਸ਼ਰਧਾ
੩. ਆਸਣ-ਯੋਗੀਆਂ ਨੇ ੮੪ ਲੱਖ ਮੰਨੀ ਗਈ ਜੀਵਾਂ ਦੀ ਬੈਠਕ ਵਿੱਚੋਂ ਚੁਣ ਕੇ ੮੪ ਆਸਨ ਪੁਸਤਕਾਂ ਵਿੱਚ ਲਿਖੇ ਹਨ ਜਿਨ੍ਹਾਂ ਵਿੱਚੋਂ ਕੂਰਮਾਸਨ, ਮਯੂਰਾਸਨ, ਮਾਂਡੂਕਾਸਨ,ਹੰਸਾਸਨ, ਵੀਰਾਸਨ ਆਦਿਕ ਪਰ ਅਭਿਆਸੀ ਵਾਸਤੇ *ਸਿੱਧਾਸਨ ਅਤੇ ਮਦਮਾਸਨ* ਦੋ ਹੀ ਸ਼੍ਰੋਮਣੀ ਮੰਨੇ ਹਨ। *ਸਿੱਧਾਸਨ*-ਗੁਦਾ ਅਤੇ ਲਿੰਗ ਦੇ ਵਿੱਚਕਾਰ ਜੋ ਨਾੜੀ ਹੈ ਉਸ ਨੂੰ ਖੱਬੇ ਪੈਰ ਦੀ ਅੱਡੀ ਨਾਲ ਦਬਾਉਣਾ, ਸੱਜੇ ਪੈਰ ਦੀ ਅੱਡੀ ਪੇਂਡੂ ਉੱਤੇ ਰੱਖਣੀ, ਦੋਹਾਂ ਪੈਰਾਂ ਦੇ ਅੰਗੂਠੇ ਲੱਤਾਂ ਹੇਠ ਲੁਕੋ ਲੈਣੇ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਰੱਖ ਕੇ ਠੋਡੀ ਨੂੰ ਅਚੱਲ ਕਰਨਾ, ਨੇਤ੍ਰਾਂ ਦੀ ਟਕ ਭੌਹਾਂ ਦੇ ਮੱਧ ਟਿਕਾਉਣੀ, ਤਲੀਆਂ ਉੱਤੇ ਨੂੰ ਕਰਕੇ ਦੋਵੇਂ ਹੱਥ ਪੱਟਾਂ ਉੱਪਰ ਅਡੋਲ ਰੱਖਣੇ।
*ਪਦਮਾਸਨ-*ਖੱਬੇ ਪੱਟ ਉੱਤੇ ਸੱਜਾ ਪੈਰ, ਸੱਜੇ ਉੱਤੇ ਖੱਬਾ ਪੈਰ ਰੱਖਣਾ, ਕਮਰ ਦਾ ਵਲ ਕੱਢ ਕੇ ਸਿੱਧਾ ਬੈਠਣਾ, ਦੋਵੇਂ ਹੱਥ ਗੋਡਿਆਂ ਤੇ ਰੱਖਣੇ, ਠੋਡੀ ਛਾਤੀ ਨਾਲ ਲਾ ਕੇ, ਨੇਤ੍ਰਾਂ ਦੀਟਕ ਨੱਕ ਦੀ ਨੋਕ ਉੱਤੇ ਠਹਿਰਾਉਣੀ। ਜੇ ਪਿੱਠ ਪਿਛੋਂ ਦੀ ਬਾਹਾਂ ਲੈ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਅੰਗੂਠਾ ਪਕੜ ਲਿਆ ਜਾਏ ਤਾਂ ਇਸ ਦਾ ਨਾਂ *ਬੱਧਪਦਮਾਸਨ *ਹੈ
੪. *ਪ੍ਰਾਣਾਯਾਮ*-ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨਾਂ ਪ੍ਰਾਯਾਮ ਹੈ। ਯੋਗੀਆਂ ਨੇ ਸਰੀਰ ਵਿੱਚ ੭੨੦੦੦ ਨਾੜੀਆਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ ੧੦ ਨਾੜੀਆਂ ਪ੍ਰਾਣ ਅਭਿਆਸ ਦੀਆਂ ਸਹਾਇਕ ਦੱਸੀਆਂ ਹਨ (ਪਾਨ, ਅਪਾਨ, ਸਮਾਨ, ਉਦਾਨ, ਵਯਾਨ, ਕੂਰਮ, ਕ੍ਰਿਕਲ,ਦੇਵਦੱਤ, ਧਨੰਜਯ ਇਹ ੧੦ ਪ੍ਰਾਣ ਕਲਪੇ ਹਨ ਜਿਨ੍ਹਾਂ ਚੋਂ ਪਹਿਲੇ ਪੰਜਾਂ ਦਾ ਅਭਿਆਸ ਯੋਗੀ ਕਰਦੇ ਹਨ) ਪ੍ਰਾਣਯਾਮ ਦੇ ਕਠਿਨ ਪ੍ਰਕਾਰ ਬੇਅੰਤ ਹਨ ਪਰ ਪ੍ਰਮੁੱਖ ਦੋ ਹਨ-
*ਚੰਦ੍ਰਾਂਗ ਅਤੇ ਸੂਰਯਾਂਗ।* ਜੋਗੀ ਇੜਾ ਨਾੜੀ ਦੇ ਰਸਤੇ ੧੨ ਵਾਰ ਓਅੰ ਮੰਤ੍ਰ ਜਪ ਕੇ ਹੌਲੀ-੨ ਸੁਵਾਸਾਂ ਨੂੰ ਅੰਦਰ ਖਿੱਚਣਾ (ਪੂਰਕ ਕਰਨਾ) ੧੬ ਵਾਰ ਓਅੰ ਜਪ ਨਾਲ ਸਵਾਸਾਂ ਨੂੰ ਰੋਕਣਾ (ਕੁੰਭਕ ਕਰਨਾ) ਅਤੇ ੧੦ ਵਾਰ ਓਅੰ ਜਪੁ ਨਾਲ ਸਵਾਸ ਬਾਹਰ ਛੱਡਣੇ (ਰੇਚਕ ਕਰਨਾ) ਦੂਜਾ *ਸੂਰਯਾਂਗ ਪ੍ਰਾਣਾਯਾਮ-*ਪਿੰਗਲਾ ਦੇ ਰਸਤੇ (ਚੰਦ੍ਰਾਂਗ ਰੀਤੀ ਅਨੁਸਾਰ) ਪੂਰਕ ਅਤੇ ਕੁੰਭਕ ਪਿੱਛੋਂ ਇੜਾ ਨਾੜੀ ਦੁਆਰਾ ਰੇਚਕ ਕਰਨਾ ਫਿਰ ਇਸ ਅਭਿਆਸ ਨੂੰ ਵਧਾਉਂਦੇ ਹੋਏ ੩੬ ਵਾਰ ਓਅੰ ਜਪ ਕਰਕੇ ਰੇਚਕ ਕਰਨਾ। ਪ੍ਰਾਣਾਯਾਮ ਦੇ ਬਲ ਕਰਕੇ ਕੁੰਡਲਨੀ(ਭੁਝੰਗਮਾ) ਨਾੜੀ ਜਿਸ ਨੇ ਸੁਖਮਨਾ ਦਾ ਦਰਵਾਜਾ ਕਵਾੜ ਰੂਪ ਹੋ ਕੇ ਬੰਦ ਕੀਤਾ ਹੋਇਆ ਹੈ ਪਰੇ ਹਟ ਜਾਂਦੀ ਹੈ ਅਤੇ ਸੁਖਮਨਾ ਦੁਆਰਾ ਦਸਮ ਦੁਆਰ ਵਿੱਚ ਪ੍ਰਾਣ ਚਲਦੇ ਹਨ। ਇਸ ਤੋਂ ਇਲਾਵਾ ਇੱਕ ਹੰਸ ਪ੍ਰਾਣਾਯਾਮ ਵੀ ਹੈ ਜੋ ਇਕਾਗਰ ਮਨ ਹੋ ਕੇ ਸੁਵਾਸ ਦੇ ਬਾਹਰ ਜਾਣ ਪਰ 'ਹ' ਅਰ ਅੰਦਰ ਜਾਣ ਪਰ 'ਸ' ਦਾ ਸਿਮਰਨ ਕਰਨਾ ਇਵੇਂ ੬੦ ਘੜੀ ਵਿੱਚ ੨੧੬੦੦ ਵਾਰੀ ਜਾਪ ਹੋ ਜਾਂਦਾ ਹੈ। ਇਸ ਦਾ ਨਾਂ ਹੀ ਜੋਗਮੱਤ ਅਨੁਸਾਰ ਅਜਪਾ-ਜਾਪ ਜਾਂ ਅਜਪਾ ਗਾਯਤ੍ਰੀ ਹੈ!
੫. ਪ੍ਰਤਯਾਹਾਰ-ਸ਼ਬਦ, ਸ਼ਪਰਸ਼, ਰੂਪ, ਰਸ, ਗੰਧ ਤੋਂ ਇੰਦ੍ਰੀਆਂ ਦੇ ਵੇਗ ਨੂੰ ਵਰਜ ਕੇ ਆਤਮ ਵਿਚਾਰ ਵਿੱਚ ਮਨ ਜੋੜਨ ਦਾ ਨਾਉਂ ਪ੍ਰਤਯਾਹਾਰ ਹੈ!
੬. ਧਾਰਨਾ-ਚਿੱਤ ਨੂੰ ਇਕਾਗ੍ਰ ਕਰਨਾ ਅਤੇ ਕਿਸੇ ਖਾਸ ਅਸਥਾਨ ਅਰ ਵਸਤੁ ਵਿੱਚ ਜੋੜਨਾ!
੭. ਧਿਆਨ-ਧੇਯ ਛੱਡ ਕੇ ਹੋਰ ਵੱਲ ਚਿੱਤ ਨਾਂ ਜਾਣਾ!
੮. ਸਮਾਧਿ-ਸਾਰੇ ਸੰਕਲਪ ਮਿਟ ਕੇ ਧੇਯ ਵਿੱਚ ਬਿਰਤੀ ਦਾ ਲਿਵਲੀਨ ਹੋਣਾ ਅਤੇ ਉਸ ਦਾ ਸਾਖਯਾਤ ਭਾਸਣਾ ਸਮਾਧੀ ਕਹੀ ਜਾਂਦੀ ਹੈ। ਇਹ ਜੋਗ ਮੱਤ ਦੇ ਕਠਨ ਸਾਧਨ ਹਨ ਜੋ ਵਿਹਲੜ ਹੀ ਕਰ ਸਕਦੇ ਹਨ ਹਾਂ ਕੁਝ ਕਸਰਤਾਂ ਜੋ ਸਰੀਰ ਦੀ ਵਰਜਿਸ਼ ਲਈ ਗੁਣਕਾਰੀ ਹਨ, ਕੀਤੀਆਂ ਜਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਗੁਰਦੁਆਰੇ ਅੰਦਰ "ਯੋਗਾ" ਨਹੀਂ ਕਿਹਾ ਜਾ ਸਕਦਾ।
*ਜੋਗੀਆਂ ਦੇ ਮਨੁੱਖਤਾ ਤੋਂ ਗਿਰੇ ਕਰਮ*-
ਜੋਗਮੱਤ ਗ੍ਰਹਿਸਤ ਤੋਂ ਭਗੌੜਾ ਹੋ ਕੇ ਔਰਤ ਦੀ ਨਿੰਦਾ ਕਰਦਾ ਹੈ। ਗੋਰਖ ਨਾਥ ਔਰਤ ਨੂੰ ਬਘਿਅੜਣ ਕਹਿੰਦਾ ਹੈ-ਇਨ ਬਾਘਣ ਤ੍ਰੈਲੋਈ ਖਾਈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ-
ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ ।
ਜੋਗੀ ਸਰੀਰ ਤੇ ਸਵਾਹ ਮਲਦੇ, ਜਟਾਂ ਧਾਰਨ ਕਰਦੇ, ਕੰਨ ਪਾੜ ਕੇ ਮੁੰਦਰਾਂ ਪਾਉਂਦੇ, ਖਿੰਥਾ ਧਾਰਨ ਕਰਦੇ, ਅੱਕ ਧਤੂਰਾ ਖਾਂਦੇ, ਭੰਗ, ਸ਼ਰਾਬਾਂ, ਚਿਲਮਾਂ ਪੀਂਦੇ, ਸ਼ਿਵਜੀ ਦੇ ਪੁਜਾਰੀ, ਗੋਰਖ ਨਾਥ,ਭਰਥਰ ਨਾਥ ਅਤੇ ਪਤੰਜਲ ਰਿਖੀ ਨੂੰ ਮੰਨਦੇ ਹਨ। ਜਰਾ ਸੋਚੋ! ਜਿਨਾਂ ਲੋਕਾਂ ਲਈ ਨਸ਼ੇ ਵਿੱਚ ਗੜੁੱਚ ਹੋਣਾ ਹੀ ਮਨ-ਬਿਰਤੀ ਦਾ ਟਿਕਾਓ ਹੈ, ਉਹ ਕਿਧਰ ਦੇ ਯੋਗੀ ਹੋ ਸਕਦੇ ਹਨ? ਇਨ੍ਹਾਂ ਨਸ਼ਈ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਰਾਬ ਦਾ ਪਿਆਲਾ ਭੇਂਟ ਕੀਤਾ ਪਰ ਮੂੰਹ ਤੇ ਸੱਚੋ ਸੱਚ ਕਹਿਣ ਵਾਲੇ ਰਹਿਬਰ ਨੇ ਕਿਹਾ ਅੰਮ੍ਰਿਤ ਦੇ ਵਾਪਰੀ ਮਤ ਮਾਰੂ ਛੂਛੀ ਮਦ ਦਾ ਵਾਪਾਰ ਅਤੇ ਸੇਵਨ ਨਹੀਂ ਕਰਦੇ-
*ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥
..ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੇ॥
ਕਹੁ ਨਾਨਕ ਸੁਣਿ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ॥ (੩੬੦)*
ਨਸ਼ੇ ਪੀ ਕੇ ਰਿਧੀਆਂ-ਸਿੱਧੀਆਂ ਦੇ ਬਲ ਨਾਲ ਲੋਕਾਂ ਨੂੰ ਡਰਾ ਕੇ ਆਪਣੀ ਪੂਜਾ ਕਰਾਉਣ ਵਾਲੇ ਸਿੱਧਾਂ ਜੋਗੀਆਂ ਨੂੰ ਗੁਰੂ ਜੀ ਨੇ ਸ਼ਬਦ ਬਾਣ ਨਾਲ ਜਿੱਤ ਕੇ ਚਿੱਤ ਕੀਤਾ-
*ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪੁਨਾ ਪੰਥ ਨਿਰਾਲਾ ।(ਭਾ.ਗੁ) *
*ਗੁਰਮੱਤ ਦੇ ਜੋਗਮੱਤ ਬਾਰੇ ਵਿਚਾਰ*
-*ਸਿੱਧਾਂ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥
ਮਨ ਕੀ ਮੈਲੁ ਨ ਉਤਰੈ ਹਉਂਮੈ ਮੈਲੁ ਨ ਜਾਇ ॥ (੫੫੮)
ਸਿੱਧਾਂ-ਯੋਗੀਆਂ ਦੇ ਕਠਨ ਸਾਧਨਾਂ ਨਾਲ ਮਨ ਦੀ ਮੈਲ ਨਹੀਂ ਉੱਤਰਦੀ। ..
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥
ਜੋਗੁ ਨ ਦੇਸਿ ਦਿਸੰਤਰਿ ਭਵਿਐਂ ਜੋਗੁ ਨ ਤੀਰਥਿ ਨਾਈਐ॥..
ਸਤਿਗੁਰੁ ਭੇਟੈ ਤਾਂ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥..
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥..
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ ॥ (੭੩੦)*
ਮੜੀਆਂ ਮਸਾਣਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ, ਦੇਸ਼ਾਂ ਦਾ ਭ੍ਰਮਣ ਕਰਨਾ ਅਤੇ ਪੁੰਨ ਕਰਮ ਲਈ ਤੀਰਥ ਨ੍ਹਾਉਣੇ ਨਿਰਾਥਕ ਕਰਮ ਹਨ। ਹੇ ਜੋਗੀਓ! ਜੇ ਸੱਚਾ ਗੁਰੂ ਮਿਲ ਜਾਏ ਤਾਂ ਭਰਮਾਂ ਦੇ ਪੜਦੇ ਤੁਟਦੇ ਹਨ ਅਤੇ ਮਨ ਦੀ ਮਾਇਆ ਵਾਲੀ ਦੌੜ ਮਿਟਦੀ ਹੈ।
ਹੇ ਨਾਨਕ! ਜੀਂਵਦਿਆਂ ਹੀ ਅਜਿਹੇ ਫੋਕਟ ਕਰਮਾਂ ਅਤੇ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਹੀ ਜੋਗ ਹੈ। ਮਾਇਆ ਦੀ ਕਾਲਖ ਵਿਖੇ ਰਹਿੰਦੇ ਹੀ ਨਿਰਲੇਪ ਰਹਿਣਾ ਜੁਗਤੀ ਹੈ।
*ਏਹੁ ਜੋਗੁ ਨ ਹੋਵੈ ਜੋਗੀ ਜਿ ਕਟੰਬੁ ਛੋਡਿ ਪਰਭਵਣੁ ਕਰਹਿ ॥ (੯੦੯)*
ਇਹ ਜੋਗ ਨਹੀਂ ਕਿ ਘਰ-ਪ੍ਰਵਾਰ ਦੀ ਜਿਮੇਵਾਰੀ ਛੱਡ ਕੇ ਵਿਹਲੜਾਂ ਦੀ ਤਰ੍ਹਾਂ ਘੁੰਮੇਂ।
*ਜੋਗੁ ਨ ਭਗਵੀਂ ਕਪੜੀਂ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥ (੧੪੨੧)*
*ਗੁਰਮੱਤ ਦਾ ਸਹਜ**, ਭਗਤ, ਰਾਜ, ਬ੍ਰਹਮ ਅਤੇ ਤੱਤ ਜੋਗ*-ਕਿਰਤ-ਵਿਰਤ ਕਰਦੇ ਹੋਰਨਾਂ ਲੋੜਵੰਦਾਂ ਨਾਲ ਵੰਡ ਛੱਕਣਾ ਅਤੇ ਪ੍ਰਭੂ ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਹੀ ਸਹਿਜ ਸਮਾਧਿ ਭਾਵ ਮਨ ਦੀ ਇਕਾਗ੍ਰਤਾ ਹੈ-
*ਸਹਜਿ ਸਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ (੬੮)*
ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮੱਤ ਦਾ ਸਹਜ-ਜੋਗ ਹੈ-
*ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥ (੩੮੫)*
ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-
*ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ ॥ (੪੯੬) *
ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ *ਸਹਜ-ਯੋਗ*-
*ਗੁਰਿ ਮਨੁ ਮਾਰਿਓ ਕਰਿ ਸੰਜੋਗੁ॥..ਜਨ ਨਾਨਕ ਹਰਿ ਵਰੁ ਸਹਜ ਜੋਗੁ ॥ (੧੧੭੦)*
*ਬ੍ਰਹਮਜੋਗ*-
*ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ॥ **,
ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ॥(੧੨੯੭)*
*ਸੁਖਮਨਾ ਨਾੜੀ ਦੇ ਕਪਾਟ ਨਹੀਂ ਸਗੋਂ ਭ੍ਰਮ ਰੂਪ ਕਪਾਟ ਗਿਆਨ ਬਲ ਨਾਲ ਖੋਲ੍ਹ ਕੇ, ਇਸ਼ਨਾਨ**, ਦਾਨ, ਨਾਮ ਅਤੇ ਸਤਸੰਗ ਹੀ ਗੁਰਮੱਤ ਦਾ ਭਗਤ ਜੋਗ ਹੈ ਅਤੇ ਇਸ ਦੇ ਇਹ ਅੰਗ ਹਨ*-ਪ੍ਰਭੂ ਦੀ ਯਾਦ, ਸ਼ੁੱਧ ਰਹਿਣਾ, ਧਰਮ-ਕਿਰਤ ਕਰਕੇ ਵੰਡ ਛੱਕਣਾ ਅਤੇ ਸਦਾਚਾਰੀ ਗੁਰਮੁਖਾਂ ਦੀ ਸੰਗਤ ਕਰਨੀ। ਸਿੱਖ ਰਾਜ ਗੱਦੀ ਤੇ ਬੈਠਾ ਵੀ ਜੋਗੀ ਹੈ-
*ਰਾਜੁ ਜੋਗੁ ਰਸ ਰਲੀਆਂ ਮਾਣੈ। ਸਾਧਸੰਗਤਿ ਵਿਟਹੁ ਕੁਰਬਾਣੈ।੧। (ਭਾ.ਗੁ.)*
*ਤੱਤਜੋਗ-*
ਆਤਮਬਲ ਕਰਕੇ ਦੁਖ ਵਿੱਚ ਸੁੱਖ, ਬੁਰੇ ਵਿੱਚ ਭਲਾ, ਹਾਰ ਵਿੱਚ ਜਿਤ, ਅਤੇ ਸੋਗ ਵਿੱਚ ਹਰਖ ਜਾਣ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ-
*ਐਸੋ ਜਨੁ ਬਿਰਲੋ ਹੈ ਸੇਵਕੁ ਤਤ ਜੋਗ ਕਉ ਬੇਤੈ. ॥..(੧੩੦੨)*
*ਗੁਰਮੱਤ ਵਿੱਚ ਸਹਜ ਜੋਗ ਦੇ ਵੀ ਅੱਠ ਅੰਗ*
-ਪ੍ਰਥਮੇ *ਯਮ*-ਮਨ ਨੂੰ ਨੀਵਾਂ ਰੱਖਣਾ, ਗੁਣ ਕਰਕੇ ਅਭਿਮਾਨੀ ਨਾ ਹੋਣਾ।
ਦੂਜਾ *ਨੇਮ*-ਕਥਾ ਕੀਰਤਨ ਵਿੱਚ ਮਨ ਠਹਿਰਾਉਣਾ ਨੇਮ ਨਾਲ ਗੁਰ ਸ਼ਬਦ ਪੜ੍ਹਨਾ ਜਾਂ ਸੁਣਨਾ
ਤੀਸਰਾ *ਇਕਾਂਤਦੇਸ਼*-ਸਰਬ ਵਿਖੇ ਏਕ ਗੋਬਿੰਦ ਕੋ ਜਾਨਣਾ।
ਚੌਥਾ *ਆਸਣ-*ਰੱਬ ਨਾਲ ਸੁਰਤ ਜੋੜਨੀ।
ਪੰਜਵਾਂ *ਪ੍ਰਾਣਾਯਾਮ*-ਗੁਰ-ਬਚਨ ਮਨ ਵਿਖੇ ਇਕੱਤ੍ਰ ਕਰਨੇ ਪੂਰਕ, ਕਦੇ ਗੁਰ ਬਚਨਾਂ ਨੂੰ ਤਿਆਗਣਾ ਨਾਂ ਕੁੰਭਕ, ਜੋ ਪਦਾਰਥ ਤਿਆਗਣਯੋਗ ਹਨ ਗੁਰ ਬਚਨਾਂ ਕਰਕੇ ਤਿਆਗਣੇ ਰੇਚਕ।
ਛੇਵਾਂ *ਧਿਆਨ*-ਗੁਰਬਾਣੀ ਪਾਠ, ਕਥਾ ਅਤੇ ਕੀਰਤਨ ਕਰਦੇ ਜਾਂ ਸੁਣਦੇ ਸਮੇ ਧਿਆਨ ਸ਼ਬਦ ਅਰਥਾਂ ਵਿਖੇ ਰੱਖਣਾ ਅਤੇ ਕੋਈ ਸੰਕਲਪ ਮਨ ਵਿਖੇ ਨਾਂ ਫੁਰਨ ਦੇਣਾ।
ਸਤਵਾਂ *ਧਾਰਨਾ*-ਮਨ ਜੇ ਕਿਸੇ ਸੰਕਲਪ ਲਈ ਧਾਵੇ ਤਾਂ ਵੀ ਇਸ ਨੂੰ ਰੋਕ ਕੇ ਸ਼ਬਦ ਵਿਖੇ ਜੋੜਨਾ।
ਅਠਵਾਂ *ਸਮਾਧਿ*-ਜੋ ਦੋ ਚਾਰ ਘੜੀਆਂ ਮਨ ਸ਼ਬਦ ਵਿਚਾਰ ਵਿੱਚ ਠਹਿਰਿਆ ਇਸ ਠਹਿਰਾਉ ਦੀ ਸਮਾਧ ਨੂੰ ਅਭਿਆਸ ਨਾਲ ਵਧਾਉਣਾ!
ਗੁਰਮੱਤ ਦਾ ਭਗਤ ਜੋਗ ਹੈ।
ਬਹੁਤੇ ਗੁਰਦੁਆਰਿਆਂ ਵਿੱਚ ਜਿੱਥੇ ਪਹਿਲੇ ਹੀ ਡੇਰਾਵਾਦੀ ਗ੍ਰੰਥੀਆਂ ਅਤੇ ਮਾਇਅਧਾਰੀ ਪ੍ਰਬੰਧਕਾਂ ਕਰਕੇ ਧਰਮ ਦੇ ਨਾਂ ਤੇ ਪਾਖੰਡ ਕਰਮ ਚਲ ਰਹੇ ਹਨ ਭਾਵ ਗੁਰਮਤਿ ਵਿਰੋਧੀ ਕਰਮ ਹੋ ਰਹੇ ਹਨ, ਓਥੇ ਹੁਣ ਕਈਆਂ ਗੁਰਦੁਆਰਿਆਂ ਵਿਖੇ *"ਯੋਗਾ"* ਦੀਆਂ ਕਲਾਸਾਂ ਵੀ ਚੱਲ ਪਈਆਂ ਹਨ ਜੋ ਦੇਖਣ ਨੂੰ ਸਰੀਰਕ ਕਸਰਤਾਂ ਹਨ ਪਰ ਹੌਲੀ-ਹੌਲੀ ਸਿੱਖੀ ਨੂੰ ਘੁਣਵਾਂਗ ਖਾਣਗੀਆਂ ਜਦੋਂ ਯੋਗਮੰਤ੍ਰ ਤੇ ਹਠਯੋਗ ਵਾਲੇ ਕਰਮਕਾਂਡ ਵੀ ਸ਼ੁਰੂ ਹੋ ਗਏ। ਕਿਤੇ *ਨਾਮ-ਚਰਚਾ* ਦੇ ਨਾਂ ਤੇ ਜੋਗਮੱਤ ਸਿਖਾਇਆ ਜਾ ਰਿਹਾ ਹੈ ਅਤੇ ਕਿਤੇ ਗੁਰਬਾਣੀ ਵਿਚਾਰ ਦੀ ਥਾਂ ਗੁਰਦੁਆਰਿਆਂ ਵਿੱਚ *ਜਗਰਾਤਾ-ਕੀਰਤਨ* ਹੋ ਰਹੇ ਹਨ। ਜਰਾ ਧਿਆਨ ਦਿਓ! ਯੋਗਾ (ਯੋਗ) ਤਾਂ ਗੁਰੂਆਂ ਵੇਲੇ ਵੀ ਸੀ ਪਰ ਕਿਸੇ ਗੁਰੂ-ਭਗਤ ਨੇ ਨਹੀਂ ਅਪਣਾਇਆ ਅਤੇ ਨਾਂ ਹੀ ਕਿਸੇ ਅਭਿਲਾਸ਼ੀ ਨੂੰ *"ਯੋਗਾ"* ਸਿਖਾ ਕੇ ਸਿੱਖ ਬਣਾਇਆ ਸੀ ਸਗੋਂ ਕਰਮਕਾਂਡੀ ਯੋਗੀਆਂ ਨੂੰ ਮੱਤਾਂ ਹੀ ਦਿੱਤੀਆਂ ਅਤੇ ਸਰੀਰਕ ਕਸਰਤ ਲਈ ਮੱਲਾਂ ਅਖਾੜੇ ਰਚੇ ਸਨ ਜਿੱਥੇ ਘੋਲ, ਕੁਸ਼ਤੀਆਂ ਅਤੇ ਬਾਅਦ ਵਿੱਚ ਨਾਲ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਵੀ ਕਰਵਾਏ ਜਾਂਦੇ ਸਨ ਨਾਂ ਕਿ *"ਪਤੰਜਲ-ਯੋਗਾ"* ਕਰਵਾਇਆ ਜਾਂਦਾ ਸੀ। ਅਸੀਂ ਗੁਰੂ ਨਾਲੋਂ ਸਿਆਣੇ ਨਹੀਂ ਅਤੇ ਨਾਂ ਹੀ ਸਾਨੂੰ ਗੁਰੂ ਘਰਾਂ ਵਿਖੇ ਅਨਮੱਤੀ ਅਤੇ ਅੰਧ ਵਿਸ਼ਵਾਸ਼ੀ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। *ਧਿਆਨ ਦਿਓ! ਸਿੱਖ ਦਾ ਕਿਰਤੀ ਹੋਣਾ ਹੀ "ਯੋਗਾ" ਹੈ*।
ਕਿਰਤੀ ਇਨਸਾਨ ਦੀ ਵਰਜਿਸ਼ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ ਬਾਕੀ ਮਨ ਦੇ ਟਿਕਾ ਲਈ ਗੁਰਬਾਣੀ ਦਾ ਵਿਚਾਰ ਅਭਿਆਸ ਹੈ ਜਿਸ ਨੂੰ ਅਸੀਂ ਛਡਦੇ ਜਾ ਰਹੇ ਹਾਂ। ਫਜ਼ੂਲ ਦੇ ਚਿੰਤਾ ਫਿਕਰ ਹੀ ਮਾਨਸਕ ਤਨਾਓ ਪੈਦਾ ਕਰਦੇ ਹਨ। ਇਸ ਲਈ ਇਕਾਗਰ-ਚਿੱਤ ਹੋ ਕੇ ਗੁਰਬਾਣੀ ਦਾ ਪਾਠ, ਕੀਰਤਨ, ਕਥਾ-ਵਿਚਾਰ ਕਰਨਾ ਅਤੇ ਮਨ ਚੋਂ ਬੁਰੇ ਖਿਆਲਾਂ ਨੂੰ ਨਿਤਾਪ੍ਰਤੀ ਗੁਰ-ਉਪਦੇਸ਼ਾਂ ਦੁਆਰਾ ਕੱਢਦੇ ਰਹਿਣਾ ਮਨ ਨੂੰ ਸ਼ਾਤ ਕਰਨ ਦੇ ਸਾਧਨ ਹਨ। ਮਨੁੱਖਤਾ ਦੀ ਸੇਵਾ ਕਰਕੇ ਮਨ ਦੀ ਮੈਲ ਧੁਪਦੀ ਹੈ ਅਤੇ ਰੱਬੀ ਦਰਗਾਹ (ਆਤਮ ਅਵਸਥਾ) ਵਿੱਚ ਬੈਸਣ (ਟਿਕਾ) ਪ੍ਰਾਪਤ ਹੁੰਦਾ ਹੈ-
*ਵਿਚਿ ਦੁਨੀਆਂ ਸੇਵ ਕਮਾਈਐ॥ ਤਾ ਦਰਗਹ ਬੈਸਣ ਪਾਈਐ ॥ (੨੬)*
ਜੇ ਅੱਜ ਕੁਝ ਯੋਗਾ ਪ੍ਰਚਾਰਕ ਤੇ ਭਾਜਪਾਈ ਮੋਦੀ ਸਰਕਾਰ *"ਯੋਗਾ"* ਦੁਆਰਾ ਆਪਣੇ ਮੱਤ ਦਾ ਪ੍ਰਚਾਰ ਕਰ ਰਹੇ ਹਨ ਤਾਂ ਕੀ ਸਿੱਖਮੱਤ ਜੋ ਦੁਨੀਆਂ ਦਾ ਆਲਮਗੀਰ ਮੱਤ ਹੈ ਜਿਸ ਨੂੰ ਅਸੀਂ ਬ੍ਰਾਹਮਣੀ ਪੂਜਾ-ਪਾਠ ਦੇ ਗਿਣਤੀ-ਮਿਣਤੀ ਦੇ ਕਰਮਕਾਂਡਾਂ, ਗੋਲਕਾਂ ਅਤੇ ਚੌਧਰਾਂ ਦਾ ਅੱਡਾ ਬਣਾ ਦਿੱਤਾ ਹੈ, ਦੇ ਸੁਨਹਿਰੀ ਅਸੂਲਾਂ ਦਾ ਨਿਸ਼ਕਾਮ ਪ੍ਰਚਾਰ ਕਰਕੇ ਅਸੀਂ ਮਨੁੱਖਤਾ ਵਿੱਚ ਗੁਰੂਆਂ-ਭਗਤਾਂ ਦੇ ਸਰਬਸਾਂਝੇ ਗਿਆਨ-ਵਿਗਿਆਨ ਵਾਲੇ ਉਪਦੇਸ਼ ਨਹੀਂ ਵੰਡ ਸਕਦੇ ਹਾਂ? ਬਾਬੇ ਨਾਨਕ ਦੇ ਇਹ ਸਮੁੱਚੀ ਲੋਕਾਈ ਲਈ ਸਦਾ ਬਹਾਰ ਸੁਨਹਿਰੀ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਭਾਵ ਰੱਬੀ ਯਾਦ ਨੂੰ ਧਾਰਨ ਕਰੋ ਨਾਲੋਂ ਹੋਰ ਕਿਹੜਾ *“ਮਹਾਂਨ ਯੋਗਾ"* ਹੋ ਸਕਦਾ ਹੈ? ਪਰ ਅਸੀਂ ਇਹ ਤਾਂ ਕੀਤਾ ਨਹੀਂ ਸਗੋਂ ਵਿਖਾਵੇ ਵਾਲੇ ਫੋਕੇ ਕਰਮਕਾਂਡ ਹੀ ਕਰੀ ਜਾ ਰਹੇ ਹਾਂ ਜਿਸ ਕਰਕੇ ਮਨ ਦਾ ਤਨਾਓ ਹੋਰ ਵਧ ਰਿਹਾ ਹੈ। ਸਾਡੀ ਇਸ ਕਮਜੋਰੀ ਨੂੰ ਵੇਖ ਕੇ ਅਨਮੱਤੀ ਯੋਗਾ ਵਾਲੇ ਗੁਰਦੁਆਰਿਆਂ ਵਿੱਚ ਵੀ ਇੰਟਰ ਹੁੰਦੇ ਜਾ ਰਹੇ ਹਨ। ਸਾਨੂੰ ਤਾਂ ਕਮਰੇ ਜਾਂ ਹਾਲ ਦੀ ਬੁਕਿੰਗ ਫੀਸ (ਭੇਟਾ) ਚਾਹੀਦੀ ਹੈ, ਲੋਕਾਂ ਦੀ ਭੀੜ ਜਾਂ ਵੋਟਾਂ ਚਾਹੀਦੀਆਂ ਹਨ ਫਿਰ ਭਾਂਵੇ ਕੋਈ ਗੁਰਮੱਤ ਵਿਰੋਧੀ ਕਾਰਵਾਈਆਂ ਸ਼ਰਧਾ ਦੇ ਗਿਲਾਫ ਵਿੱਚ ਲਪੇਟ ਕੇ ਕਰੀ ਜਾਵੇ, ਸਾਨੂੰ ਇਸ ਦਾ ਕੋਈ ਫਿਕਰ ਨਹੀਂ। ਇਸ ਦੀ ਰੋਕਥਾਮ ਲਈ ਪ੍ਰਬੰਧਕ ਅਤੇ ਗ੍ਰੰਥੀ ਗੁਰਮਤਿ ਗਿਆਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੱਲ ਵਿਸ਼ਵਾਸ਼, ਗੁਰਬਾਣੀ ਅਤੇ ਇਤਿਹਾਸ ਦੀ ਡੂੰਗੀ ਜਾਣਕਾਰੀ ਰੱਖਣ ਵਾਲੇ ਗੁਰਮੁਖ ਧੜੇਬੰਦੀ ਤੋਂ ਮੁਕਤ ਹੋਣੇ ਚਾਹੀਦੇ ਹਨ। ਸੋ ਸਾਨੂੰ *ਜੋਗਮੱਤ* ਅਤੇ *ਗੁਰਮੱਤ* ਵਿੱਚ ਅੰਤਰ ਸਮਝਦੇ ਹੋਏ ਜੇ ਯੋਗਾ ਕਰਨਾਂ ਹੀ ਹੈ ਤਾਂ ਗੁਰਮੱਤ ਵਾਲਾ ਕਰਕੇ ਸਰੀਰ ਬਲਵਾਨ ਤੇ ਮਨ ਸ਼ਾਂਤ ਕਰਨਾ ਚਾਹੀਦਾ ਹੈ। ਗੁਰਮੱਤ ਆਪਣੇ ਆਪ ਵਿੱਚ ਸੰਪੂਰਨ ਅਤੇ ਨਿਵੇਕਲਾ ਮੱਤ ਹੈ ਗੁਰੂ ਘਰਾਂ ਵਿੱਚ ਇਸ ਦੇ ਆਲਮਗੀਰ ਸਿਧਾਤਾਂ ਦਾ ਹੀ ਅਭਿਆਸ, ਵਿਚਾਰ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ ਨਾਂ ਕਿ ਭੇਖੀ ਤੇ ਮਖੱਟੂ ਯੋਗੀਆਂ ਵਾਲੇ ਯੋਗ ਆਸਣ ਅਤੇ ਬ੍ਰਾਹਮਣੀ ਵੈਦਕ ਮੰਤਰਾਂ ਦਾ ਜਾਪ ਜਿਸ ਦੇ ਵਾਪਾਰ ਨੂੰ ਪ੍ਰਫੁੱਲਿਤ ਕਰਨ ਲਈ ਅੱਜ *“ਬਾਬਾ ਰਾਮਦੇਵ”* ਅਤੇ *ਭਾਜਪਾ* ਦੀ ਹਿੰਦੂਤਵੀ ਸਰਕਾਰ ਪੂਰੀ ਤਰ੍ਹਾਂ ਸਰਕਾਰੀ ਤਾਕਤ ਅਤੇ ਮੀਡੀਏ ਦੀ ਦੁਰ ਵਰਤੋਂ ਕਰ ਰਹੀ ਹੈ।
ਅੱਜ ਕੁਝ ਗੁਰਦੁਆਰਿਆਂ ਵਿੱਚ ਅਸਰ ਰਸੂਖ, ਪਾਰਟੀ ਅਤੇ ਵੋਟਾਂ ਕਰਕੇ ਅਜੋਕੇ *“ਪੁਲੀਟੀਕਲ ਨਵੀਨ ਯੋਗੀ ਰਾਮਦੇਵ”* ਵਾਲੇ ਯੋਗਾ ਦੀਆਂ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ ਅਤੇ ਭਾਰਤ ਦਾ ਗ੍ਰਿਹਮੰਤਰੀ ਰਾਜਨਾਥ ਸਿੰਘ ਯੋਗਾ ਨੂੰ ਮਨ ਤੇ ਕਾਬੂ ਕਰਨ ਦਾ ਢੰਗ ਦੱਸ ਰਿਹਾ ਹੈ। ਕੀ ਉਹ ਦੱਸੇਗਾ ਕਿ ਯੋਗੀ ਤਾਂ ਮੋਹ ਮਾਇਆ ਤੇ ਰਾਜਨੀਤੀ ਤੋਂ ਉਪਰਾਮ ਹੁੰਦੇ ਹਨ ਫਿਰ ਇਹ ਨਵੀਨ ਯੋਗੀ ਅਤੇ ਉਸ ਦੇ ਰਾਜਨੀਤਕ ਯਾਰ ਭਾਜਪਾ ਦੇ ਲੀਡਰ ਕਿਉਂ ਨਹੀਂ ਉਪਰਾਮ ਹੁੰਦੇ ਜੋ ਵੋਟਾਂ ਵੇਲੇ ਸਰਕਾਰੀ ਧੱਕੇਸ਼ਾਹੀ ਅਤੇ ਕਾਲੇ ਧੰਨ ਦੀ ਦੁਰਵਰਤੋਂ ਕਰਕੇ ਮੀਡੀਆ ਖਰੀਦ ਲੈਂਦੇ, ਘੱਟ ਗਿਣਤੀਆਂ ਨੂੰ ਧੱਮਕੀਆਂ ਦਿੰਦੇ, ਛੂਆਛਾਤ ਅਤੇ ਉਚ-ਨੀਚ ਦਾ ਪ੍ਰਚਾਰ ਕਰਦੇ ਹਨ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ! ਜੇ ਇਨ੍ਹਾਂ ਦਾ ਮਨ ਸ਼ਾਤ ਹੋਇਆ ਹੁੰਦਾ ਤਾਂ ਇਹ ਕਦੇ ਵੀ ਸ਼ਾਂਤੀ ਦੇ ਸੋਮੇ *“ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ”* ਤੇ ਫੌਜੀ ਹਮਲਾ ਨਾਂ ਕਰਦੇ, ਧਰਮ ਗ੍ਰੰਥ ਅਤੇ ਵਡਮੁੱਲੀਆਂ ਇਤਿਹਾਸਕ ਵਸਤੂਆਂ ਨਾਂ ਫੂਕਦੇ, ਬੀਬੀਆਂ ਦੀ ਬੇਪਤੀ ਨਾ ਕਰਦੇ, ਦੇਸ਼ ਨੂੰ ਅਜਾਦ ਕਰਾਉਣ ਵਾਲੀ ਸਿੱਖ ਕੌਮ ਦੇ ਕਾਤਲਾਂ ਨੂੰ ਯੋਗ ਸਜਾਵਾਂ ਦਿੰਦੇ, ਘੱਟ ਗਿਣਤੀਆਂ ਅਤੇ ਬਹਾਦਰ ਸਿੱਖ ਕੌਮ ਦੇ ਹੱਕ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਨਾਂ ਮਾਰਦੇ।
ਇਧਰ ਧਿਆਨ ਦਿਓ! ਪਹਿਲਾਂ ਇਹ ਸਿੱਖੀ ਵਿੱਚ ਭੇਖਧਾਰੀ ਸਾਧਾਂ ਸੰਤਾਂ ਸੰਪਰਦਾਈਆਂ, ਅਖੌਤੀ ਦਸਮ ਗ੍ਰੰਥ ਵਰਗੀਆਂ ਕਰਮਕਾਂਡੀ ਤੇ ਅਸ਼ਲੀਲ ਪੁਸਤਕਾਂ ਰਾਹੀਂ ਇੰਟਰ ਹੋਏ ਤੇ ਹੁਣ ਯੋਗਾ ਰਾਹੀਂ ਗੁਰਮਤਿ ਤਾਂ ਕੀ ਸਾਰੇ ਜਗਤ ਵਿੱਚ ਹੀ ਸਰਕਾਰੀ ਨੀਤੀਆਂ ਰਾਹੀਂ ਹੋਣ ਲਈ ਤਰਲੋਮੱਛੀ ਹੋ ਰਹੇ ਹਨ।
ਤਖਤਾਂ ਦੇ ਅਖੌਤੀ ਜਥੇਦਾਰ ਤੇ ਡੇਰੇਦਾਰ ਸਾਧ ਤਾਂ ਇਨ੍ਹਾਂ ਕਾਬੂ ਕਰ ਲਏ, ਸ਼੍ਰੋਮਣੀ ਕਮੇਟੀ ਵਿੱਚ ਬਾਦਲ ਰਾਹੀਂ ਇੰਟ੍ਰ ਹੋ ਗਏ ਤੇ ਹੁਣ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹੋਰ ਸੰਸਥਾਵਾਂ ਅਤੇ ਗੁਰਦੁਆਰਿਆਂ ਵਿੱਚ ਯੋਗਾ ਰਾਹੀਂ ਹੋ ਰਹੇ ਹਨ। ਇਹ ਭਲੇ ਕਿਤੇ ਉਸ ਯੋਗਾ ਦਾ ਪ੍ਰਚਾਰ ਕਰਨ ਜੋ ਜਗਤ ਰਹਿਬਰ ਬਾਬਾ ਨਾਨਾਕ ਜੀ ਨੇ *“ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ”* ਆਲਮਗੀਰੀ ਸਿਧਾਂਤ ਦੇ ਕੇ ਸਮੁੱਚੀ ਮਾਨਵਤਾ ਨੁੰ ਦਿੱਤਾ ਸੀ। ਮਨੁੱਖ ਜਦ ਕਿਰਤ ਕਰਦਾ ਤਾਂ ਉਸ ਦੀ ਸਰੀਰਕ ਕਸਰਤ ਹੁੰਦੀ, ਵੰਡ ਛਕਦਾ ਤਾਂ ਭਰਾਤਰੀ ਭਾਵ ਪੈਦਾ ਹੁੰਦਾ ਅਤੇ ਰੱਬੀ ਪ੍ਰਭੂ ਦੀ ਯਾਦ ਨਾਲ ਮਨ ਵੱਸ ਅਤੇ ਸ਼ਾਂਤ ਹੁੰਦਾ ਹੈ ਇਸ ਦੇ ਉਲਟ ਘਰ ਬਾਰ ਛੱਡ, ਸੰਸਾਰ ਤੋਂ ਉਪਰਾਮ ਉਦਾਸ ਹੋ ਜੰਗਲਾਂ ਵਿੱਚ ਨੰਗੇ ਰਹਿ, ਜਟਾਂ ਵਧਾ, ਸਰੀਰ ਤੇ ਸਵਾਹ ਮਲ, ਅੱਖਾਂ ਮੀਟ ਸਮਾਧੀਆਂ ਲਾ, ਜਨਤਾ ਨੂੰ ਵਰ ਸਰਾਪਾਂ ਦਾ ਡਰ ਦੇ, ਰੁਦਰਾਖ ਦੀਆਂ ਮਾਲਾ ਪਾ ਕੇ ਘਰ ਘਰ ਮੰਗਣ ਵਾਲੇ ਯੋਗੀਆਂ ਦੇ ਯੋਗ ਸਾਧਨਾਂ ਜਾਂ ਯੋਗਾ ਰਾਹੀਂ ਮਨ ਸ਼ਾਤ ਨਹੀਂ ਹੁੰਦਾ ਅਤੇ ਨਾਂ ਹੀ ਜਾਤਪਾਤੀ ਉਚ-ਨੀਚ ਵਾਲੀ ਨਫਰਤ ਦੂਰ ਹੁੰਦੀ ਹੈ। ਸੋ ਆਪ ਸਮਝਗੇ ਕਿ ਰਾਜਨੀਤੀ, ਕਲਾਬਾਜੀ ਅਤੇ ਵਾਪਾਰ ਵਾਲਾ ਯੋਗ ਗੁਰਦੁਆਰਿਆਂ, ਸਿੱਖ ਅਸਥਾਨਾਂ ਜਾਂ ਸੰਸਥਾਵਾਂ ਵਿੱਚ ਕਦੇ ਵੀ ਨਹੀਂ ਕਰਵਾਇਆ ਜਾ ਸਕਦਾ। ਸਿੱਖ ਨੇ ਤਾਂ ਕਿਰਤ ਵਿਰਤ ਕਰਦੇ, ਵੰਡ ਛਕਣਾ, ਰੱਬ ਨੂੰ ਯਾਦ ਰੱਖਣਾ, ਗੁਰਮਤਿ ਦੀ ਡੂੰਘੀ ਵਿਚਾਰ ਕਰਨੀ, ਸਵੈ ਅਤੇ ਦੂਸਰਿਆਂ ਦੀ ਰੱਖਿਆ ਲਈ ਸ਼ਸ਼ਤਰ ਵਿਦਿਆ ਦਾ ਨਿਤ ਅਭਿਆਸ ਕਰਨਾ ਤੇ ਪਰਉਪਕਾਰੀ ਜੀਵਨ ਜੀਣਾ ਹੈ ਇਹ ਹੀ ਉਸ ਦਾ ਨਿਤਯੋਗ ਹੈ।