ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
(ਸਿਆਸਤ ) ਕੀ ਪੰਜਾਬੀ ਜਾਂ ਸਰਦਾਰ, ਪੰਜਾਬ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਨ।
(ਸਿਆਸਤ ) ਕੀ ਪੰਜਾਬੀ ਜਾਂ ਸਰਦਾਰ, ਪੰਜਾਬ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਨ।
Page Visitors: 2422

(ਸਿਆਸਤ ) ਕੀ ਪੰਜਾਬੀ ਜਾਂ ਸਰਦਾਰ, ਪੰਜਾਬ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਨ।
 ਇਸ ਵਿਚ ਕੋਈ ਭੁਲੇਖਾ ਨਹੀਂ ਕਿ ਪੰਜਾਬ ਆਜ਼ਾਦ ਹੈ, ਰਗੜਾ ਸਿਰਫ ਇਹ ਹੈ ਕਿ ਤੁਸੀਂ ਕੀ ਚਾਹੁੰਦੇ ਹੋ ?
   ਮੈਂ ਇਹ ਸਮਝਦਾ ਹਾਂ ਕਿ ਤੁਹਾਡਾ ਆਪਣਾ ਦਿਮਾਗ ਹੀ ਉਲਝਿਆ ਹੋਇਆ ਹੈ. ਤੁਸੀਂ ਓਹੋ ਕੁਝ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਤੋਂ ਪਹਿਲਾਂ ਦੇ ਨੇਤਾ ਕਰਦੇ ਰਹੇ ਹਨ। ਉਸ ਰਾਹ ਤੇ ਚੱਲਿਆਂ ਦੋ ਹੀ ਸ਼ਾਖਾਂ ਫੁਟਦੀਆਂ ਹਨ,
1.  ਦੂਸਰੇ ਦਾ ਗੁਲਾਮ ਹੋਣਾ।
2.  ਦੂਸਰਿਆਂ ਨੂੰ ਗੁਲਾਮ ਬਨਾਉਣਾ
   ਦੂਸਰੇ ਦਾ ਗੁਲਾਮ ਹੋਣਾ।
      ਇਸ ਰਾਹ ਤੇ ਚਲਿਆਂ ਤੁਸੀਂ ਉਸ ਪਾਰਟੀ ਦੇ ਮੈਂਬਰ ਬਣਦੇ ਹੋ, ਜਿਸ ਕੋਲ ਰਾਜ ਹੋਵੇ। ਜੇ ਉਹ ਪਾਰਟੀ ਪੰਜਾਬ ਦੀ ਹੈ ਤਾਂ ਤੁਹਾਨੂੰ ਕੋਈ ਉਸ ਦਾ ਆਗੂ ਨਹੀਂ ਬਣਾ ਦੇਵੇਗਾ, ਕੁਦਰਤੀ ਗੱਲ ਹੈ ਕਿ ਤੁਸੀਂ ਅਗਾਂਹ ਵਧਣ ਲਈ ਲੀਡਰਾਂ ਦੀ ਜੀ-ਹਜ਼ੂਰੀ ਕਰੋਗੇ, ਫਿਰ ਜਿਵੇਂ-ਜਿਵੇਂ ਤੁਸੀਂ ਅਗਾਂਹ ਵਧਦੇ ਜਾੳੇੁਗੇ ਕਿਸੇ ਵੱਡੇ ਲੀਡਰ ਦੀਆਂ ਹੇਰਾ-ਫੇਰੀਆਂ ਦੇ ਭਾਈਵਾਲ ਹੁੰਦੇ ਜਾਵੋਗੇ. ਕਿਉਂਕਿ ਅਗਾਂਹ ਵਧਣ ਦਾ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਫਿਰ ਉਹ ਲੀਡਰ ਤੁਹਾਡੇ ਰਾਹੀਂ ਆਪਣੀਆਂ ਇੱਛਾਵਾਂ ਪੂਰੀਆਂ ਕਰੇਗਾ, ਅਤੇ ਉਹ ਇੱਛਾ ਪੰਜਾਬ ਵਾਸੀਆਂ ਨਾਲ ਹੇਰਾ-ਫੇਰੀ ਕਰ ਕੇ ਆਪਣਾ ਬੈਂਕ ਭਰਨ ਦੀ ਹੁੰਦੀ ਹੈ, (ਜੋ ਅੱਜ ਤਕ ਦੇ ਸਾਰੇ ਲੀਡਰਾਂ ਨੇ ਕੀਤਾ ਹੈ) ਅਤੇ ਤੁਸੀਂ ਵੀ ਓਸੇ ਰਾਹ ਤੇ ਚੱਲ ਪਵੋਗੇ, ਜਿਸ ਤੇ ਅੱਜ ਤਕ ਦੇ ਤੁਹਾਡੇ ਵਰਗੇ ਸਾਰੇ ਲੀਡਰ ਚੱਲੇ ਹਨ।  ਕੀ ਇਹੀ ਤੁਹਾਡਾ ਟੀਚਾ ਹੈ ? 
    ਇਹ ਹੈ ਦੂਸਰੇ ਦਾ ਗੁਲਾਮ ਹੋਣਾ।
   (ਜਿਸ ਤੇ ਚੱਲ ਕੇ ਤੁਸੀਂ ਪੰਜਾਬ ਵਾਸੀਆਂ ਦਾ ਕੁਝ ਭਲਾ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਖੂਹ ਦੇ ਡੱਡੂ ਵਾਙ, ਸਿਰਫ ਪੰਜਾਬ ਦਾ ਹੀ ਸੋਚਣਾ ਹੈ, ਅਤੇ ਭਾਰਤ ਵਰਗੇ ਸਮੁੰਦਰ ਵਿਚ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ, ਜਦ ਤੱਕ ਤੁਹਾਡੀ ਸਮੁੰਦਰ ਨਾਲ, ਭਾਰਤ ਨਾਲ ਭਾਈਵਾਲੀ ਨਾ ਹੋਵੇ। ਭਾਰਤ ਦਾ ਰਾਜ ‘ਲੋਕ-ਸਭਾ ਅਤੇ ਰਾਜ-ਸਭਾ’ ਆਸਰੇ ਹੋਣਾ ਹੈ, ਜਿਸ ਵਿਚ ਪੰਜਾਬ ਦਾ 2.5 %ਹਿੱਸਾ ਵੀ ਨਹੀਂ ਹੈ, ਅਤੇ ਤੁਹਾਨੂੰ ਉਸ ਵਿਚੋਂ 1.5 % ਸੀਟਾਂ ਵੀ ਨਹੀਂ ਮਿਲਣੀਆਂ। ਜ਼ਰਾ ਸੋਚੋ 550 ਬੰਦਿਆਂ ਨੇ ਪੂਰੇ ਭਾਰਤ ਦੀ ਕਿਸਮਤ ਲਿਖਣੀ ਹੈ, ਜਿਸ ਵਿਚ ਪੰਜਾਬ ਦਾ ਪੱਖ ਪੂਰਨ ਵਾਲੇ ਸਿਰਫ 7 ਬੰਦੇ ਹੋਣ ਅਤੇ ਤੁਹਾਡੀ ਸੋਚ ਮੁਤਾਬਕ ਬਾਕੀ ਸਾਰੇ ਤੁਹਾਡੀ ਫੱਟੀ ਪੋਚਣ ਵਾਲੇ ਹਨ, ਤਾਂ ਤੁਹਾਡੇ ਅੱਗੇ ਕੀ ਰਾਹ ਬਚਦਾ ਹੈ ? ਇਕ ਇਹ ਕਿ ਤੁਹਾਡੀ ਸੋਚ ਦੂਸਰਿਆਂ ਨਾਲ ਸੁਹਿਰਦਤਾ ਵਾਲੀ ਹੋਵੇ, ਤੁਸੀਂ ਕਿਸੇ ਨੂੰ ਆਸਰਾ ਦੇਵੋ ਅਤੇ ਤੁਹਾਨੂੰ ਕੋਈ ਆਸਰਾ ਦੇਵੇ। ਇਹ ਸੋਚ ਤੱਦ ਹੀ ਹੋ ਸਕਦੀ ਹੈ, ਜੇ ਤੁਸੀਂ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਵੋ, ਪਰ ਤੁਹਾਡੀ ਸੋਚ ਤਾਂ ਪੈਸੇ ਲਈ ਬਾਬਾ ਨਾਨਕ ਨੂੰ ਵੀ ਧੋਖਾ ਦੇਣ ਦੀ ਹੈ।
    ਅੱਜ ਤਕ ਦੇ ਸਾਰੇ ਅਕਾਲੀ ਦਲ ਬਾਬੇ ਨਾਨਕ ਨੂੰ ਧੋਖਾ ਦੇਣ ਵਾਲੇ ਹਨ। ਸਭ ਤੋਂ ਵੱਡਾ ਅਕਾਲੀ ਦਲ ਅੱਜ ਵੀ ਬਾਬਾ ਨਾਨਕ ਦਾ ਦਸਵੰਧ ਖਾਈ ਜਾਂਦਾ ਹੈ, ਉਸ ਤੋਂ ਅਲੱਗ ਹੋ ਕੇ ਆਪਣੇ-ਆਪ ਨੂੰ ਦੁੱਧ ਧੋਤਾ ਸਾਬਤ ਕਰਨ ਵਾਲੇ, ਜ਼ਰਾ ਅੰਦਰ ਝਾਤ ਮਾਰ ਕੇ ਵੇਖਣ, ਕੀ ਸ਼ਰੋਮਣੀ ਕਮੇਟੀ ਵਿਚ ਜਮਾ ਹੁੰਦਾ ਕਿਰਤੀ ਸਿੱਖਾਂ ਦਾ ਦਸਵੰਧ ਇਕੱਲਾ ਬਾਦਲ ਹੀ ਖਾਂਦਾ ਰਿਹਾ ਹੈ ?
 ਤੁਸੀਂ ਉਸ ਦੇ ਭਾਈਵਾਲ ਨਹੀਂ ਬਣੇ ?
 ਬੀ.ਜੇ.ਪੀ. ਨਾਲ ਸਾਂਝ ਪਾ ਕੇ ਸਿੱਖੀ ਦਾ ਬੇੜਾ ਗਰਕ ਕਰਨ ਦੇ ਸਮਝੌਤੇ ਅਧੀਨ, ਕੀ ਬਾਦਲ ਹੀ ਆਪਣੀ ਨੋਂਹ ਨੂੰ ਕੇਂਦਰੀ ਵਜ਼ੀਰ ਬਣਾਉਂਦਾ ਰਿਹਾ ਹੈ ?
 ਕੀ ਤੁਸੀਂ ਰਾਜ-ਸਭਾ, ਲੋਕ-ਸਭਾ, ਵਿਧਾਨ ਸਭਾ ਵਿਚ ਵਜ਼ੀਰੀਆਂ ਦੇ ਆਨੰਦ ਨਹੀਂ ਮਾਣੇ, ਬਦਲੇ ਵਿਚ ਪੰਜਾਬ ਦਾ ਕੀ ਸਵਾਰਿਆ ?
 ਪੰਜਾਬੀ ਸੂਬਾ ਹੁੰਦੇ ਹੋਏ ਵੀ, ਪੰਜਾਬ ਵਿਚ ‘ਪੰਜਾਬੀ’ ਲਾਗੂ ਨਹੀਂ ਕਰ ਸਕੇ, ਪੰਜਾਬ ਦਾ ਪਾਣੀ ਨਹੀਂ ਬਚਾਅ ਸਕੇ, ਪੰਜਾਬ ਦੀ ਜਵਾਨੀ ਨਹੀਂ ਬਚਾਅ ਸਕੇ, ਅਤੇ ਹੋਰ ਬਹੁਤ ਕੁਝ। ਤੁਸੀਂ ਤਾਂ ਇਸ ਭਾਈਵਾਲੀ ਆਸਰੇ ਦਰਬਾਰ ਸਾਹਿਬ ਦੇ ਲੰਗਰ ਦੀ ਜੀ.ਐਸ.ਟੀ, ਵੀ ਨਹੀਂ ਬਚਾਅ ਸਕੇ। ਐਸ.ਜੀ,ਪੀ.ਸੀ ਦੇ ਪਰਧਾਨ ਲੌਂਗੋਵਾਲ ਦੇ ਬਿਆਨ ਮੁਤਾਬਕ, 2018 ਦੇ ਸ਼ੁਰੂ ਤੱਕ ਪਿਛਲੇ ਸੱਤ ਮਹੀਨਿਆਂ ਦਾ ਦਰਬਾਰ ਸਾਹਿਬ ਦੇ ਲੰਗਰ ਦਾ ਜੀ.ਐਸ.ਟੀ. ਦੋ ਕ੍ਰੋੜ ਰੁਪੲੈ, ਮੋਦੀ ਸਰਕਾਰ ਨੂੰ ਦਿੱਤਾ ਹੈ।
  ਦਿੱਲੀ ਦੇ ਮੁੱਖ ਮੰਤਰੀ ਨੇ ਦੁਨੀਆ ਭਰ ਦੇ ਝੰਜਟ ਹੁੰਦਿਆਂ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਸਿਖਰ ਤੇ ਲੈ ਆਂਦਾ ਹੈ, ਪਰ ਤੁਸੀਂ ਸਿਖਰ ਤੇ ਚਲਦੇ ਸਕੂਲਾਂ ਨੂੰ, ਮਾਸਟਰ ਕੁੱਟ-ਕੁੱਟ ਕੇ ਜ਼ਮੀਨ ਤੇ ਲੈ ਆਂਦਾ ਹੈ। ਪੰਜਾਬ ਦਾ ਪਾਣੀ ਜ਼ਹਰੀਲਾ ਬਣਾ ਦਿੱਤਾ ਹੈ, ਪੰਜਾਬ ਦੀ ਰਾਜਧਾਨੀ, ਪੰਜਾਬ ਦੀ ਨਹੀਂ ਰਹੀ, ਪੰਜਾਬ ਦਾ ਭਾਖੜਾ ਡੈਮ,ਪੰਜਾਬ ਦਾ ਨਹੀਂ ਰਿਹਾ। ਪਿੰਡਾਂ ਦੀਆਂ ਸ਼ਾਮ-ਲਾਟਾਂ ਤੁਸੀਂ ਕੁਝ ਹਜ਼ਮ ਕਰ ਚੁੱਕੇ ਹੋਂ, ਬਾਕੀ ਹਜ਼ਮ ਕਰਨ ਦੀਆਂ ਵਿਉਂਤਾਂ ਬਣੀਆਂ ਪਈਆਂ ਹਨ। ਗੁਰਦਵਾਰਿਆਂ ਦੀਆਂ ਜ਼ਮੀਨਾਂ, ਨਿੱਜੀ ਟ੍ਰੱਸਟ ਬਣਾ ਕੇ ਕਬਜ਼ਾ ਕਰੀ ਬੈਠੇ ਹੋ। ਪੰਜਾਬੀਆਂ ਨੂੰ ਲੁੱਟਣ ਲਈ ਤੁਸੀਂ ਕੈਪਟਨ ਨਾਲ ਵੀ ਯਾਰੀ ਪਾਈ ਹੋਈ ਹੈ। ਅਜੇ ਵੀ ਤੁਸੀਂ ਦੁੱਧ ਧੋਤੇ ਬਣ ਰਹੇ ਹੋ।    
ਦੂਸਰਿਆਂ ਨੂੰ ਗੁਲਾਮ ਬਨਾਉਣਾ
   ਇਸ ਵਿਚ ਤੁਸੀਂ ਕਿਸੇ ਕੇਂਦਰੀ ਪਾਰਟੀ ਦੇ ਮੈਂਬਰ ਬਣਦੇ ਹੋ, ਜਾਂ ਇਉਂ ਕਹਿ ਲਵੋ ਕਿ ਕੋਈ ਕੇਂਦਰੀ ਪਾਰਟੀ ਤੁਹਾਡੀ ਖਾਸੀਅਤ ਵੇਖ ਕੇ ਤੁਹਾਨੂੰ ਪੰਜਾਬ ਵਿਚ ਮੁੱਖ-ਮੰਤ੍ਰੀ ਬਣਾ ਦਿੰਦੀ ਹੈ, ਅਤੇ ਤੁਸੀਂ ਪੰਜਾਬ ਵਿਚ ਕੇਂਦਰੀ ਏਜੈਂਡਾ ਲਾਗੂ ਕਰ ਕੇ ਸਾਰੇ ਪੰਜਾਬ ਨੂੰ ਉਨ੍ਹਾਂ ਦਾ ਗੁਲਾਮ ਬਣਾਉਂਦੇ ਹੋ, ਜਿਸ ਦੇ ਬਦਲੇ ਤੁਹਾਨੂੰ ਬਹੁਤ ਆਰਥਿਕ ਅਤੇ ਰਾਜਨੀਤਕ ਲਾਭ ਮਿਲਦਾ ਹੈ, ਤੁਸੀਂ ਉਨ੍ਹਾਂ ਹਿਰਨਾ, ਬਾਜਾਂ ਵਾਲਾ ਵਿਹਾਰ ਕਰਦੇ ਹੋ, ਜੋ ਆਪਣੇ ਸੰਗੀ ਸਾਥੀਆਂ ਨੂੰ ਸ਼ਿਕਾਰੀ ਦੇ ਜਾਲ ਵਿਚ ਫਸਾਉਣ ਦਾ ਕਾਰਨ ਬਣਦੇ ਹੋ, ਜਾਂ ਉਨ੍ਹਾਂ ਅਹਿਲਕਾਰਾਂ ਵਾਲੀ ਗੱਲ ਕਰਦੇ ਹੋ, ਜੋ ਆਪਣੀ ਬਰਾਦਰੀ ਦੇ ਲੋਕਾਂ ਨੂੰ ਲਗਾਤਾਰ ਬਾਦਸ਼ਾਹ ਦੀ ਗੁਲਾਮੀ ਲਈ ਪਰੇਰਦੇ ਰਹਿੰਦੇ ਹਨ। ਜਦੋਂ ਤੁਸੀਂ ਅਜਿਹਾ ਵਿਹਾਰ ਕਰਦੇ ਹੋ ਤਾਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਹਾਡੀ ਬਰਾਦਰੀ ਲਈ ਵੀ ਤੁਹਾਡੇ ਕੋਈ ਫਰਜ਼ ਹਨ, ਤੁਸੀਂ ਆਪਣੇ ਗੁਰੂ ਦੀ ਸਿਖਿਆ ਦੇ ਉਲਟ ਕੰਮ ਕਰਨ ਲੱਗ ਜਾਂਦੇ ਹੋ। ਇਹੀ ਅੱਜ ਤੱਕ ਪੰਜਾਬ ਦੇ ਲੀਡਰਾਂ ਨੇ ਕੀਤਾ ਹੈ। ਫਿਰ ਇਕ ਵੇਲਾ ਉਹ ਆਉਂਦਾ ਹੈ ਜਦ ਤੁਸੀਂ ਇਕੱਲੇ ਪੈ ਜਾਂਦੇ ਹੋ, ਫਿਰ ਆਮ ਲੋਕ ਤੁਹਾਡੇ ਨਾਲ ਕੀ ਵਿਹਾਰ ਕਰਦੇ ਹਨ, ਇਹ ਉਹੀ ਜਾਨਣ, ਪਰ ਕੁਝ ਚੰਗਾ ਨਹੀਂ ਕਰਨਗੇ। ਤਦ ਤੱਕ ਤੁਹਾਡੇ ਸਾਥੀ ਕੰਗਾਲ ਹੋ ਗਏ ਹੋਣਗੇ ਅਤੇ ਤੁਸੀਂ ਮੌਤ ਦੇ ਕਗਾਰ ਤੇ ਪਹੁੰਚ ਚੁੱਕੇ ਹੋਵੋਗੇ।  ਇਹ ਸਭ ਤੁਹਾਡੇ ਲਾਲਚੀ ਸੁਭਾਉ ਕਾਰਨ ਹੀ ਹੁੰਦਾ ਹੈ।
  ਜੇ ਤੁਸੀਂ ਇਸ ਰਾਹ ਤੋਂ ਹੱਟ ਕੇ, ਆਪਣੇ ਗੁਰੂ ਦੇ ਦੱਸੇ ਰਾਹ ਤੇ ਚਲਣਾ ਚਾਹੋਂ ਤਾਂ ਤੁਹਾਡੇ ਕੋਲ ਹੋਰ ਚੰਗੇ ਰਾਹ ਵੀ ਹਨ, ਜਿਸ ਨਾਲ ਤੁਸੀਂ ਆਪਣੇ ਗੁਰੂ ਦੇ ਰਾਹ ਤੇ ਚੱਲ ਕੇ, ਬਿਨਾ ਕਿਸੇ ਦਾ ਬੁਰਾ ਕੀਤਿਆਂ ਆਪਣਾ, ਆਪਣੀ ਬਰਾਦਰੀ ਅਤੇ ਆਪਣੇ ਸਮਾਜ ਦਾ ਭਲਾ ਕਰਦੇ ਹੋਏ, ਗੁਰੂ ਸਾਹਿਬ ਵਲੋਂ ਦੱਸੇ ਟੀਚੇ ਦੇ ਰਾਹ ਤੇ ਬਿਨਾ ਕਿਸੇ ਅੜਚਨ ਦੇ ਵੱਧ ਸਕੋਂਗੇ ਅਤੇ ਏਸੇ ਭਾਰਤ ਵਿਚ ਰਹਿੰਦੇ ਹੋਏ ਹੀ, ਆਜ਼ਾਦ ਹੋ ਕੇ ਰਹੋਂਗੇ, ਨਾ ਕਿਸੇ ਨੂੰ ਗੁਲਾਮ ਬਣਾਵੋਗੇ ਅਤੇ ਨਾ ਕਿਸੇ ਦਾ ਗੁਲਾਮ ਹੀ ਬਣੋਂਗੇ, ਬਲਕਿ ਪੂਰੇ ਭਾਰਤ ਦੇ ਸਵਾ ਅਰਬ ਤੋਂ ਉੱਪਰ ਲੋਕਾਂ ਨੂੰ ਵੀ ਗੁਲਾਮ ਹੋਣੋਂ ਬਚਾਅ ਲਵੋਂਗੇ।
    ਜੇ ਤੁਸੀਂ ਇਸ ਰਾਹ ਚੱਲਣਾ ਚਾਹੋਂ ਤਾਂ ਛੇਤੀ ਤੋਂ ਛੇਤੀ ਉਸ ਦੀ ਤਿਆਰੀ ਕਰੋ ਤਾਂ ਜੋ 2022 ਦੀ ਚੋਣ ਖੁੰਝ ਨਾ ਜਾਉਂ।                                   
                                   ਅਮਰ ਜੀਤ ਸਿੰਘ ਚੰਦੀ            
                                      12-01-2020

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.