
*ਗੁਰਦੁਆਰਾ ਸੈਨਹੋਜੇ ਕਮੇਟੀ ਦਾ ਸ਼ਲਾਘਾਯੋਗ ਕੰਮ*
ਦਾਸ ਹਰ ਉਸ ਗੁਰਦੁਆਰੇ ਸਭਾ ਸੁਸਾਇਟੀ ਵਿੱਚ ਗੁਰਮਤਿ ਪ੍ਰਚਾਰ ਲਈ ਜਾਂਦਾ ਹੈ ਜਿੱਥੇ ਵੀ ਕੋਈ ਸੱਦਾ ਦਿੰਦਾ ਹੈ। ਜਰੂਰੀ ਨਹੀਂ ਕਿ ਦਾਸ ਦੇ ਵਿਚਾਰ ਹਰੇਕ ਨਾਲ ਮਿਲਦੇ ਹੋਣ ਪਰ ਕਿਸੇ ਦੀ ਚੰਗੀ ਗੱਲ ਦੀ ਸ਼ਲਾਘਾ ਹੀ ਕਰਨੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਸੈਨਹੋਜੇ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ, ਸਰਬਜੋਤ ਸਿੰਘ ਸਵੱਦੀ ਦੇ ਦੱਸਣ ਮੁਤਾਬਕ ਕਮੇਟੀ ਨੇ ਸਰਬਸੰਮਤੀ ਨਾਲ ਗੁਰਦੁਆਰੇ ਦੇ ਲੰਗਰ ਹਾਲ ਚੋਂ ਮੂਰਤੀਆਂ ਹਟਾ ਦਿੱਤੀਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਮੂਰਤੀ ਸੀ। ਸ਼ਖਸ਼ੀ ਬਾਬਿਆਂ ਦੇ ਪੁਜਾਰੀਆਂ ਨੂੰ ਭਿੰਡਰਾਂਵਾਲਿਆਂ ਦੀ ਮੂਰਤੀ ਹਟਾਉਣ ਦਾ ਦੁੱਖ ਲੱਗਾ ਹੈ ਪਰ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੂਰਤਾਂ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਉਨ੍ਹਾਂ ਲਈ ਗੁਰੂਆਂ ਭਗਤਾਂ ਨਾਲੋਂ ਅਜੋਕੇ ਸੰਤ ਹੀ ਵੱਡੇ ਹਨ।
ਭਲਿਓ ਜਿੰਨ੍ਹਾਂ ਗੁਰੂ ਸਾਹਿਬਾਨਾਂ ਨੇ ਮੂਰਤੀਆਂ ਪੂਜਨ ਤੇ ਅਸਥਾਪਨ ਕਰਨ ਦਾ ਗੁਰਬਾਣੀ ਵਿੱਚ ਥਾਂ ਥਾਂ ਕਰੜਾ ਵਿਰੋਧ ਕੀਤਾ ਹੈ ਕਿ-
*ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ॥ (ਗੁਰੂ ਗ੍ਰੰਥ ਸਾਹਿਬ)
*ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-
*ਗੁਰ ਮੂਰਤਿ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ।
*ਗੁਰਦੁਆਰਿਆਂ ਵਿੱਚ ਉਨ੍ਹਾਂ ਦੀਆਂ ਹੀ ਮੂਰਤੀਆਂ ਅਗਿਆਨਤਾ ਵੱਸ ਲਾ ਦਿੱਤੀਆਂ ਜਾਣ ਤਾਂ ਇਹ ਗੁਰੂਆਂ ਭਗਤਾਂ ਦਾ ਨਿਰਾਦਰ ਹੈ। ਫੋਟੋਆਂ-ਮੂਰਤਾਂ ਦੀ ਤਾਂ ਵਿਰੋਧਤਾ ਬਾਬਾ ਜਰਨੈਲ ਸਿੰਘ ਜੀ ਵੀ ਕਰਦੇ ਰਹੇ ਹਨ। ਉਨ੍ਹਾਂ ਦੇ ਸਿੰਘ ਜਦ ਘਰਾਂ ਵਿੱਚ ਪਾਠ ਰੱਖਣ ਵੀ ਜਾਂਦੇ ਤਾਂ ਸਭ ਤੋਂ ਪਹਿਲਾਂ ਪਾਠ ਵਾਲੇ ਕਮਰੇ ਚੋਂ ਮੂਰਤੀਆਂ ਚੁਕਵਾਉਂਦੇ ਸਨ। ਦਾਸ ਨੇ ਵੀ ਟਕਸਾਲ ਵਿੱਚ ਰਹਿ ਕੇ ਇਹ ਵਰਤਾਰਾ ਦੇਖਿਆ ਹੈ। ਹਾਂ ਅਜਾਇਬਘਰ ਵਿੱਚ ਵੱਖਰੇ ਤੌਰ ਤੇ ਸਿੰਘ ਸਿੰਘਣੀਆਂ ਅਤੇ ਯੋਧਿਆਂ ਦੀਆਂ ਤਸਵੀਰਾਂ ਯਾਦਗਾਰੀ ਤੌਰ ਤੇ ਲਾਈਆਂ ਜਾਂ ਰੱਖੀਆਂ ਜਾ ਸਕਦੀਆਂ ਹਨ ਪਰ ਗੁਰਦੁਆਰੇ ਵਿੱਚ ਕੇਵਲ ਤੇ ਕੇਵਲ ਸ਼ਬਦ ਗੁਰੂ* “ਗੁਰੂ ਗ੍ਰੰਥ ਸਾਹਿਬ” *ਦਾ ਹੀ ਪ੍ਰਕਾਸ਼ ਤੇ ਪਚਾਰ ਹੋਣਾਂ ਚਾਹੀਦਾ ਹੈ। ਦਾਸ ਸਤਿਕਾਰ ਯੋਗ ਮਰਹੂਮ ਸ੍ਰ. ਜੀਤ ਸਿੰਘ ਬੈਨੀਵਾਲ ਦੇ ਬੁੱਤ ਲਾਉਣ ਦੀ ਵਿਰੋਧਤਾ ਕਰਨ ਵਾਲਿਆਂ ਦੀ ਵੀ ਸ਼ਲਾਘਾ ਕਰਦਾ ਹੈ ਕਿਉਂਕਿ ਬੁੱਤ ਤਾਂ ਚੌਕਾਂ ਜਾਂ ਪਾਰਕਾਂ ਵਿੱਚ ਲਗਦੇ ਹਨ। ਇਸਦੇ ਨਾਲ ਮਜੂਦਾ ਕਮੇਟੀ ਨੂੰ ਵਧਾਈ ਦਿੰਦਾ ਹੈ ਕਿ ਉਨ੍ਹਾਂ ਐਸਾ ਨਹੀਂ ਕੀਤਾ। ਆਸ ਹੈ ਮਜੂਦਾ ਪ੍ਰਬੰਧਕ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਸਮਾਂ ਦੇਣਗੇ ਤਾਂ ਕਿ ਮਨਮੱਤਾਂ ਅਤੇ ਥੋਥੇ ਕਰਮਕਾਂਡਾਂ ਤੋਂ ਸੰਗਤਾਂ ਸੁਚੇਤ ਹੋ ਸਕਣ ਅਤੇ ਅਮਰੀਕਾ ਦੇ ਇਸ ਵੱਡੇ ਅਤੇ ਸੁੰਦਰ ਦਿੱਖ ਵਾਲੇ *“ਸਿੱਖ ਗੁਰਦੁਆਰੇ ਸੈਨਹੋਜੇ”* ਦੀ ਸ਼ੋਭਾ ਸੰਸਾਰ ਭਰ ਵਿੱਚ ਵਧੀਆ ਸੰਦੇਸ਼ ਦਿੰਦੀ ਰਹੇ।
*ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦਾ ਸੇਵਕ*
*ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ*
*(5104325827)*