ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਕਲ ਅਤੇ ਇਸ ਦੀ ਵਰਤੋਂ ? (ਭਾਗ 2)
ਅਕਲ ਅਤੇ ਇਸ ਦੀ ਵਰਤੋਂ ? (ਭਾਗ 2)
Page Visitors: 2424

ਅਕਲ ਅਤੇ ਇਸ ਦੀ ਵਰਤੋਂ ?   (ਭਾਗ 2)
 ਗੁਰਬਾਣੀ ਸ਼ਬਦ ਹੈ,
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥    (646)
     ਇਸ ਵਿਚ ਤਿੰਨ ਚੀਜ਼ਾਂ ਦਾ ਜ਼ਿਕਰ ਹੈ, 1.  ਬਾਣੀ      2.  ਗੁਰੁ    3.   ਸ਼ਬਦ    ਇਹ ਤਿੰਨੇ ਚੀਜ਼ਾਂ ਸਾਰੇ ਸਿੱਖਾਂ ਦੀਆਂ ਹੀ ਸਾਂਝੀਆਂ ਨਹੀਂ ਹਨ ਬਲਕਿ ਪੂਰੇ ਸੰਸਾਰ ਦੀਆਂ ਸਾਂਝੀਆਂ ਹਨ।
  (ਵੈਸੇ ਸੱਚ ਇਹ ਹੈ ਕਿ ਸੰਸਾਰ ‘ਚ ਗੁਰਬਾਣੀ {ਗੁਰੂ ਗ੍ਰੰਥ ਸਾਹਿਬ ਜੀ} ਹੀ ਇਕੋ-ਇਕ ਆਤਮਕ ਗਿਆਨ ਦਾ ਸੋਮਾ ਹੈ।)
  ਨੋਟ:- ਆਪਾਂ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿਚੋਂ ਹੀ ਲੱਭਣੀ ਹੈ, ਕੁਰਾਹੇ ਪੈਣ ਦਾ ਕਾਰਨ ਹੀ ਗੁਰਬਾਣੀ ਦੀ ਵਿਆਖਿਆ ਨੂੰ ਗੁਰਬਾਣੀ ਅਤੇ ਪੰਜਾਬੀ ਦੇ ਬਾਹਰੋਂ ਲੱਭਣਾ ਹੈ।
  ਆਉ ਪਹਿਲਾਂ ਇਸ ਤੇ ਹੀ ਵਿਚਾਰ ਕਰਦੇ ਹਾਂ ਕਿ  ਗੁਰਬਾਣੀ {ਗੁਰੂ ਗ੍ਰੰਥ ਸਾਹਿਬ ਜੀ} ਹੀ ਇਕੋ-ਇਕ ਆਤਮਕ ਗਿਆਨ ਦਾ ਸੋਮਾ ਕਿਵੇਂ ਹੈ ?     
     ਗੁਰਬਾਣੀ ਫੁਰਮਾਨ ਹੈ,
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ
॥੧॥             (727)
 ਅਰਥ:-  ਹੇ ਭਾਈ, ਵਾਦ ਵਿਵਾਦ ਦੀ ਖਾਤਰ ਵੇਦਾਂ (ਹਿੰਦੂ ਗ੍ਰੰਥ) ਅਤੇ ਕਤੇਬਾਂ (ਤੌਰੇਤ, ਜ਼ਕੂਰ, ਅੰਜੀਲ, ਕੁਰਾਨ ਆਦਿ) ਦੇ ਹਵਾਲੇ ਦੇ ਕੇ ਵੱਧ ਗੱਲਾਂ ਕਰਨ ਨਾਲ ਦਿਲ ਦਾ ਸਹਮ ਦੂਰ ਨਹੀਂ ਹੁੰਦਾ, ਇਨ੍ਹਾਂ ਗ੍ਰੰਥਾਂ ਵਿਚ ਬਨਾਵਟਾਂ ਹਨ ਮੁਬਾਲਗੇ ਹਨ, ਇਨ੍ਹਾਂ ਦੇ ਆਪੋ-ਆਪਣੇ ਵਿਸ਼ੇ ਹਨ।
 ਜੇ ਤੁਸੀਂ ਇਨ੍ਹਾਂ ਨੂੰ ਛੱਡ ਕੇ ਮਨ ਨੂੰ ਇਕ ਪਲ ਲਈ ਵੀ ਰੱਬ ਵਲ ਟਿਕਾਉ ਤਾਂ ਰੱਬ ਸਾਕਸ਼ਾਤ ਨਜ਼ਰ ਆ ਜਾਵੇਗਾ।  ਗੁਰਬਾਣੀ ਫੁਰਮਾਨ ਹੈ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥              (141)
ਅਰਥ:- ਹੇ ਨਾਨਕ, ਹਮੇਸ਼ਾ ਕਾਇਮ ਰਹਣ ਵਾਲਾ ਸਿਰਫ ਇਕੋ-ਇਕ, ਪਰਮਾਤਮਾ ਹੈ, ਜਿਸ ਦੀ ਪਛਾਣ, ਉਸ ਦੀ ਰਚੀ ਕੁਦਰਤ ਵਿਚੋਂ ਹੀ ਹੁੰਦੀ ਹੈ।    
   ਆਉ ਹੁਣ ਇਨ੍ਹਾਂ ਤਿੰਨਾਂ ਅੱਖਰਾਂ ਬਾਰੇ ਵਿਚਾਰ ਕਰਦੇ ਹਾਂ।
 ਇਹ ਤਿਨੋਂ ਅੱਖਰ ਇਕ ਹੀ ਵਿਸ਼ੇ ਨਾਲ ਸਬੰਧਿਤ ਹਨ।   
     1.  ਬਾਣੀ :   ਬਨਾਵਟ।
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ
॥੨॥          (1328)
    ਅਰਥ:-  ਇਹ ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਦੀ ਰਚਨਾ ਹੈ, ਪਰ ਇਹ ਤਿੰਨੋ ਗੁਣ (ਰਜੋ-ਤਮੋ-ਸਤੋ) ਪਰਮਾਤਮਾ ਦੇ ਨਾਮ ਦੇ ਅਧੀਨ ਹਨ, ਜਿਹੜੇ ਲੋਕ ਪ੍ਰਭੂ ਦਾ ਨਾਮ ਜਪਦੇ ਹਨ, ਉਸ ਦੀ ਰਜ਼ਾ ਵਿਚ ਚਲਦੇ ਹਨ, ਉਨ੍ਹਾਂ ਉੱਤੇ ਮਾਇਆ ਦੇ ਇਹ ਤਿੰਨੋ ਗੁਣ ਜ਼ੋਰ ਨਹੀਂ ਪਾ ਸਕਦੇ। ਜਿਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ ਮਾਇਆ ਦੇ ਇਨ੍ਹਾਂ ਗੁਣਾਂ ਦੇ ਚੋਰ ਹਨ, ਉਹ ਕਾਮਾਦਿਕ ਸ਼ੇਰਾਂ ਦੇ ਘੁਰਨਿਆਂ ‘ਚ ਵਸਦੇ ਹਨ।   
    ਅਤੇ ਆਦਮੀ ਦੀ ਹਾਲਤ ਇਹ ਹੈ,
ਘਰੁ ਬਾਲੂ ਕਾ ਘੂਮਨ ਘੇਰਿ ॥ ਬਰਖਸਿ ਬਾਣੀ ਬੁਦਬੁਦਾ ਹੇਰਿ ॥
ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥ ਸਰਬ ਜੋਤਿ ਨਾਮੈ ਕੀ ਚੇਰਿ
॥੨॥         (1187)
  ਅਰਥ:- ਜਿਵੇਂ ਘੁੰਮਣ-ਘੇਰੀ ‘ਚ ਰੇਤ ਦਾ ਘਰ ਬਣਿਆ ਹੋਇਆ ਹੋਵੇ, ਜਿਵੇਂ ਵਰਖਾ ਵੇਲੇ ਬੁਲਬੁਲਾ ਬਣ ਜਾਂਦਾ ਹੈ, ਤਿਵੇਂ ਹੀ ਪਰਮਾਤਮਾ ਨੇ ਕੁਦਰਤ ਦਾ ਚੱਕ ਘੁਮਾ ਕੇ ਬੂੰਦ ਮਾਤਰ ਤੋਂ ਸਰੀਰ ਬਣਾ ਦਿੱਤਾ ਹੈ। (ਜਿਵੇਂ ਘੁਮਿਆਰ ਭਾਡੇ ਬਣਾਉਂਦਾ ਹੈ) 
   ਸੋ ਹੇ ਭਾਈ, ਜੇ ਤੂੰ ਆਤਮਕ ਮੌਤ ਤੋਂ ਬਚਣਾ ਚਾਹੁੰਦਾ ਹੈਂ ਤਾਂ ਆਪਣੀ ਜਿੰਦ ਨੂੰ ਉਸ ਪ੍ਰਭੂ ਦੇ ਨਾਮ ਦੀ ਦਾਸੀ ਬਣਾ, ਜਿਸ ਦੀ ਜੋਤ ਸਭ ਜੀਵਾਂ ‘ਚ ਮੌਜੂਦ ਹੈ।   
2.  ਗੁਰੁ , ਅਕਾਲ-ਪੁਰਖ। 
ਗੁਰੁ ਸੁਖਦਾਤਾ ਗੁਰੁ ਕਰਤਾਰੁ ॥
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ
॥  ੪॥੩੮॥੧੦੭॥  (187)
  ਅਰਥ:- ਗੁਰੁ ਕਰਤਾਰ ਹੀ ਸਾਰੇ ਸੁੱਖਾਂ ਦਾ ਦਾਤਾ, ਦੇਣ ਵਾਲਾ ਹੈ। ਹੇ ਨਾਨਕ ਆਖ, ਗੁਰੁ ਪਰਮਾਤਮਾ ਹੀ ਮੇਰੀ ਜਿੰਦ ਦਾ ਆਸਰਾ ਅਤੇ ਮੇਰੇ ਪਰਾਣਾਂ ਦਾ ਸਹਾਰਾ ਹੈ।
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ
॥੩॥         (52)
   ਅਰਥ:- ਗੁਰੁ ਪਰਮਾਤਮਾ ਹੀ ਤੀਰਥ ਹੈ, ਪਾਰਜਾਤ ਰੁੱਖ ਹੈ ਅਤੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਗੁਰੁ ਪ੍ਰਭੂ ਹੀ ਆਪਣਾ ਨਾਮ, ਆਪਣੀ ਰਜ਼ਾ ‘ਚ ਚੱਲਣ ਦੀ ਸਮਰਥਾ ਦੇ ਕੇ ਸਾਰੇ ਸੰਸਾਰ ਦਾ ਉਧਾਰ ਕਰਨ ਵਾਲਾ ਹੈ। ਗੁਰੁ ਨਿਰੰਕਾਰ (ਜਿਸ ਦਾ ਕੋਈ ਸਰੂਪ ਦੱਸਿਆ ਨਹੀਂ ਜਾ ਸਕਾ) ਹੀ ਸਭ ਤੋਂ ਉੱਚਾ, ਅਪਹੁੰਚ ਅਤੇ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ।
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥         
ਗੁਰ, ਸ਼ਬਦ ਗੁਰੂ ਦੀ ਮਹਿਮਾ ਤਕ ਨਹੀਂ ਪਹੁੰਚਿਆ ਜਾ ਸਕਦਾ, ਕੋਈ ਵਕਤਾ ਵੀ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਸਿਰਫ ਸ਼ਬਦ ਗੁਰੂ ਹੀ ਗੁਰੁ ਕਰਤਾਰ ਬਾਰੇ ਸੋਝੀ ਦੇਣ ਦੇ ਸਮਰੱਥ ਹੈ।
3.  ਸ਼ਬਦ, ਜਿਸ ਨੂੰ ਗੁਰੂ ਨਾਨਕ ਜੀ ਨੇ ਆਪਣਾ ਗੁਰੂ, ਗਿਆਨ ਦੇਣ ਦਾ ਸਾਧਨ, ਕਿਹਾ।
ਸਬਦੁ ਬੀਚਾਰਿ ਭਏ ਨਿਰੰਕਾਰੀ ॥
ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
ਅਨਦਿਨੁ ਜਾਗਿ ਰਹੇ ਲਿਵ ਲਾਈ ॥
ਜੀਵਨ ਮੁਕਤਿ ਗਤਿ ਅੰਤਰਿ ਪਾਈ
॥੪॥
   ਅਰਥ:-  ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ‘ਚ ਟਿਕਾ ਕੇ ਪਰਮਾਤਮਾ ਦੇ ਹੀ ਹੋ ਜਾਈਦਾ ਹੈ, ਮਨ ਵਿਚ ਗੁਰੂ ਦੀ ਸਿਖਿਆ ਪਰਬਲ ਹੋ ਕੇ ਭੈੜੀ ਮੱਤ ਦੂਰ ਹੋ ਜਾਂਦੀ ਹੈ। ਜਿਹੜੇ ਬੰਦੇ ਪ੍ਰਭੂ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਮਾਇਆ ਵਲੋਂ ਸੁਚੇਤ ਰਹਿੰਦੇ ਹਨ, ਉਹ ਆਪਣੇ ਅੰਦਰ ਉੱਚੀ ਅਵਸਥਾ ਪਰਾਪਤ ਕਰ ਲੈਂਦੇ ਹਨ ਅਤੇ ਮਾਇਆ ਵਿਚ ਵਿਚਰਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। 
ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥
ਤਸਕਰ ਪੰਚ ਸਬਦਿ ਸੰਘਾਰੇ ॥
ਪਰ ਘਰ ਜਾਇ ਨ ਮਨੁ ਡੋਲਾਏ ॥
ਸਹਜ ਨਿਰੰਤਰਿ ਰਹਉ ਸਮਾਏ
॥੫॥
   ਅਰਥ:-  ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਮਾਇਅ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਹਨ। ਗੁਰੂ ਦੇ ਸ਼ਬਦ ਆਸਰੇ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ। ਗੁਰੂ ਦੇ ਕਹੇ ਚੱਲਣ ਵਾਲਾ ਬੰਦਾ ਆਪਣੇ ਮਨ ਨੂੰ ਪਰਾਏ ਘਰ ਵੱਲ ਜਾ ਕੇ ਡੋਲਣ ਨਹੀਂ ਦਿੰਦਾ।
  ਗੁਰੂ ਦੇ ਉਪਦੇਸ਼ ਸਦਕਾ ਹੀ ਸਿਮਰਨ ਕਰ ਕੇ ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ।
 ਗੁਰਮੁਖਿ ਜਾਗਿ ਰਹੇ ਅਉਧੂਤਾ ॥
ਸਦ ਬੈਰਾਗੀ ਤਤੁ ਪਰੋਤਾ ॥
ਜਗੁ ਸੂਤਾ ਮਰਿ ਆਵੈ ਜਾਇ ॥
ਬਿਨੁ ਗੁਰ ਸਬਦ ਨ ਸੋਝੀ ਪਾਇ
॥੬॥
    ਅਰਥ:- ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਕਰਦਾ ਹੋਇਆ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਮਨੁੱਖ ਜਗਤ ਦੇ ਮੂਲ ਕਰਤਾਰ ਨੂੰ ਮਨ ਵਿਚ ਪ੍ਰੋਈ, ਵਸਾਈ ਰੱਖਦਾ ਹੈ, ਉਹ ਸਦਾ ਮਾਇਆ ਤੋਂ ਵੈਰਾਗੀ ਰਹਿੰਦਾ ਹੈ।
  ਜਗਤ ਮਾਇਆ ਮੋਹ ਦੀ ਨੀਂਦ ‘ਚ ਪ੍ਰਭੂ ਦੀ ਯਾਦ ਵਲੋਂ ਸੁੱਤਾ ਰਹਿੰਦਾ ਹੈ, ਤੇ ਆਤਮਕ ਮੌਤ ਸਹੇੜ ਕੇ ਜਨਮ-ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਮਾਇਆ ਦੀ ਨੀਂਦ ਸੁੱਤੇ ਪਏ ਨੂੰ ਗੁਰੂ ਦੇ ਸ਼ਬਦ ਤੋਂ ਬਗੈਰ ਇਹ ਸਮਝ ਹੀ ਨਹੀਂ ਆਉਂਦੀ। (ਕਿ ਉਹ ਪਰਮਾਤਮਾ ਦੀ ਯਾਦ ਵਲੋਂ ਅਵੇਸਲਾ ਹੈ)
ਗਣਿ ਗਣਿ ਜੋਤਕੁ ਕਾਂਡੀ ਕੀਨੀ ॥
ਪੜੈ ਸੁਣਾਵੈ ਤਤੁ ਨ ਚੀਨੀ ॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
ਹੋਰ ਕਥਨੀ ਬਦਉ ਨ ਸਗਲੀ ਛਾਰੁ
॥੨॥      (904)
    ਅਰਥ:-  (ਹੇ ਪੰਡਿਤ) ਤੂੰ ਜੋਤਿਸ਼ ਦੇ ਲੇਖੇ ਗਿਣ ਗਿਣ ਕੇ ਜਨਮ ਪੱਤਰੀ ਬਣਾਉਂਦਾ ਹੈਂ, ਜੋਤਿਸ਼ ਦਾ ਹਿਸਾਬ ਆਪ ਪੜ੍ਹਦਾ ਅਤੇ ਜਜਮਾਨ ਨੂੰ ਵੀ ਸੁਣਾਉਂਦਾ ਹੈਂ, ਪਰ ਅਸਲੀਅਤ ਨੂੰ ਨਹੀਂ ਪਛਾਣਦਾ। ਸ਼ੁੱਭ ਮਹੂਰਤ ਦੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਬੰਦਾ ਗੁਰੂ ਦੇ ਸ਼ਬਦ ਨੂੰ ਮਨ ‘ਚ ਵਸਾਏ।    ਮੈਂ ਗੁਰ ਸ਼ਬਦ ਦੇ ਮੁਕਾਬਲੇ ਤੇ, ਤੇਰੀਆਂ ਵਿਚਾਰਾਂ ਜਾਂ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ।
  ਇਹ ਤਿੰਨੋਂ ਚੀਜ਼ਾਂ ਆਪਾਂ ਗੁਰਮਤਿ ਅਨੁਸਾਰ, ਗੁਰ, ਸ਼ਬਦ ਗੁਰੂ ਦੇ ਸ਼ਬਦ ਦੀ ਵਿਚਾਰ ਆਸਰੇ ਅਲੱਗ-ਅਲੱਗ ਵਿਚਾਰੀਆਂ ਹਨ, ਆਉ ਹੁਣ ਇਨ੍ਹਾਂ ਨੂੰ ਇਕੱਠਿਆਂ ਵਿਚਾਰੀਏ ਕਿ ਇਨ੍ਹਾਂ ਦਾ ਅਸਲ ਸੰਦੇਸ਼ ਕੀ ਹੈ।
   ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਸਿੱਖਾਂ ਲਈ ਹੀ ਨਹੀਂ, ਸਾਰੀ ਸ੍ਰਿਸ਼ਟੀ ਲਈ ਇਹ ਇਕ ਸਾਂਝਾ ਸੰਦੇਸ਼ ਹੈ ਕਿ, ਸਭ ਦਾ ਸਾਂਝਾ ਇਕੋ-ਇਕ ਅਕਾਲ-ਪੁਰਖ ਹੈ, ਜੋ ਇਸ ਬ੍ਰਹਮੰਡ ਦਾ ਮੂਲ਼ ਹੈ, ਜਿਸ ਨੇ ਇਹ ਸਾਰੀ ਰਚਨਾ ਕੀਤੀ ਹੈ, ਅਤੇ ਰਚਨਾ ਦੀ ਹਰ ਚੀਜ਼ ਵਿਚ ਆਪ ਹੀ ਮੌਜੂਦ ਹੈ। ਇਹ ਰਚਨਾ, ਕੁਦਰਤ ਹੀ ਉਸ ਦੀ ਪਛਾਣ ਦਾ ਸਾਧਨ ਹੈ, (ਅਸੀਂ ਸੰਸਾਰ ਵਿਚ ਵੰਡੀਆਂ ਪਾ ਕੇ, ਉਨ੍ਹਾਂ ਵੰਡੀਆਂ  ਅਨੁਸਾਰ ਹੀ ਉਸ ਇਕ ਦੇ ਆਪੋ-ਆਪਣੇ ਅਲੱਗ ਅਲੱਗ ਨਾਮ ਰੱਖ ਲਏ ਹਨ।
  ਇਹ ਸਾਰੀ ਰਚਨਾ ਦਾ ਇਕੋ ਨਿਯਮ ਸਿਧਾਂਤ ਹੈ,
ਪਾਂਚੈ ਪੰਚ ਤਤ ਬਿਸਥਾਰ ॥
ਕਨਿਕ ਕਾਮਿਨੀ ਜੁਗ ਬਿਉਹਾਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
ਜਰਾ ਮਰਣ ਦੁਖੁ ਫੇਰਿ ਨ ਹੋਇ
॥੬॥           (343)
   ਅਰਥ:- ਇਹ ਜਗਤ ਮਾਇਆ ਦੇ ਤਿੰਨਾਂ ਗੁਣਾ ਦੇ ਅਧੀਨ ਚਲਦਾ ਹੈ। ਇਹ ਸੰਸਾਰ ਪੰਜਾਂ ਤੱਤਾਂ ਦਾ ਵਿਸਤਾਰ, ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ, ਇਹ ਅਨੇਕਾਂ ਵਾਰੀ ਬਣਿਆ ਅਤੇ ਖਤਮ ਹੋਇਆ ਹੈ। ਪਰ ਇਹ ਗੱਲ ਵਿਸਾਰ ਕੇ, ਇਹ ਜੀਵ ਧਨ ਅਤੇ ਇਸਤ੍ਰੀ, ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ। ਏਥੇ ਕੋਈ ਵਿਰਲਾ ਹੀ ਬੰਦਾ ਹੈ ਜੋ ਰੱਬ ਦੇ ਪ੍ਰੇਮ ਅੰਮ੍ਰਿਤ ਦਾ ਰਸ ਪੀਂਦਾ ਹੈ।
   ਜੋ ਪੀਂਦਾ ਹੈ, ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ।
   ਇਸ ਸਾਰੇ ਸਿਧਾਂਤ ਨੂੰ ਸਮਝਣ ਦਾ ਦੁਨੀਆ ਕੋਲ ਇਕੋ ਸਾਧਨ ਹੈ, ਇਸ ਨੂੰ ਕੇਵਲ ਤੇ ਕੇਵਲ ਗੁਰ, ਸ਼ਬਦ ਗੁਰੂ ਦੀ ਵਿਚਾਰ ਆਸਰੇ ਹੀ ਸਮਝਿਆ ਜਾਸਕਦਾ ਹੈ। 
ਸਭਸੈ ਊਪਰਿ ਗੁਰ ਸਬਦੁ ਬੀਚਾਰੁ
              (ਚਲਦਾ)                                                            ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.