ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਮੋਦੀ ਖਾਨਾ ਅਤੇ ਮੋਦੀ
ਮੋਦੀ ਖਾਨਾ ਅਤੇ ਮੋਦੀ
Page Visitors: 2403

ਮੋਦੀ ਖਾਨਾ ਅਤੇ ਮੋਦੀ
ਮੋਦੀ ਖਾਨੇ ਬਾਰੇ ਗੱਲ ਅਗਾਂਹ ਵਧਾਉਣ ਤੋਂ ਪਹਿਲਾਂ , ਮੋਦੀ ਅਤੇ ਮੋਦੀ ਖਾਨੇ ਦੇ ਅਰਥ ਸਮਝ ਲੈਣਾ ਬੁਤ ਜ਼ਰੂਰੀ ਹੈ ।    ਮੋਦੀ ਲਫਜ਼ ਮੂਲ ਰੂਪ ਵਿਚ , ਅਰਬੀ ਦਾ ਲਫਜ਼ ਹੈ , ਜਿਸ ਦਾ ਅਰਥ ਹੈ , ਰਸਦ ਆਦਿ ਦਾ ਇੰਤਜ਼ਾਮ ਕਰਨ ਵਾਲਾ । ਜਿਸ ਵਿਚ ਰਸਦ ਦੀ ਸੰਭਾਲ ਕਰਨੀ , ਉਸ ਦਾ ਵਿਤਰਣ ਕਰਨਾ (ਵਰਤਾਉਣਾ) ਅਤੇ ਉਸ ਦਾ ਹਿਸਾਬ-ਕਿਤਾਬ ਆਦਿ ਰੱਖਣਾ ਸ਼ਾਮਿਲ ਹੁੰਦਾ ਹੈ । ਇਸ ਦਾ ਹੀ ਛੋਟਾ ਪੰਜਾਬੀ ਰੂਪ ਭੰਡਾਰੀ ਹੁੰਦਾ ਹੈ ।                   ਲੋਧੀ        
  ਮੋਦੀ ਖਾਨੇ ਦਾ ਅਰਥ ਹੈ , ਰਸਦ ਆਦਿ ਸੰਭਾਲਣ ਦਾ ਗੋਦਾਮ । ਇਸ ਨੂੰ ਸੌਖਿਆਂ ਸਮਝਣ ਲਈ ਐਫ. ਸੀ. ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਦੇ ਗੋਦਾਮ ਵੇਖੇ ਜਾ ਸਕਦੇ ਹਨ । ਇਸ ਦਾ ਹੀ ਛੋਟਾ ਰੂਪ ਭੰਡਾਰ ਹੁੰਦਾ ਹੈ ।
     ਸੁਲਤਾਨ ਪੁਰ ਲੋਧੀ ਵਿਖੇ , ਗੁਰੂ ਨਾਨਕ ਸਾਹਿਬ ਵੇਲੇ , ਨਵਾਬ ਦੌਲਤ ਖਾਨ ਲੋਧੀ ਦਾ ਮੋਦੀ ਖਾਨਾ ਸੀ । ਨਵਾਬ ਦੌਲਤ ਖਾਨ , ਦਿੱਲੀ ਦੇ ਬਾਦਸ਼ਾਹ , ਇਬਰਾਹੀਮ ਲੋਧੀ ਵਲੋਂ ਥਾਪਿਆ ਹੋਇਆ ਪੰਜਾਬ ਦਾ ਗਵਰਨਰ ਸੀ । ਪਰ ਕਿਉਂਕਿ ਸੁਲਤਾਨ ਪੁਰ ਲੋਧੀ ਦਾ ਇਲਾਕਾ ਉਸ ਨੂੰ ਬਾਦਸ਼ਾਹ ਵਲੋਂ , ਜਗੀਰ ਦੇ ਰੂਪ ਵਿਚ ਮਿਲਿਆ ਹੋਇਆ ਸੀ , ਇਸ ਲਈ ਉਹ ਆਮ-ਤੌਰ ਤੇ ਸੁਲਤਾਨ ਪੁਰ ਵਿਚ ਹੀ ਰਹਿੰਦਾ ਸੀ , ਅਤੇ ਪੰਜਾਬ ਦਾ ਇੰਤਜ਼ਾਮ ਸੁਲਤਾਨ
ਪੁਰ ਤੋਂ ਹੀ ਚਲਾਉਂਦਾ ਸੀ । ਇਸ ਤਰ੍ਹਾਂ ਪੰਜਾਬ ਦੇ ਇੰਤਜ਼ਾਮ ਨਾਲ ਸਬੰਧਤ ਮਹਿਕਮਿਆਂ ਦੇ ਮੁੱਖ ਦਫਤਰ ਸੁਲਤਾਨ ਪੁਰ ਵਿਚ ਹੀ ਸਨ ।
     ਅੱਜ ਤਾਂ ਸਰਕਾਰ ਵਲੋਂ ਸੈਂਕੜੇ ਤਰ੍ਹਾਂ ਦੇ ਟੈਕਸ ਲੱਗੇ ਹੋਏ ਹਨ , ਪਰ ਉਸ ਜ਼ਮਾਨੇ ਵਿਚ , ਸਰਕਾਰੀ ਆਮਦਨ ਦਾ ਮੁੱਖ ਸਰੋਤ , ਜ਼ਮੀਨ ਤੋਂ ਪੈਦਾ ਹੋਈ ਫਸਲ ਤੇ ਟੈਕਸ ਹੀ ਸੀ। (ਜੋ ਆਮ ਹਾਲਤ ਵਿਚ , ਪੈਦਾ ਹੋਈ ਫਸਲ ਦਾ ਤੀਜਾ ਹਿੱਸਾ ਹੁੰਦਾ ਸੀ ।) ਇਹ ਟੈਕਸ ਵੀ ਪੈਸੇ ਦੇ ਰੂਪ ਵਿਚ ਨਹੀਂ ਹੁੰਦਾ ਸੀ , ਬਲਕਿ ਅਨਾਜ ਦੇ ਰੂਪ ਵਿਚ ਹੁੰਦਾ ਸੀ । ( ਇਸ ਮਹਿਕਮੇ ਨੂੰ ਅੱਜ-ਕਲ  ਰੈਵੇਨਿਊ ਡਿਪਾਰਟਮੈਂਟ ਕਿਹਾ ਜਾਂਦਾ ਹੈ ) ਪੰਜਾਬ ਵਿਚੋਂ ਅਨਾਜ ਇਕੱਠਾ ਕਰ ਕੇ , ਉਸ ਨੂੰ ਸੰਭਾਲਣ ਲਈ ਸੁਲਤਾਨ ਪੁਰ ਵਿਖੇ ਮੋਦੀ ਖਾਨਾ ਬਣਾਇਆ ਹੋਇਆ ਸੀ । ਉਸ ਦੀ ਸਾਂਭ-ਸੰਭਾਲ ਦੀ , ਉਸ ਨੂੰ ਵੇਚਣ ਦੀ , ਕਰਮਚਾਰੀਆਂ ਨੂੰ ਤਨਖਾਹ ਵਜੋਂ ਅਨਾਜ ਦੇਣ ਦੀ , ਇਸ ਸਭ ਕਾਸੇ ਦਾ ਹਿਸਾਬ-ਕਿਤਾਬ ਰੱਖਣ ਦੀ ਜ਼ਿਮੇਵਾਰੀ ਮੋਦੀ ਦੀ ਹੁੰਦੀ ਸੀ ।
    ਗੁਰੂ ਨਾਨਕ ਸਾਹਿਬ ਉਸ ਮੋਦੀ-ਖਾਨੇ ਦੇ ਮੋਦੀ ਸਨ ।
    ਮੋਦ-ਖਾਨੇ ਅਤੇ ਮੋਦੀ ਬਾਰੇ ਤਾਂ ਆਪਾਂ ਵਿਸਤਾਰ ਨਾਲ ਜਾਣ ਲਿਆ ਹੈ , ਮੋਦੀ ਦੇ ਸਮਾਜਕ ਰੁਤਬੇ ਬਾਰੇ ਵੀ ਥੋੜੀ ਜਾਣਕਾਰੀ ਕਰ ਲੈਣੀ ਚੰਗੀ ਹੋਵੇਗੀ ।
     ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕਰਨ ਮਗਰੋਂ , ਉਸ ਦਾ ਸਹੀ ਢੰਗ ਨਾਲ ਇੰਤਜ਼ਾਮ ਕਰਨ ਲਈ , ਜੋ ਸਿਸਟਮ ਲਾਗੂ ਕੀਤਾ,  ਉਸ ਅਨੁਸਾਰ ਰਾਜ ਨੂੰ ਜ਼ਿਲਿਆਂ ਵਿਚ ਵੰਡਿਆ ਗਿਆ ਸੀ । (ਜੋ ਕਿ ਪਹਿਲਾਂ ਸੂਬਿਆਂ , ਸਟੇਟਾਂ ਵਿਚ ਵੰਡਿਆ ਹੁੰਦਾ ਸੀ ) ਕਿਉਂਕਿ ਵਸੋਂ ਦੇ ਵਾਧੇ ਅਤੇ ਵਪਾਰ ਦੇ ਨਵੇਂ ਸ੍ਰੋਤਾਂ ਦੇ ਵਿਕਾਸ ਨਾਲ ਕੰਮ ਕਾਫੀ ਵਧ ਗਿਆ ਸੀ ।
 ਹਰ ਜ਼ਿਲੇ ਦਾ ਇਕ ਸਰਕਾਰੀ ਅਫਸਰ ਹੁੰਦਾ ਸੀ ।(ਜਿਸ ਨੂੰ ਅੱਜ-ਕਲ ਡੀ. ਐਮ. ਕਿਹਾ ਜਾਂਦਾ ਹੈ । ਅੰਗਰੇਜ਼ਾਂ ਵੇਲੇ ਉਸ ਨੂੰ ਕਲੈਕਟਰ ਕਿਹਾ ਜਾਂਦਾ ਸੀ ) ਜਿਸ ਦਾ ਰੈਂਕ ਆਈ.ਸੀ.ਐਸ . ਹੁੰਦਾ ਸੀ , ਜੋ ਅੱਜ ਆਈ.ਏ.ਐਸ. ਹੈ ।) ਕੁਝ ਇਸ ਨਾਲ ਮਿਲਦਾ-ਜੁਲਦਾ ਰੁਤਬਾ ਹੀ ਗੁਰੂ ਨਾਨਕ ਜੀ ਦਾ ਸੀ , ਫਰਕ ਸਿਰਫ ਇਹ ਸੀ ਕਿ ਇਹ ਕਲੈਕਟਰ ਜਾਂ ਡੀ. ਐਮ. ਦਾ ਅਧਿਕਾਰ ਛੇਤਰ ਜ਼ਿਲ੍ਹਾ ਪੱਧਰੀ ਹੁੰਦਾ ਸੀ / ਹੁੰਦਾ ਹੈ , ਪਰ ਬਾਬਾ ਨਾਨਕ ਜੀ ਦਾ ਅਧਿਕਾਰ ਛੇਤਰ ਪੂਰਾ ਸੂਬਾ ਪੰਜਾਬ ਸੀ ।   ਇਸ ਆਧਾਰ ਤੇ ਅਸੀਂ ਸਮਝ ਸਕਦੇ ਹਾਂ ਕਿ ਬਾਬਾ ਨਾਨਕ ਜੀ ਦਾ ਸਮਾਜਿਕ ਅਤੇ ਆਰਥਿਕ ਰੁਤਬਾ ਕੀ ਸੀ ? ਪਰ ਸਿੱਖਾਂ ਨੇ ਬਹੁ ਗਿਣਤੀ ਦੇ ਪ੍ਰਭਾਵ ਅਧੀਨ ਹਮੇਸ਼ਾ ਆਪਣਿਆ ਨੂੰ ਹੀ ਛੁਟਿਆਇਆ ਹੈ , ਜਿਵੇਂ ਕਿ ਇਕ ਮੋਦੀ ਨੂੰ , ਇਕ ਤੋਲਾ ਬਣਾ ਕੇ 13-13 ਤੋਲਣ ਲਾ ਦਿੱਤਾ , ਉਸਦੀ ਆੜ ਵਿਚ ਹੀ ਕੁਝ ਵੱਟਿਆਂ ਨੂੰ , ਸਿੱਖਾਂ ਦੇ ਪੂਜਣ ਯੋਗ ਬਣਾ ਦਿੱਤਾ ।
  ਇਕ ਏਨੀ ਵੱਡੀ ਸ਼ਖਸੀਅਤ ਨੂੰ , ਜਿਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਕਰੀਬ , ਹਰ ਦੁੱਖ-ਸੁਖ ਵਿਚ ਗੁਰੂ ਨਾਨਕ ਜੀ ਦਾ ਸਾਥ ਦਿੰਦਿਆਂ , ਗੁਰਮਤਿ ਫਲਸਫੇ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪਹੁੰਚਾਉਣ ਲਈ , ਸਭ ਤੋਂ ਵੱਧ ਯੋਗਦਾਨ ਪਾਇਆ ਹੋਵੇ , ਗੁਰੂ ਨਾਨਕ ਦੇ ਉਸ ਭਾਈ (ਭਰਾ) ਨੂੰ ਸਿੱਖਾਂ ਨੇ ਹੀ ਇਕ ਮਸਖਰਾ-ਮਰਾਸੀ ਬਣਾ ਕੇ ਧਰ ਦਿੱਤਾ, ਹੋਰ ਤਾਂ ਹੋਰ , ਉਸ ਦੇ ਕੱਦ ਨੂੰ ਬੌਣਿਆਂ ਕਰਨ ਲਈ , ਇਕ ਜਾਲ੍ਹੀ ਪਾਤਰ (ਬਾਲਾ) ਸਿਰਜ ਕੇ ਦਰਬਾਰ ਸਾਹਿਬ ਵਿਚ ਹੀ ਸਥਾਪਤ ਕਰ ਦਿੱਤਾ ।
     ਇਵੇਂ ਹੀ ਗੁਰੂ ਅਰਜਨ ਸਾਹਿਬ ਦੀ , ਸ਼ਬਦ ਗੁਰੂ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਲਈ (ਤਾਂ ਜੋ ਦੁਨੀਆਂ ਨੂੰ ਭੰਬਲ ਭੁਸੇ ਵਿਚੋਂ ਕੱਢ ਕੇ , ਸਦੀਵੀ ਤੌਰ ਤੇ ਆਤਮਕ ਗਿਆਨ ਦੇ ਰੂ-ਬ-ਰੂ ਕੀਤਾ ਜਾ ਸਕੇ) ਦਿੱਤੀ ਲਾਸਾਨੀ ਸ਼ਹਾਦਤ ਨੂੰ , ਇਕ ਪਰਿਵਾਰਿਕ ਹਾਦਸਾ ਭਰ ਬਣਾ ਕੇ ਰੱਖ ਦਿੱਤਾ । ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ , ਮਨੁੱਖੀ ਅਧਿਕਾਰਾਂ ਲਈ ਹੋਈ ਦੁਨੀਆਂ ਦੀ ਪਹਿਲੀ ਸ਼ਹਾਦਤ ਦੀ ਥਾਂ , ਤਿਲਕ-ਜੰਜੂ ਤਕ ਹੀ ਸੀਮਤ ਕਰ ਦਿੱਤਾ ।ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਤਾਂ ਇਕ ਗੰਦ ਦਾ ਪੋਥਾ ਹੀ ਮੜ੍ਹ ਦਿੱਤਾ , ਜਦ ਕਿ ਅਸਲੀਅਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਪੋਥੇ ਨਾਲ ਕੋਈ ਸਬੰਧ ਹੀ ਨਹੀਂ ਜੁੜਦਾ , ਨਾ ਉਸ ਨੂੰ ਲਿਖਣ ਵਿਚ , ਨਾ ਹੀ ਉਸ ਨੂੰ ਕਿਸੇ ਕੋਲੋਂ ਲਿਖਵਾਉਣ ਵਿਚ , ਨਾ ਹੀ ਉਸ ਨੂੰ ਲਿਖਣ ਦਾ ਕਿਸੇ ਨੂੰ ਅਧਿਕਾਰ ਦੇਣ ਵਿਚ ।  ਭਾਈ ਕਨ੍ਹੀਆ ਜੀ ਨੂੰ , ਰੈਡਕਰਾਸ ਦੇ ਸਿਰਜਕ ਦੀ ਥਾਂ ਇਕ ਜੰਗ ਵਿਚ ਪਾਣੀ ਪਿਲਾਉਣ ਅਤੇ ਮਲ੍ਹਮ ਲਗਾਉਣ ਵਾਲੇ ਤਕ ਹੀ ਸੀਮਤ ਕਰ ਦਿੱਤਾ ।   ਖਾਲਸਾ ਰਾਜ ਦੇ ਇਕੋ-ਇਕ ਬਾਦਸ਼ਾਹ , ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤਾਂ ਏਨਾ ਬਦਨਾਮ ਕੀਤਾ ਕਿ , ਸਿੱਖਾਂ ਵਿਚ ਉਸ ਲਈ ਨਫਰਤ ਹੀ ਪੈਦਾ ਕਰ ਦਿੱਤੀ । ਇਸ ਤਰ੍ਹਾਂ ਹੀ ਪੰਥ ਦੀਆਂ ਮਹਾਨ ਸ਼ਖਸੀਅਤਾਂ , ਗਿਆਨੀ ਦਿੱਤ ਸਿੰਘ , ਪ੍ਰੋ. ਗੁਰਮੁਖ ਸਿੰਘ , ਹਿਸਟੋਰੀਅਨ ਕਰਮ ਸਿੰਘ , ਸਿਰਦਾਰ ਕਪੂਰ ਸਿੰਘ ਆਦ ਬਹੁਤ ਸਾਰਿਆਂ ਨੂੰ , ਜਿਨ੍ਹਾਂ ਨੇ ਅੱਤ ਦੀ ਆਰਥਿਕ ਤੰਗੀ ਨੂੰ ਹੰਢਾਉਂਦਿਆਂ ਵੀ ਪੰਥ ਦੀ ਮਹਾਨ ਸੇਵਾ ਕੀਤੀ ਹੈ , ਛੁਟਿਆਇਆ ਜਾ ਰਿਹਾ ਹੈ ।
    ਦੂਸਰੇ ਪਾਸੇ ਸਵਾਮੀ ਦਯਾਨੰਦ ਨੂੰ , ਮਹਾਤਮਾ ਗਾਂਧੀ ਨੂੰ ਏਨਾ ਸਿਰ ਤੇ ਚੁਕਿਆ , ਕਿ ਉਹ ਗੁਰੂ ਸਾਹਿਬਾਂ ਬਾਰੇ ਹੀ ਗਲਤ ਟਿਪਣੀਆਂ ਕਰਨ ਲਗ ਗਏ । ਇਵੇਂ ਹੀ ਅੱਜ-ਕਲ ਕਰਨਾਟਕ ਨਿਵਾਸੀ ਪੰਡਤ ਰਾਓ ਧਰੇਨੰਵਰ ਦੇ ਬਹੁਤ ਸੋਲ੍ਹੇ ਗਾਏ ਜਾ ਰਹੇ ਹਨ ,ਕਿ ਉਸ ਨੇ ਪੰਜਾਬੀ ਸਿੱਖ ਕੇ , ਹੁਣ ਤੱਕ ਪੰਜਾਬੀ ਵਿਚ ਅੱਠ ਕਿਤਾਬਾਂ ਲਿਖੀਆਂ ਹਨ । (ਉਨ੍ਹਾਂ ਦੀਆਂ ਕਿਤਾਬਾਂ ਦਾ ਆਧਾਰ ਕੀ ਹੈ ? ਇਹ ਤਾਂ ਪੜ੍ਹਨ ਮਗਰੋਂ ਹੀ ਪਤਾ ਲੱਗੇ ਗਾ) ਪਰ ਉਨ੍ਹਾਂ ਦੇ ਸਿੱਖੀ ਪਿਆਰ ਬਾਰੇ ਜੋ ਸੋਲ੍ਹੇ ਗਾਏ ਗਏ ਹਨ , ਉਨ੍ਹਾਂ ਤੋਂ ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਸਿੱਖੀ ਬਾਰੇ ਸੋਚ , ਦਰਬਾਰ ਸਾਹਿਬ ਦੇ ਚਾਰ ਦਰਵਾਜ਼ਿਆਂ , ਲੰਗਰ ਦੀ ਬਿਨਾ ਭਿੰਨ-ਭੇਦ ਵੰਡ , ਕੀਰਤਨ ਸੁਣਨ ਦਾ ਕਨ-ਰਸ , ਹਰਿਮੰਦਰ ਸਾਹਿਬ ਦੀ ਪਵਿਤਰਤਾ , (ਜਿਸ ਨੂੰ ਵੇਖਣ ਨਾਲ ਹੀ ਮਨ ਪਵਿਤਰ ਹੋ ਜਾਂਦਾ ਹੈ) ਸਰੋਵਰ ਦਾ ਤੀਰਥਾਂ ਵਾਲਾ ਦਰਜਾ ਅਤੇ ਮੂਲ ਮੰਤ੍ਰ ਦੇ ਜਾਪ ਤੇ ਹੀ ਆਧਾਰਿਤ ਹੈ । ਜਦ ਸਿੱਖ ਵਿਦਵਾਨ ਕਿਸੇ ਦੇ ਕਸੀਦੇ ਕੱਢਦੇ ਹਨ , ਤਾਂ ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਲਿਖਤ ਦਾ ਸਿੱਖ ਨੌਜਵਾਨਾਂ ਤੇ ਕੀ ਅਸਰ ਪਵੇਗਾ ?
     ਅੱਜ ਵੀ ਪੰਥ ਵਿਚ ਬਹੁਤ ਸਾਰੇ ਅਜਿਹੇ ਵਿਦਵਾਨ ਹਨ , ਜੋ ਆਪਣੀ ਕਿਰਤ ਕਮਾਈ ਵਿਚੋਂ , ਸਮਾ ਅਤੇ ਪੈਸਾ ਕੱਢ ਕੇ , ਮੰਦ-ਹਾਲੀ ਦੇ ਦੌਰ ਵਿਚੋਂ ਗੁਜ਼ਰਦਿਆਂ ਵੀ ਆਪਣੀ ਸਮਰਥਾ ਤੋਂ ਵੱਧ , ਨਵੀਂ ਪੀੜ੍ਹੀ ਨੂੰ ਸੇਧ ਦੇ ਕੇ , ਸਿੱਖੀ ਨੂੰ ਬਚਾਉਣ ਲਈ ਜ਼ੋਰ ਲਗਾ ਰਹੇ ਹਨ । ਉਨ੍ਹਾਂ ਬਾਰੇ ਕੋਈ ਦੋ ਲਫਜ਼ ਲਿਖਣ ਵਾਲਾ ਵੀ ਨਹੀਂ ਹੁੰਦਾ , ਉਨ੍ਹਾਂ ਦੀ
ਮੰਦ-ਹਾਲੀ ਬਾਰੇ ਕੋਈ ਪੁਛਣ ਵਾਲਾ ਵੀ ਨਹੀਂ ਹੁੰਦਾ । ਹੋਰ ਤਾਂ ਹੋਰ , ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ , ਉਨ੍ਹਾਂ ਦੀਆਂ ਵੱਡ ਮੁਲੀਆਂ ਲਿਖਤਾਂ ਵੀ ਛਪਣ ਨੂੰ ਤਰਸਦੀਆਂ , ਉਨ੍ਹਾਂ ਦੀ ਮੌਤ ਪਿਛੋਂ , ਸੰਭਾਲਣ ਖੁਣੋ ਹੀ ਰੱਦੀ ਵਿਚ ਵਿਕ ਜਾਂਦੀਆਂ ਹਨ । ਸਿੱਖੀ ਦੇ ਅਰਬਾਂ ਰੁਪੲੈ ਸਾਲਾਨਾ ਦੀ ਆਮਦਨ ਤੇ ਸੱਪ ਵਾਙ ਕੁੰਡਲੀ ਮਾਰੀ ਬੈਠੇ , ਸਿੱਖੀ ਦੇ ਠੇਕੇਦਾਰ , ਉਨ੍ਹਾਂ ਦਾ ਵਿਰੋਧ ਕਰਦੇ ਅਤੇ ਗੁਰੂ ਦੀ ਗੋਲਕ ਨੂੰ ਕਿਸੇ ਸਾਰਥਿਕ ਕੰਮ ਤੇ ਲਾਉਣ ਦੀ ਥਾਂ ਵਿਖਾਵਿਆਂ ਵਿਚ ਰੋੜ੍ਹਦੇ ਹੀ ਵੇਖੇ ਜਾ ਸਕਦੇ ਹਨ ।
 ਕੀ ਅਵਤਾਰ ਸਿੰਘ ਮੱਕੜ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਵੀ ਓਨਾ ਪਟਰੋਲ ਫੂਕਿਆ ਹੋਣੈ ? ਜਿੰਨਾ ਉਸ ਨੇ ਗੁਰੂ ਦੀ ਗੋਲਕ ਵਿਚੋਂ ਪੰਜਾਂ ਸਾਲਾਂ ਵਿਚ ਫੂਕ ਦਿੱਤਾ ਹੈ ? ਕੀ ਅਜਿਹੀ ਹਾਲਤ ਵਿਚ ਸਿੱਖੀ ਦੀ ਚੜ੍ਹਦੀ ਕਲਾ ਦੀ ਆਸ ਕੀਤੀ ਜਾ ਸਕਦੀ ਹੈ ? ਕਿਰਤੀ ਸਿੱਖਾਂ ਨੂੰ ਸੰਭਲਣ ਦੀ ਲੋੜ ਹੈ ।
    ਇਸ ਹਾਲਤ ਵਿਚ ਵੀ ਬਾਬਾ ਨਾਨਕ ਜੀ ਦਾ , ਅਜਿਹਾ ਆਰਾਮ-ਦਾਇਕ ਰੁਤਬਾ ਛੱਡ ਕੇ, ਹਜ਼ਾਰਾਂ ਮੀਲਾਂ ਦਾ ਬਿਖੜਾ ਪੈਂਡਾ  ਪੈਦਲ ਸਫਰ ਕਰ ਕੇ , ਸਮਾਜ ਵਿਚੋਂ ਕਰਮ-ਕਾਂਡਾਂ ਨੂੰ ਖਤਮ ਕਰਨ ਲਈ , ਪਰਮਾਤਮਾ ਦੇ ਹੁਕਮ ਦਾ , ਉਸ ਵਲੋਂ ਬਣਾਈ ਸ੍ਰਿਸ਼ਟੀ ਨੂੰ ਨਿਰ-ਵਿਘਨ ਚਲਦਾ ਰੱਖਣ ਲਈ , ਬਣਾਏ ਨਿਯਮ ਕਾਨੂਨਾਂ ਦਾ ਪਰਚਾਰ ਕਰਨਾ । ਕਿਰਤ ਨੂੰ ਵਡਿਆਈ ਦੇਣ ਲਈ , ਅੱਜ ਦੇ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ ਤੋਂ ਵੱਧ ਉਮਰ ਵਿਚ, ਹੱਲ ਵਾਹ ਕੇ ਆਪਣਾ ਗੁਜ਼ਾਰਾ ਕਰਨਾ , ਮਲਕ ਭਾਗੋ ਦੇ (ਪਰਾਇਆ ਹੱਕ ਮਾਰ ਕੇ ਬਣਾਏ) ਸਵਾਦਲੇ ਪਕਵਾਨਾਂ ਦਾ ਤਿਰਸਕਾਰ ਕਰ ਕੇ ਭਾਈ ਲਾਲੋ ਦੀ ਹੱਕ-ਹਲਾਲ ਦੀ ਕਮਾਈ ਨਾਲ ਬਣੀਆਂ ਕੋਧਰੇ ਦੀਆਂ ਰੋਟੀਆਂ ਦਾ ਸਤਿਕਾਰ ਕਰਨਾ , ਸਾਨੂੰ ਸੁਭਾਵਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਚ ਆਦਰਸ਼ਾਂ ਦੀ ਕਦਰ ਕਰਨੀ ਸਿਖਾਉਂਦੇ ਹਨ । (ਪਰ ਅੱਜ ਅਸੀਂ ਉਸ ਦੇ ਆਦਰਸ਼ਾਂ ਨੂੰ ਅਪਨਾਉਣਾ ਤਾਂ ਇਕ ਪਾਸੇ , ਉਨ੍ਹਾਂ ਨੂੰ ਸਮਝਣ ਤੋਂ ਵੀ ਬਹੁਤ ਦੂਰ , ਖਾਲੀ ਰੱਟਾ ਲਾਉਣ ਤੇ ਹੀ ਅਟਕੇ ਹੋਏ ਹਾਂ)  ਕਿਰਤ ਦੀ ਮਹੱਤਤਾ ਨੂੰ ਸਮਝਣ , ਸਵੀਕਾਰਨ ਅਤੇ ਸਤਿਕਾਰਨ ਦੀ ਥਾਂ , ਅੱਜ ਸਮਾਜ ਵਿਚ ਕਿਰਤ ਤੋਂ ਭਗੌੜੇ , ਦੂਸਰਿਆਂ ਦਾ ਹੱਕ ਮਾਰਨ ਵਾਲਿਆਂ ਦਾ ਬਹੁਤ ਮਾਣ-ਸਤਿਕਾਰ ਅਤੇ ਇੱਜ਼ਤ ਕੀਤੀ ਜਾਂਦੀ ਹੈ । ਜਦ ਕਿ ਕਿਰਤ ਨਾਲ ਜੁੜੇ ਲੋਕਾਂ ਨੂੰ ਨਫਰਤ ਨਾਲ ਵੇਖਿਆ ਜਾਂਦਾ ਹੈ । 
     ਆਉ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ , ਅਸੀਂ ਪ੍ਰਣ ਕਰੀਏ ਕਿ ਅਸੀਂ ਬੇਕਾਰ ਦੇ ਕੰਮਾਂ ਵਿਚ ਸਮਾ ਬਰਬਾਦ ਕਰਨ ਤੋਂ ਬਚਦੇ ਹੋਏ ਗੁਰਬਾਣੀ ਨਾਲ ਜੁੜਾਂਗੇ , ਆਪ ਗੁਰਬਾਣੀ ਪੜ੍ਹ ਕੇ ਸਮਝਾਂਗੇ , ਉਸ ਅਨੁਸਾਰ ਜੀਵਨ ਢਾਲਣ ਦਾ ਉਪਰਾਲਾ ਕਰਾਂਗੇ । ਕਿਰਤ ਕਮਾਈ ਨੂੰ ਮਾਨਤਾ ਦਿੰਦੇ , ਕਿਸੇ ਕੰਮ ਨੂੰ ਵੀ ਨੀਵਾਂ ਨਾ ਸਮਝਦੇ , ਆਪਣੀ ਹੱਕ-ਹਲਾਲ ਦੀ ਕਮਾਈ ਨਾਲ ਹੀ ਆਪਣਾ ਗੁਜ਼ਾਰਾ ਕਰਾਂਗੇ , ਉਸ ਵਿਚੋਂ ਹੀ ਲੋੜਵੰਦਾਂ ਦੀ ਵੀ ਮਦਦ ਕਰਾਂਗੇ, ਗੁਰਮਤਿ ਦਾ ਪਰਚਾਰ ਕਰਾਂਗੇ ।
                                            ਅਮਰ ਜੀਤ ਸਿੰਘ ਚੰਦੀ
ਨੋਟ:- ਇਹ ਲੇਖ 03-11-2011 ਵਿਚ ਲਿਖਿਆ ਗਿਆ ਸੀ, ਜੋ ਕਿ ਅੱਜ ਵੀ ਓਨਾ ਹੀ ਸਾਰਥਿਕ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.