ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਹਰ ਪਲ ਨਵਾਂ ਵਾਰ
ਹਰ ਪਲ ਨਵਾਂ ਵਾਰ
Page Visitors: 2449

    ਹਰ ਪਲ ਨਵਾਂ ਵਾਰ                
        ਬੁੱਕਲ ਦੇ ਸੱਪਾਂ ਵਲੋਂ, ਹਰ ਪਲ ਸਿੱਖੀ ਤੇ ਨਵਾਂ ਵਾਰ ਹੁੰਦਾ ਹੈ। ਸਿੱਖ ਏਨੇ ਬੇਸੁਧ ਹਨ ਕਿ ਉਸ ਵਾਰ ਨੂੰ ਰੋਕਣਾ ਤਾਂ ਦੂਰ, ਉਸ ਬਾਰੇ ਸਮਝਣ, ਜਾਂ ਇਹ ਮੱਨਣ ਲਈ ਵੀ ਤਿਆਰ ਨਹੀਂ ਹਨ ਕਿ ਇਹ ਸਿੱਖੀ ਤੇ ਵਾਰ ਹੈ। ਉਹ ਅਭੋਲ ਹੀ, ਵਾਰ ਕਰਨ ਵਾਲੇ ਦੇ ਜਾਲ ਵਿਚ ਫਸ ਕੇ, ਉਸ ਦਾ ਸਾਥ ਦਿੰਦੇ ਹਨ। ਜਦ ਤਕ ਕੋਈ ਉਨ੍ਹਾਂ ਨੂੰ ਉਸ ਵਾਰ ਬਾਰੇ ਜਾਗ੍ਰਤ ਕਰਨ ਦੀ ਕੋਸ਼ਸ਼ਿ ਕਰਦਾ ਹੈ, ਤਦ ਤੱਕ ਵਾਰ ਕਰਨ ਵਾਲੇ ਦਾ ਕੰਮ ਪੂਰਾ ਹੋ ਚੁਕਾ ਹੁੰਦਾ ਹੈ।
          ਫਿਰ ਖੇਲ ਸ਼ੁਰੂ ਹੁਂਦਾ ਹੈ, ਨਿਰਮਲ ਸਿੱਖੀ ਸਿਧਾਂਤਾਂ ਨੂੰ ਗੰਧਲਾ ਕਰਨ ਵਾਲੀ ਸੰਤਾਂ ਦੀ ਯੂਨੀਅਨ (ਸੰਤ ਸਮਾਜ) ਦਾ, ਸਿੱਖ ਵਿਰਸੇ ਦਾ ਘਾਣ ਕਰਨ ਵਾਲੇ, ਕਾਰ ਸੇਵਾ ਦੇ ਬਾਬਿਆਂ ਦਾ, ਸਿੱਖਾਂ ਨੂੰ ਕੁਰਾਹੇ ਪਾਉਣ ਵਾਲੇ, ਰਾਜਨੀਤਕ ਨੇਤਿਆਂ ਦੇ ਲਫਾਫਿਆਂ ਚੋਂ ਨਿਕਲੇ ਸਿੰਘ ਸਾਹਿਬਾਂ ਦਾ, ਟਕਸਾਲਾਂ ਅਤੇ ਸਿੱਖਾਂ ਨੂੰ ਬਹੁ ਗਿਣਤੀ ਦਾ ਗੁਲਾਮ ਬਨਾਉਣ ਵਾਲੇ, ਅਕਾਲੀ ਦਲਾਂ ਦਾ, ਸਿੱਖਾਂ ਦੀ ਅਖਵਾਉੰਦੀ ਮਿਨੀ ਪਾਰਲੀਮੈਂਟ ( ਐਸ.ਜੀ.ਪੀ.ਸੀ. ) ਅਤੇ ਰਾਸ਼ਟਰੀ ਸਿੱਖ ਸੰਗਤ ਦਾ। ਸਭ ਲਾਮ ਬੰਦ ਹੋ ਜਾਂਦੇ ਹਨ ਅਤੇ ਗੱਲ ਸ਼ੁਰੂ ਹੁੰਦੀ ਹੈ, ਉਸ ਜਾਗ੍ਰਤ ਕਰਨ ਵਾਲੇ ਬੰਦੇ ਦੇ ਭੰਡੀ ਪਰਚਾਰ ਤੋਂ,ਫਿਰ ਗਾਲਾਂ, ਧਮਕੀਆਂ ਤੋਂ ਹੁੰਦੀ, ਪਹੁੰਚ ਜਾਂਦੀ ਹੈ, ਉਸ ਨੂੰ ਪੰਥ ਵਿਚੋਂ ਛੇਕਣ ਦੇ ਅਣਅਧਿਕਾਰਤ ਫੈਸਲੇ ਤਕ।
           ਸ਼ਾਇਦ ਹੀ ਦੁਨੀਆ ਦੀ ਕੋਈ ਅਜਿਹੀ ਕੌਮ ਹੋਵੇ, ਜੋ ਅਪਣੇ ਸਿਧਾਂਤਾਂ ਦੀ ਮਿੱਟੀ ਪਲੀਤ ਕਰਨ ਵਾਲਿਆ ਦੀ, ਆਪ ਹੀ ਧਨ ਦੌਲਤ ਅਤੇ ਹੋਰ ਸਾਧਨਾ ਨਾਲ ਮਦਦ ਕਰਦੀ ਹੋਵੇ ? ਪਰ ਸਿੱਖੀ ਵਿਚ ਇਹ ਸਭ ਕੁਝ ਹੋ ਰਿਹਾ ਹੈ। ਸਿੱਖੀ ਨੂੰ ਖਤਮ ਕਰਨ ਲਈ, ਭਾਰਤ ਸਰਕਾਰ, ਪੰਜਾਬ ਸਰਕਾਰ, ਭਾਰਤ ਦੀ ਬਹੁ ਗਿਣਤੀ ਅਤੇ ਉਹ ਸਿੱਖ, ਜੋ ਗੁਰਦਵਾਰਿਆਂ ਤੇ ਕਾਬਜ਼ ਹੋ ਕੇ, ਸਿੱਖਾਂ ਦੇ ਦਸਵੰਧ ਦੀ ਦੁਰਵਰਤੋਂ ਦੇ ਭਾਗੀ ਹਨ,ਪੂਰਾ ਟਿੱਲ ਲਾ ਰਹੇ ਹਨ।
             “ਤਿੰਨ ਸੌ ਸਾਲ ਗੁਰੂ ਦੇ ਨਾਲ” ਦੇ ਸਲੋਗਨ ਆਸਰੇ , ਸਿੱਖਾਂ ਦੀਆਂ ਭਵਿਨਾਵਾਂ ਨਾਲ ਖਿਲਵਾੜ ਕਰਦੇ, ਸਿੱਖ ਵਸੋਂ ਵਾਲੇ ਇਲਾਕਿਆਂ ਵਿਚੋਂ, ਅਰਬਾਂ ਰੁਪਏ ਇਕੱਠੇ ਕਰ ਕੇ, ਉਸ ਆਸਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਤੇ ਦੂਸਰਾ ਗ੍ਰੰਥ ਸਥਾਪਤ ਕਰ ਕੇ, ਇਲੈਕਟ੍ਰਾਨਕ ਮੀਡੀਏ ਰਾਹੀਂ, ਸਿੱਖੀ ਸਿਧਾਂਤਾਂ ਦੇ ਵਿਰੁੱਧ ਖੁਲ੍ਹਾ ਪਰਚਾਰ ਕੀਤਾ ਜਾ ਰਿਹਾ ਹੈ।
            ਮੁਗਲਾਂ ਵੇਲੇ, ਜਦ ਸਿੱਖਾਂ ਨੂੰ ਜਿਸਮਾਨੀ ਤੌਰ ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਤਾਂ ਇਕ ਪਾਸੇ, ਪਹਾੜੀ ਹਿੰਦੂ ਰਾਜੇ, ਮੁਗਲ ਫੌਜਾਂ ਦਾ, ਤਨ ਮਨ ਧਨ ਨਾਲ ਸਾਥ ਦੇ ਰਹੇ ਸਨ, ਦੂਸਰੇ ਪਾਸੇ,ਅਜਿਹੀ ਹਾਲਤ ਦਾ ਫਾਇਦਾ ਉਠਾਉਂਦਿਆਂ, ਬ੍ਰਾਹਮਣ ਵਾਦ ਨੇ ਸਿੱਖੀ ਸਿਧਾਂਤਾਂ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਦਿੱਤਾ, ਅਤੇ ਉਸ ਵਿਗੜੇ ਸਿਧਾਂਤ ਨੂੰ ਗੁਰਦਵਾਰਿਆਂ ਵਿਚੋਂ ਹੀ ਪਰਚਾਰਨ ਲਈ, ਸਿੱਖੀ ਭੇਸ ਵਿਚ ਗੁਰਦਵਾਰਿਆਂ ਤੇ ਕਬਜ਼ਾ ਕਰ ਲਿਆ। ਅੱਜ ਤਕ ਗੁਰਦਵਾਰਿਆਂ ਵਿਚੋਂ, ਉਸੇ ਕੂੜ ਦਾ ਪਰਚਾਰ ਹੋ ਰਿਹਾ ਹੈ। ਗੁਰਦਵਾਰਾ ਸੁਧਾਰ ਲਹਿਰ ਵੇਲੇ, ਸਿੱਖ ਜਾਗੇ ਤਾਂ ਜ਼ਰੂਰ ਪਰ ਉਨ੍ਹਾਂ ਦਾ ਟੀਚਾ, ਕੇਵਲ ਪ੍ਰਬੰਧ ਤਕ ਹੀ ਸੀਮਤ ਰਿਹਾ। ਕੂੜ ਪਰਚਾਰ , ਉਸੇ ਤਰ੍ਹਾਂ ਨਿਰਵਿਘਨ ਹੁੰਦਾ ਰਿਹਾ ਅਤੇ ਹੋ ਰਿਹਾ ਹੈ।
            ਏਥੋਂ ਤਕ ਤਾਂ ਸਿੱਖੀ ਦੇ ਬਚਣ ਦੀ ਆਸ ਸੀ ਪਰ ਜੋ ਨਵਾਂ ਕੰਮ ਸ਼ੁਰੂ ਹੋਇਆ ਹੈ, ਜੇ ਇਸ ਨੂੰ ਰੋਕਣ ਦਾ ਉਪਰਾਲਾ ਨਾ ਕੀਤਾ ਗਿਆ ਤਾਂ ਯਕੀਨਨ ਇਹ ਸਿੱਖੀ ਦੇ ਤਾਬੂਤ ਵਿਚ ਆਖਰੀ ਕਿਲ ਹੋਵੇਗੀ। ਸਿੱਖੀ ਨੂੰ ਸਮਰਪਿਤ ਵਿਦਵਾਨ ਤਾਂ ਇਹ ਸੋਚ ਹੀ ਰਹੇ ਸਨ ਕਿ ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਸਿੱਖ ਪਨੀਰੀ, ਬੱਚਿਆਂ ਨੂੰ ਜਾਗਰੂਕ ਕਰਨਾ ਪਵੇਗਾ, ਪਰ ਜੋ ਚਲ ਰਿਹਾ ਹੈ, ਉਸ ਅਨੁਸਾਰ ਤਾਂ ਸਿੱਖ ਬੱਚੇ, ਸਿੱਖੀ ਭੇਸ ਵਿਚ ਹੁੰਦੇ ਵੀ ਸਿੱਖੀ ਸਿਧਾਂਤਾਂ ਤੋਂ ਦੂਰ, ਸੰਤ ਯੂਨੀਅਨ ਵਲੋਂ ਘੜੇ ਸਿਧਾਂਤਾਂ ਦੇ ਧਾਰਨੀ ਹੋਣ ਗੇ।
            ਖੁੰਬਾਂ ਨਾਲ ਮਿਲਦੀ ਜੁਲਦੀ, ਪਰ ਜ਼ਹਰੀਲੀ ਇਕ ਚੀਜ਼ ਹੁੰਦੀ ਹੈ, ਜਿਸ ਨੂੰ ਪੰਜਾਬ ਵਿਚ ਪੱਦ ਪੇੜੇ ਕਿਹਾ ਜਾਂਦਾ। ਸਿੱਖੀ ਭੇਸ ਵਿਚ ਏਨੇ ਪੱਦ ਪੇੜੇ ਪੈਦਾ ਹੋ ਗਏ ਹਨ,ਕਿ ਉਨ੍ਹਾਂ ਵਿਚ ਖੂੰਬਾਂ ਦੀ ਪਛਾਣ ਹੀ ਗਵਾਚ ਗਈ ਹੈ। ਉਨ੍ਹਾਂ ਵਿਚੋਂ ਹੀ ਇਕ ਨਵੇਂ ਜੰਮੇ ਨੇ, ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਦੇ ਨਾਂ ਥੱਲੇ ਕੁਰਾਹੇ ਪਾਉਣਾ ਸ਼ੁਰੂ ਕੀਤਾ ਹੈ। ਉਪਰ ਦੱਸੇ ਅਨੁਸਾਰ ਇਸ ਵਿਚ ਵੀ,ਗੁਰਦਵਾਰਾ ਪ੍ਰਬੰਧਕ, ਉਸ ਦਾ ਖੁਲ੍ਹ ਕੇ ਸਾਥ ਦੇ ਰਹੇ ਹਨ। ਹਰ ਗੁਰਦਵਾਰੇ ਵਿਚ ਇਹ ਕੰਮ, ਛੂਤ ਦੀ ਬਿਮਾਰੀ ਵਾਂਗ ਫੈਲ ਰਿਹਾ ਹੈ। ਸਿੱਖੀ ਸਿਧਾਂਤਾਂ ਦੇ ਵਿਰੁੱਧ, ਇਹ ਤਾਂ ਪਹਿਲਾਂ ਹੀ ਸਥਾਪਤ ਕੀਤਾ ਜਾ ਚੁੱਕਾ ਹੈ ਕਿ ਗੁਰਬਾਣੀ ਕੰਠ ਕਰਨ ਦਾ ਬੜਾ ਮਹੱਤਵ ਹੈ। ਜਦ ਕਿ ਗੁਰਬਾਣੀ ਫੁਰਮਾਨ ਹੈ,    
                ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥
               ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ
॥   (492 )
            ਜੋ ਮਨੁੱਖ, ਖਾਲੀ ਮੂੰਹ ਨਾਲ ਬਾਣੀ ਪੜ੍ਹਦਾ ਹੈ,ਗੁਰੂ ਦੀ ਗੱਲ ਨਹੀਂ ਮੰਨਦਾ, ਅਪਣੇ ਮਨ ਦੇ ਕਹੇ ਹੀ ਚਲਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸੋਝੀ ਨਹੀਂ ਹੁੰਦੀ। ਗੁਰੂ ਦੀ ਮੱਤ ਤੇ ਚਲਿਆਂ ਹੀ, ਹਿਰਦੇ ਵਿਚ ਗਿਆਨ ਦਾ ਚਾਨਣ ਹੁੰਦਾ ਹੈ। ਗੁਰੂ ਦੀ ਮੱਤ ਅਨੁਸਾਰ ਚਲਣ ਵਾਲਾ ਬੰਦਾ ਹੀ, ਪ੍ਰਭੂ ਦੇ ਨਾਮ, ਪ੍ਰਭੂ ਦੀ ਰਜ਼ਾ, ਪ੍ਰਭੂ ਦੇ ਹੁਕਮ ਬਾਰੇ ਸੋਝੀ ਹਾਸਲ ਕਰਦਾ ਹੈ।
            ਗੁਰਦਵਾਰਿਆਂ ਵਿਚ ਗੁਰੂ ਦੀ ਸਿਖਿਆ ਦੀ ਥਾਂ, ਇਹ ਗੱਲਾਂ ਵੱਧ ਪਰਚਾਰੀਆਂ ਜਾਂਦੀਆਂ ਹਨ ਕਿ ਫਲਾਨੇ ਸੰਤ ਜੀ ਨੂੰ ਏਨੀਆਂ ਬਾਣੀਆਂ ਜ਼ਬਾਨੀ ਕੰਠ ਸਨ, ਫਲਾਨੇ ਸੰਤ ਜੀ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸੀ। ਇਸ ਦਾ ਹੀ ਨਵਾਂ ਰੂਪ ਹੈ ਕਿ ਜੋ ਬੱਚਾ, ਜਪੁ ਜੀ ਸਾਹਿਬ ਅਤੇ ਕਿਸੇ ਕਵੀ ਵਲੋਂ ਕੀਤੀ ਬੇਨਤੀ, “ ਕਬਿਯੋਬਾਚ ਬੇਨਤੀ। ਚੌਪਈ।“ ( ਜਿਸ ਦੇ ਨਾਲ, ਮਗਰੋਂ ਸਮਾ ਪਾ ਕੇ “ਪਾਤਸ਼ਾਹੀ 10 “ ਜੋੜ ਕੇ ਉਸ ਕਵੀ ਨੂੰ, ਨਾਨਕ ਦੀ ਦਸਵੀਂ ਜੋਤ ਬਨਾਉਣ ਦਾ ਘਿਰਣਤ ਉਪਰਾਲਾ ਕੀਤਾ ਜਾ ਰਿਹਾ ਹੈ।) ਮੂੰਹ ਜ਼ਬਾਨੀ ਸੁਣਾਵੇਗਾ, ਉਹ ਬਹੁਤ ਵਡੇ ਵਡੇ ਇਨਾਮਾਂ ਵਿਚੋਂ ਕਿਸੇ ਇਕ ਦਾ ਹੱਕਦਾਰ ਬਣ ਸਕਦਾ ਹੈ। ਇਨ੍ਹਾਂ ਵਿਚ ਛੇ-ਸੱਤ ਲੱਖ ਰੁਪਏ ਤਕ ਦੀ ਕਾਰ ਵੀ ਸ਼ਾਮਲ ਹੈ। ਇਸ ਸਭ ਦਾ ਪਰਚਾਰ, ਟੀ.ਵੀ. ਰਾਹੀਂ ਲੱਖਾਂ ਰੁਪਏ ਖਰਚ ਕੇ ਕੀਤਾ ਜਾ ਰਿਹਾ ਹੈ। ( ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਇਹ ਪੈਸੇ ਕਿਥੋਂ ਆ ਰਹੇ ਹਨ ?)
            ਆਉ ਜ਼ਰਾ ਵਿਚਾਰੀਏ ਕਿ ਗੁਰਬਾਣੀ ਕੰਠ ਕਰਨ ਦਾ ਕੀ ਮਹੱਤਵ ਹੈ ?
            ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰਬਾਣੀ ਕੰਠ ਕਰਨ ਬਾਰੇ ਕੋਈ ਸੇਧ ਨਹੀਂ ਦਿੱਤੀ ਗਈ। ਇਸ ਨੂੰ ਗੁਰਬਾਣੀ ਪੜ੍ਹਨ ਨਾਲ ਹੀ ਜੋੜਿਆ ਜਾ ਸਕਦਾ ਹੈ। ਸਿੱਖ ਨੇ ਗੁਰਬਾਣੀ ਪੜ੍ਹਨੀ ਹੈ, ਸੁਚੇਤ ਹੋ ਕੇ, ਇਕ ਇਕ ਲਗ ਮਾਤ੍ਰਾ ਦਾ ਧਿਆਨ ਰੱਖ ਕੇ, ਤਾਂ ਜੋ ਵਿਆਕਰਣ ਅਨੁਸਾਰ ਗੁਰਬਾਣੀ ਨੂੰ ਸਮਝਿਆ ਜਾ ਸਕੇ। ਇਸ ਤਰ੍ਹਾਂ ਹੀ ਸਿੱਖ ਨੂੰ ਗੁਰਬਾਣੀ ਵਿਚੋਂ ਮਿਲਦੀ ਸਿਖਿਆ ਦੀ ਸੋਝੀ ਹੋ ਸਕਦੀ ਹੈ। ਇਸ ਤੋਂ ਅਗਲਾ ਪੜਾਅ ਹੈ, ਮਿਲੀ ਸੋਝੀ ਅਨੁਸਾਰ ਜੀਵਨ ਢਾਲਣ ਦਾ। ਇਸ ਉਪ੍ਰਾਂਤ ਹੀ ਆਸ ਕੀਤੀ ਜਾ ਸਕਦੀ ਹੈ ਕਿ ਵਾਹਿਗੁਰੂ ਬਖਸ਼ਿਸ਼ ਕਰ ਕੇ ਜਨਮ ਮਰਨ ਦਾ ਗੇੜ ਖਤਮ ਕਰ ਕੇ ਮਨੁੱਖਾ ਜਨਮ ਸਫਲਾ ਕਰ ਦੇਵੇਗਾ।
             ਮੰਨਿਆ ਤਾਂ ਇਹ ਵੀ ਜਾ ਸਕਦਾ ਹੈ ਕਿ ਕੰਠ ਕੀਤੀ ਗੁਰਬਾਣੀ ਵੀ ਸਾਵਧਾਨ ਹੋ ਕੇ ਪੜ੍ਹੀ ਜਾਵੇ ਤਾਂ ਗਿਆਨ ਦੀ ਸੋਝੀ ਜ਼ਰੂਰ ਹੋਵੇ ਗੀ, ਪਰ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਨ ਅਤੇ ਕੰਠ ਕੀਤੀ ਬਾਣੀ ਨੂੰ ਪੜ੍ਹਨ ਵਿਚ, ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਹਰ ਲਗ ਮਾਤ੍ਰ ਸੰਪੂਰਨ ਹੁੰਦੀ ਹੈ, ਕੋਈ ਗੱਲ ਸਮਝਣ ਲਈ, ਅੱਖਰ ਨੂੰ ਮੁੜ-ਮੁੜ ਕੇ ਵੇਖਿਆ ਅਤੇ ਵਿਚਾਰਿਆ ਜਾ ਸਕਦਾ ਹੈ। ਕੰਠ ਬਾਣੀ ਵਿਚ ਅਜਿਹਾ ਸੰਭਵ ਨਹੀਂ ਹੈ। ਜੋ ਕੁਝ ਵੀ ਬੰਦੇ ਦੇ ਮੂੰਹ ਚੜ੍ਹਿਆ ਹੁੰਦਾ ਹੈ, ਉਸ ਦਾ ਹੀ ਉਚਾਰਨ ਹੋਣਾ ਹੈ, ਲਗਾਂ ਮਾਤ੍ਰਾਂ ਦੇ ਵਿਚਾਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।
              ਪਹਿਲਾਂ ਤਾਂ ਸਿੱਖ ਚਾਰ ਸੌ ਸਾਲ ਵਿਚ, ਗੁਰਬਾਣੀ ਉਚਾਰਨ ਦੇ , ਇਕ ਸਾਂਝੇ ਨਿਯਮ ਨੂੰ ਹੀ ਨਹੀਂ ਮਿਥ ਸਕੇ। ਹਰ ਡੇਰੇ,ਹਰ ਟਕਸਾਲ ਹੀ ਨਹੀਂ ਹਰ ਗੁਰਦਵਾਰੇ ਵਿਚ ਅਪਣੇ ਢੰਗ ਨਾਲ ਗੁਰਬਾਣੀ ਦਾ ਉਚਾਰਨ ਹੁੰਦਾ ਹੈ। ਕਈ ਵਾਰ ਰੱਟਾ ਲਾਉਣ ਵਾਲੇ ਦੇ ਦਿਾਗ ਵਿਚ ਅਜਿਹੇ ਲਫਜ਼ ਪੱਕੇ ਹੁੰਦੇ ਹਨ, ਜਿਨ੍ਹਾਂ ਤੋਂ ਬਚਣ ਦਾ ਇਕੋ ਇਕ ਢੰਗ ਹੈ, ਸੰਗਤ ਵਿਚ ਗੁਰਬਾਣੀ ਵਿਚਾਰ, ਪਰ ਕੰਠ ਕਰਨ ਵਾਲਿਆਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੁੰਦਾ। ਅਣਭੋਲ ਹੀ ਬੰਦਾ ਗਲਤ ਉਚਾਰਨ ਕਰੀ ਜਾਂਦਾ ਹੈ। ਜਿਵੇਂ ਅਨੰਦੁ  ਵਿਚ ਲਿਖਿਆ ਹੈ, ‘ ਜਿਸ ਦੇਹਿ ਸੁ ਪਾਵਏ॥ ਪਰ ਲੋਕਾਂ ਨੂੰ ਆਮ ਪੜ੍ਹਦੇ ਵੇਖਿਆ ਜਾ ਸਕਦਾ ਹੈ ‘ ਜਿਸ ਦੇਵੇਂ ਸੋ ਪਾਵੇ ॥     ਅਤੇ ਤੁਕ ਹੈ ‘ ਚਤੁਰਾਈ ਨ ਪਾਇਆ ਕਿਨੈ, ਤੂ ਸੁਣਿ ਮੰਨ ਮੇਰਿਆ॥ ਪਰ  ਅਕਸਰ ਪੜ੍ਹਿਆ ਜਾਂਦਾ ਸੁਣੀਦਾ ਹੈ, ‘ਚਤੁਰਾਈ ਨ ਪਾਇਆ ਕਿਨੈ ਤੂ , ਸੁਣਿ ਮੰਨ ਮੇਰਿਆ॥ ਜਪੁ ਵਿਚ ਤੁਕ ਹੈ, ‘ ਸੋਈ ਸੋਈ ਸਦਾ ਸਚੁ , ਸਾਹਿਬ ਸਾਚਾ , ਸਾਚੀ ਨਾਈ ॥ ਪਰ ਆਮ ਬੰਦਾ ਹੀ ਨਹੀਂ, ਅਪਣੇ ਆਪ ਨੂੰ ਮਹਾਨ ਵਿਦਵਾਨ ਅਖਵਾਉਣ ਵਾਲੇ ਵੀ ਟੀ.ਵੀ. ਤੇ ‘ ਸੋਈ ਸੋਈ ਸਦਾ ਸਚੁ ਸਾਹਿਬ , ਸਾਚਾ ਸਾਚੀ ਨਾਈ ॥ ਪੜ੍ਹਦੇ ਵੇਖੇ ਜਾ ਸਕਦੇ ਹਨ।
               ਇਹ ਤਾਂ  ਉਹ ਉਚਾਰਨ ਹਨ ਜਿਨ੍ਹਾਂ ਨਾਲ ਸਿਧਾਂਤਕ ਬੜਾ ਥੋੜ੍ਹਾ ਫਰਕ ਪੈਂਦਾ ਹੈ, ਪਰ ਕੁਝ ਅਜਿਹੇ ਉਚਾਰਨ ਰੋਜ਼ ਸੁਣੀਂਦੇ ਹਨ ਜਿਨ੍ਹਾਂ ਨਾਲ ਸਿਧਾਂਤ ਬਿਲਕੁਲ ਵਿਗੜ ਜਾਂਦਾ ਹੈ, ਜਿਵੇਂ ਸੁਖਮਨੀ ਵਿਚ ਤੁਕ ਹੈ, ‘ ਲਾਖ ਕਰੋਰੀ ਬੰਧੁ ਨ ਪਰੈ ॥ (264 )  ਪਰ ਆਮ ਬੰਦੇ ਪੜ੍ਹਦੇ ਸੁਣੇ ਜਾ ਸਕਦੇ ਹਨ ‘ ਲਾਖ ਕਰੋਰੀ ਬੰਧਨ ਪਰੇ ॥             ਅਤੇ ਇਹ ਤਾਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਮਹਾਨ ਕੀਰਤਨੀਆਂ ਦੇ ਮੂੰਹੋਂ, ਆਰਤੀ ਵੇਲੇ ਆਮ ਸੁਣਿਆ ਜਾਂਦਾ ਹੈ ‘ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪ ਨ ਦੇਹੁ ਤ ਲੇਹੁ ਮੰਗੇ ॥  (656) ਕੁਝ ਥੋੜ੍ਹਾ ਸੁਲਝੇ ਹੋਏ ਰਾਗੀ ਪੜ੍ਹਦੇ ਹਨ ‘ ਮਾਧੋ ਕੈਸੀ ਬਨੈ ਤੁਮ ਸੰਗੇ ਆਪ ਨ ਦੈਹੁ ਤ ਲੇਵਉ ਮੰਗੇ ॥  ਜਿਸ ਦਾ ਮਤਲਬ ਬਣਦਾ ਹੈ , ਹੇ ਪ੍ਰਭੂ ਤੇਰੇ ਨਾਲ ਮੇਰੀ ਏਨੀ ਗੂੜ੍ਹੀ ਸਾਂਝ ਬਣ ਆਵੇ ਕਿ ਜੇ ਤੂੰ ਮੈਨੂੰ ਆਪ ਨਾ ਦੇਵੇਂ ਤਾਂ ਤੂੰ ਹੀ ਮੰਗ ਲਏ । ਕੋਈ ਬਹੁਤ ਵਿਰਲਾ ਹੀ ਪੜ੍ਹਦਾ ਹੈ, ‘ ਮਾਧੋ ਕੈਸੀ ਬਨੇ ਤੁਮ ਸੰਗੇ ॥ ਆਪ ਨ ਦੇਹੁ ਤ ਲੇਵਉਂ ਮੰਗੇ ॥  ਲੇਵਉਂ ਦੀ ਬਿੰਦੀ ਉਚਾਰਨ ਨਾਲ ਹੀ ਅਰਥ ਬਣਦੇ ਹਨ, ਹੇ ਪ੍ਰਭੂ ਤੇਰੇ ਨਾਲ ਮੇਰੀ ਏਨੀ ਗੂੜ੍ਹੀ ਸਾਂਝ ਬਣ ਆਵੇ, ਕਿ ਜੇ ਤੂੰ ਮੈਨੂੰ ਆਪ ਨਾ ਦੇਵੇਂ ਤਾਂ ਮੈਂ ਆਪ ਤੇਰੇ ਕੋਲੋਂ ਮੰਘ ਲਵਾਂਗਾ । ਵੇਦਾਂਤੀ ਜੀ ਆਪ ਮੰਨਦੇ ਹਨ ਕਿ ਦਰਬਾਰ ਸਾਹਿਬ ਵਿਚ ਰਹਿਰਾਸ ਦਾ ਪਾਠ ਕਰਨ ਵਾਲੇ ਦਰਜਣਾਂ ਗਲਤੀਆਂ ਕਰਦੇ ਹਨ।                                
          ਕੀ ਇਹ , ਬਾਣੀ ਕੰਠ ਕਰਨ ਵਾਲੇ ਬੱਚੇ, ਇਨ੍ਹਾਂ ਨਿਤ ਗਲਤ ਪੜ੍ਹਨ ਵਾਲਿਆਂ ਤੋਂ ਸੇਧ ਲੈਣਗੇ ਜਾਂ ਜੋ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਹਨ, ਉਨ੍ਹਾਂ ਕੋਲੋਂ ? ( ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਸੌ ਵਾਰੀ ਤੋਂ ਵੱਧ ਲਿਖੇ, ਮੁਢਲੇ ਉਪਦੇਸ਼ ( ਮੂਲ ਮੰਤਰ ) ਦੀ ਅੱਜ ਤਕ ਸਮਝ ਨਹੀਂ ਆਈ, ਕਿ ਇਹ ਗੁਰ ਪ੍ਰਸਾਦਿ ਤਕ ਹੈ । ਉਹ ਇਹ ਹੀ ਪਰਚਾਰ ਰਹੇ ਹਨ ਕਿ ਇਹ ਹੋਸੀ ਭੀ ਸਚ ਤਕ ਹੈ । ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਇਕ ਵਾਰੀ ਲਿਖੀ ਗੱਲ ਦੀ ਕੀ ਸਮਝ ਆ  ਸਕਦੀ ਹੈ ? )                              
           ਆਉ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲਈਏ ਕਿ ਗੁਰਬਾਣੀ ਦਾ ਕੀ ਕਰਨਾ ਹੈ ? ਕਿਉਂਕਿ ਕ੍ਰੋੜਾਂ ਰੁਪਏ ਖਰਚ ਕੇ ਟੀ. ਵੀ. ਰਾਹੀਂ ਸਥਾਪਤ ਹੋਏ ਬ੍ਰਹਮ ਗਿਆਨੀ, ਪੰਥ ਦਾ ਕੁਝ ਸਵਾਰਨ ਦੀ ਸਮਰਥਾ ਨਹੀਂ ਰਖਦੇ।    ਗੁਰਬਾਣੀ ਫੁਰਮਾਨ ਹੈ,
               ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥  (148)
        ਗੁਰੂ ਸਾਹਿਬ ਕਹਿੰਦੇ ਹਨ, ਖਾਲੀ ਪੜ੍ਹਨ ਨਾਲ, ਗੁਰਬਾਣੀ ਦੇ ਭੇਦ, ਪਰਮਾਤਮਾ ਅਤੇ ਉਸ ਦੀ ਰਚਨਾ ਬਾਰੇ ਸੋਝੀ ਨਹੀ ਹੋ ਸਕਦੀ, ਇਸ ਸੋਝੀ ਲਈ ਤਾਂ ਗੁਰਬਾਣੀ ਨੂੰ ਸਮਝਣਾ, ਬੁੱਝਣਾ ਪਵੇਗਾ ।
         ( ਇਨ੍ਹਾਂ ਮਹਾਂ ਪੁਰਸ਼ਾਂ ਦੀ ਤਾਂ ਸਿਖਿਆ ਹੈ ਕਿ ਬੁਝਣਾ ਤਾਂ ਦੂਰ, ਸੁਚੇਤ ਹੋ ਕੇ ਪੜ੍ਹਨ ਦੀ ਵੀ ਲੋੜ ਨਹੀਂ, ਬਸ ਕੰਠ ਕਰੋ ਅਤੇ ਗਿਣਤੀਆਂ ਮਿਣਤੀਆਂ ਵਿਚ ਰੱਟਾ ਲਾਉ।)                       
           ਗੁਰੂ ਸਾਹਿਬ ਤਾਂ ਕਹਿੰਦੇ ਹਨ,
        ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
        ਮਨਮੁਖ ਹਰਿ ਹਰਿ ਕਰਿ ਥਕੇ ਮੈਲ ਨ ਸਕੀ ਧੋਇ 
॥  ( 39 )                                                           
     ਹੇ ਮੇਰੇ ਮਨ ਗੁਰ (ਸ਼ਬਦ) ਦੀ ਸਰਨ ਲੈ ਕੇ ਗੁਰਮੁਖ ਹੋਇਆਂ ਹੀ, ਹਉਮੈ ਦੀ ਮੈਲ ਦੂਰ ਹੁੰਦੀ ਹੈ । ਗੁਰੂ ਦੀ ਸਰਨ ਲਏ ਬਗੈਰ , ਮਨਮੁਖ ਬੰਦੇ ਸਾਰੀ ਉਮਰ ਹਰੀ ਹਰੀ ਕਰਦੇ ( ਗੁਰਬਾਣ ਦਾ ਤੋਤਾ ਰਟਣ ਕਰਦੇ ) ਥਕ ਜਾਂਦੇ ਹਨ, ਪਰ ਮਨ ਤੋਂ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ, ਅਤੇ ਮਨ ਤੋਂ ਹਉਮੈ ਦੀ ਮੈਲ ਦੂਰ ਹੋਇ ਬਗੈਰ ਵਾਹਿਗੁਰੂ ਨਾਲ ਸਾਂਝ ਨਹੀਂ ਪੈਂਦੀ ।
                ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ,  ਗੁਰ ਕੀ , ਗੁਰੂ ਦੀ ਸਰਨ ਲੈਣ, ਗੁਰੂ ਦੀ ਸੇਵਾ ਬਾਰੇ ਵੀ ਜਾਣ ਲਈਏ । ਗੁਰ ਫੁਰਮੳਨ ਹੈ, 
               ਗੁਰ ਕੀ ਸੇਵਾ ਸਬਦੁ ਵਿਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥    (223)
     ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਗੁਰੂ (ਸ਼ਬਦ) ਦੀ ਸੇਵਾ, ਉਸ ਦੀ ਵਿਚਾਰ ਕਰਨਾ ਹੀ ਹੈ। ਜਿਸ ਦਾ ਉਤਮ ਫਲ ਇਹ ਮਿਲਦਾ ਹੈ ਕਿ ਮਨ ਵਿਚੋਂ ਹਉਮੈ ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ । ਇਸ ਅਨੁਸਾਰ ਸ਼ਬਦ ਨੂੰ ਵਿਚਾਰੇ ਬਗੈਰ ਕੰਠ ਕਰਨਾ, ਰੱਟੇ ਲਾਉਣੇ, ਗਿਣਤੀਆਂ ਮਿਣਤੀਆਂ ਵਿਚ ਪੜ੍ਹਨਾ। ਗੁਰੂ ਨੂੰ ਸ਼ਬਦ ਦੀ ਥਾਂ, ਦੇਹ ਸਮਝ ਕੇ, ਗਰਮੀਆਂ ਵਿਚ ਉਸ ਲਈ ਏ. ਸੀ.,ਕੂਲਰ ਲਾਉਣੇ,ਸਰਦੀਆਂ ਵਿਚ ਉਸ ਉਤੇ ਗਰਮ ਰੁਮਾਲੇ, ਰਜਾਈਆਂ ਦੇਣੀਆਂ, ਮਨਮਤ ਅਨੁਸਾਰੀ ਫੋਕਟ ਕਰਮਾ ਤੋਂ ਵੱਧ ਕੁਝ ਵੀ ਨਹੀਂ। ਬੰਦਾ ਫੋਕਟ ਕਰਮਾ ਵਿਚ ਹੀ ਅਮੁਲਾ ਮਨੁੱਖੀ ਜਨਮ ਬਰਬਾਦ ਕਰ ਕੇ, ਪਛਤਾਉਂਦਾ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ।         ਗੁਰ ਫੁਰਮਾਨ ਹੈ,
             ਮਾਹਾ  ਰੁਤੀ ਸਭ ਤੂੰ ਘੜੀ  ਮੂਰਤ  ਬੀਚਾਰਾ  ॥
             ਤੂੰ  ਗਣਤੈ ਕਿਨੈ ਨ ਪਾਇਓ ਸਚੇ  ਅਲਖ ਅਪਾਰਾ ॥
             ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ 
             ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ
॥  (140)
      ਹੇ ਕਰਤਾਰ, ਸਭ ਮਹੀਨਿਆਂ, ਰੁਤਾਂ ਵਿਚ ਤੇਰੀ ਹੋਂਦ ਇਕੋ ਜਿਹੀ ਹੈ, ਸੋ ਕਿਸੇ, ਵੇਲੇ ਵਕਤ ਦਾ ਵਿਚਾਰ ਕੀਤੇ ਬਗੈਰ, ਹਰ ਪਲ, ਹਰ ਮਹੂਰਤ ਵਿਚ ਤੇਰੀ ਵਿਚਾਰ ਇਕੋ ਜਿਹੀ ਫਲਦਾਈ ਹੈ । ਹੇ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ, ਗਿਣਤੀਆਂ ਮਿਣਤੀਆਂ ਆਸਰੇ ਤੈਨੂੰ ਕਿਸੇ ਨਹੀਂ ਪਾਇਆ, ( ਭਾਂਵੇਂ ਉਸ ਨੂੰ 10 ਬਾਣੀਆਂ ਜ਼ਬਾਨੀ ਯਾਦ ਹੋਣ, ਜਾਂ 60।ਜਾਂ ਪੂਰਾ ਗੁਰੂ ਗ੍ਰੰਥ ਸਾਹਿਬ ।) ਗਿਣਤੀਆਂ ਮਿਣਤੀਆਂ ਆਸਰੇ ਤੈਨੂੰ ਪਾਉਣ ਦੇ ਚਾਹਵਾਨ ਨੂੰ, ਜਾਂ ਦੂਸਰਿਆਂ ਨੂੰ ਨਗਿਣਤੀਆਂ ਮਿਣਤੀਆਂ ਦੇ ਚੱਕਰ ਵਿਚ ਪਾਉਣ ਵਾਲੇ ਨੂੰ ਮੂਰਖ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਉਸ ਦੇ ਮਨ ਵਿਚ ਲਾਲਚ,ਲੋਭ ਅਤੇ ਹੰਕਾਰ ਹੀ ਹੁੰਦਾ ਹੈ। ( ਜੋ ਭੋਲੇ ਭਾਲੇ ਬੱਚਿਆਂ ਨੂੰ ਲਾਲਚ ਵਿਚ ਫਸਾ ਕੇ ਕੁਰਾਹੇ ਪਾ ਰਿਹਾ ਹੈ,ਉਹ ਇਹ ਸਾਰਾ ਕੁਝ ਵੀ, ਕਿਸੇ ਲੋਭ ਅਧੀਨ ਹੀ ਕਰ ਰਿਹਾ ਹੈ।)
  ਗੁਰੂ ਦੀ ਮੱਤ ਅਨੁਸਾਰ, ਵਿਚਾਰ ਕੇ, ਪ੍ਰਭੂ ਦੇ ਨਾਮ ਬਾਰੇ ਜਾਨਣਾ ਚਾਹੀਦਾ ਹੈ, ਸਮਝਣਾ (ਬੁਝਣਾ) ਚਾਹੀਦਾ ਹੈ।                   
           ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦੀ ਮੱਤ ਕੀ ਹੈ ?
       ਗੁਰ ਫੁਰਮਾਨ ਹੈ,
              ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥  
              ਪੜਹਿ  ਗੁਣਹਿ ਤੂੰ  ਬਹੁਤੁ  ਪ੍ਰਕਾਰਹਿ  ਵਿਣੁ  ਬੂਝੇ  ਤੂੰ  ਡੂਬਿ  ਮੁਆ
॥    ( 435 )                               
       ਹੇ ਮੂਰਖ ਤੂੰ ਕਾਮ ਵਾਸਨਾ ਵਿਚ, ਕ੍ਰੋਧ ਵਿਚ ਫਸ ਕੇ ਕੁਰਾਹੇ ਪਿਆ, ਭਟਕ ਰਿਹਾ ਹੈਂ। ਤੂੰ ਧਰਮ ਪੁਸਤਕਾਂ ਪੜ੍ਹਦਾ ਹੈਂ, ੳਨ੍ਹਾਂ ਨੂੰ ( ਅਪਣੇ ਨਿੱਜ ਸਵਾਰਥ ਨੂੰ ਮੁੱਖ ਰਖ ਕੇ ) ਵਿਚਾਰਦਾ ਵੀ ਹੈਂ, ਫਿਰ ੳਨ੍ਹਾਂ ਵਿਚਾਰਾਂ ਨੂੰ ਉੱਚੀ ਉੱਚੀ, ਹਰ ਸਾਧਨ ਨਾਲ ਪਰਚਾਰਦਾ ਵੀ ਹੈਂ। ਪਰ ਧਾਰਮਕ ਪੁਸਤਕਾਂ ( ਗੁਰੂ ਗ੍ਰੰਥ ਸਾਹਿਬ )ਦੀ ਅਸਲੀਅਤ ਨੂੰ ਸਮਝੇ ਬਗੈਰ, ਤੂੰ ਲਾਲਚ ਵਿਚ ਡੁਬ ਕੇ ਆਤਮਕ ਮੌਤੇ ਮਰ ਚੁੱਕਾ ਹੈਂ।              ਅਤੇ
              ਪੜਹਿ ਮਨਮੁਖ ਪਰੁ ਬਿਧਿ ਨਹੀਂ ਜਾਨਾ ॥ ਨਾਮ ਨ ਬੂਝਹਿ ਭਰਮਿ ਭੁਲਾਨਾ ॥   (1032 )
       ਮਨਮੁਖ ਬੰਦੇ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਵੀ ਹਨ, ਪਰ ਉਸ ਦੀ ਸਿਖਿਆ ਅਨੁਸਾਰ , ਜੀਵਨ ਢਾਲਣ ਦੀ ਕੋਸ਼ਿਸ਼ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਵਿਚ ਬਿਆਨ ਕੀਤੇ ਨਾਮ ਬਾਰੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਆਪ ਵੀ ਭਰਮ ਭੁਲੇਖਿਆਂ ਵਿਚ ਪਏ, ਦੂਸਰਿਆਂ ਨੂੰ ਵੀ ਭਰਮ ਭੁਲੇਖਿਆਂ ਵਿਚ ਫਸਾਉਣ ਦਾ ਉਪ੍ਰਾਲਾ ਕਰਦੇ ਹਨ।
        ਫਿਰ ਬਾਣੀ ਪੜ੍ਹ ਕੇ ਗਤ ਕਿਸ ਦੀ ਹੁੰਦੀ ਹੈ ? ਪਰਮਾਤਮਾ ਦੀ ਦਰਗਾਹ ਵਿਚ ਪਰਵਾਨ ਕੌਣ ਹੁਂਦਾ ਹੈ ?
              ਪੜਿਆ ਬੂਝੈ ਸੋ ਪਰਵਾਣੁ ॥ ਜਿਸ ਸਿਰ ਦਰਗਹ ਕਾ ਨੀਸਾਣੁ ॥   ( 662     
        ਉਸੇ ਦਾ ਪੜ੍ਹਿਆ ਹੋਇਆ ਪਰਵਾਣ ਹੁੰਦਾ ਹੈ, ਜੋ ਪੜ੍ਹੇ ਨੂੰ ਵਿਚਾਰਦਾ, ਸਮਝਦਾ ਹੈ। ( ਰੱਟਾ ਲਾਉਣ ਵਾਲਿਆਂ ਦਾ ਨਹੀਂ ) ਉਸ ਦੇ ਮੱਥੇ ਤੇ, ਭਾਗਾਂ ਵਿਚ ਹੀ ਪ੍ਰਭੂ ਦੀ ਦਰਗਾਹ ਵਿਚ ਪਰਵਾਣ ਹੋਣ ਦੇ ਲੇਖ ਲਿਖ ਹੁੰਦੇ ਹਨ।         ਅਤੇ,
              ਜਿਨ ਕੇ ਹਿਰਦੇ ਏਕੰਕਾਰੁ ॥ ਸਰਬ ਗੁਣੀ ਸਾਚਾ ਬੀਚਾਰੁ ॥
              ਗੁਰ ਕੈ ਭਾਣੈ ਕਰਮ ਕਮਾਵੈ ॥ ਨਾਨਕ ਸਾਚੇ ਸਾਚਿ ਸਮਾਵੈ
॥     ( 904 )
        ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਇਕ ਪਰਮਾਤਮਾ ਵਸਦਾ ਹੈ, ਸਾਰੇ ਗੁਣਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਨ੍ਹਾਂ ਦੀ ਸੁਰਤ ਦੇ ਵਿਚਾਰ ਦਾ ਕੇਂਦਰ ਬਣਿਆ ਰਹਿੰਦਾ ਹੈ । ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਸਾਰੇ ਕੰਮ ਕਰਦਾ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਹੈ।
      ਗੁਰਬਾਣੀ ਤਾਂ ਫੈਸਲਾ ਕਰਦੀ                                                           
     ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥       
     ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ
॥   (669)                                                                     ਹੇ ਭਾਈ, ਸ਼ਬਦ ਗੁਰੂ ਦੇ ਸਿੱਖ, ਸਾਰੇ ਗੁਰੂ ਦਰ ਤੇ ਅਕਾਲ ਦੀ ਪੂਜਾ ( ਭਗਤੀ ) ਕਰਨ ਆੳਂਦੇ ਹਨ, ਅਤੇ ਪਰਮਾਤਮਾ ਦੀ ਸਿਫਤ ਸਾਲਾਹ ਵਾਲੀ ਉੱਤਮ ਗੁਰਬਾਣੀ ਗਾਉਂਦੇ ਹਨ, ਪਰ ਕਰਤਾ ਪੁਰਖ, ਉਨ੍ਹਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਹੁਕਮ ਨੂੰ ਬਿਲਕੁਲ ਸੱਚ ਮੰਨ ਕੇ, ਉਸ ਅਨੁਸਾਰ ਅਪਣਾ ਜੀਵਨ ਢਾਲਿਆ ਹੈ।
        ਗੁਰੂ ਦੇ ਹੁਕਮ ਨੂੰ ਮੰਨਣ ਲਈ ਜ਼ਰੂਰੀ ਹੈ ਕਿ ਸ਼ਬਦ ਦੀ ਵਿਚਾਰ ਕੀਤੀ ਜਾਵੇ, ਉਸ ਨੂੰ ਸਮਝਿਆ ਜਾਵੇ।( ਨਾ ਕਿ ਕੰਠ ਕੀਤਾ ਜਾਵੇ, ਰੱਟਾ ਲਾਇਆ ਜਾਵੇ ) ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦ ਵਿਚਾਰ ਤੇ ਜ਼ੋਰ ਦਿੱਤਾ ਹੈ। ਗੁਰਬਾਣੀ ਕਿਸੇ ਅਜਿਹੇ ਢੰਗ ਨੂੰ ਮਾਨਤਾ ਨਹੀਂ ਦਿੰਦੀ, ਜੋ ਕਿਸੇ ਸ਼ਬਦ ਦੇ ਜ਼ਬਾਨੀ ਯਾਦ ਕਰਨ, ਗਿਣਤੀਆਂ ਮਿਣਤੀਆਂ ਵਿਚ ਉਸ ਦਾ ਰੱਟਾ ਲਾਉਣ, ਮਾਲਾ ਫੇਰਨ, ਭੇਖ ਬਨਾਉਣ ਆਦਿ ਕਰਮ ਕਾਂਡਾਂ ਤੇ ਟਿਕਿਆ ਹੋਵੇ। ਗੁਰਬਾਣੀ ਮੰਤ੍ਰਾਂ ਵਾਙ ਉਚਾਰਨ ਮਾਤ੍ਰ ਦੀ ਚੀਜ਼ ਨਹੀਂ ਹੈ। ਗੁਰਬਾਣੀ ਪੜ੍ਹਨੀ ਹੈ,ਵਿਚਾਰਨ ਲਈ। ਵਿਚਾਰਨੀ ਹੈ, ਸਮਝਣ ਲਈ। ਸਮਝਣੀ ਹੈ, ਜੀਵਨ ਵਿਚ ਢਾਲਣ ਲਈ।
        ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ,
               ਲੋਗੁ  ਜਾਨੈ  ਇਹੁ  ਗੀਤੁ  ਹੈ  ਇਹੁ  ਤਉ  ਬ੍ਰਹਮ  ਬੀਚਾਰ ॥      ( 335 )
        ਲੋਕ ਤਾਂ ਗੁਰਬਾਣੀ ਨੂੰ , ਸਧਾਰਨ ਜਿਹਾ ਗੀਤ ਸਮਝ ਕੇ , ਕੋਈ
ਇਸ ਨੂੰ ਕੰਠ ਕਰਨ ਵਿਚ ਹੀ ਲੱਗਾ ਹੋਇਆ ਹੈ, ਕੋਈ ਇਸ ਨੂੰ ਗਾਉਣ ਵਿਚ ਹੀ ਮਸਤ ਹੈ । ਏਥੋਂ ਤਕ ਕਿ ਗੁਰੂ ਸਾਹਿਬ ਤੋਂ ਵੱਧ ਸਿਆਣਿਆਂ, ਮਹਾਂ ਪੁਰਖਾਂ, ਬ੍ਰਹਮ ਗਿਆਨੀਆਂ ਨੇ ਤਾਂ ਸਿੱਖੀ ਦੇ ਕੇਂਦਰੀ ਅਸਥਾਨ ( ਦਰਬਾਰ ਸਾਹਿਬ ) ਦੀ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਇਸ ਥਾਂ ਸਿਰਫ ਗਾਇਣ ਕੀਤਾ ਜਾ ਸਕਦਾ ਹੈ,ਵਿਚਾਰ ਨਹੀਂ, ਅਤੇ ਉਹ ਵੀ ਇਹ ਕਹਿ ਕੇ ਕਿ ਇਹ ਮਰਯਾਦਾ ਗੁਰੂ ਅਰਜਨ ਪਾਤਸ਼ਾਹ ਨੇ ਆਪ ਸਥਾਪਤ ਕੀਤੀ ਹੈ । ਕੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਆਸ਼ੇ ਦੀ ਕੋਈ ਇਕ ਤੁਕ ਵੀ ਹੈ ? )  ਗੁਰੂ ਸਾਹਿਬ ਤਾਂ ਬਾਂਹ ਉਲਾਰ ਕੇ ਕਹਿ ਰਹੇ ਹਨ ਕਿ ਹੇ ਭਾਈ ਇਹ ਕੋਈ ਗੀਤ ਨਹੀਂ, ਇਹ ਤਾਂ ਬ੍ਰਹਮ ਦੀ, ਕਰਤਾਰ ਅਤੇ ਉਸ ਦੀ ਸ੍ਰਿਸ਼ਟੀ ਰਚਨਾ ਦੀ ਵਿਚਾਰ ਹੈ, ਉਸ ਦਾ ਗਿਆਨ ਹੈ, ਜੋ ਖਾਲੀ ਗਾਉਣ ਦੀ, ਰੱਟਾ ਲਾਉਣ ਦੀ ਚੀਜ਼ ਨਹੀਂ  ਬਲਕਿ ਵਿਚਾਰਨ ਅਤੇ ਸਮਝਣ ਦੀ ਚੀਜ਼ ਹੈ।
           ਗੁਰੂ ਸਾਹਿਬ ਤਾਂ ਗੁਰੂ ਅਤੇ ਸਿੱਖ ਦਾ ਸਬੰਧ , ਨਾਤਾ , ਇਨ੍ਹਾਂ ਲਫਜ਼ਾਂ ਵਿਚ ਸਪੱਸ਼ਟ ਕਰਦੇ ਹਨ,
               ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (943)
      ਸਿੱਖ ਦਾ ਗੁਰੂ ਸ਼ਬਦ , ਗਿਆਨ ਹੈ , ਕੋਈ ਸ੍ਰੀਰ ਨਹੀਂ , ਅਤੇ ਸ਼ਬਦ ਗੁਰੂ ਦਾ ਚੇਲਾ , ਸਿੱਖ ਵੀ ਕੋਈ ਸ੍ਰੀਰ ਨਹੀਂ ਬਲਕਿ , ਸ਼ਬਦ ਵਿਚਾਰ ਵਿਚ ਟਿਕੀ ਬੰਦੇ ਦੀ ਸੁਰਤ ਹੀ , ਗਿਆਨ ਗੁਰੂ , ਸ਼ਬਦ ਗੁਰੂ , ਦਾ ਸਿੱਖ ਹੈ ।
      ਸਿੱਖ ਕਦੋਂ ਇਹ ਗੱਲ ਸਮਝਣਗੇ ? ਕਦੋਂ ਤੋਤਾ ਰਟਣ , ਕੀਰਤਨ ਦਰਬਾਰਾਂ , ਚੇਤਨਾ ਮਾਰਚਾਂ , ਅਖੰਡ ਪਾਠਾਂ ਦੀਆਂ ਲੜੀਆਂ , ਵੇਹਲੜ ਸਾਧਾਂ ਦੇ ਥਾਪੜਿਆਂ ਤੋਂ ਜਾਨ ਛੁਡਾ ਕੇ , ਅਪਣੀ ਸੁਰਤ ਨੂੰ , ਸ਼ਬਦ ਵਿਚਾਰ ਵਿਚ ਜੋੜਨ ਗੇ ?
      ਸਿੱਖ ਇਤਿਹਾਸ ਦੇ ਚਮਤਕਾਰੀ ਕਾਰਨਾਮੇ , ਸਿੱਖਾਂ ਦੀ ਸੁਰਤ ਦੇ ਸ਼ਬਦ ਵਿਚਾਰ ਨਾਲ ਇਕ ਮਿਕ ਹੋਣ ਦਾ ਸਿੱਟਾ ਹਨ। ਕਿਸੇ ਪਖੰਡੀ ਸੰਤ ਦੇ ਥਾਪੜਿਆਂ , ਅਖੰਡ ਪਾਠਾਂ ਦੀਆਂ ਲੜੀਆਂ , ਜ਼ਬਾਨੀ ਕੰਠ ਕਰਨ , ਚੇਤਨਾ ਮਾਰਚਾਂ , ਕੀਰਤਨ ਦਰਬਾਰਾਂ ਜਾਂ ਤੋਤਾ ਰਟਨ ਦਾ ਸਿੱਟਾ ਨਹੀਂ ਹਨ ।
                         ਅਮਰ ਜੀਤ ਸਿੱਘ ਚੰਦੀ
                               16-6-2001                                               
                         ਫੋਨ: 95685 41414         

      ਨੋਟ : ਇਸ ਤੋਂ ਅਗਲਾ ਉਪ੍ਰਾਲਾ ਜੋ ਸ਼ੁਰੂ ਹੋ ਚੁੱਕਾ ਹੈ , ਉਹ ਇਹ ਹੈ ਕਿ ਬੱਚੇ ( ਸਕੂਲੀ )  51000 ਵਾਰੀ ਕਾਗਜ਼ ਤੇ ਵਾਹਿਗੁਰੂ ਲਿਖਣ ਅਤੇ ਉਸ ਨੂੰ ਚਾਰ ਵਾਰੀ ਜ਼ਬਾਨੀ ਦੁਹਰਾਉਣ ਤਾਂ ਉਨ੍ਹਾਂ ਨੂੰ ਚਾਂਦੀ ਦਾ ਇਕ ਸਿੱਕਾ ਦਿੱਤਾ ਜਾਵੇਗਾ । ਜੋ ਬੱਚੇ ਇਕ ਲੱਖ ਵਾਰੀ ਲਿਖ  ਕੇ ਦੁਹਰਾਉਣ ਗੇ , ਉਨ੍ਹਾਂ ਨੂੰ ਇਸ ਤੋਂ ਵੱਡਾ ਇਨਾਮ ਦਿੱਤਾ ਜਾਵੇਗਾ ।                                                          
      ਵਿਾਰਨ ਵਾਲੀ ਗੱਲ ਹੈ ਕਿ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਘਟੋ ਘੱਟ ਸੌ ਘੰਟੇ ਦਾ ਸਮਾ , ਇਕ ਚਾਂਦੀ ਦੇ ਸਿੱਕੇ ਦੇ ਲਾਲਚ ਵਿਚ ਬਰਬਾਦ ਕਰਵਾਉਣ ਦਾ ਉਪ੍ਰਾਲਾ ਕਿਸ ਸੋਚ ਅਧੀਨ ਕੀਤਾ ਜਾ ਰਿਹਾ ਹੈ ? ਸਿੱਖ ਬੱਚੇ ਤਾਂ ਪਲਿਾਂ ਹੀ ਪੜ੍ਹਾਈ ਵਲੋਂ ਬਹੁਤ ਪੱਛੜੇ ਹੋੲੈ ਹਨ ।
                                        



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.