
# ਕੀ ਸਭ ਧਰਮ ਬਰਾਬਰ ਹਨ ? #
ਅਵਤਾਰ ਸਿੰਘ ਮਿਸ਼ਨਰੀ 510 432 5827
ਆਮ ਲੋਕਾਂ ਖਾਸ ਕਰ ਧਰਮ ਪ੍ਰਚਾਰਕਾਂ ਅਤੇ ਪੁਲੀਟੀਕਲ ਲੀਡਰਾਂ ਦਾ ਧਰਿਆ ਧਰਾਇਆ ਜਵਾਬ ਹੁੰਦਾ ਹੈ ਕਿ ਸਭ ਧਰਮ ਬਰਾਬਰ ਹਨ, ਪਰ ਐਸਾ ਨਹੀਂ ਹੈ, ਜੇ ਸ਼ੱਕ ਹੈ ਤਾਂ ਸਾਰੇ ਧਰਮਾਂ ਭਾਰੇ ਸਟੱਡੀ ਕਰਕੇ ਦੇਖੋ, ਸਭ ਦੀਆਂ ਰਹੁ ਰੀਤਾਂ ਤੇ ਮਨੌਤਾਂ ਅਲੱਗ ਅਲੱਗ ਹਨ। ਹਰੇਕ ਦੇ ਰੱਬ, ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਹਨ। ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹਨ, ਜੇ ਹੁੰਦੇ ਤਾਂ ਧਰਮ ਦੇ ਨਾਂ ਕੋਈ ਵੀ ਲੜਾਈ ਨਾਂ ਹੁੰਦੀ, ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ ਸੰਤਾਨ ਇਨਸਾਨ ਸਮਝਿਆ ਜਾਂਦਾ। ਅੱਜ ਤਾਂ ਮੰਦਰਾਂ, ਮਸਜਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ ਦੂਜੇ ਦਾ ਸਿਰ ਪਾੜ੍ਹਨ ਤੱਕ ਜਾਂਦੇ ਹਨ। ਜੇ ਬਰਾਬਰ ਹਨ ਤਾਂ ਐਸਾ ਕਿਉਂ? ਰੱਬ ਦੇ ਸ਼ਰੀਕਾਂ ਨੇ ਹੀ ਅਲੱਗ ਅਲੱਗ ਧਰਮ ਪੈਦਾ ਕੀਤੇ ਹੋਏ ਹਨ ਅਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਹਨ।
ਜਰਾ ਇਧਰ ਵੀ ਧਿਆਨ ਦਿਉ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ ਅਕਾਲ ਪੁਰਖ ਮੰਨਦਾ ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਹੀ ਭਗਵਾਨ ਕਹੇ ਥਾਂ ਥਾਂ ਮੱਥੇ ਟੇਕੀ ਜਾਂਦਾ ਹੈ। ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜਦ ਕਿ ਬਹੁਤੇ ਧਰਮ ਨਹੀਂ ਦਿੰਦੇ। ਸਿੱਖ ਧਰਮ ਅਖੌਤੀ ਨਰਕ ਸਵਰਗ, ਦੇਵੀ ਦੇਵਤਾ, ਭੂਤ-ਪ੍ਰੇਤ, ਚੜੇਲਾਂ, ਥੋਥੇ ਕਰਮਕਾਂਡ, ਵਹਿਮ ਭਰਮ, ਜਾਦੂ ਟੂਣੇ, ਧਰਮ ਦੇ ਨਾਂ ਤੇ ਬਲੀਆਂ ਦੇਣੀਆਂ, ਤੰਤ੍ਰ ਮੰਤ੍ਰ, ਜੋਤਿਸ਼ੀਆਂ, ਮਸਿਆ ਪੁਨਿਆਂ, ਸੰਗ੍ਰਾਂਦਾਂ, ਚੰਗੇ ਮੰਦੇ ਦਿਨਾਂ, ਮੜੀਆਂ ਮਸਾਣੀਆਂ, ਪੁਜਾਰੀਆਂ ਅਤੇ ਕਿਰਤ ਤੇ ਗ੍ਰਿਹਸਤ ਤੋਂ ਭਗੌੜੇ ਅਖੌਤੀ ਸਾਧਾਂ ਸੰਤਾਂ ਆਦਿਕ ਨੂੰ ਨਹੀਂ ਮੰਨਦਾ ਤੇ ਨਾਂ ਹੀ ਮਾਨਤਾ ਦਿੰਦਾ ਹੈ। ਸਿੱਖ ਧਰਮ ਇੱਕ ਕਰਤਾਰ ਨੂੰ ਸਰਬ ਨਿਵਾਸੀ ਘਟਿ ਘਟਿ ਵਾਸੀ ਮੰਨਦਾ ਹੋਇਆਂ ਸਭ ਵਿੱਚ ਉਸ ਦੀ ਜੋਤਿ ਮੰਨਦਾ ਹੈ। ਸਿੱਖ ਧਰਮ ਵਿੱਚ ਕੋਈ ਜਾਤ-ਪਾਤ ਨਹੀਂ। ਸਿੱਖ ਧਰਮ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦਾ ਹੈ-
ਏਕੁ ਪਿਤਾ ਏਕਸ ਕੇ ਹਮ ਬਾਰਿਕ (611)
ਜਦ ਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮੁਦਈ ਹੈ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇਸ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ।
ਇਸਲਾਮ ਵਿੱਚ ਬੀਫ ਖਾਣਾ ਹਰਾਮ ਨਹੀਂ ਪਰ ਹਿੰਦੂ ਪਾਪ ਮੰਨਦੇ ਹਨ। ਮੁਸਲਿਮ ਸੂਰ ਨਹੀਂ ਖਾਂਦੇ ਪਰ ਸਿੱਖਾਂ ਵਾਸਤੇ ਨਾਂ ਬੀਫ ਤੇ ਨਾਂ ਹੀ ਸੂਰ ਹਰਾਮ ਹੈ।ਹਿੰਦੂਆਂ ਦੇ ਮੰਦਰਾਂ ਵਿੱਚ ਸ਼ੂਦਰ ਨੀਵੀਂ ਜਾਤ ਦਾ ਮਨੁੱਖ ਨਹੀਂ ਜਾ ਸਕਦਾ। ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਕਹਿੰਦੇ ਹਨ ਪਰ ਸਿੱਖ ਗੁਰਦੁਆਰਿਆਂ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਭ ਧਰਮ ਬਰਾਬਰ ਹਨ? ਐਸਾ ਕਹਿਣ ਜਾਂ ਮੰਨਣ ਵਾਲੇ ਜਰਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਜਵਾਬ ਦੇਣ ਹਾਂ ਇਹ ਵੱਖਰੀ ਗੱਲ ਹੈ ਕਿ ਸਾਨੂੰ ਸਭ ਇਨਸਾਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾਂ ਕਿ ਨਿਰਾਦਰ ਪਰ ਸਾਰਥਕ ਤਰਕ ਦੇ ਅਧਾਰ ਤੇ ਵਿਚਾਰ ਚਰਚਾ ਤਾਂ ਕੀਤੀ ਹੀ ਜਾ ਸਕਦੀ ਹੈ ਜਿਸ ਬਾਰੇ ਬਾਬੇ ਨਾਨਕ ਜੀ ਨੇ ਫੁਰਮਾਇਆ ਹੈ ਕਿ-
ਜਬ ਲਗੁ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਐਂ ਕਿਛੁ ਕਹੀਐ॥ (661) ਅਤੇ
ਰੋਸੁ ਨਾ ਕੀਜੈ ਉਤਰੁ ਦੀਜੈ ਕਿਉਂ ਪਾਈਐ ਗੁਰ ਦੁਆਰੋ॥(938)
ਸੋ ਅੱਖਾਂ ਮੀਟ ਕੇ ਜਾਂ ਕਿਸੇ ਦੇ ਕਹੇ ਕਹਾਏ ਨਹੀਂ ਕਹੀ ਜਾਣਾ ਕਿ ਸਭ ਧਰਮ ਬਰਾਬਰ ਹਨ ਜਥਾਰਥ ਨਹੀਂ ਹੈ ਸਗੋਂ ਸਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਹਾਂ ਇਨਸਾਨੀਅਤ ਤੌਰ ਤੇ ਸਾਰੀ ਦੁਨੀਆਂ ਦਾ ਸੱਚ ਧਰਮ ਇੱਕ ਹੀ ਹੈ-
ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188)
ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ ਬੱਚੀਆਂ ਹਾਂ ਇਸ ਲਈ ਜੋ ਸਾਡੇ ਪਿਤਾ ਰੱਬ ਦਾ ਧਰਮ ਹੈ ਉਹ ਹੀ ਸਾਡਾ ਸਭ ਦਾ ਤੇ ਜੋ ਉਸ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਜਾਤ ਹੈ। ਅਜਿਹਾ ਸੱਚ ਧਰਮ ਹੀ ਸਭ ਲਈ ਬਰਾਬਰ ਹੈ ਬਾਕੀ ਸਭ ਵੱਖਰੇ ਵੱਖਰੇ ਹਨ।