ਅੱਜ ਦਾ ਵਿਚਾਰ ?
ਇਹ ਵਿਚਾਰ ਕਰਦਿਆਂ ਕਰਦਿਆਂ, ਕਿ ਪੰਥ ਦਾ ਮਸਲ੍ਹਾ ਹੈ, ਸਾਰਿਆਂ ਨੂੰ ਰਲ-ਮਿਲ ਕੇ ਹੱਲ ਕਰਨਾ ਚਾਹੀਦਾ ਹੈ, 35 ਸਾਲ ਤੋਂ ਵੱਧ ਸਮਾ ਤਾਂ ਮੇਰਾ ਹੀ ਬੀਤ ਗਿਆ ਹੈ, ਮੇਰੇ ਵਰਗੇ ਲੱਖਾਂ ਦਾ ਸਮਾ, ਬਿਨਾ ਕੋਈ ਫੇਸਲਾ ਕੀਤਿਆਂ ਅਜਾਈਂ ਹੀ ਬੀਤ ਗਿਆ ਹੈ। ਅਜਿਹੀ ਹਾਲਤ ਵਿਚ ਹੀ ਸਾਰੇ ਪੰਥ ਦੀਆਂ ਕਰੀਬ ਤਿੰਨ ਸਦੀਆਂ ਬੀਤ ਗਈਆਂ ਹਨ, ਅਸੀਂ ਆਪਣਾ ਕਿੰਂਨਾ ਸਮਾ ਗਰਬਾਦ ਕਰ ਚੁੱਕੇ ਹਾਂ ? ਇਸਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ, ਏਨੇ ਸਮੇ ਵਿਚ ਸੁਧਾਰ ਦੀ ਥਾਂ ਨਿਘਾਰ ਹੀ ਵਧਿਆ ਹੈ।
ਹਰ ਪਲ ਸੋਚਦੇ-ਸੋਚਦੇ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਕੁਝ ਤਾਂ ਕਰਨਾ ਹੀ ਬਣਦਾ ਹੈ, ਇਹ ਜ਼ਰੂਰੀ ਨਹੀਂ ਕਿ ਮੈਂ ਆਪਣੀ ਸੋਚ ਨੂੰ ਦੂਸਰਿਆਂ ਤੇ ਥੋਪਾਂ, ਪਰ ਮੈਂ ਆਪਣੇ ਬਾਰੇ ਤਾਂ ਕੁਝ ਫੈਸਲਾ ਕਰ ਹੀ ਸਕਦਾ ਹਾਂ।
ਗੁਰਬਾਣੀ ਦਾ ਹੁਕਮ ਹੈ,
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
ਅਰਥ:
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਹੇ ਮਨੁੱਖ ਤੂੰ ਆਪਣੇ ਦਿਲ ਨੂੰ ਹਰ ਰੋਜ਼, ਹਰ ਵੇਲੇ ਗੁਰਬਾਣੀ ਦੀ ਰੌਸ਼ਨੀ ਵਿਚ ਖੋਜਿਆ ਕਰ, ਜਦੋਂ ਤੂੰ ਆਪਣੇ ਦਿਲ ਨੂੰ ਖੋਜੇਂਗਾ ਤਾਂ ਤੈਨੂੰ ਸਮਝ ਆਵੇਗੀ ਕਿ ਇਹ ਦੁਨੀਆ ਦਾ ਮੇਲਾ ਜਾਦੂ ਵਰਗਾ ਇਕ ਤਮਾਸ਼ਾ ਜਿਹਾ ਹੈ, ਬੇਕਾਰ ਦੇ ਵਾਦ-ਵਿਵਾਦ ਨਾਲ ਇਸ ਵਿਚੋਂ ਕੋਈ ਚੀਜ਼ ਹੱਥ-ਪੱਲੇ ਪੈਣ ਵਾਲੀ ਨਹੀਂ।
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਹੇ ਭਾਈ, ਪ੍ਰਚਲਤ ਧਰਮ ਪੁਸਤਕਾਂ ਆਸਰੇ ਵਾਦ ਵਿਵਾਦ ਕਰਨ ਨਾਲ ਦਿਲ ਦਾ ਸਹਮ ਦੂਰ ਨਹੀਂ ਹੁੰਦਾ, ਜੇ ਤੁਸੀਂ ਆਪਣਾ ਮਨ ਇਕ ਪਲ ਲਈ ਵੀ ਰੱਬ ਨਾਲ ਜੋੜੋਂ, ਤਾਂ ਤੁਹਾਨੂੰ ਕੁਦਰਤ ਵਿਚ ਵਸਦਾ ਰੱਬ ਸਾਕਸ਼ਾਤ ਨਜ਼ਰ ਆ ਜਾਇਗਾ।
ਗੁਰਬਾਣੀ ਫੁਰਮਾਨ ਹੈ, ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥ (141)
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਬੇ-ਸਮਝ ਲੋਕ, ਅਨਮਤੀ ਧਰਮ ਪੁਸਤਕਾਂ ਬਾਰੇ ਇਹ ਪੜ੍ਹ ਕੇ ਕਿ ਉਹ ਝੂਠ ਹਨ, ਖੁਸ਼ ਹੋ ਹੋ ਕੇ ਬਹਸ ਕਰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਣ ਵਾਲਾ ਪਰਮਾਤਮਾ ਖਲਕਤ ਵਿਚ ਵਸਦਾ ਹੈ, ਉਹ ਵੱਖਰਾ ਕਿਸੇ ਆਸਮਾਨ ਤੇ ਨਹੀਂ ਵੱਸਦਾ, ਨਾ ਹੀ ਉਸ ਦੀ ਕੋਈ ਮੂਰਤੀ ਹੈ ।
ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
ਹੇ ਭਾਈ, ਕਰਤਾਰ ਕਿਸੇ ਸਤਵੇਂ ਅਸਮਾਨ ਤੇ ਨਹੀਂ ਰਹਿੰਦਾ, ਬਲਕਿ ਉਹ ਪ੍ਰਭੂ ਤਾਂ ਦਰਿਆ ਰੂਪ ਵਿਚ ਤੇਰੇ ਅੰਦਰ ਹੀ ਲਹਿਰਾਂ ਮਾਰ ਰਿਹਾ ਹੈ, ਤੂੰ ਤਾਂ ਉਸ ਵਿਚ ਇਸ਼ਨਾਨ ਕਰਨਾ ਸੀ। ਉਸ ਦੀ ਸਦਾ ਬੰਦਗੀ ਕਰ, ਇਸ ਬੰਦਗੀ ਦੀ ਐਨਕ ਨਾਲ ਵੇਖ, ਉਹ ਪ੍ਰਭੂ ਹਰ ਥਾਂ ਮੌਜੂਦ ਹੈ।
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
ਕਰਤਾਰ ਸਭ ਤੋਂ ਪਵਿੱਤਰ ਹੈ, ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਹੋਰ ਕੋਈ ਹੋਵੇ। ਹੇ ਕਬੀਰ, ਇਸ ਗੱਲ ਨੂੰ ਓਹੀ ਮਨੁੱਖ ਸਮਝ ਸਕਦਾ ਹੈ, ਜਿਸ ਨੂੰ ਪ੍ਰਭੂ ਹੀ ਸਮਝਣ ਲਾਇਕ ਬਣਾਵੇ। ਇਹ ਬਖਸ਼ਿਸ਼, ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਵਿਚ ਹੈ।
ਦਿਲ ਦਾ ਸਹਮ ਇਵੇਂ ਦੂਰ ਹੁੰਦਾ ਹੈ।
ਇਸ ਮਗਰੋਂ ਇਹੀ ਬਣਦਾ ਹੈ ਕਿ ਹਰ-ਰੋਜ਼ ਹਰ-ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿਚ ਵਿਚਾਰ ਕੀਤੀ ਜਾਵੇ।
ਸਵਾਲ ਇਹ ਵੀ ਬਣਦਾ ਹੈ ਕਿ ਇਕੱਲੇ ਬੰਦੇ ਦੇ ਕਰਨ ਨਾਲ ਕੀ ਹੋਵੇਗਾ ?
ਪਰ ਕਿਸੇ ਸ਼ਾਇਰ ਦਾ ਇਹ ਸ਼ੇੲਰ ਮੇਰਾ ਹੌਸਲਾ ਵਧਾਉਂਦਾ ਹੈ
“ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਕ ਮਗਰ ਕਾਫਲੇ ਮਿਲਤੇ ਗਏ ਕਾਰਵਾਂ ਜੁੜਤਾ ਗਇਆ ।”
ਸੋ ਇਸ ਉਮੀਦ ਵਿਚ ਕਿ ਮੇਰੇ ਵਰਗੇ ਹੋਰ ਵੀ ਬਹੁਤ ਹੋਣਗੇ, ਜਿਨ੍ਹਾਂ ਨੇ ਨਾਨਕ ਦੀ ਦੱਸੀ ਮੰਜ਼ਿਲ ਤੇ ਪਹੁੰਚਣਾ ਹੈ, ਉਹ ਜ਼ਰੂਰ ਰਾਹ ਵਿਚ ਕਿਤੇ-ਨਾ-ਕਿਤੇ ਮਿਲਣਗੇ ।
ਇਸ ਪ੍ਰੱਣ ਦੇ ਨਾਲ ਕਿ ਮੈਂ ਅੱਜ ਤੋਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਹੀ ਵਿਚਾਰਾਂਗਾ, ਅਤੇ ਉਸ ਵਿਚਾਰੇ ਅਨੁਸਾਰ ਹੀ ਕਰਮ ਕਰਾਂਗਾ। ਇਸ ਗੱਲ ਦੀ ਪਰਵਾਹ ਨਹੀਂ ਕਿ ਮਿਲਣ ਵਾਲਿਆਂ ਦੀ ਗਿਣਤੀ ਕੀ ਹੋਵੇਗੀ ?
ਪਰਵਾਹ ਸਿਰਫ ਏਨੀ ਹੀ ਹੋਵੇਗੀ ਕਿ ਮੈਂ ਸਿਰਫ ਉਨ੍ਹਾ ਨਾਲ ਮਿਲਾਂ, ਜੋ ਦਿਲੋਂ ਇਸ ਰਾਹ ਦੇ ਪਾਂਧੀ ਹੋਣ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਅੱਜ ਦਾ ਵਿਚਾਰ ?
Page Visitors: 2453