ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
Reg:Baba Daduwals Relations with Radha-Suamis
Reg:Baba Daduwals Relations with Radha-Suamis
Page Visitors: 2623

                                 ਸਿੱਖਾਂ ਦੀ ਤ੍ਰਾਸਦੀ ,
    ਗੁਰੂ ਸਾਹਿਬ ਨੇ ਸਿੱਖਾਂ ਨੂੰ ਇਕ ਚੰਗਾ ਇੰਸਾਨ ਬਣਾਇਆ ਹੈ , ਇਹ ਵੀ ਸਿਖਿਆ ਦਿੱਤੀ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ , ਇਹ ਦੁਨੀਆ ਦੀ ਸਭ ਤੋਂ ਵੱਡੀ ਬੁਰਾਈ ਹੈ । ਦੁਨੀਆ ਦੇ ਹਰ ਮਜ਼ਲੂਮ ਦੀ ਰਾਖੀ ਕਰਨੀ ਹੈ ।
  ਜਦ ਇਨ੍ਹਾਂ ਤੱਥਾਂ ਤੇ ਸ. ਅਜੀਤ ਸਿੰਘ ਜੀ ਦੇ ਛੋਟੇ ਜਿਹੇ ਲੇਖ ਦੀ ਪੜਚੋਲ ਕਰਦਾ ਹਾਂ ਤਾਂ ਉਹ ਕਿਤੇ ਵੀ ਗਲਤ ਨਹੀਂ ਜਾਪਦਾ ।
   ਪਰ ਜਦ ਦੂਸਰਾ ਪੱਖ ਸਾਮ੍ਹਣੇ ਰੱਖ ਕੇ (ਜੇ ਇਹ ਵਿਚਾਰ ਉਸ ਦੇ ਹੋਣ , ਜੋ ਆਪ ਆਜ਼ਾਦ ਹੋਵੇ , ਦੂਸਰਿਆਂ ਦੀ ਰਾਖੀ ਕਰਨ ਦੇ ਸਮਰੱਥ ਹੋਵੇ) ਵਿਚਾਰਦਾ ਹਾਂ ਤਾਂ ਇਹ ਤੱਥ ਉੱਭਰ ਕੇ ਸਾਮ੍ਹਣੇ ਆਉਂਦਾ ਹੈ ਕਿ ਜੋ ਬੰਦਾ ਆਪ ਹੀ ਆਜ਼ਾਦ ਨਾ ਹੋਵੇ , ਦੂਸਰੇ ਦੀ ਤਾਂ ਕੀ , ਆਪਣੀ ਵੀ ਰਾਖੀ ਕਰਨ ਦੇ ਸਮਰੱਥ ਨਾ ਹੋਵੇ , ਜਿਸ ਦੇ ਨਾਲ ਪੈਰ-ਪੈਰ ਤੇ ਬੇ-ਇੰਸਾਫੀ , ਧੋਖਾ ਹੁੰਦਾ ਹੋਵੇ , ਉਸ ਵਲੋਂ ਇਹ ਵਿਚਾਰ ਵਿਅਕਤ ਕਰਨੇ , ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹਨ ।
   ਮਿਸਾਲ ਵਜੋਂ , ਪਿਛਲੇ ਦੋ ਸੌ ਸਾਲ ਤੋਂ ਸਿੱਖ ਪਹਿਲਾਂ ਮਾਨਸਿਕ ਤੌਰ ਤੇ ਗੁਲਾਮ ਸਨ , ਫਿਰ ਉਹ ਅੰਗਰੇਜ਼ਾਂ ਦੇ ਗੁਲਾਮ ਹੋਏ ਅਤੇ ਹੁਣ ਉਹ ਹਿੰਦੂਆਂ ਦੀ ਉਸ ਗੁਲਾਮੀ ਦਾ ਸ਼ਿਕਾਰ ਹਨ , ਜਿਸ ਵਿਚੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ । ਅਜਿਹੀ ਹਾਲਤ ਵਿਚ ਸਿੱਖਾਂ ਦੀ ਬੇ-ਸਮਝੀ ਕਾਰਨ ਅਪਨਾਈ ਜਾ ਰਹੀ ਸੋਚ ਨੇ ਸਿੱਖਾਂ ਦਾ ਜਿੰਨਾ ਨੁਕਸਾਨ ਕੀਤਾ ਹੈ , ਓਨਾ ਨੁਕਸਾਨ ਕਿਸੇ ਨੇ ਵੀ ਨਹੀਂ ਕਰਨਾ । ਸਿੱਖਾਂ ਦੇ ਅੱਜ ਦੇ ਸਾਰੇ ਮਸਲ੍ਹੇ , ਅਜਿਹੀ ਸੋਚ ਦੀ ਹੀ ਦੇਣ ਹਨ । ਜਦ ਬੰਦਾ ਕਿਸੇ ਮਸਲ੍ਹੇ ਨੂੰ ਹੱਲ ਕਰਨ ਦੀ ਹਾਲਤ ਵਿਚ ਨਾ ਹੋਵੇ ਤਾਂ , ਅਕਲਮੰਦੀ ਇਹੀ ਹੁੰਦੀ ਹੈ ਕਿ ਉਹ ਕੋਈ ਮਸਲ੍ਹਾ ਛੇੜੇ ਹੀ ਨਾ । ਪਿਛਲੀ ਇਕ ਸਦੀ ਵਿਚ ਸਿੱਖਾਂ ਨੇ ਆਪਣੇ ਨਾਲ ਸਬੰਧਿਤ ਮਸਲ੍ਹੇ ਛੇੜ-ਛੇੜ ਕੇ , ਉਨ੍ਹਾਂ ਦਾ ਮਨਿਆਰੀ ਬਾਜ਼ਾਰ ਇਵੇਂ ਖਿਲਾਰਿਆ ਹੈ , ਕਿ ਉਸ ਵਿਚੋਂ ਹਰ ਚੀਜ਼ ਮਿਲ ਜਾਂਦੀ ਹੈ ।      
   ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੀ ਰਾਹ ਦੱਸਣ ਦਾ ਮਸਾਲਾ , ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਟਾ ਲਾਉਣ ਦਾ ਮਸਾਲਾ ,  ਵੇਖੇ ਵਿਚਾਰੇ ਬਗੈਰ ਹੀ , ਪੈਸੇ ਦੇ ਕੇ ਪੁੰਨ ਖੱਟਣ ਦਾ ਮਸਾਲਾ , ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਂ ਹੇਠ , ਕਿਸੇ ਗੱਲ ਤੇ ਵੀ ਕਿੰਤੂ-ਪ੍ਰੰਤੂ ਕੀਤੇ ਬਗੈਰ , ਹਿੰਦੂ ਮਿਥਿਹਾਸਿਕ ਕਹਾਣੀਆਂ ਨੂੰ ਮਾਨਤਾ ਦੇਣ ਦਾ ਮਸਾਲਾ , ਏਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਦਾ ਮਸਾਲਾ ਵੀ ਇਸ ਬਾਜ਼ਾਰ ਵਿਚੋਂ ਮਿਲ ਜਾਂਦਾ ਹੈ । ਇਵੇਂ ਹੀ ਗੁਰੂ ਸਾਹਿਬਾਂ ਦੀ ਵਡਿਆਈ , ਉਨ੍ਹਾਂ ਦੀ ਸਿਖਿਆ ਅਨੁਸਾਰ ਚਲਦੇ , ਸ਼ਹਾਦਤਾਂ ਦੇਣ ਦਾ ਮਸਾਲਾ , ਗੁਰੂ ਸਾਹਿਬ ਨੂੰ ਭਗਉਤੀ , ਸ਼ਿਵਾ ਦੇ ਥੱਲੇ ਲਾਉਂਦਾ , ਬ੍ਰਾਹਮਣ ਦੇ ਦੇਵਤਿਆਂ ਵਾਙ , ਗੁਰੂ ਜੋਤ ਵਿਚ ਵੰਡੀਆਂ ਪਾਉਂਦਾ , ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਾ ਮਸਾਲਾ ਵੀ ਇਸ ਵਿਚੋਂ ਹੀ ਮਿਲ ਜਾਂਦਾ ਹੈ ।
 ਇਕ ਅਕਾਲ ਤੋਂ ਇਲਾਵਾ ਹੋਰ ਕਿਸੇ ਦੀ ਵੀ ਪੂਜਾ ਨਾ ਕਰਨ ਦਾ ਅਤੇ ਨਾਲ-ਦੀ-ਨਾਲ ਹਜ਼ਾਰਾਂ ਡੇਰੇਦਾਰਾਂ ਨੂੰ ਅਕਾਲ ਤੋਂ ਵੱਧ ਮਾਨਤਾ ਦੇਣ ਦਾ , ਅਤੇ ਅਕਾਲ-ਤਖਤ ਦੇ ਸਿਧਾਂਤ ਨੂੰ ਘੁਟੇ ਰੋਲਣ ਲਈ . ਬਿਨਾ ਇਕ ਇੰਚ ਜ਼ਮੀਨ ਤੇ ਕਬਜ਼ਾ ਹੋਣ ਦੇ ਵੀ , ਸਿੱਖਾਂ ਦੇ ਪੰਜਾਂ ਤਖਤਾਂ ਦਾ ਮਸਾਲਾ ਵੀ ਏਥੇ ਹੈ । ਤੀਰਥਾਂ ਦਾ ਤਿਆਗ ਕਰਨ ਦਾ ਅਤੇ ਗੁਰਦਵਾਰਿਆਂ ਨਾਲ ਬਣੇ ਸਰੋਵਰਾਂ ਨੂੰ ਤੀਰਥਾਂ ਤੋਂ ਵੱਧ ਮਾਨਤਾ ਦੇਣ ਦਾ , ਹਿਮਕੁੰਡ ਵਰਗੇ ਨਵੇਂ ਤੀਰਥ ਬਨਾਉਣ ਦਾ ਮਸਾਲਾ ਵੀ ਏਥੇ ਹੀ ਮਿਲਦਾ ਹੈ । ਦਰਬਾਰ ਸਾਹਿਬ ਵਿਚੋਂ ਵਹਮ-ਭਰਮ , ਕਰਮ ਕਾਂਡ ਦੂਰ ਕਰਨ ਦਾ , ਦਰਬਾਰ ਸਾਹਿਬ ਵਿਚ ਹੀ ਦੁੱਖ-ਭੰਜਣੀਆਂ ਨੂੰ ਮੰਨਣ ਦਾ ਅਤੇ ਹਰਿ ਕੀ ਪੌੜੀ ਵਾਲੀ ਥਾਂ ਤੇ ਜਲ ਦੇ ਨਿਰਮਲ ਹੋਣ ਦੀ ਸਿਖਿਆ ਦਾ ਮਸਾਲਾ ਵੀ ਇਸ ਖਿਲਾਰੇ ਵਿਚੋਂ ਹੀ ਮਿਲਦਾ ਹੈ । ਅਕਾਲ-ਤਖਤ ਤੋਂ ਇਕ ਅਕਾਲ ਦੇ ਤਖਤ ਦੇ ਸਾਮ੍ਹਣੇ ਕਿਸੇ ਹੋਰ ਦੁਨਿਆਵੀ ਤਖਤ ਨੂੰ ਹੇਚ ਸਮਝਣ ਦਾ , ਅਤੇ ਅਕਾਲ-ਤਖਤ ਤੋਂ ਹੀ ਬਾਦਲ ਦੇ ਲਿਫਾਫੇ ‘ਚੋਂ ਨਿਕਲੇ ਬੰਦੇ ਕੋਲ ਅਜਿਹੀ ਤਾਕਤ ਹੋਣ ਦਾ , ਜਿਸ ਦੇ ਹੁਕਮ ਅੱਗੇ ਕੋਈ ਸਿੱਖ ਚੂੰ ਵੀ ਨਹੀਂ ਕਰ ਸਕਦਾ , ਭਾਵੇਂ ਉਸ ਦਾ ਹੁਕਮ ਸਿੱਖੀ ਦਾ ਘਾਣ ਹੀ ਕਰ ਰਿਹਾ ਹੋਵੇ , ਇਹ ਸਾਰੇ ਮਸਾਲੇ ਵੀ ਏਸੇ ਬਾਜ਼ਾਰ ਵਿਚੋਂ ਹੀ ਮਿਲਦੇ ਹਨ ।
     ਸਿੱਖ ਰਹਿਤ ਮਰਯਾਦਾ ਨੂੰ ਬਿਲਕੁਲ ਵੀ ਨਹੀਂ ਬਦਲਿਆ ਜਾ ਸਕਦਾ , ਸਿੱਖ ਰਹਿਤ ਮਰਯਾਦਾ ਨੂੰ ਸਮੇ-ਸਮੈ ਬਦਲਦਾ ਰਹਿਣਾ ਚਾਹੀਦਾ ਹੈ , ਸਿੱਖ ਰਹਿਤ ਮਰਯਾਦਾ ਵਿਚ ਸੋਧਾਂ ਦੇ ਨਾਂ ਥੱਲੇ , ਸਿੱਖਾਂ ਵਲੋਂ ਇੰਸਾਨੀਅਤ ਨੂੰ ਵੀ ਤਲਾਂਜਲੀ ਦੇਣ ਦਾ , ਇਹ ਸਾਰੇ ਮਸਾਲੇ ਵੀ ਏਥੋਂ ਹੀ ਮਿਲਦੇ ਹਨ । ਪੰਜਾਂ ਪਿਆਰਿਆਂ ਨੂੰ ਸਰਵ-ਉੱਚਤਾ ਦੇਣ ਦਾ , ਇੰਸਾਨੀਅਤ ਪੱਖੋਂ ਗਿਰੇ , ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਥਿੜਕੇ , ਪੰਜ ਬੰਦੇ ਇਕੱਠੇ ਕਰ ਕੇ , ਉਨ੍ਹਾਂ ਨੂੰ ਸਿੱਖਾਂ ਦਾ ਹਰ ਫੈਸਲਾ ਕਰਨ ਦਾ ਅਧਿਕਾਰ ਦੇਣ ਦਾ ਅਤੇ ਹਰ ਡੇਰੇਦਾਰ ਵਲੋਂ ਆਪਣੇ ਤਨਖਾਹ-ਦਾਰ ਪੰਜ ਪਿਆਰੇ ਰੱਖਣ ਬਾਰੇ ਅਧਿਕਾਰ , ਜੋ ਪੰਜ ਪਿਆਰੇ ਸਿੱਖਾਂ ਲਈ ਸਭ ਤੋਂ ਵੱਧ ਸਤਿਕਾਰ-ਯੋਗ ਹੋਣ । ਉਹ ਜਿਸ ਡੇਰੇਦਾਰ ਦੇ ਮੁਲਾਜ਼ਮ ਹੋਣ , ਉਸ ਡੇਰੇਦਾਰ ਦੀ ਸਿੱਖਾਂ ਵਿਚ ਕੀ ਪੁਜ਼ੀਸ਼ਨ ਕੀ ਹੋ ਸਕਦੀ ਹੈ ? ਇਨ੍ਹਾਂ ਚੀਜ਼ਾਂ ਬਾਰੇ ਸਾਰੇ ਮਾਨਤਾ-ਪਰਾਪਤ ਮਸਾਲੇ ਵੀ ਇਸ ਬਾਜ਼ਾਰ ਵਿਚੋਂ ਹੀ ਮਿਲਦੇ ਹਨ ।                                
     ਸਿਰਫ ਇਕ ਗੁਰੂ ਗ੍ਰੰਥ ਸਾਹਿਬ ਹੋਣ ਦਾ ਅਤੇ ਸਿੱਖਾਂ ਦੇ ਅਨੇਕਾਂ ਗੁਰੂ ਗ੍ਰੰਥ ਸਾਹਿਬ ਹੋਣ ਦਾ ਮਸਾਲਾ ਵੀ ਏਸੇ ਮਨਿਆਰੀ ਬਾਜ਼ਾਰ ਵਿਚੋਂ ਮਿਲਦਾ ਹੈ । ਮਜ਼ੇ ਦੀ ਗੱਲ ਇਹ ਹੈ ਕਿ , ਹਰ ਗਲਤ ਸਹੀ ਮਸਾਲੇ ਦੀ ਮਸ਼ਹੂਰੀ ਲਈ , ਜੋ ਬੰਦੇ ਜ਼ੋਰ ਲਗਾ ਰਹੇ ਹਨ , ਉਹ ਸਾਰੇ ਸਿੱਖ ਹੀ ਜਾਪਦੇ ਹਨ ।
   ਅਜਿਹੀ ਹਾਲਤ ਵਿਚ , ਉਨ੍ਹਾਂ ਸਿੱਖਾਂ ਦੀ ਜ਼ਿਮੇਵਾਰੀ ਜ਼ਿਆਦਾ ਸੀ , ਜੋ ਪੜ੍ਹਾਈ ਪੱਖੋਂ ਅਤੇ ਪੈਸੇ ਪੱਖੋਂ ਸਮਰੱਥ ਹੋਣ , ਚਾਹੀਦਾ ਤਾਂ ਇਹ ਸੀ ਕਿ ਉਹ ਮਿਲ-ਬੈਠ ਕੇ ਇਕ-ਇਕ ਮਸਲ੍ਹੇ ਦਾ ਹੱਲ ਕੱਢਦੇ , ਪਰ ਤ੍ਰਾਸਦੀ ਇਹ ਹੈ ਕਿ ਇਹ ਸਾਰਾ ਗੰਦ ਵੀ ਇਨ੍ਹਾਂ ਲੋਕਾਂ ਨੇ ਹੀ ਪਾਇਆ ਹੋਇਆ ਹੈ ।
   ਗੱਲ ਕਰਦੇ ਹਾਂ ਬਾਬਾ ਦਾਦੂਵਾਲ ਦੀ , ਜਿਸ ਦੀ ਸ਼ੁਰੂਆਤ ਸੁਲਤਾਨਪੁਰ ਵਾਲੀ ਕਾਲੀ ਵੇਈਂ ਦੀ ਸਫਾਈ ਤੋਂ ਹੁੰਦੀ ਹੈ । ਬਹੁਤ ਸਪਸ਼ਟ ਗੱਲ ਹੈ ਕਿ ਇਹ ਕੰਮ ਸਰਕਾਰੀ ਸਹਿਯੋਗ , ਸਿੱਖਾਂ ਦੇ ਪੈਸੇ ਅਤੇ ਭੋਲੇ-ਭਾਲੇ ਸਿੱਖਾਂ ਦੀ ਸੇਵਾ ਨਾਲ ਸ਼ੁਰੂ ਹੋਇਆ ਅਤੇ ਚੱਲ ਰਿਹਾ ਹੈ । ਪਿਛਲੇ ਪੰਜ-ਛੇ ਸਾਲ ਤੋਂ ਜਿਵੇਂ ਮੀਡੀਏ ਵਲੋਂ ਬਾਬਾ ਦਾਦੂਵਾਲ ਨੂੰ ਉਭਾਰ ਕੇ , ਸਿੱਖਾਂ ਦੇ ਹਰ ਮਸਲ੍ਹੇ ਵਿਚ ਆਗੂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ , ਉਸ ਤੋਂ ਕੁਝ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀ ਕਿ ਬਾਬਾ ਦਾਦੂਵਾਲ ਨੂੰ ਸਿੱਖਾਂ ਦੇ ਨਵੇਂ ਆਗੂ ਵਜੋਂ ਉਭਾਰਨ ਦਾ ਯਤਨ ਕੀਤਾ ਜਾ ਰਿਹਾ ਹੈ ।
   ਹੁਣ ਬਾਦਲ ਪਰਿਵਾਰ ਸਿੱਖਾਂ ਤੇ ਘਾਸ-ਵੇਲ ਵਾਙ , ਘੱਟੋ-ਘੱਟ ਪੰਜ ਸਾਲ ਲਈ ਤਾਂ ਛਾ ਹੀ ਚੁੱਕਾ ਹੈ ਅਤੇ ਬਹੁ ਗਿਣਤੀ ਲਈ , ਬਾਦਲ ਨਾਲੋਂ ਚੰਗਾ ਹੋਰ ਕੋਈ , ਸਿੱਖਾਂ ਨੂੰ ਕੁੱਟਣ ਮਾਰਨ ਵਾਲਾ ਨਹੀਂ ਹੋ ਸਕਦਾ ਤਾਂ ਫਿਲਹਾਲ ਉਨ੍ਹਾਂ ਦੀ ਨਵੇਂ ਆਗੂ ਲਈ ਭਾਲ , ਕੁਝ ਸਮੇ ਲਈ ਰੁਕ ਗਈ । ਇਸ ਮਗਰੋਂ ਹੀ ਰਾਧਾ-ਸਵਾਮੀ ਡੇਰੇ ਵਲੋਂ ਢਾਹੇ ਗਏ ਗੁਰਦਵਾਰੇ ਲਈ ਅਕਾਲ-ਤਖਤ ਤੋਂ ਕਲੀਨ-ਚਿੱਟ ਦਿੱਤੀ ਗਈ , ਰਾਧਾ-ਸਵਾਮੀ ਡੇਰਾ ਮੁਖੀ ਵਲੋਂ ਦਰਬਾਰ ਸਾਹਿਬ ਦੀ ਯਾਤਰਾ , ਅਤੇ ਗਿਆਨੀ ਗੁਰਬਚਨ ਸਿੰਘ ਵਲੋਂ ਉਸ ਦਾ ਗੁਣ-ਗਾਨ । ਪੰਜਾਬ ਅਤੇ ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਵਿਚ ਬਚਿੱਤ੍ਰ-ਨਾਟਕ ਦੀਆਂ ਕਵਿਤਾਵਾਂ ਦਾ ਕੀਰਤਨ ਸ਼ੁਰੂ ਹੋਣਾ ਅਤੇ ਹੁਣ ਬਾਬਾ ਦਾਦੂਵਾਲ ਦੇ ਰਾਧਾ-ਸੁਆਮੀ ਡੇਰੇ ਨਾਲ ਸਬੰਧਾਂ ਦਾ ਖੁਲਾਸਾ , ਬਾਬਾ ਦਾਦੂਵਾਲ ਦੇ ਵਿਆਹ ਵਿਚ , ਰਾਧਾ-ਸੁਆਮੀਆਂ ਦੇ ਮੁਖੀ ਅਤੇ ਸਾਰੇ ਅਕਾਲੀ ਦਲਾਂ ਦੇ ਮੁੱਖ-ਮੁੱਖ ਆਗੂਆਂ ਦਾ ਇਕੱਠਾ ਹੋਣਾ ਵੀ ਕੋਈ ਨਵੀਂ ਬੁਝਾਰਤ ਪਾਉਂਦਾ ਹੈ ।
 ਜੇ ਪਿਛਲੀਆਂ ਕੁਝ ਘਟਨਾਵਾਂ ਵੱਲ ਧਿਆਨ ਮਾਰੀਏ ਤਾਂ ਇਹ ਬਹੁਤਾ ਹੈਰਾਨ ਹੋਣ ਵਾਲੀ ਗੱਲ ਨਹੀਂ , ਬਾਦਲ ਸਰਕਾਰ ਨੇ ਰਾਧਾ-ਸੁਆਮੀ ਡੇਰੇ ਨੂੰ ਦੋ ਸੌ ਏਕੜ ਜ਼ਮੀਨ ਮੁਹਾਲੀ ਵਿਚ , ਮੁਫਤ ਦਿੱਤੀ ਸੀ ਅਤੇ ਉਸ ਦੇ ਨਾਲ ਲਗਦੀ ਪੈਂਤੀ ਕਿਲੇ ਜ਼ਮੀਨ ਡੇਰੇ ਵਾਲਿਆਂ ਨੇ ਆਪੇ ਦੱਬ ਲਈ ਸੀ , ਪਰ ਚੋਰ-ਕੁਤੀ ਰਲੇ ਹੋਣ ਕਾਰਨ , ਕੁੱਤੀ ਨੇ ਦੜ ਵੱਟ ਲਈ ਸੀ ।  
   ਬਿਆਸ ਦੇ ਡੇਰੇ ਨਾਲ ਲਗਦੇ ਸਿੱਖਾਂ ਦੇ ਪਿੰਡ ਉਜਾੜ ਕੇ , ਦਰਿਆ ਬਿਆਸ ਤੇ ਡੇਰੇ ਵਾਲਿਆਂ ਦਾ ਨਿਰ-ਵਿਵਾਦ ਕਬਜ਼ਾ , ਕੀ ਸਾਬਤ ਕਰਦਾ ਹੈ ?  
ਮੇਰੇ ਖਿਆਲ ਮੁਤਾਬਕ , ਅਜਿਹੀ ਹਾਲਤ ਵਿਚ , ਬਾਬਾ ਦਾਦੂਵਾਲ ਅਤੇ ਰਾਧਾ-ਸੁਆਮੀ ਡੇਰੇ ਦੇ ਸਬੰਧਾਂ ਬਾਰੇ , ਜੇ ਸ. ਅਜੀਤ ਸਿੰਘ ਨੂੰ ਕੁਝ ਚੰਗਾ ਨਹੀਂ ਲਗਦਾ ਸੀ ਤਾਂ ਵੀ ਉਨ੍ਹਾਂ ਵਲੋਂ ਚੁੱਪ ਕਰ ਰਹਿਣਾ ਹੀ ਪੰਥ ਦੇ ਫਾਇਦੇ ਵਿਚ ਸੀ । ਬਾਬਾ ਦਾਦੂਵਾਲ ਅਤੇ ਰਾਧਾ-ਸੁਆਮੀ ਸਬੰਧਾਂ ਦਾ ਪੱਖ ਪੂਰਦਾ ਲੇਖ ਲਿਖ ਕੇ ਸ. ਅਜੀਤ ਸਿੰਘ ਜੀ ਨੇ , ਇਕ ਨਵਾਂ ਵਿਵਾਦ ਖੜਾ ਕਰਨ ਅਤੇ ਅਸਲੀ ਮੁੱਦੇ ਤੋਂ ਧਿਆਨ ਹਟਾਉਣ ਦਾ ਹੀ ਇਕ ਉਪਰਾਲਾ ਕੀਤਾ ਹੈ ।    
     ਜੇ ਸ. ਅਜੀਤ ਸਿੰਘ ਜੀ ਵਿਚ , ਸਿੱਖਾਂ ਦਾ ਇਹ ਮਸਲ੍ਹਾ ਹੱਲ ਕਰਨ ਦੀ ਸਮਰਥਾ ਹੈ ਅਤੇ ਉਹ ਇਸ ਮਸਲ੍ਹੇ ਨੂੰ ਸੁਲਝੇ ਢੰਗ ਨਾਲ ਹੱਲ ਕਰ ਲੈਂਦੇ ਹਨ , ਤਾਂ ਮੈਂ ਉਨ੍ਹਾਂ ਕੋਲੋਂ ਜਨਤਕ ਤੌਰ ਤੇ ਮਾਫੀ ਮੰਗ ਲਵਾਂਗਾ , ਪਰ ਫਿਲਹਾਲ ਤਾਂ ਸਿੱਖਾਂ ਨੂੰ , ਉਸ ਮਨਿਆਰੀ ਦੇ ਖਿਲਾਰੇ ਵਿਚ , ਹੋਰ ਖਿਲਾਰਾ ਮਿਲਾਉਣ ਤੋਂ ਪਰਹੇਜ਼ ਕਰਨਾ ਬਣਦਾ ਹੈ ।
                                                                     ਅਮਰ ਜੀਤ ਸਿੰਘ ਚੰਦੀ 
                                                                  ਫੋਨ :- 91 95685 41414

               

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.