ਕਿੰਨਾ ਕੁ ਸਾਰਥਿਕ ਰਹੇਗਾ ਅਕਾਲੀਆਂ ਦਾ ਪੰਜਾਬੀ ਪਰਵਾਸੀਆਂ ਨੂੰ ਰਿਝਾਉਣ ਦਾ ਦੌਰਾ ?
ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਦੇ ਕੁਝ ਮੰਤਰੀ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਸਿੱਖਾਂ ਅਤੇ ਹੋਰ ਪੰਜਾਬੀਆਂ ਵਿਚ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਦਾ ਅਕਸ ਸੁਧਾਰਨ ਤੇ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਇਥੇ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਆਗੂ ਨੌਰਥ ਅਮਰੀਕਾ ਦੇ ਵੱਖ-ਵੱਖ ਥਾਂਵਾਂ ‘ਤੇ ਕੁਝ ਮੀਟਿੰਗਾਂ ਕਰਨਗੇ ਅਤੇ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਲਈ ਕੀਤੀ ਗਈ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇਣਗੇ। ਇਨ੍ਹਾਂ ਆਗੂਆਂ ਦੇ ਇਥੇ ਆਉਣ ਤੋਂ ਪਹਿਲਾਂ ਹੀ ਸਥਾਨਕ ਆਗੂਆਂ ਨੇ ਇਨ੍ਹਾਂ ਦੀ ਆਉ-ਭਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਸ਼ਾਇਦ ਇਹ ਦੌਰਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੀ ਕੀਤਾ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਤਕਰੀਬਨ 18 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਕਾਲੀ ਦਲ ਨੂੰ ਮੁੜ ਸੱਤਾ ਵਿਚ ਆਉਣ ਲਈ ਵੱਡੀ ਔਖ ਮਹਿਸੂਸ ਹੋ ਰਹੀ ਹੈ। ਪਿਛਲੇ 2 ਕਾਰਜਕਾਲਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨਾ ਤਾਂ ਪੰਜਾਬ ਦੇ ਵਿਕਾਸ ਲਈ ਬਹੁਤਾ ਕੁਝ ਕਰ ਸਕੀ ਹੈ ਅਤੇ ਨਾ ਹੀ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਹੀ ਕੋਈ ਵੱਡੇ ਕਦਮ ਚੁੱਕ ਸਕੀ ਹੈ। ਇਨ੍ਹਾਂ ਸਾਰੇ ਸਾਲਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਪੰਜਾਬ ਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਵਿਦੇਸ਼ੀ ਬੈਠੇ ਪੰਜਾਬੀ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਕਿਸੇ ਪੱਧਰ ‘ਤੇ ਵੀ ਖੁਸ਼ ਨਹੀਂ, ਸਗੋਂ ਉਨ੍ਹਾਂ ਦੇ ਮਨਾਂ ਵਿਚ ਪੰਜਾਬ ਲਈ ਚੰਗੇ ਦਿਨ ਦੇਖਣ ਦੀ ਤਾਂਘ ਪੂਰੀ ਨਾ ਹੋਣ ਕਾਰਨ ਗੁੱਸਾ ਮਨਾਂ-ਮੂੰਹੀਂ ਇਕੱਠਾ ਹੋਇਆ ਪਿਆ ਹੈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਾਵੇਂ ਲੰਮੇ ਸਮੇਂ ਤੋਂ ਇਨ੍ਹਾਂ ਮੁਲਕਾਂ ਵਿਚ ਰਹਿ ਰਹੇ ਹਨ। ਪਰ ਫਿਰ ਵੀ ਉਨ੍ਹਾਂ ਦਾ ਮਨ ਆਪਣੀ ਜਮਣ ਭੂਮੀ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਉਨ੍ਹਾਂ ਦੇ ਮਨ ਦੀ ਇੱਛਾ ਰਹਿੰਦੀ ਹੈ ਕਿ ਪੰਜਾਬ ਵੀ ਵਧੇ-ਫੁੱਲੇ ਅਤੇ ਵਿਕਸਿਤ ਦੇਸ਼ਾਂ ਵਾਂਗ ਉਥੋਂ ਦੇ ਲੋਕਾਂ ਨੂੰ ਵੀ ਜ਼ਿੰਦਗੀ ਦੀਆਂ ਸਭ ਸੁੱਖ-ਸਹੂਲਤਾਂ ਹਾਸਲ ਹੋਣ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਆਪੋ-ਆਪਣੇ ਪਿੰਡਾਂ ਵਿਚ ਵਿਕਾਸ ਕਾਰਜਾਂ ਵਿਚ ਪੈਸਾ ਵੀ ਖਰਚ ਕਰਨ ਜਾਂਦੇ ਹਨ। ਪਰ ਜਦ ਉਹ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖਲ ਕਾਰਨ ਦੁਖੀ ਹੁੰਦੇ ਹਨ, ਤਾਂ ਉਹ ਵੱਡੀ ਨਿਰਾਸ਼ਤਾ ਵਿਚ ਜਾ ਪੈਂਦੇ ਹਨ। ਪ੍ਰਵਾਸੀ ਪੰਜਾਬੀ ਪੰਜਾਬ ਅਤੇ ਪੰਜਾਬ ਸਰਕਾਰ ਬਾਰੇ ਕੀ ਸੋਚਦੇ ਹਨ, ਇਸ ਗੱਲ ਦਾ ਉਘੜਵਾਂ ਪ੍ਰਗਟਾਵਾ ਕਰੀਬ ਸਵਾ ਕੁ ਸਾਲ ਪਹਿਲਾਂ ਹੋਈਆਂ ਭਾਰਤ ਦੀਆਂ ਲੋਕ ਸਭਾ ਚੋਣਾਂ ਵਿਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਪੂਰੀ ਤਰ੍ਹਾਂ ਖੁੱਲ੍ਹ ਕੇ ਬਹੁਤੇ ਪ੍ਰਵਾਸੀ ਪੰਜਾਬੀਆਂ ਨੇ ਨਵੀਂ ਉੱਠੀ ਆਮ ਆਦਮੀ ਪਾਰਟੀ ਦੀ ਪਿੱਠ ਥਾਪੜੀ ਸੀ। ਵਿਦੇਸ਼ਾਂ ਵਿਚੋਂ ਆਮ ਆਦਮੀ ਪਾਰਟੀ ਲਈ ਨਾ ਸਿਰਫ ਹੱਲਾਸ਼ੇਰੀ ਹੀ ਦਿੱਤੀ ਗਈ, ਸਗੋਂ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਅਤੇ ਫੋਨਾਂ ਅਤੇ ਹੋਰ ਸਾਧਨਾਂ ਰਾਹੀਂ ਆਪਣੇ ਹਮਾਇਤੀਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣ ਲਈ ਪ੍ਰੇਰਿਤ ਵੀ ਕੀਤਾ। ਪੰਜਾਬ ਦੀ ਹਕੂਮਤੀ ਪਾਰਟੀ ਅਕਾਲੀ ਦਲ ਇਸ ਗੱਲ ਨੂੰ ਭਲੀਭਾਂਤ ਸਮਝਦੀ ਹੈ ਕਿ ਪੰਜਾਬ ਅੰਦਰ 13 ਹਲਕਿਆਂ ਵਿਚੋਂ 4 ਹਲਕਿਆਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਅਤੇ 3-4 ਹਲਕਿਆਂ ਵਿਚ ਵੱਡੇ ਪੱਧਰ ‘ਤੇ ਪਈਆਂ ਵੋਟਾਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹੱਥ ਸੀ। ਜੇਕਰ ਪ੍ਰਵਾਸੀ ਪੰਜਾਬੀ ਖੁੱਲ੍ਹ ਕੇ ਉਨ੍ਹਾਂ ਦੀ ਹਮਾਇਤ ਵਿਚ ਨਾ ਆਉਂਦੇ, ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਇੰਨੀ ਵੱਡੀ ਜਿੱਤ ਅਤੇ ਹੁੰਗਾਰਾ ਨਾ ਮਿਲਦਾ। ਇਹੀ ਕਾਰਨ ਹੈ ਕਿ ਅਕਾਲੀ ਲੀਡਰਸ਼ਿਪ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਲਈ ਮੁੜ ਤੋਂ ਵੱਡੇ ਪੈਮਾਨੇ ਉਪਰ ਯਤਨ ਆਰੰਭ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਅਗਲੇ ਕੁੱਝ ਦਿਨਾਂ ਵਿਚ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਜ਼ੀਰ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਕੁਝ ਹੋਰ ਵਿਧਾਇਕਾਂ ਵੱਲੋਂ ਉਤਰੀ ਅਮਰੀਕਾ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਮੰਤਰੀ ਅਤੇ ਵਿਧਾਇਕ ਅਮਰੀਕਾ ਤੇ ਕੈਨੇਡਾ ਦੇ ਵੱਖ ਸ਼ਹਿਰਾਂ ਵਿਚ ਜਾ ਕੇ ਆਪਣੇ ਹਮਾਇਤੀਆਂ ਰਾਹੀਂ ਲੋਕਾਂ ਨਾਲ ਸੰਪਰਕ ਬਣਾਉਣਗੇ ਅਤੇ ਪਿਛਲੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਵੀ ਦੱਸਣਗੇ। ਅਕਾਲੀ ਆਗੂ ਲੱਗਦਾ ਹੈ ਕਿ ਇਸ ਗੱਲ ਨੂੰ ਤਾਂ ਸਮਝ ਗਏ ਹਨ ਕਿ ਵਧੇਰੇ ਪ੍ਰਵਾਸੀ ਪੰਜਾਬੀ ਉਨ੍ਹਾਂ ਦੇ ਹੱਕ ਵਿਚ ਨਹੀਂ ਹਨ, ਸਗੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਡਾਹਢੇ ਦੁਖੀ ਅਤੇ ਔਖੇ ਹਨ। ਪ੍ਰਵਾਸੀ ਪੰਜਾਬੀਆਂ ਦੀ ਔਖ ਕੋਈ ਐਵੇਂ ਆਪ ਘੜੀ ਹੋਈ ਨਹੀਂ ਹੈ, ਸਗੋਂ ਉਨ੍ਹਾਂ ਦੇ ਨਿੱਜੀ ਤਲਖ ਤਜ਼ਰਬੇ ਕਾਰਨ ਹੈ। ਅੱਜਕੱਲ੍ਹ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਹਰ ਸਾਲ ਪੰਜਾਬ ਜਾਂਦੇ ਹਨ। ਉਧਰੋਂ ਵੀ ਬਹੁਤ ਸਾਰੇ ਲੋਕ ਇੱਧਰ ਆਉਂਦੇ ਹਨ। ਇਸ ਕਰਕੇ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਨਾਲ ਲਗਾਤਾਰ ਸਿੱਧਾ ਵਾਹ ਰਹਿੰਦਾ ਹੈ। 2007 ‘ਚ ਅਕਾਲੀ-ਭਾਜਪਾ ਗਠਜੋੜ ਦੀ ਪੰਜਾਬ ਅੰਦਰ ਸਰਕਾਰ ਬਣਦਿਆਂ ਹੀ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਵੀ ਬੜੇ ਵਾਅਦੇ ਤੇ ਐਲਾਨ ਕੀਤੇ ਗਏ ਸਨ। ਪਰ ਐੱਨ.ਆਰ.ਆਈ. ਥਾਣੇ ਅਤੇ ਐੱਨ.ਆਰ.ਆਈ. ਕਮਿਸ਼ਨ ਬਣਾਉਣ ਤੋਂ ਅੱਗੇ ਕੋਈ ਗੱਲ ਨਹੀਂ ਤੁਰੀ। ਐੱਨ.ਆਰ.ਆਈ. ਥਾਣਿਆਂ ਵਿਚ ਵੀ ਪ੍ਰਵਾਸੀ ਪੰਜਾਬੀ ਦੱਸਦੇ ਹਨ ਕਿ ਬਾਕੀ ਥਾਣਿਆਂ ਵਾਂਗ ਹੀ ਵਿਵਹਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਥਾਣਿਆਂ ਵਿਚ ਵੀ ਰਿਸ਼ਵਤ ਤੋਂ ਬਗੈਰ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ। ਮਾਮੂਲੀ ਜਿਹੇ ਮਾਮਲਿਆਂ ਵਿਚ ਮੁਕੱਦਮੇ ਦਰਜ ਕਰਵਾਉਣ ਲਈ ਪ੍ਰਵਾਸੀ ਪੰਜਾਬੀਆਂ ਨੂੰ ਮਹੀਨਿਆਂਬੱਧੀ ਇਨ੍ਹਾਂ ਥਾਣਿਆਂ ਦੇ ਚੱਕਰ ਕੱਢਣੇ ਪੈਂਦੇ ਹਨ। ਇਹੀ ਹਾਲ ਅਦਾਲਤਾਂ ‘ਚ ਹੈ। ਉਥੇ ਵੀ ਅਜੇ ਤੱਕ ਕੋਈ ਅਹਿਮ ਅਜਿਹਾ ਕੇਸ ਸਾਹਮਣੇ ਨਹੀਂ ਆਇਆ, ਜਿਸ ਬਾਰੇ ਕਿਹਾ ਜਾ ਸਕੇ ਕਿ ਅਦਾਲਤਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਇਨਸਾਫ ਦਿਵਾ ਦਿੱਤਾ ਹੋਵੇ। ਗੱਲ ਸਿਰਫ ਪ੍ਰਵਾਸੀ ਪੰਜਾਬੀਆਂ ਨੂੰ ਇਨਸਾਫ ਦੇਣ ਜਾਂ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਦਾ ਹੀ ਮਾਮਲਾ ਨਹੀਂ, ਸਗੋਂ ਪ੍ਰਵਾਸੀ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਪੰਜਾਬ ਅੰਦਰ ਸਿੱਖਿਆ ਦਾ ਚੰਗਾ ਪ੍ਰਬੰਧ ਹੋਵੇ। ਪੇਂਡੂ ਖੇਤਰਾਂ ਵਿਚ ਵੀ ਲੋਕਾਂ ਨੂੰ ਉੱਚ ਪਾਏ ਦੀਆਂ ਸਿਹਤ ਸਹੂਲਤਾਂ ਮਿਲਣ। ਰਾਜ ਅੰਦਰ ਚੰਗਾ ਬੁਨਿਆਦੀ ਢਾਂਚਾ ਹੋਵੇ। ਪਰ ਜਦ ਪ੍ਰਵਾਸੀ ਪੰਜਾਬੀ ਉਥੇ ਜਾ ਕੇ ਦੇਖਦੇ ਹਨ, ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਹੀ ਕਾਰਨ ਹਨ ਕਿ ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਦਾ ਅਕਾਲੀ ਲੀਡਰਸ਼ਿਪ ਤੋਂ ਵੀ ਭਰੋਸਾ ਟੁੱਟ ਗਿਆ ਹੈ। ਪੰਜਾਬ ਸਰਕਾਰ ਨੇ ਪਿੱਛੇ ਜਿਹੇ ਭਾਵੇਂ ਤਿੰਨ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਦੀ ਯਾਤਰਾ ਕਰਨ ਅਤੇ ਫਿਰ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਵੱਡੇ ਪੱਧਰ ‘ਤੇ ਮਨਾਉਣ ਦਾ ਸਿਲਸਿਲਾ ਆਰੰਭ ਕਰਕੇ ਆਪਣੇ ਆਪ ਨੂੰ ਸਿੱਖ ਮੁੱਦਿਆਂ ਵੱਲ ਕੇਂਦਰਿਤ ਕਰਨ ਦਾ ਯਤਨ ਕੀਤਾ ਹੈ। ਪਰ ਲੋਕਾਂ ਦੇ ਵੱਡੇ ਹਿੱਸੇ ਇਹ ਸਮਝ ਰਹੇ ਹਨ ਕਿ ਅਕਾਲੀ ਲੀਡਰਸ਼ਿਪ ਨੇ ਇਹ ਮੁੱਦੇ ਸਾਫ ਨੀਯਤ ਨਾਲ ਨਹੀਂ ਚੁੱਕੇ, ਸਗੋਂ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਮੋਗਾ ਬੱਸ ਕਾਂਡ ਵਿਚ ਇਕ ਲੜਕੀ ਦੀ ਹੋਈ ਮੌਤ ਨਾਲ ਬਾਦਲ ਪਰਿਵਾਰ ਦੀ ਹੋਈ ਬਦਨਾਮੀ ਦੇ ਮਾਮਲੇ ਨੂੰ ਠੰਡਾ ਕਰਨ ਦੇ ਰਾਜਸੀ ਮੰਤਵ ਨਾਲ ਇਹ ਕੁਝ ਕੀਤਾ ਗਿਆ ਹੈ। ਪੰਜਾਬ ਅੰਦਰ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਅਕਾਲੀਆਂ ਨੇ ਕਦੇ ਕਿਸੇ ਦੀ ਸਾਰ ਨਹੀਂ ਲਈ। ਇਹ ਸਾਰੇ ਕਾਰਨ ਹਨ, ਜਿਨ੍ਹਾਂ ਕਰਕੇ ਪ੍ਰਵਾਸੀ ਪੰਜਾਬੀ ਵੀ ਅਕਾਲੀ ਦਲ ਤੋਂ ਬੇਹੱਦ ਬਦਜਨ ਹਨ। ਹੁਣ ਅਕਾਲੀ ਦਲ ਦੇ ਆਗੂ ਉਤਰੀ ਅਮਰੀਕਾ ‘ਚ ਦੌਰੇ ‘ਤੇ ਆ ਰਹੇ ਹਨ। ਜੇਕਰ ਤਾਂ ਉਹ ਆਪਣੇ ਨਜ਼ਦੀਕੀਆਂ ਦੇ ਘਰਾਂ ਵਿਚ ਹੀ ਜਾਣ ਤੱਕ ਮਹਿਦੂਦ ਰਹਿੰਦੇ ਹਨ, ਫਿਰ ਇਸ ਦੌਰੇ ਦਾ ਕੋਈ ਖਾਸ ਲਾਭ ਮਿਲਣ ਦੀ ਉਮੀਦ ਨਹੀਂ। ਪਰ ਜੇਕਰ ਉਹ ਆਮ ਲੋਕਾਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਦਾ ਪੱਖ ਸੁਣਨਗੇ ਅਤੇ ਆਪਣੀ ਗੱਲ ਦੱਸਣਗੇ, ਤਾਂ ਸ਼ਾਇਦ ਕੁਝ ਨਾ ਕੁਝ ਲੋਕਾਂ ਦਾ ਮਨ ਜਿੱਤਣ ‘ਚ ਉਨ੍ਹਾਂ ਨੂੰ ਸਫਲਤਾ ਮਿਲ ਸਕੇਗੀ। ਇਕ ਵੱਡੀ ਗੱਲ ਇਹ ਵੀ ਹੈ ਕਿ ਅਕਾਲੀ ਨੇਤਾਵਾਂ ਨੇ ਉਤਰੀ ਅਮਰੀਕਾ ਦੇ ਦੌਰੇ ਦਾ ਫੈਸਲਾ ਤਾਂ ਕਰ ਲਿਆ ਹੈ, ਪਰ ਪ੍ਰਵਾਸੀ ਪੰਜਾਬੀ ਮੀਡੀਆ ਪ੍ਰਤੀ ਉਨ੍ਹਾਂ ਦਾ ਵਤੀਰਾ ਪਹਿਲਾਂ ਵਰਗਾ ਹੀ ਹੈ। ਜਿਵੇਂ ਕਿ ਆਮ ਕਰਕੇ ਪੰਜਾਬ ਸਰਕਾਰ ਨੇ ਕਦੇ ਵੀ ਪ੍ਰਵਾਸੀ ਮੀਡੀਏ ਨੂੰ ਨਹੀਂ ਗੌਲਿਆ ਅਤੇ ਨਾ ਹੀ ਇਸ ਮੀਡੀਏ ਨਾਲ ਕਿਸੇ ਵੀ ਕਿਸਮ ਦਾ ਰਾਬਤਾ ਰੱਖਣ ਦਾ ਯਤਨ ਕੀਤਾ। ਹੁਣ ਵੀ ਸੀਨੀਅਰ ਆਗੂਆਂ ਅਤੇ ਮੰਤਰੀਆਂ ਦੇ ਦੌਰੇ ਬਾਰੇ ਪ੍ਰਵਾਸੀ ਮੀਡੀਏ ਨੂੰ ਨਾ ਤਾਂ ਕੋਈ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਭਰੋਸੇ ਵਿਚ ਲੈਣ ਦਾ ਯਤਨ ਕੀਤਾ ਹੈ। ਪ੍ਰਵਾਸੀ ਪੰਜਾਬੀ ਮੀਡੀਏ ਪ੍ਰਤੀ ਅਪਣਾਇਆ ਅਜਿਹਾ ਵਤੀਰਾ ਅਕਾਲੀ ਲੀਡਰਸ਼ਿਪ ਲਈ ਕੋਈ ਚੰਗੇ ਸੰਕੇਤ ਨਹੀਂ ਦੇਵੇਗਾ। ਸੋ ਅਸੀਂ ਆਖ ਸਕਦੇ ਹਾਂ ਕਿ ਜੇਕਰ ਦੌਰੇ ‘ਤੇ ਆਈ ਅਕਾਲੀ ਲੀਡਰਸ਼ਿਪ ਨੇ ਖੁੱਲ੍ਹਦਿਲਾ ਵਤੀਰਾ ਨਾ ਅਪਣਾਇਆ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਯਤਨ ਨਾ ਕੀਤਾ, ਤਾਂ ਉਸ ਦੀ ਇਸ ਫੇਰੀ ਨੂੰ ਫਲ ਲੱਗਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ।
ਗੁਰਜਤਿੰਦਰ ਸਿੰਘ ਰੰਧਾਵਾ,
ਸੈਕਰਾਮੈਂਟੋ, ਕੈਲੀਫੋਰਨੀਆ,
916-320-9444
ਗੁਰਜਤਿੰਦਰ ਸਿੰਘ ਰੰਧਾਵਾ
ਕਿੰਨਾ ਕੁ ਸਾਰਥਿਕ ਰਹੇਗਾ ਅਕਾਲੀਆਂ ਦਾ ਪੰਜਾਬੀ ਪਰਵਾਸੀਆਂ ਨੂੰ ਰਿਝਾਉਣ ਦਾ ਦੌਰਾ ?
Page Visitors: 2714