
*ਜਨਮ ਦਿਨ ਆਪੋ ਆਪਣੇ ਤੇ ਕੀ ਕਰੀਏ?*
ਜਨਮ ਦਿਨ ਮੁਤਾਬਿਕ ਅੱਜ 19-08-2015 ਦਾਸ ਨੂੰ 55 ਵਾਂ ਸਾਲ ਚੜ੍ਹਿਆ ਹੈ। ਜਨਮ ਦਿਨ ਬਾਰੇ ਹੀ ਕੁਝ ਵਿਚਾਰ ਪੇਸ਼ ਹਨ-ਸੰਸਾਰ ਵਿੱਚ ਕਰਤੇ ਦੀ ਕੁਦਰਤ ਵਿੱਚ ਬੇਅੰਤ ਜੀਵ ਜੰਤੂਆਂ ਅਤੇ ਮਨੁੱਖਾਂ ਦੇ ਜਨਮ ਪਹਿਲੇ ਹੋਏ, ਹੁਣ ਹੁੰਦੇ ਅਤੇ ਅੱਗੇ ਹੁੰਦੇ ਰਹਿਣਗੇ। ਇਹ ਕੁਦਰਤ ਦਾ ਸਰਕਲ ਚਲਦਾ ਰਹਿੰਦਾ ਹੈ। ਜਿੱਥੇ ਜੀਵ ਜੰਤੂ ਪੌਦੇ ਵੀ ਆਪਣੀ ਸ਼ਾਖ ਛੱਡ ਜਾਂਦੇ ਨੇ ਓਥੇ ਬਹੁਤੇ ਮਾਨੁੱਖ ਵੀ ਅੱਗੇ ਬੱਚਿਆਂ ਦੀ ਪੀੜੀ ਛੱਡ ਜਾਂਦੇ ਹਨ। ਇਹ ਹੀ ਉਨ੍ਹਾਂ ਦਾ ਅਗਲਾ ਜਨਮ ਹੁੰਦਾ ਹੈ ਜੋ ਅੱਗੇ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਦੇਖੋ ਇਸ ਕੁਦਰਤੀ ਸਰਕਲ ਨੂੰ ਵੀ
ਲੋਟੂਆਂ ਨੇ ਨਹੀਂ ਬਖਸ਼ਿਆ ਤੇ ਅਖੌਤੀ ਅਗਲਾ ਜਨਮ ਸਫਲ ਕਰਨ ਲਈ ਇਸ ਜਨਮ ਵਿੱਚ ਵੱਧ ਤੋਂ ਵੱਧ ਵੇਹਲੜ ਸਾਧਾਂ-ਸੰਤਾਂ, ਜੋਤਸ਼ੀਆਂ, ਬਾਬਿਆਂ, ਪੁਜਾਰੀਆਂ, ਮੁਲਾਂ-ਮੁਲਾਣਿਆਂ, ਗਿਆਨੀਆਂ ਅਤੇ ਰਾਗੀਆਂ-ਗ੍ਰੰਥੀਆਂ ਨੂੰ ਰੁਪਿਆ ਪੈਸਾ, ਧੰਨ ਦੌਲਤ, ਕਪੜਾ, ਕੀਮਤੀ ਪਦਾਰਥ, ਸੋਨਾਂ-ਚਾਂਦੀ, ਗਊ-ਮੱਝ, ਘੋੜੇ-ਹਾਥੀ, ਧਰਤੀ-ਜਮੀਨ ਅਤੇ ਇੱਥੋਂ ਤੱਕ ਕਿ ਆਪਣੀ ਪਤਨੀ ਸਮੇਤ ਪੂਰੀ ਪ੍ਰਾਪਰਟੀ ਦਾਨ ਕਰਨ ਦਾ ਜਮੀਰਮਾਰੂ ਅਤੇ ਜਨਤਾ ਲੋਟੂ ਭਰਮ ਪਾ ਖੂਬ ਲੁਟਿਆ ਅਤੇ ਲੁੱਟ ਰਹੇ ਹਨ।
ਜਿੱਥੇ ਜਨਮ ਦਿਨ ਤੇ ਲੱਖਾਂ-ਕਰੋੜਾਂ ਲੋਕ ਅਜਿਹਾ ਕਰਕੇ ਆਪਣਾ ਝੁੱਗਾ ਚੌੜ ਕਰਵਾਉਂਦੇ ਰਹਿੰਦੇ ਹਨ ਓਥੇ ਮਹਿੰਗੀਆਂ-ਮਹਿੰਗੀਆਂ ਪਾਰਟੀਆਂ ਤੇ ਵੱਡੇ ਕੇਕ ਕੱਟਦੇ, ਰੰਗ ਰਲੀਆਂ, ਨਾਚ ਮੁਜਾਰੇ ਅਤੇ ਸ਼ਰਾਬਾਂ ਦੇ ਦੌਰ ਚਲਾਉਂਦੇ ਹਨ। ਅਮੀਰ ਅਤੇ ਕਾਲੇ ਧੰਨ ਵਾਲੇ ਤਾਂ ਅਜਿਹਾ ਸੌਖ ਨਾਲ ਕਰ ਲੈਂਦੇ ਹਨ ਪਰ ਉਨ੍ਹਾਂ ਦੀ ਰੀਸੇ ਆਮ ਗਰੀਬ ਤੱਬਕਾ ਵੀ ਅਜਿਹਾ ਕਰਜੇ ਚੁੱਕ ਚੁੱਕ ਕੇ ਕਰਦਾ ਤੇ ਬਾਅਦ ਵਿੱਚ ਦੁਖੀ ਹੁੰਦਾ ਹੈ।
ਦੇਖੋ ਹਰ ਜਨਮ ਦਿਨ ਤੇ ਤਾਂ ਉਮਰ ਸਗੋਂ ਘਟਦੀ ਹੈ-*ਜਨਨੀ ਜਾਨਤ ਸੁਤੁ ਬੜਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ॥ (91) *ਦਿਨ ਪ੍ਰਤੀ ਦਿਨ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਜਿੰਦਗੀ ਦੇ ਇਸ ਸਫਰ ਵਿੱਚ ਇੱਕ ਦਿਨ ਉਹ ਵੀ ਆ ਜਾਂਦਾ ਹੈ ਜਦ ਅਸੀਂ ਵਾਕਿਆ ਹੀ ਵੱਡੇ ਹੋ ਜਾਂਦੇ ਹਾਂ (ਸਰੀਰ ਤਿਆਗ ਦਿੰਦੇ ਹਾਂ) ਤੇ ਲੋਕ ਕਹਿਣ ਲੱਗ ਜਾਂਦੇ ਹਨ ਕਿ ਫਲਾਣਾ ਤਾਂ ਵੱਡਾ ਹੋ ਗਿਆ ਹੈ ਭਾਵ ਮਰ ਗਿਆ ਹੈ।
ਆਓ ਹਰ ਜਨਮ ਦਿਨ ਤੇ ਇਸ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਇਸ ਬਾਰੇ ਸਾਡੇ *“ਗੁਰੂਆਂ,ਭਗਤਾਂ ਅਤੇ ਰੱਬੀ ਪਿਆਰਿਆਂ” *ਨੇ ਜੋ ਸੱਚ ਧਰਮ ਦੀ ਸਿਖਿਆ ਦਿੱਤੀ ਹੈ, ਉਸ ਨੂੰ ਪੜ੍ਹੀਏ,ਵਿਚਾਰੀਏ ਅਤੇ ਜੀਵਨ ਵਿੱਚ ਧਾਰੀਏ। ਅਸੀਂ ਸਿੱਖ ਹਾਂ ਇਸ ਲਈ ਸਾਨੂੰ ਤਾਂ ਗੁਰੂ ਦੀ ਸਿਖਿਆ *“ਗੁਰੂ ਗ੍ਰੰਥ ਸਾਹਿਬ”* ਜੀ ਦੀ ਬਾਣੀ ਪੜ੍ਹਨੀ, ਸਿੱਖਣੀ ਅਤੇ ਵਿਚਾਰਨੀ ਚਾਹੀਦੀ ਹੈ। ਜਿਹੜੇ ਸਿੱਖ ਚੁੱਕੇ ਹਨ ਉਨ੍ਹਾਂ ਨੂੰ ਹੋਰ ਅੱਗੇ ਇਸ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਚਾਹੀਦਾ ਹੈ। ਕਿੰਨਾਂ ਚੰਗਾ ਹੋਵੇ ਜੇ ਅਸੀਂ ਆਪਣੇ ਜਨਮ ਦਿਨ ਤੇ ਕੁਝ ਹੋਰ ਚੰਗਾ ਪੜ੍ਹਨ, ਵਿਚਾਰਨ ਅਤੇ ਧਾਰਨ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਵਿਤ ਮੁਤਾਬਿਕ ਸੇਵਾ ਕਰੀਏ। ਕਿਰਤੀ ਹਾਂ ਤਾਂ ਕੁਝ ਲੋੜਵੰਦਾਂ ਦੀ ਮਦਦ ਕਰੀਏ, ਅਧਿਆਪਕ ਹਾਂ ਤਾਂ ਲੋੜਵੰਦ ਬੱਚਿਆਂ ਨੂੰ ਪੜ੍ਹਾਈਏ, ਜਨਮ ਦਿਨ, ਵਿਆਹ ਜਾਂ ਕਿਸੇ ਵੀ ਖੁਸ਼ੀ ਦੇ ਦਿਨ ਲੋੜਵੰਦ ਭੈਣਾਂ ਅਤੇ ਵੀਰਾਂ ਦੀ ਮਦਦ ਕਰੀਏ ਨਾਂ ਕਿ ਔਰਤ ਦੀ ਗੁਲਾਮੀ ਰੱਖੜੀ ਬੰਨ੍ਹਵਾ ਕੇ ਕੁਝ ਦਈਏ, ਚੰਗੇ ਕਾਰੋਬਾਰ ਵਾਲੇ ਹਾਂ ਤਾਂ ਲੋੜਵੰਦਾ ਨੂੰ ਕੰਮ ਦਈਏ, ਲਿਖਾਰੀ ਹਾਂ ਤਾਂ ਸੱਚੋ-ਸੱਚ ਲਿਖੀਏ, ਪ੍ਰਚਾਰਕ ਹਾਂ ਤਾਂ ਸੱਚ ਧਰਮ ਦਾ ਪ੍ਰਚਾਰ ਕਰੀਏ। ਧਰਮ ਅਤੇ ਸਮਾਜ ਲੋਟੂ ਸਾਧਾ-ਸੰਤਾਂ ਅਤੇ ਰਾਜਨੀਤਕ ਲੀਡਰਾਂ ਤੋਂ ਜਿੱਥੇ ਆਪ ਬਚੀਏ ਓਥੇ ਹੋਰਨਾਂ ਨੂੰ ਵੀ ਬਚਨ ਲਈ ਤਨ ਦੇਹੀ ਨਾਲ ਸਿਖਿਆ ਦੇਈਏ। ਫੋਕੀਆਂ ਰੀਤਾਂ ਰਸਮਾਂ, ਮੱਸਿਆ, ਪੁੰਨਿਆਂ, ਸੰਗ੍ਰਾਦਾਂ, ਰੱਖੜੀਆਂ, ਲੋਹੜੀਆਂ ਅਤੇ ਦਿਵਾਲੀਆਂ ਨੂੰ ਹੀ ਪਵਿਤਰ ਦਿਨ ਨਾਂ ਸਮਝੀਏ ਜੋ ਬ੍ਰਾਹਮਣੀ ਪਦਾਇਸ਼ ਹਨ। ਧਰਮ ਤੇ ਸਮਾਜ ਵਿੱਚ ਅਗਿਆਨਤਾ, ਅੰਧਵਿਸ਼ਵਾਸ਼, ਥੋਥੇ ਕਰਮਕਾਂਡ, ਲੋਟੂ ਕਰਾਮਾਤਾਂ, ਹੱਥ ਦੇਖ ਭਵਿੱਖ ਦੱਸਣ ਵਾਲੇ ਲੋਟੂਆਂ ਅਤੇ ਅਖੌਤੀ ਸਾਧਾਂ-ਸੰਤਾਂ ਅਤੇ ਡੇਰੇਦਾਰ ਸੰਪ੍ਰਦਾਈਆਂ ਤੋਂ ਆਪ ਦੂਰ ਰਹੀਏ ਤੇ ਹੋਰਨਾਂ ਨੂੰ ਰਹਿਣ ਦੀ ਪ੍ਰੇਰਨਾ ਕਰੀਏ।
ਗੁਰੂ ਨਾਨਕ ਸਾਹਿਬ ਦੇ ਇਹ ਸੁਨਹਿਰੀ ਅਸੂਲ *“**ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ**”* ਦੇ ਧਾਰਨੀ ਹੋਈਏ। ਵਿਹਲੜ ਸਾਧਾਂ ਦਾ ਖਹਿੜਾ ਛਡੀਏ। ਪੁਜਾਰੀਆਂ ਦੀ ਧਰਮ-ਗੁਲਾਮੀ ਤੋਂ ਅਜਾਦ ਹੋ ਆਪ ਹੀ ਸਾਰੇ ਧਰਮ-ਕਰਮ ਕਰੀਏ-
*ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਏ॥ (474)
*ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕਰੀਏ ਅਤੇ ਨਾਂ ਹੀ ਕਰਨ ਦਈਏ। ਡੇਰੇਦਾਰਾਂ ਅਤੇ ਟਕਸਾਲੀ ਸੰਪ੍ਰਦਾਈਆਂ ਦੁਆਰਾ ਸਾਡੇ ਵਿੱਚ ਵਾੜ ਦਿੱਤੀ ਗਈ ਬ੍ਰਾਹਮਣੀ ਸੁੱਚ-ਭਿੱਟ, ਜਾਤ-ਪਾਤ, ਕਰਮਕਾਂਡ, ਅੰਧਵਿਸ਼ਵਾਸ਼ੀ ਅਤੇ ਪੁਜਾਰੀਵਾਦ ਨੂੰ ਬੜਾਵਾ ਦੇਣ ਵਾਲੀ ਅਖੌਤੀ ਮਰਯਾਦਾ ਦਾ ਤਿਆਗ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ ਹੀ *“**ਸਿੱਖ ਰਹਿਤ ਮਰਯਾਦਾ**”* ਸਮਝੀਏ। ਪੁਜਾਰੀਵਾਦੀ ਧਰਮਰਾਜ ਬਣੇ ਅਖੌਤੀ ਜਥੇਦਾਰ ਜੋ ਆਏ ਦਿਨ ਗੁਰਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕ ਰਹੇ ਹਨ ਦਾ ਖਹਿੜਾ ਛੱਡ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਉਸ ਦੀ ਅਗਵਾਈ ਵਿੱਚ ਜੀਵਨ ਸਫਲ ਕਰੀਏ। ਇੱਕ-ਗ੍ਰੰਥ, ਇੱਕ-ਗੁਰੂਪੰਥ, ਇੱਕ-ਮਰਯਾਦਾ, ਇੱਕ-ਨਿਸ਼ਾਨ-ਵਿਧਾਂਨ ਅਤੇ ਇੱਕ-ਨਾਨਕਸ਼ਾਹੀ ਕੈਲੰਡਰ ਦੇ ਧਾਰਨੀ ਹੋਈਏ। ਆਪਣਾ ਬਾਨੀ ਰਹਿਬਰ, ਆਗੂ ਅਤੇ ਸੱਚ ਧਰਮ ਰਾਜ ਦੀ ਨੀਂਹ ਰੱਖਣ ਵਾਲਾ *“ਗੁਰੂ **ਬਾਬਾ ਨਾਨਕ ਸਾਹਿਬ* *”* ਨੂੰ ਮੰਨੀਏ ਨਾਂ ਕਿ ਕਿਸੇ ਡੇਰੇ, ਸੰਪ੍ਰਦਾ ਜਾਂ ਟਕਸਾਲ ਦੇ ਮੁਖੀ ਆਗੂ ਜਾਂ ਸੰਤ ਨੂੰ।
ਆਪਣੇ ਘਰ ਨੂੰ ਛੋਟੀ ਜਿਹੀ ਲਾਇਬ੍ਰੇਰੀ ਬਣਾਈਏ ਜਿੱਥੇ ਵਿਦਵਾਨਾਂ ਦੀਆਂ ਖੋਜ ਭਰਪੂਰ ਪੁਸਤਕਾਂ ਰੱਖੀਏ, ਜਦ ਵੀ ਸਮਾਂ ਮਿਲੇ ਜਾਂ ਛੁੱਟੀ ਵਾਲੇ ਦਿਨ ਆਪਣੇ ਆਂਡੀਆਂ-ਗੁਵਾਢੀਆਂ ਨੂੰ *“**ਗੁਰੂ ਗ੍ਰੰਥ ਸਾਹਿਬ**”* ਦੇ ਸਰਬ ਸਾਂਝੇ ਉਪਦੇਸ਼ ਤੋਂ ਜਾਣੂੰ ਕਰਵਾਈਏ। ਨਫਰਤਾਂ ਤਿਆਗ ਕੇ ਸਭ ਨੂੰ ਆਪਣੇ ਭੈਣ-ਭਾਈ ਸਮਝੀਏ। ਲੋਕ ਲਾਜ, ਵਿਸ਼ੇ ਵਿਕਾਰਾਂ ਅਤੇ ਨਸ਼ਿਆਂ ਦਾ ਤਿਆਗ ਕਰੀਏ, ਹਰ ਉਸ ਇਨਸਾਨ ਨੂੰ ਗੁਰੂ ਦਾ ਸਿੱਖ ਸਮਝ ਸਤਿਕਾਰ ਕਰੀਏ ਜੋ *“**ਗੁਰੂ ਗ੍ਰੰਥ ਸਾਹਿਬ**”* ਦੀ ਸਿਖਿਆ ਅਨੁਸਾਰ ਚਲਦਾ ਹੈ ਅਤੇ ਹਰ ਰੋਜ ਕੁਝ ਨਾ ਕੁਝ ਗੁਰੂ ਤੋਂ ਸਿਖਦਾ ਹੈ। ਕਟੜਵਾਦ ਦਾ ਤਿਆਗ ਕਰਕੇ ਅਸੂਲ ਅਤੇ ਪਿਆਰਵਾਦ ਦੇ ਧਾਰਨੀ ਬਣੀਏ। ਸਮੁੱਚੀ ਮਨੁੱਖਤਾ ਨੂੰ ਇੱਕ ਹੀ ਪਿਤਾ-ਪ੍ਰਮਾਤਮਾਂ ਦੀ ਸੰਤਾਨ ਸਮਝੀਏ-
*ਏਕੁ ਪਿਤਾ ਏਕਸ ਕੇ ਹਮ ਬਾਰਿਕ॥ (611)*
ਤਾਂ ਮੈਂ ਸਮਝਦਾ ਹਾਂ ਕਿ ਸਾਡਾ ਜਨਮ ਦਿਨ ਮਨਾਇਆ ਮੁਬਾਰਕ ਤੇ ਸਫਲਾ ਹੋ ਸਕਦਾ ਹੈ। ਸਾਰੇ ਅਰਦਾਸ ਕਰੋ ਕਿ ਅਕਾਲ ਪੁਰਖ ਆਗੇ ਹੋਰ
ਤਨਦੇਹੀ, ਦ੍ਰਿੜਤਾ ਅਤੇ ਲਗਨ ਨਾਲ *“ਗੁਰੂ ਗ੍ਰੰਥ ਸਾਹਿਬ”* ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਹੋਰ ਸਚੱਜੇ ਢੰਗ ਨਾਲ ਪ੍ਰਚਾਰ ਕਰ ਸੱਕੇ ਅਤੇ ਦਾਸ ਦੀ ਕਲਮ ਬਿਨਾ ਕਿਸੇ ਡਰ-ਭੈ, ਲਾਲਚ ਅਤੇ ਲੋਕ ਲਾਜ ਤੋਂ ਉੱਪਰ ਉੱਠ ਗੁਰੂ ਜਸ ਲਿਖਦੀ ਰਹੇ।
*ਅਵਤਾਰ ਸਿੰਘ ਮਿਸ਼ਨਰੀ (5104325827)*