ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਹਿੰਦੀ ਦੀ ਅਸਲੀਅਤ, ਜੋ ਸਾਨੂੰ ਹਿੰਦੀ ਵਾਲੇ ਦੋ ਸਾਲਾਂ ‘ਚ ਦੱਸ ਦੇਣਗੇ!
ਹਿੰਦੀ ਦੀ ਅਸਲੀਅਤ, ਜੋ ਸਾਨੂੰ ਹਿੰਦੀ ਵਾਲੇ ਦੋ ਸਾਲਾਂ ‘ਚ ਦੱਸ ਦੇਣਗੇ!
Page Visitors: 2446

ਹਿੰਦੀ ਦੀ ਅਸਲੀਅਤ, ਜੋ ਸਾਨੂੰ ਹਿੰਦੀ ਵਾਲੇ ਦੋ ਸਾਲਾਂ ‘ਚ ਦੱਸ ਦੇਣਗੇ!
   ਬਾਬਰ ਦੇ ਹਮਲੇ ਤੋਂ ਪਹਿਲਾਂ ਇਸ ਦੇਸ਼ ਦਾ ਨਾਮ, ਭਾਰਤ ਸੀ ਅਤੇ ਇਹ ਛੋਟੀਆਂ-ਛੋਟੀਆਂ ਰਿਆਸਤਾਂ ‘ਚ ਵੰਡਿਆ ਹੋਇਆ ਸੀ, ਏਥੋਂ ਤੱਕ ਕਿ ਹਿਮਾਂਚਲ ਪਰਦੇਸ਼ ਵਾਲੀ ਥਾਂ ਤੇ 22 ਰਿਆਸਤਾਂ ਸਨ। ਬੋਲੀ ਪੱਖੋਂ ਵੀ ਭਾਰਤ ਦੀ ਕੋਈ ਸਾਂਝੀ ਬੋਲੀ ਨਹੀਂ ਸੀ, 24-25 ਵੱਡੀਆਂ ਬੋਲੀਆਂ ਸਨ ਅਤੇ ਸੈਂਕੜੇ ਛੋਟੀਆਂ ਬੋਲੀਆਂ ਸਨ। ਸਿਰਫ ਇਕ ਸੰਗਠਤ ਬੋਲੀ ਸੀ ‘ਸੰਸਕ੍ਰਿਤ’, ਉਸ ਨੂੰ ਵੀ ਬ੍ਰਾਹਮਣਾਂ ਨੇ ਆਪਣੇ ਲਈ ਰਾਖਵੀਂ ਕੀਤਾ ਹੋਇਆ ਸੀ, ਹੋਰ ਕਿਸੇ ਨੂੰ ਵੀ ਉਸ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਉਸ ਦਾ ਕੇਂਦਰ ‘ਬਨਾਰਸ’ ਸੀ।
  ਬਾਬਰ ਦੇ ਹਮਲੇ ਤੋਂ ਬਹੁਤ ਪਹਿਲਾਂ, ਅੱਠਵੀਂ ਸਦੀ ਦੇ ਸ਼ੁਰੂ ਵਿਚ ਹੀ ਮੁਹੰਮਦ ਗੌਰੀ ਵਲੋਂ ‘ਸੋਮਨਾਥ’ ਦੇ ਮੰਦਰ ਤੇ ਹੋਏ ਹਮਲੇ ਦੇ ਨਾਲ ਹੀ ਕਾਬਲ-ਕੰਧਾਰ ਤੋਂ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋ ਚੁੱਕੇ ਸਨ, ਪਰ ਇਹ ਹਮਲੇ ਲੁੱਟ-ਮਾਰ ਤੱਕ ਹੀ ਸੀਮਤ ਰਹੇ। ਕਈ ਕਬੀਲਿਆਂ ਨੇ ਆਪਣੇ ਰਾਜ ਸਥਾਪਤ ਕਰਨ ਦਾ ਉਪਰਾਲਾ ਕੀਤਾ, ਪਰ ਉਹ ਜ਼ਿਆਦਾ ਦੇਰ ਨਾ ਟਿਕ ਸਕੇ, ਏਥੋਂ ਤੱਕ ਕਿ “ਖਾਨਦਾਨ-ਏ-ਗੁਲਾਮਾਂ” ਨੇ ਵੀ ਕੁਝ ਚਿਰ ਲਈ ਰਾਜ ਕੀਤਾ। ਬਾਬਰ ਤੋਂ ਪਹਿਲਾਂ ਪਠਾਣਾਂ ਨੇ ਉੱਤਰੀ ਭਾਰਤ ਵਿਚ ਆਪਣਾ ਰਾਜ ਬਣਾਇਆ, ਜਿਨ੍ਹਾਂ ਨੂੰ ਹਰਾ ਕੇ ਬਾਬਰ ਨੇ ਆਪਣਾ ਰਾਜ ਸਥਾਪਤ ਕੀਤਾ। ਉਸ ਵਕਤ ਤੱਕ ਦਿੱਲੀ ਦਾ ਕੋਈ ਖਾਸ ਵਜੂਦ ਨਹੀਂ ਸੀ, ਮੁਗਲਾਂ ਦੀ ਰਾਜਧਾਨੀ ਕਾਫੀ ਦੇਰ ਆਗਰਾ ਰਹੀ।
  ਬਾਬਰ ਦੇ ਪੋਤੇ ਬਾਦਸ਼ਾਹ ਅਕਬਰ ਦੀ ਨੀਤੀ ਬੜੀ ਨਰਮ ਸੀ, ਉਸ ਨੇ ਰਾਜਪੂਤਾਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਅਤੇ ਰਾਜਪੂਤਾਂ ਨੇ ਆਪਣੀਆਂ ਧੀਆਂ ਭੇਣਾਂ ਦੇ ਡੋਲੇ ਮੁਗਲਾਂ ਨੂੰ ਭੇਂਟ ਕਰ ਕੇ ਮੁਗਲਾਂ ਨਾਲ ਰਿਸ਼ਤੇਦਾਰੀਆਂ ਵੀ ਬਣਾਈਆਂ। ਇਸ ਵੇਲੇ ਹੀ ਇਹ ਵੀ ਮਹਿਸੂਸ ਕੀਤਾ ਗਿਆ ਕਿ ਮੁਗਲ ਫੌਜੀਆਂ ਅਤੇ ਰਾਜਪੂਤ ਫੌਜੀਆਂ ਦੇ ਆਪਸੀ ਸੰਪਰਕ ਦੇ ਸਾਧਨ ਵਜੋਂ ਕੋਈ ਸਾਂਝੀ ਬੋਲੀ ਵੀ ਹੋਣੀ ਚਾਹੀਦੀ ਹੈ, ਜਿਸ ਦਾ ਪਹਿਲਾ ਰੂਪ ਕੁਝ ਸਾਂਝੇ ਲਫਜ਼ਾਂ ਤੱਕ ਹੀ ਸੀਮਤ ਰਿਹਾ, ਮਿਸਾਲ ਵਜੋਂ ਕੁਝ ਲਫਜ਼ ਅਜਿਹੇ ਬਣੇ ਜਿਸ ਵਿਚ ਇਕ ਹੀ ਲਫਜ਼ ਦੇ ਫਾਰਸੀ ਰੂਪ ਅਤੇ ਭਾਰਤੀ ਰੂਪ ਨੂੰ ਇਕ ਜੁੱਟ ਕੀਤਾ ਗਿਆ ਜਿਵੇਂ ‘ਜਲ-ਪਾਣੀ’, ਉੱਤਰੀ ਭਾਰਤ ਚਿ ਬੰਗਾਲ ਤੋਂ ਲੈ ਕੇ ਗੁਜਰਾਤ ਤੱਕ ਪਾਣੀ ਨੂੰ ਜਲ ਕਿਹਾ ਜਾਂਦਾ ਹੈ, ਅਤੇ ਫਾਰਸੀ ‘ਚ ਜਲ ਨੂੰ ਪਾਣੀ ਜਾਂ ਆਬ ਕਿਹਾ ਜਾਂਦਾ ਹੈ। ਇਹ ਤਜਰਬਾ ਕੋਈ ਜ਼ਿਆਦਾ ਕਾਮਯਾਬ ਨਾ ਹੋਇਆ, ਤਾਂ ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਕਿ ਏਸ਼ੀਆ ਦੇ ਸਾਰੇ ਸਾਧਾਂ ਦੀ ਇਕ ਸਾਂਝੀ ਬੋਲੀ ਹੈ, ਜਿਸ ਨੂੰ ‘ਸਧੂਕੜੀ’ ਕਿਹਾ ਜਾਂਦਾ ਸੀ, ਉਸ ਦੀ ਤਰਜ਼ ਤੇ ਫੌਜੀਆਂ ਦੀ ਵੀ ਇਕ ਸਾਂਝੀ ਬੋਲੀ ਹੋਣੀ ਚਾਹੀਦੀ ਹੈ, ਅਤੇ ਇਕ ਬੋਲੀ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਮੁਸਲਮਾਨ ਫੌਜੀਆਂ ਲਈ ਕਾਜੀਆਂ-ਮੁੱਲਾਂ ਨੇ ਅਰਬੀ ਲਿਪੀ ਵਿਚ ਲਿਖਣਾ ਸ਼ੁਰੂ ਕੀਤਾ ਅਤੇ ਰਾਜਪੂਤਾਂ ਆਦਿ ਲਈ ਬ੍ਰਾਮਣਾਂ ਨੇ ਦੇਵਨਾਗਰੀ ਲਿਪੀ ਵਿਚ ਲਿਖਣਾ ਸ਼ੁਰੂ ਕੀਤਾ, ਪਰ ਉਸ ਵੇਲੇ ਤੱਕ ਇਸ ਬੋਲੀ ਦਾ ਕੋਈ ਨਾਮ ਨਹੀਂ ਸੀ।
   ਇਸ ਦਾ ਨਾਮ ਕਿਵੇਂ ਪਿਆ ?
  ਆਰੀਆ ਲੋਕ ਅਫਗਾਨਿਸਤਾਨ ਨਾਲ ਲਗਦੇ ਪਹਾੜ ਦੇ ਪਾਰ ਰਹਿੰਦੇ ਸੀ, ਮੂਲ ਰੂਪ ਵਿਚ ਇਹ ਲੋਕ ਸ਼ੈਤਾਨ ਪਰਵਿਰਤੀ ਦੇ ਹੋਣ ਕਾਰਨ, ਇਨ੍ਹਾਂ ਦਾ ਕੰਮ ਚੋਰੀ ਕਰਨਾ ਅਤੇ ਧਾੜਾਂ ਮਾਰਨੀਆਂ ਸੀ। ਜਦੋਂ ਇਨ੍ਹਾਂ ਤੋਂ ਸਥਾਨਕ ਲੋਕ ਪ੍ਰੇਸ਼ਾਨ ਹੋਏ ਤਾਂ ਓਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਦਾ ਅਰਥ ਉਨ੍ਹਾਂ ਦੀ ਬੋਲੀ ‘ਚ ਚੋਰ ਹੈ। ਜਦੋਂ ਇਨ੍ਹਾਂ ਦਾ ਆਪਸੀ ਟਕਰਾਉ ਵਧਿਆ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਆਬਾਦੀ ਵਿਚੋਂ ਭਜਾ ਦਿੱਤਾ, ਇਹ ਭੱਜ ਕੇ ਨਾਲ ਲਗਦੇ ਪਹਾੜ ਤੇ ਚਲੇ ਗਏ ਅਤੇ ਓਥੇ ਹੀ ਰਹਣ ਲੱਗੇ, ਓਥੋਂ ਨਿਕਲ ਕੇ ਇਹ ਚੋਰੀ ਕਰਦੇ ਧਾੜਾਂ ਮਾਰਦੇ ਅਤੇ ਵਾਪਸ ਜਾ ਕੇ ਓਥੇ ਹੀ ਲੁਕ ਜਾਂਦੇ, ਇਸ ਕਾਰਨ ਹੀ ਉਸ ਪਹਾੜ ਦਾ ਨਾਮ “ਕੋਹ ਹਿੰਦੂ ਕੁਸ਼” (ਯਾਨੀ ਉਹ ਪਹਾੜ ਜਿਸ ਵਿਚ ਹਿੰਦੂ ਲੁਕਦੇ ਹਨ) ਪੈ ਗਿਆ।
  ਜਦ ਸਥਾਨੀ ਲੋਕਾਂ ਨੇ ਇਨ੍ਹਾਂ ਤੇ ਹੋਰ ਦਬਾਅ ਪਾਇਆ ਤਾਂ ਇਹ ਆਰੀਆ ਲੋਕ ਓਥੋਂ ਭੱਜ ਕੇ ਉੱਤਰੀ ਭਾਰਤ ਵਿਚ ਆ ਗਏ, ਉੱਤਰੀ ਭਾਰਤ ਦੇ ਲੋਕ ਬੜੇ ਸਾਊ ਅਤੇ ਮਿਲਾਪੜੇ ਸੀ, ਜਿਸ ਦਾ ਫਾਇਦਾ ਲੈਂਦੇ ਹੋਏ ਆਰੀਆ ਲੋਕ,( ਪੂਰੀ ਤਰ੍ਹਾਂ ਸੰਗਠਤ ਹੋਣ ਕਾਰਨ,) ਸਥਾਨੀ ਲੋਕਾਂ ਤੇ ਹਾਵੀ ਹੁੰਦੇ ਗਏ, ਹੌਲੀ-ਹੌਲੀ ਉੱਤਰੀ ਭਾਰਤ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਆਰੀਆਂ ਦੀ ਵਰਨ ਵੰਡ ਦੀ ਲਪੇਟ ‘ਚ ਆ ਕੇ ਸਥਾਨੀ ਲੋਕ ਵੈਸ਼ ਅਤੇ ਸ਼ੂਦਰ ਬਣ ਗਏ ਅਤੇ ਆਰੀਆ ਲੋਕ ਬ੍ਰਾਹਮਣ ਅਤੇ ਕਸ਼ੱਤਰੀ (ਜੋ ਮਗਰੋਂ ਰਾਜਪੂਤ ਕਹਾਏ) ਬਣ ਗਏ। ਕਸ਼ੱਤਰੀਆਂ ਦੇ ਹੱਥ ਵਿਚ ਰਾਜ-ਭਾਗ ਅਤੇ ਬ੍ਰਾਹਮਣਾਂ ਦੇ ਹੱਥ ਵਿਚ ਧਰਮ-ਕਰਮ ਅਤੇ ਪੜ੍ਹਾਈ ਆ ਗਈ।
  ਜਦ ਕਾਬਲ ਕੰਧਾਰ ਦੇ ਲੋਕਾਂ ਦਾ ਭਾਰਤ ਵਿਚ ਆਣਾ-ਜਾਣਾ ਹੋ ਗਿਆ ਤਾ ਇਹ ਗੱਲ ਵੀ ਖੁਲ੍ਹਦੀ ਗਈ ਕਿ ਇਹ ਲੋਕ ਤਾਂ ਓਹੀ ਹਿੰਦੂ ਹੀ ਹਨ ਤਾਂ ਉਨ੍ਹਾਂ ਲੋਕਾਂ ਨੇ ਭਾਰਤ ਨੂੰ ਹਿੰਦੁਸਤਾਨ (ਹਿੰਦੂ-ਅਸਥਾਨ) ਬਣਾ ਦਿੱਤਾ ਅਤੇ ਓਹ ਸਾਂਝੀ ਬੋਲੀ, ਜਿਸ ਨੂੰ ਆਰੀਆ ਦੇਵਨਾਗਰੀ ਲਿਪੀ ਵਿਚ ਲਿਖਦੇ ਸੀ, ਉਹ ਵੀ ਹਿੰਦੀ ਬਣ ਗਈ ਅਤੇ ਮੁਸਲਮਾਨਾਂ ਵਲੋਂ ਅਰਬੀ ਲਿਪੀ ‘ਚ ਲਿਖੀ ਜਾਂਦੀ ਬੋਲੀ ਉਰਦੂ ਬਣ ਗਈ।
  ਏਸੇ ਦੌਰਾਨ ਹੀ ਜਦੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਮਿਲੀ ਅਤੇ ਉਹ ਗੁਰੂ ਅੰਗਦ ਜੀ (ਜੋ ਗੁਰੂ ਨਾਨਕ ਜੀ ਦਾ ਹੀ ਅੰਗ ਸੀ ਅਤੇ ਜਿਸ ਨੂੰ ਗੁਰੂ ਨਾਨਕ ਜੀ ਦਾ ਨਾਮ ਵਰਤਣ ਦਾ ਪੂਰਾ ਅਧਿਕਾਰ ਮਿਲਿਆ) ਨੇ ਪੰਜਾਬੀ,( ਜਿਸ ਦੀ ਕੋਈ ਵਿਧੀਵਤ ਲਿਪੀ ਨਹੀ ਸੀ, ਖਾਲੀ ਬਣੀਏ ਲੋਕ ਇਸ ਨੂੰ ਲੰਡਿਆਂ ਦੇ ਰੂਪ ਵਿਚ ਜਾਂ ਕੁਝ ਹੋਰ ਰੂਪ ਵਿਚ ਆਪਣਾ ਹਿਸਾਬ ਲਿਖਣ ਲਈ ਵਰਤਦੇ ਸੀ, ਜਿਸ ਵਿਚ ਬਹੁਤ ਰੋਲ-ਘਚੋਲਾ ਹੁੰਦਾ ਸੀ) ਦੀ ਵਿਧੀਵਤ ਲਿਪੀ ਬਣਾਈ, ਜਿਸ ਦੇ 35 ਅੱਖਰ ਹਨ ਅਤੇ ਸਮੇ ਅਨੁਸਾਰ ਜਿਸ ਦਾ ਵਿਕਾਸ ਹੁੰਦਾ ਗਿਆ। ਇਹ ਪੰਜਾਬੀ ਆਮ ਲੋਕਾਂ ਦੀ ਭਾਸ਼ਾ ਬਣੀ। ਏਥੇ ਇਕ ਗੱਲ ਹੋਰ ਸਾਫ ਕਰ ਦੇਣੀ ਬਣਦੀ ਹੈ ਕਿ ਪੰਜਾਬੀ ਅਜਿਹੀ ਬੋਲੀ ਹੈ, ਜਿਸ ਨੂੰ ਗੁਰਮੁਖੀ ਲਿਪੀ ਵਿਚ ਲਿਖਣ ਲਈ ਕੋਈ ਜੋੜ-ਤੋੜ ਨਹੀਂ ਕਰਨਾ ਪੈਂਦਾ, ਜਦ ਕਿ ਹਿੰਦੀ ਨੂੰ ਦੇਵਨਾਗਰੀ ਲਿਪੀ ਵਿਚ ਲਿਖਣ ਲਈ ਬਹੁਤ ਸਾਰੇ ਜੋੜ-ਤੋੜ ਕਰਨੇ ਪੈਂਦੇ ਹਨ ਅਤੇ ਅੰਗਰੇਜ਼ੀ ਵਿਚ ਤਾਂ ਤੁਸੀਂ ਕੋਈ ਅੱਖਰ ਵੀ ਠੀਕ ਨਹੀਂ ਲਿਖ ਸਕਦੇ, ਜਦ ਤੱਕ ਉਸ ਦੇ ‘ਸਪੈਲਿੰਗ’ ਯਾਦ ਨਾ ਹੋਣ। ਇਸ ਹਿਸਾਬ ਨਾਲ ਪੰਜਾਬੀ ਇਨ੍ਹਾਂ ਬੋਲੀਆਂ ਨਾਲੋਂ ਕਿਤੇ ਵੱਧ ਸੰਪੂਰਨ ਬੋਲੀ ਹੈ। ਪੰਜਾਬੀ ਤੋਂ ਇਨ੍ਹਾਂ ਲੋਕਾਂ ਨੂੰ ਡਰ ਵੀ ਏਸੇ ਕਰ ਕੇ ਹੀ ਲਗਦਾ ਹੈ। 
  ਅੱਜ ਵੀ ਭਾਰਤ ਵਿਚ ਬਹੁਤ ਸਾਰੇ ਲੋਕ ਐਸੇ ਹਨ ਜੋ ਆਪਣੇ ਆਪ ਨੂੰ ਹਿੰਦੂ ਨਹੀਂ ਬਲਕਿ ਆਰੀਆ ਅਖਵਾਉਂਦੇ ਹਨ ਅਤੇ ਸਮਾਜ ਕਲਿਆਣ ਦਾ ਬਹੁਤ ਜ਼ਬਰਦਸਤ ਕੰਮ ਕਰ ਰਹੇ ਹਨ। ਬਹੁਤ ਪਹਿਲਾਂ ਇਨ੍ਹਾਂ ਨੇ ਸਕੂਲ ਖੋਲਣੇ ਸ਼ੁਰੂ ਕਰ ਦਿੱਤੇ ਸੀ, ਅਮਗਰੇਜ਼ਾਂ ਵੇਲੇ ਜਦੋਂ ਸਕੂਲਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ, ਤਾਂ ਇਨ੍ਹਾਂ ਨੇ ਆਪਣੇ ਸਕੂਲਾਂ ਦੀ ਰਜਿਸਟ੍ਰੇਸ਼ਨ ਵੇਲੇ ਹਲਫਨਾਮਾ ਲਿਖ ਕੇ ਦਿੱਤਾ ਸੀ ਕਿ ਉਹ ਹਿੰਦੂ ਨਹੀਂ ਹਨ ਬਲਕਿ ਆਰੀਆ ਹਨ। ਇਨ੍ਹਾਂ ਦੇ ਸਕੂਲਾਂ ਦੇ ਨਾਮ ਵੀ ਏ.ਐਸ. ਯਾਨੀ (ਆਰੀਆ ਸਮਾਜ) ਤੋਂ ਸ਼ੁਰੂ ਹੁੰਦੇ ਹਨ। ਮੈਂ ਖੁਦ ਦਸਵੀਂ ਤੱਕ ਇਕ ਅਜਿਹੇ ਸਕੂਲ ਵਿਚ ਪੜ੍ਹਿਆ ਹਾਂ, ਜਿਸ ਵਿਚ ਕੋਈ ਵਿਤਕਰਾ ਨਹੀਂ ਹੁੰਦਾ ਸੀ।
  ਮੁਗਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਉਰਦੂ ਦੀ ਚੜ੍ਹਤ ਰਹੀ। ਅਮਗਰੇਜ਼ਾਂ ਵੇਲੇ ਵੀ ਦੋਵਾਂ ਦਾ ਦਰਜਾ ਬਰਾਬਰ ਦਾ ਸੀ। ਪਰ ਕੁਝ ਅੰਗਰੇਜ਼ੀ ਪੜ੍ਹੇ-ਲਿਖੇ ਹਿੰਦੂ ਲੋਕਾਂ ਦਾ ਅੰਗਰੇਜ਼ਾਂ ਨਾਲ ਸਮਪਰਕ ਕਾਫੀ ਵਧਿਆ, 1947 ਵੇਲੇ ਦੇਸ਼ ਦੀ ਵੰਡ ਹੋ ਗਈ, ਉਰਦੂ ਦੇ ਵਾਰਸ ਪਾਕਿਸਤਾਨ ਚਲੇ ਗਏ ਅਤੇ ਹਿੰਦੀ ਵਾਲਿਆਂ ਦਾ ਬੋਲ-ਬਾਲਾ ਹੋ ਗਿਆ, ਹਿੰਦੀ ਵਿਚ ਸੰਸਕ੍ਰਿਤ ਦੇ ਲਫਜ਼ਾਂ ਦੀ ਭਰਮਾਰ ਹੋਣ ਲੱਗ ਗਈ, ਜਿਸ ਦੀ ਵਨਗੀ ਅੱਜ ਸਾਫ ਦੇਖੀ ਜਾ ਸਕਦੀ ਹੈ।
  ਹਿੰਦੀ ਅਤੇ ਪੰਜਾਬੀ ਦੀ ਟੱਕਰ!
   1947 ਮਗਰੋਂ ਭਾਰਤ ਦੇ ਸਾਰੇ ਸੂਬਿਆਂ ਦਾ ਬੋਲੀ ਦੇ ਆਧਾਰ ਤੇ ਗਠਨ ਹੋ ਗਿਆ, ਪਰ ਪੰਜਾਬ ਨੂੰ ਲਮਕਾ ਦਿੱਤਾ ਗਿਆ। ਪੰਜਾਬ ਦੇ ਵਿਚ ਮਹਾਸ਼ਾ ਭਰਾਵਾਂ ਦੀਆਂ ਤਿੰਨ ਉਰਦੂ ਅਖਬਾਰਾਂ ਨਿਕਲਦੀਆਂ ਸਨ,(ਮਿਲਾਪ-ਪਰਤਾਪ ਅਤੇ ਪੰਜਾਬ ਕੇਸਰੀ) ਪੰਜਾਬ ‘ਚ ਰਹਿੰਦੇ ਹੋਏ ਇਨ੍ਹਾਂ ਨੇ ਪੰਜਾਬੀ ਦਾ ਖੂਬ ਵਿਰੋਧ ਕੀਤਾ। ਮਰਦਮ-ਸ਼ੁਮਾਰੀ ਵੇਲੇ ਵੀ ਇਨ੍ਹਾਂ ਨੇ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਲਈ ਪਰੇਰਿਆ, ਪੰਜਾਬ ਦਾ ਮਾਹੌਲ ਵਿਗੜਨ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ।
  ਦੂਸਰੇ ਸਾਰੇ ਸੂਬੇ ਬੋਲੀ ਦੇ ਆਧਾਰ ਤੇ ਬਣ ਗਏ ਹੋਏ ਸੀ, ਸਿੱਖਾਂ ਨੇ ਪੰਜਾਬੀ ਸੂਬਾ ਬਨਾਉਣ ਲਈ ਮੋਰਚਾ ਲਾਇਆ ਹੋਇਆ ਸੀ, ਜਿਸ ਵਿਚ ਪੰਜਾਬ ਦਾ ਸ਼ਾਇਦ ਹੀ ਕੋਈ ਹਿੰਦੂ ਭਾਗ ਲੈ ਰਿਹਾ ਹੋਵੇ। ਆਜ਼ਾਦੀ ਮਿਲੀ ਨੂੰ 15 ਸਾਲ ਹੋ ਗਏ ਸਨ, ਜਦ ਨੈਹਰੂ ਸਟੇਜਾਂ ਤੋਂ ਭਾਸ਼ਨ ਦੇ ਰਿਹਾ ਸੀ ‘ਪੰਜਾਬੀ ਸੂਬਾ ਬਨਾਉਣ ਨਾਲੋਂ ਤਾਂ ਮੈਂ ਖਾਨਾਜੰਗੀ ਬਰਦਾਸ਼ਤ ਕਰ ਲਵਾਂਗਾ’। 1965 ਵੇਲੇ ਪਾਕਿਸਤਾਨ ਨਾਲ ਜੰਗ ਛਿੜ ਪਈ, ਜਿਸ ਵਿਚ ਸਿੱਖਾਂ ਨੇ ਸਭ ਕੁਝ ਇਕ ਬੰਨੇ ਛੱਡ ਕੇ ਬਹੁਤ ਵੱਡਾ ਹਿੱਸਾ ਪਾਇਆ। ਲੜਾਈ ਖਤਮ ਹੋਣ ਤੱਕ ਭਾਰਤ ਦੇ ਕਈ ਹਿੱਸਿਆਂ ਵਿਚ ਪੰਜਾਬੀ ਸੂਬੇ ਦੇ ਹੱਕ ਵਿਚ ਮਾਹੌਲ ਬਣ ਚੁੱਕਾ ਸੀ, ਜਿਸ ਦੇ ਸਿੱਟੇ ਵਜੋਂ ਪੰਜਾਬੀ ਸੂਬਾ ਬਨਾਉਣਾ ਇਕ ਮਜਬੂਰੀ ਬਣ ਗਈ ਸੀ।
   ਪੰਜਾਬੀ ਸੂਬਾ ਬਣਿਆ ਪਰ ਅੱਜ ਦੇ ਕਸ਼ਮੀਰ ਵਾਙ ਹਰਿਆਣਾ ਅਤੇ ਹਿਮਾਚਲ ਪਰਦੇਸ਼ ਇਸ ਵਿਚੋਂ ਛਾਂਗ ਦਿੱਤੇ ਗਏ। ਪੰਜਾਬ ਦਾ ਮਾਹੌਲ ਵਿਗੜਨ ਦਾ ਦੂਸਰਾ ਵੱਡਾ ਕਾਰਨ ਇਹ ਸੀ। ਪੰਜਾਬ ਦੀ ਜ਼ਮੀਨ ਵਿਚ ਪੰਜਾਬ ਦੇ ਪੈਸੇ ਨਾਲ ਰਾਜਧਾਨੀ ਬਣੀ, ਜਿਸ ਦਾ ਅੱਜ ਤੱਕ ਵੀ ਪੰਜਾਬ ਨੂੰ ਕਬਜ਼ਾ ਨਹੀਂ ਮਿਲਿਆ। ਇਹੀ ਹਾਲ ਭਾਖੜਾ ਡੈਮ ਅਤੇ ਦਰਿਆਈ ਪਾਣੀਆਂ ਦਾ ਹੈ। ਖੈਰ ਆਪਣਾ ਵਿਸ਼ਾ ਪੰਜਾਬੀ ਅਤੇ ਹਿੰਦੀ ਦਾ ਹੈ, ਆਪਾਂ ਉਸ ਵੱਲ ਹੀ ਮੁੜਦੇ ਹਾਂ।
   ਪੰਜਾਬੀ ਸੂਬਾ ਬਨਣ ਮਗਰੋਂ ਨੈਹਰੂ ਨੇ ਇਕ ਹੋਰ ਚਾਲ ਚੱਲੀ, ਇਸ ਵਿਚ ਉਸ ਦਾ ਸਲਾਹਕਾਰ ਪੰਜਾਬ ਦਾ ਜੰਮ-ਪਲ ਉਸ ਵੇਲੇ ਦਾ ਹੋਮ-ਮਨਿਸਟਰ ਗੁਲਜ਼ਾਰੀ ਲਾਲ ਨੰਦਾ ਸੀ। ਸਕੀਮ ਅਧੀਨ ਦੋ ਮੈਂਬਰੀ ਕਮਿਸ਼ਨ ਬਣਾਇਆ ਗਿਆ ਜਿਸ ਦਾ ਕੰਮ ਪੰਜਾਬ ਦਾ ਸਰਵੇ ਕਰ ਕੇ ਇਹ ਫੈਸਲਾ ਕਰਨਾ ਸੀ ਕਿ ਪੰਜਾਬੀ ਦੀ ਲਿਪੀ ਗੁਰਮੁਖੀ ਹੀ ਰਹੇ ਜਾਂ ਦੇਵਨਾਗਰੀ ਕਰ ਦਿੱਤੀ ਜਾਵੇ?
  ਇਸਦੇ ਦੋ ਮੈਂਬਰ ਡਾ,ਜੋਧ ਸਿੰਘ ਅਤੇ ਵਿਦਿਆ ਅਲੰਕਾਰ ਸਨ, ਨੈਹਰੂ ਵਲੋਂ ਦੋਵਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਜੇ ਤੁਸੀਂ ਪੰਜਾਬੀ ਦੀ ਲਿਪੀ ਦੇਵਨਾਗਰੀ ਮਨਵਾ ਲਵੋਂਗੇ ਤਾਂ ਡਾ. ਜੋਧ ਸਿੰਘ ਨੂੰ ਦੋ-ਚਾਰ ਕਾਰਖਾਨਿਆਂ ਦੇ ਅਤੇ ਅੱਠ-ਦਸ ਬੱਸਾਂ ਦੇ ਪਰਮਿਟ ਦੇ ਦਿੱਤੇ ਜਾਣਗੇ ਅਤੇ ਵਿਦਿਆ ਅਲੰਕਾਰ ਨੂੰ ਕਿਸੇ ਦੇਸ਼ ’ਚ ਸਫੀਰ ਬਣਾ ਕੇ ਘੱਲ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਨੇ ਜਲੰਧਰ ਦੇ ਇਕ ਹੋਟਲ ਵਿਚ ਆਪਣਾ ਦਫਤਰ ਬਣਾ ਕੇ ਓਥੇ ਡੇਰਾ ਲਾ ਲਿਆ।      
  ਜਦ ਇਹ ਖਬਰ ਮਾਸਟਰ ਤਾਰਾ ਸਿੰਘ ਜੀ ਨੂੰ ਹੋਈ ਕਿ ਪੰਜਾਬੀ ਦੀ ਲਿਪੀ ਗੁਰਮੁਖੀ ਤੋਂ ਬਦਲ ਕੇ ਦੇਵਨਾਗਰੀ ਕਰਨ ਦਾ ਪ੍ਰੋਗ੍ਰਾਮ ਬਣ ਰਿਹਾ ਹੈ ਤਾਂ ਉਹ ਇਨ੍ਹਾਂ ਦੋਵਾਂ ਨੂੰ ਮਿਲਣ ਲਈ ਜਲੰਧਰ ਪਹੁੰਚੇ, ਦਫਤਰ ਪਹੁੰਚਣ ਤੇ ਪਤਾ ਲੱਗਿਆ ਕਿ ਵਿਦਿਆ ਅਲੰਕਾਰ ਤਾਂ ਦਿੱਲੀ ਗਿਆ ਹੋਇਆ ਹੈ, ਡਾ.ਜੋਧ ਸਿੰਘ ਦਫਤਰ ਵਿਚ ਹੈ, ਤਾਂ ਉਹ ਦਫਤਰ ਅੰਦਰ ਚਲੇ ਗੲੈ, ਡਾ ਜੋਧ ਸਿੰਘ ਗੁਸਲਖਾਨੇ ‘ਚ ਗਿਆ ਹੋਇਆ ਸੀ, ਮਾਸਟਰ ਜੀ ਬੈਠ ਕੇ ਮੇਜ਼ ਤੇ ਪਏ ਕਾਗਜ਼ ਦੇਖਣ ਲੱਗੇ ਤਾਂ ਉਨ੍ਹਾਂ ਨੂੰ ਕਾਗਜ਼ਾਂ ਵਿਚੋਂ ਇਕ ਪੱਤ੍ਰ ਮਿਲਿਆ ਜੋ ਪੰਡਿਤ ਨੈਹਰੂ ਵਲੋਂ ਇਨ੍ਹਾਂ ਦੋਵਾਂ ਨੂੰ ਲਿਖਿਆ ਹੋਇਆ ਸੀ, ਜਿਸ ਵਿਚ ਉਨ੍ਹਾਂ ਨੂੰ ਦਿੱਤੇ ਗਏ ਲਾਲਚ ਦਾ ਵੇਰਵਾ ਸੀ। ਮਾਸਟਰ ਜੀ ਨੇ ਉਹ ਪੱਤ੍ਰ ਜੇਭ ਵਿਚ ਪਾ ਲਿਆ। ਡਾ ਜੋਧ ਸਿੰਘ ਦੇ ਆਉਣ ਤੇ ਵਿਚਾਰ-ਵਟਾਂਦਰਾ ਸ਼ੁਰੂ ਹੋਇਆ, ਜਿਸ ਵਿਚ ਡਾ. ਨੇ ਲਿਪੀ ਦੇਵਨਾਗਰੀ ਕਰਨ ਦੇ ਫਾਇਦੇ ਗਿਣਾਏ, ਮਾਸਟਰ ਜੀ ਨੇ ਆਪਣੇ ਵਿਚਾਰ ਦੱਸੇ, ਪਰ ਡਾ.ਜੋਧ ਸਿੰਘ ਉਨ੍ਹਾਂ ਨਾਲ ਸਹਿਮਤ ਨਹੀਂ ਹੋ ਰਿਹਾ ਸੀ, ਮਾਸਟਰ ਜੀ ਨੇ ਤਾਂ ਚਿੱਠੀ ਪੜ੍ਹਦਿਆਂ ਹੀ ਸਮਝ ਲਿਆ ਸੀ ਅਸਲੀ ਮਾਮਲਾ ਕੀ ਹੈ, ਸੋ ਉਨ੍ਹਾਂ ਨੇ ਉਹ ਚਿੱਠੀ ਆਪਣੀ ਜੇਭ ਚੋਂ ਕੱਢ ਕੇ ਵਿਖਾਈ, ਡਾਕਟਰ ਕੁਝ ਬੋਲਣ ਜੋਗਾ ਨਹੀਂ ਸੀ। ਮਾਸਟਰ ਜੀ ਵਾਪਸ ਅੰਮ੍ਰਿਤਸਰ  ਆ ਗਏ ਅਤੇ ਡਾ.ਜੋਧ ਸਿੰਘ ਬੇਇਜ਼ਤੀ ਤੋਂ ਡਰਦਾ ਵਾਪਸ ਦਿੱਲੀ ਚਲੇ ਗਿਆ। ਇਵੇਂ ਇਹ ਸਕੀਮ ਸਿਰੇ ਨਾ ਚੜ੍ਹ ਸਕੀ।
  2006-7 ਦੇ ਕਰੀਬ ਜਦ ਮੈਂ ਸਪੋਕਸਮੈਨ ਅਖਬਾਰ ਵਿਚ ਸਬ-ਐਡੀਟਰ ਸੀ ਤਾਂ ਵੀ ਪੰਜਾਬੀ ਯੁਨੀਵਰਸਿਟੀ ਦੇ ਵੀ.ਸੀ.ਨੇ ਇਕ ਮੀਟਿੰਗ ਵਿਚ ਅਜਿਹੇ ਹੀ ਵਿਚਾਰ ਰੱਖੇ, ਜਿਸ ਬਾਰੇ ਮੈਂ ਆਰਟੀਕਲ ਵੀ ਲਿਖਿਆ ਸੀ, ਉਸ ਮਗਰੋਂ ਫਿਰ ਕੋਈ ਸੂਹ-ਸੁੰਧਕ ਨਹੀ ਨਿਕਲੀ।
  ਹੁਣ ਸ਼ਾਇਦ ਕੁਝ ਜਿਆਦਾ ਤਿਆਰੀ ਨਾਲ ਇਹ ਪ੍ਰੋਗ੍ਰਾਮ ਉਲੀਕਿਆ ਗਿਆ ਹੈ। ਜਿਸ ਦੇ ਆਧਾਰ ਤੇ ‘ਸਰਦਾਰ ਪੰਛੀ’ ਵਰਗੇ ਕਹੇ ਜਾਂਦੇ ਮਹਾਨ ਵਿਦਵਾਨ, ਜਿਸ ਕੋਲ ਲੋਕਾਂ ਨੂੰ ਦੋ ਗੱਲਾਂ ਦੱਸਣ ਜੋਗੇ ਵੀ ਸੁਚੱਜੇ ਸ਼ਬਦ ਨਹੀਂ ਹਨ, ਉਸ ਨੇ ਪੰਜਾਬੀ ਬਾਰੇ ਇਹ ਸ਼ਬਦ ਬੋਲੇ ਕਿ, ‘ਪੰਜਾਬੀ ਗਾਲੀ-ਗਲੋਚ ਵਾਲੀ ਅਤੇ ਝਗੜਾਲੂ ਭਾਸ਼ਾ ਹੈ’, ਕੀ ਉਸ ਨੂੰ ਨਹੀਂ ਪਤਾ ਕਿ “ਗੁਰੂ ਗ੍ਰੰਥ ਸਾਹਿਬ ਜੀ” ਵੀ ਪੰਜਾਬੀ ਵਿਚ ਹੀ ਹਨ, ਕੀ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਸਾਰੀਆਂ ਗੱਲਾਂ ਗਾਲੀ ਗਲੋਚ ਵਾਲੀਆਂ ਅਤੇ ਝਗੜਾਲੂ ਹਨ ? ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਬੰਦੇ ਨੂੰ ਵਿਦਵਾਨ ਅਖਵਾਉਂਦਿਆਂ।
  ਫਿਰ ਉਹ ਗੈਰ ਜ਼ਿਮੇਵਾਰ ਬੰਦਾ, ਜੋ ਜ਼ਿਮੇਵਾਰੀ ਵਾਲੀ ਕੁਰਸੀ ਤੇ ਬੈਠਾ ਹੈ, ਉਹ ਇਹ ਕਹਿੰਦਾ ਹੈ ਕਿ “ਦੋ ਸਾਲ ਰੁਕੋ ਫੇਰ ਦੱਸਾਂਗੇ ਕਿ ਹਿੰਦੀ ਕੀ ਹੈ”।
  ਅਮਿੱਤ ਸ਼ਾਹ ਜੀ ਨੂੰ ਹੋਮ ਮਨਿਸਟਰ ਹੁੰਦਿਆਂ, ਏਨਾ ਤਾਂ ਧਿਆਨ ਰੱਖਣਾ ਹੀ ਬਣਦਾ ਹੈ ਕਿ ਅਜਿਹੇ ਬੰਦੇ ਨੂੰ ਗਵਰਨਰ ਬਨਾਉਣ ਨਾਲ ਬੀ.ਜੇ.ਪੀ. ਜਾਂ ਆਰ.ਐਸ.ਐਸ. ਦਾ ਤਾਂ ਭਲਾ ਹੋ ਸਕਦਾ ਹੈ, ਪਰ ਦੇਸ਼ ਦਾ ਨਹੀਂ, ਜਦ ਕਿ ਉਹ ਜਿਸ ਕੁਰਸੀ ਤੇ ਬੈਠੇ ਹਨ ਉਹ ਕੁਰਸੀ ਦੇਸ਼ ਦੇ ਭਲੇ ਦੀ ਮੰਗ ਕਰਦੀ ਹੈ।
  ਵੈਸੇ ਪੰਜਾਬ ਅਤੇ ਪੰਜਾਬੀ ਦੇ ਚਹੇਤਿਆਂ ਦਾ ਫਰਜ਼ ਬਣਦਾ ਹੈ ਕਿ ਇਕੱਠੇ ਹੋ ਕੇ ਕੋਈ ਹੱਲ ਸੋਚਣ, ਅਜੇ ਦੋ ਸਾਲ ਬਾਕੀ ਹਨ, ਕੋਈ ਨਾ ਕੋਈ ਹੱਲ ਨਿਕਲ ਹੀ ਆਵੇਗਾ।
                                                    ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.