ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
< - = ਪੰਜਾਬ = - >
< - = ਪੰਜਾਬ = - >
Page Visitors: 2450

       <   -   =   ਪੰਜਾਬ   =   -   >     
(ਲੜੀ ਜੋੜਨ ਲਈ ਪੜ੍ਹੋ , ਦਿੱਲੀ ਦੇ ਲੋਕ, ਸ਼ਾਹੀਨ ਬਾਗ, ਅਤੇ ਪੰਜਾਬ 13-02-2020)
   ਥੋੜੀ ਗੱਲ ਪੰਜਾਬ ਦੀ ਸਿਆਸਤ ਬਾਰੇ ਵੀ ਹੋਣੀ ਜ਼ਰੂਰੀ ਹੈ, ਜਿਸ ਦੇ ਸਿੱਟੇ ਵਜੋਂ ਪੰਜਾਬ ਭਾਰਤ ਦਾ ਅਗਰਣੀ ਸੂਬਾ, ਕਰਜਾਈ, ਸ਼ਿਕਸ਼ਾ ਵਹੀਨ, ਪਾਣੀ ਵਹੀਨ, ਅਤੇ ਨਸ਼ਈ ਸੂਬਾ ਬਣ ਕੇ ਸਭ ਤੋਂ ਪਿੱਛੇ ਕਿਵੇਂ ਹੋ ਗਿਆ ਹੈ ?
   ਪੰਜਾਬ ‘ਚ ਮੂਲ ਰੂਪ ਵਿਚ ਦੋ ਪਾਰਟੀਆਂ ਸਨ “ਕਾਂਗਰਸ” ਅਤੇ “ਅਕਾਲੀ” ਕੁਝ ਚਿਰ ਲਈ ਕਮਿਊਨਿਸਟਾਂ ਨੇ ਵੀ ਕੁਝ ਰੰਗ ਵਿਖਾਇਆ ਸੀ, ਪਰ ਉਹ ਜ਼ਿਆਦਾ ਦੇਰ ਨਾ ਚੱਲ ਸਕੇ। ਅਤੇ ਫਿਰ ਦੋ ਹੀ ਪਾਰਟੀਆਂ ਬਣ ਗਈਆਂ। ਪੰਜਾਬ ਨੂੰ ਉਜਾੜਨ ਵਿਚ ਦੋਵਾਂ ਦਾ ਇਕੋ ਜਿਹਾ ਹੱਥ ਹੈ, ਕਿਸੇ ਨੂੰ ਵੀ ਜ਼ਿਆਦਾ ਨੰਬਰ ਨਹੀਂ ਦਿੱਤੇ ਜਾ ਸਕਦੇ, ਪਰ ਮੈਂ ਇਕ ਗੱਲ ਜ਼ਰੂਰ ਸਾਫ ਕਰ ਦਿਆਂ ਕਿ ਪੰਜਾਬ ਦੇ ਉਜਾੜੇ ਵਿਚ ਭਾਰਤੀਆਂ ਦਾ ਨਹੀਂ ਪੰਜਾਬੀਆਂ ਦਾ ਹੀ ਜ਼ਿਆਦਾ ਹੱਥ ਹੈ, ਭਾਵੇਂ ਇਸ ਪਿੱਛੇ ਭਾਰਤੀਆਂ ਦਾ ਸਵਾਰਥ ਹੋਵੇ ਪਰ ਉਸ ਦੇ ਕੁਹਾੜੇ ਵਿਚ ਦਸਤਾ ਪੰਜਾਬ ਦਾ ਹੀ ਸੀ, ਭਾਵੇਂ ਉਹ ਦਸਤਾ ਬਲਦੇਵ ਸਿੰਘ ਦਾ ਹੋਵੇ, ਭਾਵੇਂ ਪਰਤਾਪ ਸਿੰਘ ਕੈਰੋਂ ਦਾ ਹੋਵੇ, ਭਾਵੇਂ ਉਹ ਲਾਲਾ ਜਗਤ ਨਾਰਾਇਣ ਦਾ ਹੋਵੇ, ਜਾਂ ਮਹਾਸ਼ਾ ਕ੍ਰਿਸ਼ਨ ਦਾ ਜਾਂ ਗੁਲਜ਼ਾਰੀ ਲਾਲ ਨੰਦਾ ਦਾ ਹੋਵੇ ਜਾਂ ਗਿਆਨੀ ਜ਼ੈਲ ਸਿੰਘ ਦਾ ਜਾਂ ਦਰਬਾਰਾ ਸਿੰਘ ਦਾ, ਬੇਅੰਤ ਸਿੰਘ ਦਾ ਹੋਵੇ ਜਾਂ ਸੁਰਜੀਤ ਸਿੰਘ ਬਰਨਾਲਾ ਦਾ, ਸੰਤ ਜਰਨੈਲ ਸਿੰਘ ਦਾ ਹੋਵੇ, ਜਾਂ ਪਰਕਾਸ਼ ਸਿੰਘ ਬਾਦਲ ਦਾ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦਾ। ਆਉ ਵਿਚਾਰਦੇ ਹਾਂ।
ਬਲਦੇਵ ਸਿੰਘ:  ਦੇਸ਼ ਦੀ ਵੰਡ ਬਾਰੇ ਅੰਗਰੇਜ਼ਾਂ ਸਾਹਵੇਂ ਆਪਣਾ ਪੱਖ ਰੱਖਣ ਦੀ ਥਾਂ, ਨੈਹਰੂ ਦੇ ਕਹੇ ਇੰਗਲੈਂਡ ਤੋਂ ਨੈਹਰੂ ਦੇ ਨਾਲ ਹੀ ਭਾਰਤ ਵਾਪਸ ਆ ਗਿਆ। ਜਿਸ ਨਾਲ ਅੰਗਰੇਜ਼ਾਂ ਅੱਗੇ ਸਿੱਖਾਂ ਦਾ ਪੱਖ ਹੀ ਨਾ ਰੱਖਿਆ ਜਾ ਸਕਿਆ। ਜਿਸ ਦਾ ਨਤੀਜਾ ਪਤਾ ਨਹੀਂ ਕਦ ਤੱਕ ਭੁਗਤਣਾ ਪਵੇਗਾ?
 ਪਰਤਾਪ ਸਿੰਘ ਕੈਰੋਂ :  ਜਵਾਹਰ ਲਾਲ ਨੈਹਰੂ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਸੀ, ਪਰ ਉਸ ਨੂੰ ਇਸ ਦਾ ਅਹਿਸਾਸ ਤੱਦ ਹੋਇਆ, ਜਦ ਆਪਣੇ ਆਖਰੀ ਦਿਨਾਂ ਵਿਚ ਨੈਹਰੂ ਨੂੰ ਮਿਲਣ ਗਿਆ ਤਾਂ ਇਕ ਹਫਤਾ ਨੈਹਰੂ ਉਸ ਨੂੰ ਮਿਲਿਆ ਹੀ ਨਾ, ਕਿਉਂਕਿ ਹੁਣ ਕੈਰੋਂ, ਨੈਹਰੂ ਦੇ ਕਿਸੇ ਕੰਮ ਦਾ ਨਹੀਂ ਸੀ। ਕੈਰੋਂ ਨੂੰ ਰਸਤੇ ਵਿਚ ਹੀ ਮਰਵਾ ਦਿੱਤਾ ਗਿਆ। ਪਰ ਮਰਨ ਤੋਂ ਪਹਿਲਾਂ ਕੈਰੋਂ ਪੰਜਾਬ ਦੇ ਸਿੱਖਾਂ ਵਿਚ ਜੱਟ-ਖੱਤਰੀ ਦਾ ਪੂਰਾ ਪਾੜਾ ਪਾ ਚੁੱਕਾ ਸੀ।
 ਲਾਲਾ ਜਗਤ ਨਾਰਾਇਣ ਅਤੇ ਮਹਾਸ਼ਾ ਕ੍ਰਿਸ਼ਨ ਵੀ ਨੈਹਰੂ ਦੀ ਸਕੀਮ ਅਨੁਸਾਰ ਪੰਜਾਬੀ ਸੂਬੇ ਦਾ ਆਪਣੀਆਂ ਅਖਬਾਰਾਂ ਰਾਹੀਂ ਰੱਜ ਕੇ ਵਿਰੋਧ ਕਰਦੇ ਸਨ, ਜਿਸ ਕਾਰਨ ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਣ ਜਾਣ ਮਗਰੋਂ ਵੀ ਪੰਜਾਬੀ ਸੂਬਾ 1966 ਤੱਕ ਲਮਕਦਾ ਰਿਹਾ  ਅਤੇ ਜੇ ਬਣਿਆ ਵੀ ਤਾਂ ਪੰਜਾਬ ਦੇ ਜੰਮ-ਪਲ ਗੁਲਜ਼ਾਰੀ ਲਾਲ ਨੰਦਾ ਨੇ ਉਸ ਨੂੰ ਛਾਂਗਣ ਵਿਚ ਪੂਰਾ ਹਿੱਸਾ ਪਾਇਆ, ਉਸ ਦੇ ਕਾਰਨ ਹੀ ਅੱਜ ਪੰਜਾਬ ਦੇ ਪਾਣੀ, ਭਾਖੜਾ-ਡੈਮ, ਪੰਜਾਬੀ ਬੋਲਦੇ ਇਲਾਕੇ, ਅਤੇ ਪੰਜਾਬ ਦੀ ਜ਼ਮੀਨ ਤੇ ਬਣੀ ਪੰਜਾਬ ਦੀ ਰਾਜਧਾਨੀ  “ਚੰਦੀਗੜ੍ਹ” ਅਤੇ ਹੋਰ ਵੀ ਬਹੁਤ ਕੁਝ ਪੰਜਾਬ ਦੀ ਪਹੁੰਚ ਤੋਂ ਬਾਹਰ ਹਨ।  
  ਗਿਆਨੀ ਜ਼ੈਲ ਸਿੰਘ:  ਆਪ ਹੀ ਆਪਣੇ ਆਪ ਨੂੰ ਇੰਦਰਾ ਦਾ ਝਾੜੂਬਰਦਾਰ ਕਹਿੰਦਾ ਸੀ, ਜਿਸ ਸਦਕੇ ਉਹ ਰਾਸ਼ਟਰ-ਪਤੀ ਬੋਿਣਆ। 1984 ਵਿਚ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ (ਯਾਨੀ ਸਾਰੀਆਂ ਫੋਜਾਂ ਦਾ ਕਮਾਂਡਰ) ਸੀ, ਜਦ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਤੇ ਸਿੱਖਾਂ ਦਾ ਕਤਲੇ-ਆਮ ਹੋਇਆ।
  ਦਰਬਾਰਾ ਸਿੰਘ:  ਨੇ ਵੀ ਸਾਰੀ ਉਮਰ ਪੰਜਾਬ ਨੂੰ ਦਿੱਲੀ ਸਰਕਾਰ ਦੀਆਂ ਨੀਤੀਆਂ ਅਨੁਸਾਰ ਹੀ ਚਲਾਇਆ।
 ਬੇਅੰਤ ਸਿੰਘ:  ਨੇ ਵੀ ਆਪਣੀ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਦਾ ਨਕਲੀ ਮੁਕਾਬਲਿਆਂ ਵਿਚ ਬਹੁਤ ਘਾਣ ਕੀਤਾ, ਜਿਸ ਤੋਂ ਅੱਕ ਕੇ ਨੌਜਵਾਨਾਂ ਨੇ ਬੇਅੰਤ ਸਿੰਘ ਨੂੰ ਹੀ ਮਾਰ ਦਿੱਤਾ।
  ਸੁਰਜੀਤ ਸਿੰਘ ਬਰਨਾਲਾ:   ਇੰਦਰਾ ਗਾਂਧੀ ਵਲੋਂ ਦਰਬਾਰ ਸਾਹਿਬ ਅਤੇ 37 ਹੋਰ ਗੁਰਦਵਾਰਿਆਂ ਤੇ ਕਰਵਾਏ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਲਈ, ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ਪੁਲਸ ਅਤੇ ਨੀਮ ਫੌਜੀ ਬਲਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ , ਜਿਸ ਦੀ ਸ਼ਾਬਾਸ਼ੀ ਵਜੋਂ ਬਰਨਾਲਾ ਆਖਰੀ ਦਮ ਤੱਕ ਕਿਸੇ ਨਾ ਕਿਸੇ ਸੂਬੇ ਦਾ ਗਵਰਨਰ ਬਣਿਆ ਰਿਹਾ।
  ਸੰਤ ਜਰਨੈਲ ਸਿੰਘ:   ਅਕਾਲੀਆਂ ਨੇ 1975 ਵਿਚ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਸੀ, ਅਤੇ ਵੈਸੇ ਵੀ ਅਕਾਲੀਆਂ ਦੀ ਸੁਰ ਇੰਦਰਾ ਗਾਂਧੀ ਨਾਲ ਨਹੀਂ ਮਿਲਦੀ ਸੀ, ਜਿਸ ਕਰ ਕੇ ਇੰਦਰਾ ਅਕਾਲੀਆਂ ਵਿਚ ਵੀ ਆਪਣੇ ਮਤਲਬ ਦਾ ਲੀਡਰ ਸਥਾਪਤ ਕਰਨਾ ਚਾਹੁੰਦੀ ਸੀ, ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਨੇ ਇੰਦਰਾ ਨੂੰ ਸੰਤ ਜਰਨੈਲ ਸਿੰਘ ਦੀ ਦੱਸ ਪਾਈ ਅਤੇ ਸੰਤ ਜਰਨੈਲ ਸਿੰਘ ਨੂੰ ਇੰਦਰਾ ਦਾ ਮੋਹਰਾ ਬਨਾਉਣ ਵਿਚ ਵੀ ਇਨ੍ਹਾਂ ਦੋਵਾਂ ਨੇ ਪੂਰਾ ਹੱਥ ਵਟਾਇਆ। ਗਿਆਨੀ ਜ਼ੈਲ ਸਿੰਘ ਦੇ ਇਸ਼ਾਰੇ ਤੇ ਸੰਤ ਜਰਨੈਲ ਸਿੰਘ ਨੂੰ ਏਨੀ ਛੂਟ ਦਿੱਤੀ ਗਈ ਕਿ ਪੰਜਾਬ ਦੀ ਜਵਾਨੀ ਨੂੰ ਇਹ ਜਾਪਿਆ ਕਿ ਸੰਤ ਜਰਨੈਲ ਸਿੰਘ ਕੋਈ ਕਰਾਮਾਤੀ ਸ਼ਕਤੀ ਹੈ, ਜਿਸ ਨੂੰ ਇੰਦਰਾ ਜਾਂ ਦੇਸ਼ ਦੇ ਕਾਨੂਨ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਦੇ ਢਾਡੀਆਂ ਨੇ ਵੈਸੇ ਵੀ ਪੰਜਾਬ ਦਾ ਮਾਹੌਲ ਐਸਾ ਬਣਾ ਦਿਤਾ ਹੈ ਕਿ ਹਰ ਨੌਜਵਾਨ ਦਾ ਇਹੀ ਸਪਨਾ ਹੈ ਕਿ ਮੇਰੇ ਹੱਥ ਵਿਚ ਸਭ ਤੋਂ ਮਾਡਰਨ ਹਥਿਆਰ ਹੋਵੇ ਅਤੇ ਮੇਰੇ ਸਾਮ੍ਹਣੇ ਕੋਈ ਚੂੰ ਵੀ ਨਾ ਕਰੇ, ਫਿਰ ਕੀ ਸੀ ਨੀਜਵਾਨਾਂ ਨੂੰ ਹਥਿਆਰ ਮਿਲਦੇ ਗਏ ਅਤੇ ਉਹ ਅਕਲ ਦਾ ਖਾਨਾ ਬੰਦ ਕਰ ਕੇ ਖਾਲਿਸਤਾਨੀ ਬਣਦੇ ਗਏ, ਨਾ ਜਰਨੈਲ ਸਿੰਘ ਨੂੰ ਹੀ ਹੋਸ਼ ਰਹੀ ਕਿ ਉਹ ਕੀ ਕਰ ਰਿਹਾ ਹੈ ਅਤੇ ਨਾ ਨੌਜਵਾਨਾ ਨੂੰ ਹੀ ਹੋਸ਼ ਰਹੀ। ਦਿੱਲ਼ੀ ਦੀ ਸਰਕਾਰ ਅਨੁਸਾਰ ਸਮੇ ਦਾ ਪਹੀਆ ਚਲਦਾ ਰਿਹਾ, ਪੰਜਾਬ ਵਿਚੋਂ ਨੌਜਵਾਨ ਮੁਕਦੇ ਗਏ, ਹੋਸ਼ ਹੀ ਤਦ ਆਈ ਜਦੋਂ ਦਰਬਾਰ ਸਾਹਿਬ ਤੇ ਹਮਲੇ ਵਿਚ ਸੰਤ ਜਰਨੈਲ ਸਿੰਘ ਸਮੇਤ ਸੌ ਕਰੀਬ ਨੌਜਵਾਨ ਅਤੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਈ ਹਜ਼ਾਰਾਂ ਦੀ ਸੰਗਤ ਇਸ ਹਮਲੇ ਦੀ ਭੇਂਟ ਚੜ੍ਹ ਗਈ ਅਤੇ ਪੰਜਾਬ ਦੇ ਪਿੰਡਾਂ ਵਿਚ 16 ਸਾਲ ਤੋਂ 25 ਸਾਲ ਤੱਕ ਦਾ ਨੌਜਵਾਨ ਲੱਭਣਾ ਵੀ ਮੁਸ਼ਕਿਲ ਹੋ ਗਿਆ। 
  ਪਰਕਾਸ਼ ਸਿੰਘ ਬਾਦਲ:   ਬਾਦਲ ਸ਼ੁਰੂ ਤੋਂ ਹੀ ਅਜਿਹੇ ਵਰਕਰਾਂ ਦਾ ਚਾਹਵਾਨ ਸੀ ਜੋ ਉਸ ਨੂੰ ਕੋਈ ਵੀ ਸਵਾਲ ਕੀਤੇ ਬਗੈਰ ਉਸ ਦੇ ਇਸ਼ਾਰਿਆਂ ਤੇ ਚਲਦੇ ਰਹਣ, ਸਬੱਬ ਨਾਲ ਉਸ ਨੂੰ ਅਜਿਹੇ ਹੀ ਸਾਥੀ ਮਿਲਦੇ ਰਹੇ ਜਿਨ੍ਹਾਂ ਨੇ ਉਸ ਤੇ ਕਦੇ ਵੀ ਸਵਾਲ ਨਹੀਂ ਕੀਤਾ, ਇਹ ਗੱਲ ਅੱਜ, ਜਦੋਂ ਬਾਦਲ ਕੋਲ ਪੈਸਿਆਂ ਤੋਂ ਇਲਾਵਾ ਕੁਝ ਬਚਿਆ ਹੀ ਨਹੀਂ, ਉਸ ਦੇ ਬਹੁਤ ਨੇੜੇ ਦੇ ਸਾਥੀ ਸੇਖਵਾਂ, ਬ੍ਰਹਮ-ਪੁਰਾ, ਅਜਨਾਲਾ ਅਤੇ ਹੋਰ ਸਾਥੀ, ਜੋ ਹੁਣ ਉਸ ਤੋਂ ਅਲਗ ਹੋ ਕੇ ਟਕਸਾਲੀ ਅਕਾਲੀ-ਦਲ ਬਣਾ ਚੁੱਕੇ ਹਨ, ਉਹ ਆਪ ਮੰਨਦੇ ਹਨ ਕਿ ਬਾਦਲ ਦੇ ਦਿਲ ਵਿਚ ਕੀ ਹੁੰਦਾ ਸੀ, ਉਹ ਉਸ ਦੀ ਭਿਣਕ ਵੀ ਨਹੀਂ ਸੀ ਲੱਗਣ ਦੇਂਦਾ।
   ਬਾਦਲ ਡੇਰੇਦਾਰਾਂ ਦੇ ਖੰਬ ਲਾ ਕੇ ਅਕਾਲੀ-ਦਲ ਅਤੇ ਸ਼ਰੋਮਣੀ-ਕਮੇਟੀ ਦਾ ਮਾਲਕ ਬਣਿਆ ਹੋਇਆ, ਪੰਜਾਬ ਨੂੰ ਸਿੱਖਾਂ ਅਤੇ ਸਿੱਖੀ ਤੋਂ ਵਿਹਲਾ ਕਰਦਾ ਰਿਹਾ, ਜਦ ਉਸ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਪਾਪਾਂ ਦਾ ਘੜਾ ਕਿਸੇ ਵੇਲੇ ਵੀ ਭੱਜ ਸਕਦਾ ਹੈ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਮੇਰਾ ਕੋਈ ਲਿਹਾਜ਼ ਨਹੀਂ ਕਰਨ ਵਾਲੀ ਤਾਂ ਉਸ ਨੇ ਇਕ ਖੇਡ ਹੋਰ ਖੇਲੀ, ਉਸ ਨੇ ਬ੍ਰਾਹਮਣ-ਵਾਦ ਤੇ ਆਧਾਰਿਤ ਆਰ.ਐਸਾ.ਐਸ. ਨਾਲ ਤੀਵੀਂ ਮਾਲਕ ਦਾ ਰਿਸ਼ਤਾ ਬਣਾ ਲਿਆ ਅਤੇ ਬੀ.ਜੇ.ਪੀ. ਨਾਲ (ਜਿਸ ਨੂੰ ਪੰਜਾਬ ਵਿਧਾਨ ਸਭਾ ਵਿਚ 2 ਸੀਟਾਂ ਵੀ ਨਹੀਂ ਮਿਲਦੀਆਂ ਸਨ) ਭਾਈਵਾਲੀ ਪਾ ਲਈ, ਹਿੰਦੂਆਂ ਦੀ ਭਾਈ-ਵਾਲੀ ਨਾਲ ਬਾਦਲ ਦਾ ਪਲੜਾ ਭਾਰੀ ਹੁੰਦਾ ਗਿਆ, ਨਾਲ ਹੀ ਪੰਜਾਬ ਵਿਚ ਬੀ.ਜੇ.ਪੀ. ਦੀ ਪਕੜ ਵੀ ਵਧਦੀ ਗਈ।
ਕੈਪਟਨ ਅਮਰਿੰਦਰ ਸਿੰਘ:    ਪੰਜਾਬ ਦੇ ਲੋਕ ਜਦੋਂ ਅਕਾਲੀ-ਦਲ ਤੋਂ ਅੱਕ ਜਾਂਦੇ ਤਾਂ ਕਾਂਗਰਸ ਦੀ ਸਰਕਾਰ ਬਣਾ ਦਿੰਦੇ। ਪਰ ਅਮਰਿੰਦਰ ਸਿੰਘ ਨੇ ਕਦੇ ਵੀ ਬਾਦਲ ਨੂੰ ਇੰਸਾਫ ਦੇ ਕਟੱਹਰੇ ਵਿਚ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜਦੋਂ ਬਾਦਲ ਆਇਆ ਤਾਂ੍‍ ਉਸ ਨੇ ਕੈਪਟਨ ਦੇ ਬਰਖਿਲਾਫ ਕੋਰਟ ਵਿਚ ਕੋਰੱਪਸ਼ਨ ਦਾ ਕੇਸ ਪਾ ਦਿੱਤਾ, ਪਰ ਉਸ ਦੀ ਪੈਰਵਾਈ ਨਹੀਂ ਕੀਤੀ, ਜਦ ਤੱਕ ਕੈਪਟਨ ਦੀ ਸਰਕਾਰ ਨਹੀਂ ਬਣ ਗਈ, ਅਤੇ ਜਾਂਦੇ-ਜਾਂਦੇ ਕੇਸ ਵਾਪਸ ਲੈ ਲਿਆ। ਅਤੇ ਫੇਰ ਤਾਂ ਇਹ ਚਲਨ ਬਣ ਗਿਆ ਕਿ ਉੱਤਰ ਕਾਟੋ ਮੈਂ ਚੜ੍ਹਾਂ, ਇਵੇਂ ਦੋਵੇਂ ਵਾਰੋ-ਵਾਰੀ ਪੰਜਾਬ ਨੂੰ ਲੁੱਟਦੇ ਰਹੇ, ਨਾ ਬਾਦਲ ਪਾਰਟੀ ਦੇ ਦੋ ਵਿਧਾਨਾਂ ਦਾ ਫੈਸਲਾ ਹੋਇਆ ਅਤੇ ਸ਼੍ਰੋਮਣੀ ਕਮੇਟੀ ਤੇ ਵੀ ਬਾਦਲ ਦੀ ਨਿਰ-ਵਿਘਨ ਪਕੜ ਬਣੀ ਰਹੀ।
   ਏਸੇ ਦੌਰਾਨ ਆਪ ਪਾਰਟੀ, ਵਜੂਦ ਵਿਚ ਆ ਗਈ।
 ਪਹਲੀ ਚੋਣ ਵਿਚ ਹੀ ਆਪ ਪਾਰਟੀ ਨੇ ਲੋਕ ਸਭਾ ਦੀਆਂ ਚਾਰ ਸੀਟਾਂ ਜਿੱਤੀਆਂ, ਪਰ ਜਿੱਤਣ ਵਾਲੇ ਲੋਕਾਂ ਨੂੰ ਇਹ ਸਮਝਣ ਦੀ ਥਾਂ ਕਿ ਲੋਕਾਂ ਨੇ ਉਨ੍ਹਾਂ ਨੂੰ ਆਪ ਪਾਰਟੀ ਦੇ ਨੁਮਾਇਂਦੇ ਹੋਣ ਦੇ ਨਾਤੇ ਵੋਟ ਪਾਈ ਹੈ, ਇਹੀ ਦਿਮਾਗ ਵਿਚ ਆਇਆ ਕਿ ਮੈਂ ਹੀ ਬਹੁਤ ਲਾਇਕ ਹਾਂ, ਤਾਂ ਹੀ ਲੋਕਾਂ ਨੇ ਮੈਨੂੰ ਜਿਤਾਇਆ ਹੈ। ਏਸੇ ਕਾਰਨ ਮਾੜਾ-ਮੋਟਾ ਵਿਵਾਦ ਹੋਣ ਤੇ ਹੀ ਉਨ੍ਹਾਂ ਵਿਚੋਂ ਗਾਂਧੀ ਅਤੇ ਉਸ ਦੇ ਨਾਲ ਹੀ ਦੋ ਹੋਰ ਨੇ ਪਾਰਟੀ ਛੱਡ ਦਿੱਤੀ, ਮਜੇ ਦੀ ਗੱਲ ਇਹ ਹੈ ਕਿ ਪਾਰਟੀ ਛੱਡਣ ਤੇ ਵੀ ਉਨ੍ਹਾਂ ਨੇ ਲੋਕ-ਸਭਾ ਦੀ ਮੈਂਬਰੀ ਨਹੀਂ ਛੱਡੀ, ਉਸ ਦੇ ਸਾਰੇ ਲਾਭ ਵੀ ਲੈਂਦੇ ਰਹੇ ਅਤੇ ਆਪ ਪਾਰਟੀ ਦੀ ਬਦਨਾਮੀ ਵੀ ਕਰਦੇ ਰਹੇ। ਜਿਸ ਨਾਲ ਪਾਰਟੀ ਨੂੰ ਬੜਾ ਨੁਕਸਾਨ ਹੋਇਆ ਹੈ। ਆਪ ਪਾਰਟੀ ਦਾ ਲੋਕ-ਸਭਾ ਵਿਚ ਇਕ ਹੀ ਮੈਂਬਰ ਰਹਿ ਗਿਆ, ਭਗਵੰਤ ਮਾਨ।
   ਉਸ ਮਗਰੋਂ ਅਸੈਂਬਲੀ ਦੀ ਚੋਣ ਹੋਈ, ਜਿਸ ਵਿਚ ਵਿਦੇਸ਼ ਵੱਸਦੇ ਲੋਕਾਂ ਨੇ ਵੀ ਪਾਰਟੀ ਦੀ ਬੜੀ ਮਦਦ ਕੀਤੀ ਅਤੇ ਸਾਫ ਸੀ ਕਿ ਇਸ ਵਾਰ ਆਮ ਆਦਮੀ ਪਾਰਟੀ ਹੀ ਜਿੱਤੇਗੀ, ਪਰ ਬਾਦਲ ਨੇ ਇਹ ਦੇਖਦੇ ਕਿ ਇਸ ਵਾਰ ਮੇਰੀ ਪਾਰਟੀ ਤਾਂ ਜਿੱਤਦੀ ਨਹੀਂ ਅਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਸਾਡੇ ਸਾਰੇ ਕੱਚੇ ਚਿੱਠੇ ਫਰੋਲੇ ਜਾਣੇ ਹਨ, ਕੈਪਟਨ ਦੀ ਪੂਰੀ ਮਦਦ ਕਰ ਕੇ ਉਸ ਨੂੰ ਜਿਤਾਇਆ। ਆਮ ਆਦਮੀ ਪਾਰਟੀ ਵਿਰੋਧੀ ਧਿਰ ਬਣੀ ਅਤੇ ਬਾਦਲ ਪਾਰਟੀ ਬਹੁਤ ਪੱਛੜ ਗਈ। ਖੈਹਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ, ਜਿਸ ਦਾ ਰੁਤਬਾ ਇਕ ਵਜ਼ੀਰ ਦੇ ਬਰਾਬਰ ਹੁੰਦਾ ਹੈ। ਪਰ ਉਹੀ ਗੱਲ ਹੋਈ “ਜਿਸ ਰੋਗ ਨਾਲ ਬੱਕਰੀ ਮਰ ਗਈ, ਓਹੀ ਰੋਗ ਪਠੋਰੇ ਨੂੰ” ਉਹੀ ਰੋਗ ਖੈਹਰਾ ਸਾਹਿਬ ਨੂੰ ਵੀ ਸੀ, ਸੋ ਉਨ੍ਹਾਂ ਨੇ ਆਪਣੀ ਔਕਾਤ ਭੁੱਲਦੇ ਹੋਏ, ਇਹ ਮੁੱਦਾ ਖੜਾ ਕਰ ਦਿੱਤਾ ਕਿ ਅਸੀਂ ਦਿੱਲੀ ਦੇ ਗੁਲਾਮ ਨਹੀਂ ਰਹਿ ਸਕਦੇ, ਸਾਨੂੰ ਪੰਜਾਬ ਵਿਚ ਪੂਰੀ ਆਜ਼ਾਦੀ ਚਾਹੀਦੀ ਹੈ, ਅਤੇ ਕੇਜਰੀਵਾਲ ਤੇ ਨਿੱਜੀ ਦੂਸ਼ਣ ਵੀ ਲਾਏ, ਨਤੀਜਾ ਪੰਜਾਬ ਵਿਚੋਂ ਖਹ੍ਹਰੇ ਨੂੰ 5 ਸਾਥੀਆਂ ਸਮੇਤ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਮਜ਼ੇ ਦੀ ਗੱਲ ਹੈ ਕਿ ਪਾਰਟੀ ਵਿਚੋਂ ਨਿਕਲਣ ਮਗਰੋਂ ਬੜੀ ਧੌਂਸ ਨਾਲ ਅਸਤੀਫੇ ਦੇ ਦਿੱਤੈ, ਪਰ ਬੜੀ ਦੇਰ ਤੱਕ ਸਪੀਕਰ ਨੂੰ ਇਹ ਸਾਫ ਨਹੀਂ ਕੀਤਾ ਕਿ ਸਾਡੇ ਅਸਤੀਫੇ ਮਨਜ਼ੂਰ ਕੀਤੇ ਜਾਣ, ਫਿਰ ਅਸਤੀਫੇ ਵਾਪਸ ਲੈ ਲਏ। ਅੱਜ ਤੱਕ ਉਹ ਉਨ੍ਹਾਂ ਦਾ ਲਾਹਾ ਲੈ ਰਹੇ ਹਨ ਅਤੇ ਅਲੱਗ ਪਾਰਟੀ ਬਣਾ ਕੇ, ਚੋਣਾਂ ਲੜ ਕੇ ਜ਼ਮਾਨਤਾਂ ਵੀ ਜ਼ਬਤ ਕਰਵਾ ਚੁੱਕੇ ਹਨ।
    ਨਤੀਜਾ ਇਹ ਹੈ ਕਿ ਜਿੱਥੇ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ 2015 ਵਿਚ ਦੂਸਰੀ ਵਾਰ 70 ਵਿਚੋਂ 67 ਸੀਟਾਂ ਜਿੱਤ ਕੇ, ਬੀ ਜੇ.ਪੀ. ਨੂੰ 3 ਤੇ ਰੋਕ ਕੇ ਕਾਂਗਰਸ ਨੂੰ 0 ਤੇ ਰੁਕਣ ਵਿਚ ਮਜਬੂਰ ਕੀਤਾ ਸੀ, ਅਤੇ ਇਸ ਵਾਰ 2020 ਵਿਚ ਵਿਧਾਨ ਸਭਾ ਚੋਣਾਂ ਵਿਚ ਵੀ 70 ਵਿਚੋਂ 62 ਸੀਟਾਂ ਜਿੱਤ ਕੇ ਬੀ.ਜੇ.ਪੀ ਨੂੰ 8 ਤੇ ਰੋਕ ਕੇ, ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਣ ਦਿੱਤਾ, ਓਥੇ ਪੰਜਾਬ ਵਿਚ ਆਮ ਆਦਮੀ ਪਾਰਟੀ 2013 ਵਾਲੀ ਥਾਂ ਤੇ ਹੀ ਖੜੀ ਹੈ, ਇਸ ਵਾਰ ਦਿੱਲੀ ਦੀ ਜਿੱਤ ਮਗਰੋਂ ਸ਼ਾਇਦ ਕੁਝ ਸੰਭਲ ਜਾਵੇ, ਉਹ ਵੀ ਤਦ ਜੇ ਪੰਜਾਬੀ ਕੁਝ ਹਲੀਮੀ ਨਾਲ ਚੱਲਣ ਅਤੇ ਕੁਝ ਅਕਲ ਦੀ ਗੱਲ ਕਰਨ।
     ਇਹ ਹੈ ਪੰਜਾਬ ਦੇ ਨੇਤਿਆਂ ਦੀ ਕਹਾਣੀ, ਜਿਸ ਕਾਰਨ ਪੰਜਾਬ ਪੱਛੜਿਆ ਹੈ, ਨਹੀਂ ਤਾਂ ਇਹ ਵੀ ਅੱਜ ਦਿੱਲੀ ਦੇ ਬਰਾਬਰ ਖੜਾ ਹੁੰਦਾ।
    ਅਜੇ ਵੀ ਮੌਕਾ ਹੈ ਜੇ ਪੰਜਾਬੀ ਸੰਭਲ ਜਾਣ, ਨਹੀਂ ਤਾਂ ਗੁਰੂ ਦੀ ਸਿਖਿਆ ਨੂੰ ਭੁੱਲਣ ਵਾਲਿਆਂ ਦਾ ਜੋ ਹਾਲ ਹੋਣਾ ਹੈ ਉਹ ਤਾਂ ਹੈ ਹੀ।
     ਆਮ ਆਦਮੀ ਪਾਰਟੀ ਨਾਲ ਜੁੜਨ ਕਾਰਨ ਪੰਜਾਬ ਦਾ ਕੀ ਭਲਾ ਹੋ ਸਕਦਾ ਹੈ?
  ਅੱਜ ਦਿੱਲੀ ਦੇ ਲੋਕਾਂ ਨੂੰ 200 ਯੂਨਟ ਬਿਜਲੀ ਮੁਫਤ ਮਿਲਦੀ ਹੈ, ਅਤੇ ਇਸ ਤੋਂ ਉਪਰ ਦਾ ਬਿਲ ਤਿੰਨ ਰੁਪਏ ਯੂਨਟ ਤੋਂ ਘੱਟ ਹੈ, ਅਤੇ ਬਿਜਲੀ 24 ਘੰਟੇ ਮਿਲਦੀ ਹੈ, ਜਦ ਕਿ ਦਿੱਲੀ ਵਿਚ ਬਿਜਲੀ ਦਾ ਕੋਈ ਪਾਵਰ ਪਲਾਂਟ ਨਹੀਂ ਹੈ।      
  ਪੰਜਾਬ ਦੇ ਲੋਕਾਂ ਨੂ ਬਿਜਲੀ ਲਗ-ਭਗ 10 ਰੁਪਏ ਯੁਨਟ ਮਿਲਦੀ ਹੈ, ਉਹ ਵੀ 10/12 ਘੰਟੇ ਤੋਂ ਵੱਧ ਦੀ ਸਪਲਾਈ ਨਹੀਂ ਹੈ।        
   ਪੰਜਾਬ ਕੋਲ ਆਪਣੇ ਪਾਵਰ-ਪਲਾਂਟ ਹਨ।
    ਦਿੱਲੀ ਵਿਚ ਹਰ ਬੱਚੇ ਨੂੰ ਸਮੇ ਦੇ ਹਾਣੀ, ਸਰਕਾਰੀ ਸਕੂਲਾਂ ਵਿਚ ਪੀ.ਐਚ.ਡੀ. ਤੱਕ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿਚ ਮੁਫਤ ਹੈ।    ਇਸ ਦੇ ਮੁਕਾਬਲੇ ਪੰਜਾਬ ਵਿਚ ਪੜਾਈ ਦਾ ਸਿਸਟਮ ਬਿਲਕੁਲ ਵਿਗੜ ਚੁੱਕਾ ਹੈ, ਟੀਚਰ ਵੀ ਠੇਕੇ ਤੇ ਰੱਖੇ ਜਾਂਦੇ ਹਨ, ਉਨ੍ਹਾਂ ਦੀ ਵੀ ਕੋਈ ਇੱਜ਼ਤ ਨਹੀਂ ਹੈ, ਹਰ ਦੋ ਤਿੰਨ ਮਹੀਨੇ ਮਗਰੋਂ ਵਿਚਾਰਿਆਂ ਨੂੰ ਪੁਲਸ ਦੀਆਂ ਲਾਠੀਆਂ ਝੱਲਣੀਆਂ ਪੈਨਦੀਆਂ ਹਨ, ਅਜਿਹੀ ਹਾਲਤ ਵਿਚ ਬੱਚਿਆਂ ਦੀ ਮੁਫਤ ਅਤੇ ਮਿਆਰੀ ਪੜ੍ਹਾਈ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ।
  ਦਿੱਲੀ ਵਿਚ ਹਰ ਬੰਦੇ ਦਾ, ਉਸ ਮਹੱਲੇ ਵਿਚ ਹੀ ਖੁਲ੍ਹੇ ਕਲਿਨਕ ਵਿਚ 5 ਲੱਖ ਤੱਕ ਦਾ ਮੁਫਤ ਇਲਾਜ ਹੁੰਦਾ ਹੈ, ਕਿਸੇ ਦਾ ਵੀ ਐਕਸੀਡੈਂਟ ਹੋਣ ਤੇ ਉਸ ਨੂੰ ਹਸਪਤਾਲ ਵਿਚ ਪਹੁੰਚਾਉਣ ਵਾਲੇ ਤੋਂ ਕੋਈ ਨਾਜਾਇਜ਼ ਪੁੱਛ-ਪੜਤਾਲ ਨਹੀਂ ਹੁੰਦੀ ਅਤੇ ਉਸ ਫੱਟੜ ਦੇ ਇਲਾਜ ਤੇ ਜਿੰਨੇ ਵੀ ਪੈਸੇ ਲੱਗਣ, ਉਹ ਸਰਕਾਰ ਲਾਉਂਦੀ ਹੈ।
        ਪੰਜਾਬ ਦਾ ਹਾਲ ਸਾਰੇ, ਚੰਗੀ ਤਰ੍ਹਾਂ ਜਾਣਦੇ ਹਨ।       
   ੱਿਦੱਲੀ  ਵਿਚ ਕੋਈ ਰਿਸ਼ਵਤ ਨਹੀਂ ਹੈ, ਦਿੱਲੀ ਵਾਲਿਆਂ ਨੇ ਜੋ ਵੀ ਕੰਮ ਕਰਵਾਉਣਾ ਹੋਵੇ, ਇਕ ਵਾਰ ਉਸ ਦਫਤਰ ਵਿਚ ਜਾ ਕੇ ਸਾਰੇ ਲੋੜੀਂਦੇ ਕਾਗਜ਼ ਜਮ੍ਹਾ ਕਰਵਾਉਣੇ ਪੈਂਦੇ ਹਨ, ਉਸ ਮਗਰੋਂ ਉਨ੍ਹਾਂ ਦੇ ਸਬੰਧਤ ਰਾਸ਼ਨ-ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਜੋ ਕੁਝ ਵੀ ਹੋਵੇ ਉਹ ਦਿੱਲੀ ਵਾਲਿਆਂ ਦੇ ਘਰ ਪਹੁੰਚ ਜਾਂਦਾ ਹੈ, ਲੋਕਾਂ ਦੀਆਂ ਕੰਮ ਦੀਆਂ ਦਿਹਾੜੀਆਂ ਅਤੇ ਆਣ-ਜਾਣ ਦੀ ਖੱਜਲ-ਖੁਆਰੀ ਬਚਾਈ ਜਾਂਦੀ ਹੈ।
   ਪਰ ਪੰਜਾਬ ਵਿਚ ਕੋਈ ਵੀ ਕੰਮ ਚਾਂਦੀ ਦੀ ਜੁੱਤੀ ਤੋਂ ਬਗੈਰ ਨਹੀਂ ਹੁੰਦਾ, ਅਤੇ ਖੱਜਲ ਖੁਆਰੀ ਵੱਧ।
ਦਿੱਲੀ ਵਾਲਿਆਂ ਨੂੰ ਮਹੀਨੇ ਦਾ 2000 ਲਿਟਰ, ਬਿਲਕੁਲ ਸਾਫ ਪੀਣ ਵਾਲਾ ਪਾਣੀ, ਘਰ ਵਿਚ ਟੂਟੀ ਰਾਹੀਂ, 24 ਘੰਟੇ ਮੁਫਤ ਮਿਲਦਾ ਹੈ।
    ਪੰਜਾਬ ਦੀ ਹਾਲਤ, ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ।
ਬੀਬੀਆਂ ਦਾ ਸਾਰੀ ਦਿੱਲੀ ਵਿਚਲਾ ਸਫਰ ਸਰਕਾਰੀ ਬੱਸਾਂ ਰਾਹੀਂ ਮੁਫਤ ਹੈ, ਪਾੜ੍ਹਿਆਂ ਦਾ ਆਣਾ ਜਾਣਾ ਵੀ ਇਸ ਵਾਰ ਮੁਫਤ ਕੀਤਾ ਜਾ ਰਿਹਾ ਹੈ।
  ਦਿੱਲੀ ਵਿਚ ਬੀਬੀਆਂ, ਭੇਣਾਂ, ਬੱਚੀਆਂ ਦੇ ਸੁਰੱਕਸ਼ਾ ਲਈ ਪੈਰ-ਪੈਰ ਤੇ ਸੀ-ਸੀ-ਟੀਵੀ ਕੈਮਰੇ ਸਰਕਾਰ ਵੱਲੋਂ ਲਾਏ ਜਾ ਰਹੇ ਹਨ, 2 ਲੱਖ ਤੋਂ ਉਪਰ ਲੱਗ ਚੁੱਕੇ ਹਨ, ਬਾਕੀ ਵੀ ਇਸ ਵਾਰ ਲੱਗ ਜਾਣਗੇ।
   ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਵਿਚ, ਦਿੱਲੀ ਹੀ ਇਕ ਸੂਬਾ ਹੈ, ਜਿਸ ਦਾ ਬਜਟ ਘਾਟੇ ਦਾ ਨਹੀਂ ਫਾਇਦੇ ਦਾ ਹੈ।
   ਜੇ ਪੰਜਾਬ ਵਾਲੇ ਵੀ ਇਹ ਸਭ ਸਹੂਲਤਾਂ ਅਤੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹਨ, ਕੈਂਸਰ ਤੋਂ ਬਚਣਾ ਚਾਹੁੰਦੇ ਹਨ, ਆਪਣੇ ਦਰਿਆਵਾਂ ਨੂੰ ਸਾਫ ਰੱਖਣਾ ਚਾਹੁੰਦੇ ਹਨ, ਸ਼੍ਰੋਮਣੀ ਕਮੇਟੀ ਦੀ ਸਮੇ ਸਿਰ ਚੋਣ ਕਰਵਾਉਣਾ ਚਾਹੁੰਦੇ ਹਨ, ਗੁੰਡਾ-ਗਰਦੀ ਰੋਕਣਾ ਚਾਹੁੰਦੇ ਹਨ, ਪੰਜਾਬ ਦੀਆਂ ਜ਼ਮੀਨਾਂ ਬਚਾਉਣੀਆਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਦਿੱਲੀ ਵਾਲਿਆਂ ਵਾਙ ਸਿਆਸਤ ਅਤੇ ਧਰਮ-ਕਰਮ ਨੂੰ ਅਲੱਗ ਅਲੱਗ ਕਰਨਾ ਪਵੇਗਾ। ਫਿਰ ਪੰਜਾਬੀਆਂ ਦੀ ਆਰਥਿਕ ਹਾਲਤ ਸਰਕਾਰ ਵੇਖੇਗੀ ਗੀ ਅਤੇ ਤੁਹਾਡੇ ਧਰਮ-ਕਰਮ ਵਿਚ ਦਖਲ ਦੇਣ ਨੂੰ ਬਾਦਲ ਵਰਗਾ ਕੋਈ ਨਹੀਂ ਜੰਮੇਗਾ।  
   ਵੈਸੇ ਇਹ ਗੱਲ ਸਾਫ ਹੈ ਕਿ ਪੰਜਾਬ ਵਾਲੇ, ਗੁਰੂ ਸਾਹਿਬ ਦੀ ਸਿਖਿਆ, ਕਿ ਨਿਮਰਤਾ ਨਾਲ ਚਲੋ ਅਤੇ ਅਕਲ ਦੀ ਵਰਤੋਂ ਕਰੋ, ਦੇ ਉਲਟ ਫੋਕੀ ਹਉਮੈ ਅਤੇ ਵਾਦ-ਵਿਵਾਦ ਵਾਲੀ ਅਕਲ ‘ਚ ਫਸੇ ਹੋਣ ਕਾਰਨ 35 ਸਾਲਾਂ ਵਿਚ ਲੱਖਾਂ ਲੋਕ ਮਰਵਾ ਚੁੱਕੇ ਹਨ, ਧਾਰਮਿਕ ਸੰਸਥਾਵਾਂ ਦਾ ਘਾਣ ਕਰ ਚੁੱਕੇ ਹਨ। ਉਮੀਦ ਹੈ ਹੁਣ ਉਹ ਅਕਲ ਦੀ ਵਰਤੋਂ ਕਰਦੇ ਹੋਏ ਆਪਣਾ ਭਵਿੱਖ ਸੁਧਾਰਨਗੇ, ਇਹ ਵੀ ਸਾਫ ਹੈ ਕਿ ਪੰਜਾਬ ਦਾ ਪ੍ਰਬੰਧ ਪੰਜਾਬ ਵਾਲਿਆਂ ਨੇ ਹੀ ਕਰਨਾ ਹੈ। ਜੇ ਤੁਹਾਡੇ ਨਾਲ ਤੁਹਾਨੂੰ ਗਾਈਡ ਕਰਨ ਵਾਲੇ ਜਾਂ ਤੁਹਾਡੀ ਮਦਦ ਕਰਨ ਵਾਲੇ ਹੋਰ ਲੋਕ ਵੀ ਜੁੜਨ ਤਾਂ ਇਸ ਵਿਚ ਬੁਰਾ ਵੀ ਕੀ ਹੈ ?    
                                        ਅਮਰ ਜੀਤ ਸਿੰਘ ਚੰਦੀ
                                         15-02-2020
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.