ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਕਲ ਅਤੇ ਇਸ ਦੀ ਵਰਤੋਂ ? (ਭਾਗ 1)
ਅਕਲ ਅਤੇ ਇਸ ਦੀ ਵਰਤੋਂ ? (ਭਾਗ 1)
Page Visitors: 2398

ਅਕਲ ਅਤੇ ਇਸ ਦੀ ਵਰਤੋਂ ?   (ਭਾਗ 1)
  ਪਿਛਲੇ 40-45 ਸਾਲ ‘ਚ ਸੈਂਕੜੇ ਛੋਟੀਆਂ-ਵੱਡੀਆਂ ਕਾਨਫਰੰਸਾਂ ‘ਚ ਭਾਗ ਲੈਣ ਦਾ ਮੌਕਾ ਮਿਲਿਆ ਹੈ, ਹਜ਼ਾਰਾਂ ਛੋਟੀਆਂ-ਮੋਟੀਆਂ ਮੀਟਿੰਗਾਂ ‘ਚ ਵੀ ਭਾਗ ਲਿਆ ਹੈ, ਤਕਰੀਬਨ ਸਭ ਦਾ ਏਜੈਂਡਾ ਇਕੋ ਜਿਹਾ ਸੀ, ਕਿ ਨਿਘਾਰ ਵੱਲ ਵੱਧ ਰਹੀ ਸਿੱਖੀ ਨੂੰ ਕਿਵੇਂ ਬਚਾਇਆ ਜਾਵੇ ?  ਪਰ ਸੱਚ ਇਹ ਹੈ ਕਿ ਏਨੀਆਂ ਵਿਚਾਰਾਂ ਮਗਰੋਂ ਵੀ ਕੋਈ ਰਾਹ ਨਹੀਂ ਲੱਭ ਸਕੇ, ਜਿਸ ਤੇ ਚੱਲ ਕੇ ਨਿਘਾਰ ਨੂੰ ਰੋਕਣਾ ਤਾਂ ਦੂਰ ਨਿਘਾਰ ਦੀ ਚਾਲ ਨੂੰ ਹੀ ਘੱਟ ਕਰ ਸਕਦੇ। ਨਿਘਾਰ ਦੀ ਇਹ ਚਾਲ ਹਰ ਚੜ੍ਹਦੇ ਸੂਰਜ ਦੇ ਨਾਲ ਵਧਦੀ ਹੀ ਜਾਂਦੀ ਹੈ।
  ਇਸ ਦਾ ਕਾਰਨ ਵੀ ਸਾਮ੍ਹਣੇ ਹੈ ਕਿ ਪੰਥ ਦੀਆਂ ਠੇਕੇਦਾਰ ਜਥੇਬੰਦੀਆਂ ਐਸ.ਜੀ.ਪੀ.ਸੀ.  ਡੀ.ਐਸ.ਜੀ.ਪੀ.ਸੀ.  ਦਰਜਣ ਭਰ ਤੋਂ ਵੱਧ ਅਕਾਲੀ-ਦਲ, ਹਜ਼ਾਰਾਂ ਸੰਤ-ਬਾਬੇ, ਟਕਸਾਲਾਂ, ਕਾਰ ਸੇਵਾ ਦੇ ਡੇਰੇ, ਅਲੱਗ-ਅਲੱਗ ਨਾਵਾਂ ਤੇ ਚਲਦੀਆਂ ਜਥੇਬੰਦੀਆਂ, ਲੱਖਾਂ ਪਰਚਾਰਕ (ਕੁਝ ਕੁ ਨੂੰ ਛੱਡ ਕੇ) ਸਿੱਖੀ ਸਿਧਾਂਤ ਦੀ ਬੇੜੀ ‘ਚ ਲਗਾਤਾਰ ਵੱਟੇ ਪਾ ਰਹੇ ਹਨ। ਅਜਿਹੀ ਹਾਲਤ ਦੇ ਹੁੰਦੇ ਹੋਏ ਵੀ ਅਸੀਂ ਗੁਰੂ ਸਾਹਿਬ ਦਾ ਇਹ ਹੁਕਮ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
॥੧॥
 ਮੰਨਣ ਨੂੰ ਤਿਆਰ ਨਹੀਂ ਹਾਂ।
   ਜਿੰਨੀ ਸੇਧ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਓਨੀ ਦੁਨੀਆ ਦੀ ਕਿਸੇ ਵੀ ਕਹੀ ਜਾਂਦੀ ਕੌਮ ਨੂੰ ਉਸ ਦਾ ਰਾਹਬਰ ਨਹੀਂ ਦੇ ਸਕਿਆ। ਹਰ ਕੌਮ ਵਿਚ ਇਕੋ ਦਸਤੂਰ ਚਲ ਰਿਹਾ ਹੈ ਕਿ, ਧਰਮ ਦੇ ਨਾਮ ਤੇ ਕਰਮ-ਕਾਂਡਾਂ ਦਾ ਅੱਖਾਂ ਮੀਟ ਕੇ ਪਾਲਣ ਕਰੋ, ਬੱਸ ਇਕੋ ਟੀਚਾ ਹਾਸਲ ਕਰਨਾ ਹੈ ਕਿ ਦੁਨੀਆ ਤੇ ਮੇਰੀ ਕੌਮ ਦਾ ਰਾਜ ਹੋਵੇ।
  ਪਰ ਗੁਰੂ ਸਾਹਿਬ ਨੇ ਸਿੱਖਾਂ ਲਈ ਉਹ ਨਿਯਮ ਮਿਥੇ ਹਨ, ਜੋ ਪਰਮਾਤਮਾ ਨੇ ਅਪਣੇ ਬ੍ਰਹਮੰਡ ਨੂੰ ਸੁਚੱਜੇ ਰੂਪ ‘ਚ, ਬਗੈਰ ਕਿਸੇ ਆਪਸੀ ਟਕਰਾਉ ਦੇ ਚਲਾਉਣ ਲਈ ਘੜੇ ਸਨ। ਗੁਰੂ ਸਾਹਿਬ ਨੇ ਸਿੱਖਾਂ ਲਈ ਹਰ ਕੰਮ ਅਕਲ ਦੀ ਵਰਤੋਂ ਕਰਦੇ ਹੋਏ ਕਰਨਾ ਮਿਥਿਆ ਹੈ। ਗੁਰੂ ਸਾਹਿਬ ਨੇ ਜਿੱਥੇ ਇਹ ਸੰਦੇਸ਼ ਦਿੱਤਾ ਹੈ,
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ
॥੧॥
ਓਥੇ ਇਸ ਤੋਂ ਪਹਿਲਾਂ ਇਹ ਤਾਕੀਦ ਵੀ ਕੀਤੀ ਹੈ,
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥           
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ
॥      1245)
  ਅਰਥ: ਸੱਚੀ ਮਿਹਨਤ ਤੋਂ ਬਗੈਰ, ਸਹੀ ਅਕਲ ਵਰਤੇ ਤੋਂ ਬਗੈਰ, ਪ੍ਰਭੂ ਦੀ ਹਜ਼ੂਰੀ ਵਿਚ ਵੀ ਦਾਦ, ਸ਼ਾਬਾਸ਼ ਨਹੀਂ ਮਿਲਦੀ। ਸੱਚੀ ਅਕਲ ਉਹ ਨਹੀਂ ਹੈ, ਜਿਸ ਦੀ ਵਰਤੋਂ ਕਰ ਕੇ ਅਸੀਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਲਈ ਵਾਦ-ਵਿਵਾਦ ਛੇੜਦੇ ਹਾਂ, ਬਲਕਿ ਸੱਚੀ ਅਕਲ ਉਹ ਹੈ ਜਿਸ ਦੀ ਵਰਤੋਂ ਕਰ ਕੇ ਅਸੀਂ ਵਾਦ-ਵਿਵਾਦ ਨੂੰ ਖਤਮ ਕਰ ਲਈਏ।   
  ਸਾਡੀ ਮਾਂ-ਬੋਲੀ ਬੜੇ ਸੁਚੱਜੇ ਲਫਜ਼ਾਂ ‘ਚ ਸਾਨੂੰ ਸਮਝਾਉਂਦੀ ਹੈ “ਸੌ ਸਿਆਣੇ  ਇਕੋ ਮੱਤ, ਮੂਰਖ ਆਪੋ ਆਪਣੀ
   ਅਕਲ ਇਹ ਹੈ ਕਿ ਗੁਰੂ ਦੀ ਦੱਸੀ ਸੇਧ ਅਨੁਸਾਰ ਅਸੀਂ ਰੱਬ ਦਾ ਸਿਮਰਨ ਕਰੀਏ ਤੇ ਇਜ਼ੱਤ ਪਾਈਏ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹੀਏ, ਉਸ ਦੇ ਭੇਦਾਂ ਨੂੰ ਚੰਗੀ ਤਰ੍ਹਾਂ ਸਾਮਝੀਏ, ਫਿਰ ਉਹ ਭੇਦ ਦੂਸਰਿਆਂ ਨਾਲ ਸਾਂਝੇ ਕਰੀਏ। ਇਹੀ ਹੈ “ਦਾਨਾਂ ਸਿਰ ਦਾਨ, ਨਾਮ ਦਾਨ।“  ਨਾਨਕ ਆਖਦਾ ਹੈ ਕਿ ਜ਼ਿੰਦਗੀ ਦਾ ਅਸਲ ਰਸਤਾ ਸਿਰਫ ਇਹੀ ਹੈ, ਇਸ ਤੋਂ ਇਲਾਵਾ ਹੋਰ ਸਾਰੇ ਕੰਮ ਸ਼ੈਤਾਨ ਦੇ ਹਨ।
  ਏਨਾ ਕੁਝ ਹੋਣ ਤੇ ਵੀ ਅਸੀਂ ਵਾਦ-ਵਿਵਾਦ ਖਤਮ ਕਰਨ ਵਾਲੀ ਅਕਲ ਦੀ ਵਰਤੋਂ ਕਰਨ ਤੋਂ ਇਨਕਾਰੀ ਹਾਂ। ਇਸ ਦਾ ਹੀ ਸਿੱਟਾ ਹੈ ਕਿ ਅਸੀਂ ਇਕ ਦੂਸਰੇ ਤੋਂ ਨਫਰਤ ਕਰਦੇ ਹੋਏ ਬੜੀ ਤੇਜ਼ੀ ਨਾਲ ਨਿਘਾਰ ਦੀ ਖੱਡ ‘ਚ ਡਿਗ ਰਹੇ ਹਾਂ। ਗੁਰਬਾਣੀ ਤੋਂ ਦੂਰ ਹੀ ਨਹੀਂ ਜਾ ਰਹੇ, ਬਲਕਿ ਗੁਰਬਾਣੀ ਸਿਧਾਂਤ ਨੂੰ ਮਲੀਆ-ਮੇਟ ਕਰਨ ਵੱਲ ਵਧ ਰਹੇ ਹਾਂ। ਏਸੇ ਦਾ ਹੀ ਸਿੱਟਾ ਹੈ ਕਿ ਅਸੀਂ ਗੁਰਬਾਣੀ ਉਚਾਰਨ ਵਿਚ ਵੀ ਇਕ-ਸਾਰਤਾ ਨਹੀਂ ਲਿਆ ਸਕੇ, ਨਾ ਹੀ ਵਿਸ਼੍ਰਾਮ ਅਤੇ ਅਰਧ-ਵਿਸ਼੍ਰਾਮ ਦੀ ਵਰਤੋਂ ‘ਚ ਹੀ ਇਕ-ਸਾਰਤਾ ਲਿਆ ਸਕੇ ਹਾਂ, ਜਿਸ ਦੇ ਆਧਾਰ ਤੇ ਹਰ ਪਰਚਾਰਕ, ਹਰ ਭਾਈ, ਹਰ ਗ੍ਰੰਥੀ, ਹਰ ਬੁਧੀਜੀਵੀ ਆਪਣੇ-ਆਪਣੇ ਅਲੱਗ-ਅਲੱਗ ਅਰਥ ਕਰਦਾ ਨਜ਼ਰ ਆਉਂਦਾ ਹੈ, ਇਸ ਕਾਰਨ ਹੀ ਕਈ ਵਾਰੀ ਗੁਰਬਾਣੀ ਤੇ ਹੀ ਆਪਾ-ਵਿਰੋਧੀ ਹੋਣ ਦਾ ਸ਼ੱਕ ਪੈ ਜਾਂਦਾ ਹੈ।
    (ਚਲਦਾ)                                            ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.