ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇ ਗੁਲਸਤਾਂ ਕਿਆ ਹੋਗਾ?
ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇ ਗੁਲਸਤਾਂ ਕਿਆ ਹੋਗਾ?
Page Visitors: 2476

 ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇ ਗੁਲਸਤਾਂ ਕਿਆ ਹੋਗਾ?              
     ਸਿੱਖੀ ਦੀ ਹਾਲਤ ਬਾਰੇ ਵਿਚਾਰ ਸ਼ੁਰੂ ਕਰਦਿਆਂ , ਇਸ ਤੋਂ ਵੱਧ ਵਾਜਬ ਤਸ਼ਬੀਹ ਲੱਭਣੀ ਬਹੁਤ ਮੁਸ਼ਕਿਲ ਹੈ।
ਜੇਕਰ ਸਾਨੂੰ ਸਿੱਖੀ ਦੇ ਸਹੀ ਰਾਹ ਤੇ ਚਲਣਾ ਹੈ ਤਾਂ ਸਾਨੂੰ ਉਸ ਥਾਂ ਹੀ ਵਾਪਸ ਮੁੜਨਾ ਪਵੇਗਾ, ਜਿਥੋਂ ਅਸੀਂ ਭਟਕੇ ਸੀ,ਜਾਂ ਇੰਞ ਵੀ ਕਿਹਾ ਜਾ ਸਕਦਾ ਹੈ ਕਿ ਜਿਥੋਂ ਸਾਨੂੰ ਭਟਕਾਇਆ ਗਿਆ ਸੀ। ਉਹ ਥਾਂ ਸਾਡੇ ਤੋਂ ਸਦੀਆਂ ਪਿਛੇ ਰਹਿ ਗਈ ਹੈ। ਸਾਨੂੰ ਉਸ ਥਾਂ ਮੁੜਨ ਲਈ, ਉਹ ਸਾਰੇ ਰਾਹ ਵਾਪਸ ਲੰਘਣੇ ਪੈਣਗੇ, ਜਿਨ੍ਹਾਂ ਥਾਣੀ ਅਸੀਂ ਅੱਜ ਵਾਲੀ ਥਾਂ ਪੁੱਜੇ ਹਾਂ। ਉਹ ਸਾਰੇ ਨਿਸ਼ਾਨ ਮਿਟਾਉਣੇ ਪੈਣਗੇ, ਜਿਨ੍ਹਾਂ ਤੇ ਲਿਖਿਆ ਤਾਂ ਹੋਇਆ ਸੀ “ਸਿੱਖੀ “ ਪਰ ਉਨ੍ਹਾਂ ਦੇ ਤੀਰਾਂ ਦੇ ਮੂੰਹ ਸਿੱਖੀ ਤੋਂ ਪੁੱਠੇ ਪਾਸੇ ਸਨ। ਅਜਿਹੇ ਨਿਸ਼ਾਨਾਂ ਦੀ ਪੱਕੀ ਪਛਾਣ ਕਰਨੀ ਪਵੇਗੀ ਤਾਂ ਜੋ ਮੁੜ ਉਨ੍ਹਾਂ ਦੇ ਬਹਿਕਾਵੇ ਵਿਚ ਆ ਕੇ ਭਟਕਣਾ ਨਾ ਪਵੇ।
        ਨਿਸ਼ਾਨ ਤਾਂ ਬਹੁਤ ਹਨ , ਜਿਨ੍ਹਾਂ ਆਸਰੇ ਅਸੀਂ ਤਿਨ ਸਦੀਆਂ, ਸਿੱਖੀ ਤੋਂ ਉਲਟ ਪਾਸੇ ਚੱਲੇ ਹਾਂ। ਬੜਾ ਲੰਮਾ ਪੈਂਡਾ ਹੈ, ਪਰ ਥੋੜ੍ਹੀ ਸਿਆਣਪ ਕੀਤਿਆਂ , ਛੇਤੀ ਹੀ ਉਸ ਥਾਂ ਪੁਜ ਜਾਵਾਂਗੇ।ਜੇ ਕਰ ਅਸੀਂ ਉਨ੍ਹਾਂ ਰਾਹਾਂ ਦੀ ਗੱਲ ਛੱਡ ਕੇ ਉਨ੍ਹਾਂ ਸਿਧਾਂਤਾਂ ਦੀ ਗੱਲ ਕਰੀਏ,ਜਿਨ੍ਹਾਂ ਕਾਰਨ ਅਸੀਂ ਭਟਕੇ ਸੀ , ਤਾਂ ਅਸੀਂ ਹੋਰ ਭਟਕਣੋ ਵੀ ਬਚਾਂਗੇ ਅਤੇ ਸਿੱਧਾ ਰਾਹ ਵੀ ਲੱਭ ਲਵਾਂਗੇ ।
        ਸਮਝਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਦੇ ਸਹੀ ਅਤੇ ਸਰਲ ਰਾਹ ਤੋਂ ਜਾਣੂ ਕਰਵਾਇਆ ਸੀ। ਅਪਣੀ ਨਿਗਰਾਨੀ ਵਿਚ ੳਨ੍ਹਾਂ ਰਾਹਾਂ ਤੇ 240 ਸਾਲ ਕਰੀਬ, ਆਪ ਤੋਰਿਆ ਵੀ ਸੀ। ਤਾਂ ਹੀ ਉਸ ਵੇਲੇ ਦੇ ਸਿੱਖਾਂ ਨੂੰ ਜ਼ਿੰਦਗੀ  ਦੀ ਮੰਜ਼ਿਲ ਦਾ ਪੂਰਾ ਗਿਆਨ ਸੀ, ਉਹ ਕਿਸੇ ਵੀ ਮੋੜ ਤੇ ਨਹੀਂ ਥਿੜਕੇ।     
        1708 ਵਿਚ ਗੁਰੂ ਸਾਹਿਬ ਸਿੱਖਾਂ ਨੂੰ , ਸਦੀਵੀ ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ, ਪਰ ਅਸੀਂ ਜ਼ਿਆਦਾ ਦਿਨ ਉਸ ਤੋਂ ਸੇਧ ਨਹੀਂ ਲੈ ਸਕੇ,ਅਤੇ ਭਟਕ ਗਏ।
         ਕਿਉਂ ?  ਇਹੀ ਵਿਚਾਰ ਦਾ ਅਸਲ ਵਿਸ਼ਾ ਹੈ।
         ਬ੍ਰਾਹਮਣ ਨੇ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਦੁਸ਼ ਪਰਚਾਰ ਸ਼ੁਰੂ ਕਰ ਦਿੱਤਾ ਸੀ, ਪਰ ਉਸ ਦਾ ਅਸਰ ਤਦ ਹੋਇਆ ਜਦ ਨਿਰਮਲਿਆਂ ਨੇ ਸਿੱਖਾਂ ਦੇ ਭੇਸ ਵਿਚ, ਇਹ ਪਰਚਾਰ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਕਰਨਾ ਸ਼ੁਰੂ ਕਰ ਦਿੱਤਾ। ਇਹੀ ਉਹ ਨਿਸ਼ਾਨ ਸਨ, ਜਿਨ੍ਹਾਂ ਤੇ ਲਿਖਿਆ ਤਾਂ ਹੋਇਆ ਸੀ” ਸਿੱਖੀ “ ਪਰ ਇਨ੍ਹਾਂ ਦੇ ਤੀਰਾਂ ਦੇ ਨਿਸ਼ਾਨ ਸਿੱਖੀ ਤੋਂ ਪੁੱਠੈ ਪਾਸੇ ਸਨ।
          ਆਉ ਜ਼ਰਾ ਇਸ ਪਰਚਾਰ ਤੇ ਇਕ ਝਾਤ ਮਾਰੀਐ। 
          ਗੁਰੂ ਨਾਨਕ ਜੀ ਕੁਰਾਹੀਏ ਸਨ ਇਹ ਗੱਲ ਤਾਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਲੁਕਵੇਂ  ਢੰਗ ਨਾਲ ਕਹੀ ਜਾਂਦੀ ਹੈ। ਪਰ ਜੋ ਗੱਲਾਂ ਬੜੇ ਮਾਣ ਨਾਲ ਕਹੀਆਂ ਜਾਂਦੀਆਂ ਹਨ, ਉਹ ਇਵੇਂ ਹਨ,
          ਗੁਰੂ ਨਾਨਕ ਜੀ ਦੀ ਵਡਿਆਈ ਇਹ ਸੀ ਕਿ ਉਨ੍ਹਾਂ ਦੇ ਸੌਣ ਵੇਲੇ , ਮੂੰਹ ਤੋਂ ਧੁੱਪ ਨੂੰ ਰੋਕਣ ਲਈ ਸੱਪ ਛਾਂ ਕਰਦਾ ਸੀ। ਧੁੱਪ ਤੋਂ ਬਚਾਉਣ ਲਈ, ਦਰੱਖਤ ਦੀ ਛਾਂ ਉਥੇ ਹੀ ਟਿਕੀ ਰਹਿੇੰਦੀ ਸੀ। ਗੁਰੂ ਨਾਨਕ ਜੀ ਅਪਣੀਆਂ ਮੱਝਾਂ ਤੋਂ ਕਿਸੇ ਕਿਸਾਨ ਦਾ ਖੇਤ ਚਰਾ ਕੇ, ਸ਼ਿਕਾਇਤ ਹੋਣ ਤੇ ਉਸ ਦਾ ਖੈਤ ਪਹਿਲਾਂ ਵਾਂਗ ਕਰਕੇ, ਉਸ ਨੂੰ ਝੂਠਾ ਕਰ ਸਕਦੇ ਸਨ।
ਗੁਰੂ ਨਾਨਕ ਜੀ, ਵੇਈਂ ਦੇ ਰਸਤੇ, ਕਿਸੇ ਭਗਵਾਨ ਦੇ ਅਖੌਤੀ ਦਰਬਾਰ ਵਿਚ ਜਾ ਕੇ,ਉਸ ਦੀ ਵਡਿਆਈ ਲਿਖ ਸਕਦੇ ਸਨ,ਅਤੇ ਭਗਵਾਨ ਜੀ ਕੋਲੋਂ ਅਗਾਂਹ ਲਈ ਹਦਾਇਤਾਂ ਲਿਆ ਸਕਦੇ ਸਨ। ਗੁਰੂ ਨਾਨਕ ਜੀ,ਬੇ-ਸੁਰਤੇ ਹੋ ਕੇ ਤੇਰਾਂ ਤੇਰਾਂ ਧਾਰਨਾਂ ਤੋਲਦੇ, ਨਵਾਬ ਦਾ ਗੁਦਾਮ ਲੁਟਾ ਸਕਦੇ ਸਨ,ਅਤੇ ਫਿਰ ਹਿਸਾਬ ਵੇਲੇ, ਉਸ ਗੋਦਾਮ ਨੂੰ ਪੂਰਾ ਵੀ ਕਰ ਸਕਦੇ ਸਨ।
ਗੁਰੂ ਨਾਨਕ ਜੀ ਮੱਕਾ ਫੇਰ ਸਕਦੇ ਸਨ। ਗੁਰੂ ਨਾਨਕ ਜੀ ਬਹਿਲੋਲ ਦੇ ਮੁੰਡੇ ਨੂੰ ਕਿਸੇ ਅਣਜਾਣ ਸਿਤਾਰੇ ਵਿਚੋਂ ਗਰਮ ਗਰਮ ਪ੍ਰਸ਼ਾਦ ਖਵਾ ਸਕਦੇ ਸਨ।
             ਇਹ ਹੈ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਹੁੰਦੀ ਬਾਬੇ ਨਾਨਕ ਦੀ ਵਡਿਆਈ । ਕੀ ਇਨ੍ਹਾਂ ਵਿਚੋਂ ਕਿਸੇ ਗੱਲ ਦੀ ਪੁਸ਼ਟੀ , ਗੁਰਬਾਣੀ ਸਿਧਾਂਤ ਦੁਆਰਾ ਵੀ ਹੁੰਦੀ ਹੈ ? ਜੇ ਨਹੀਂ ਤਾਂ ਕੀ ਗੁਰਦਵਾਰੇ,ਗੁਰਬਾਣੀ ਸਿਧਾਂਤ ਸਮਝਾਉਣ ਲਈ ਹਨ ਜਾਂ ਪੁਜਾਰੀਆਂ ਦੀਆਂ ਸਿਧਾਂਤ ਹੀਣ ਗੱਲਾਂ ਸੁਨਾਉਣ ਲਈ ?
                      ਆਉ ਗੁਰੂ ਅੰਗਦ ਸਾਹਿਬ ਦੇ ਗੁਰ ਗੱਦੀ ਦੀ ਪਰਖ ਬਾਰੇ ਵੀ ਜਾਣੀਏ,
             ਗੁਰੂ ਅੰਗਦ ਸਾਹਿਬ ਅਪਣੇ ਕੀਮਤੀ ਵਸਤਰਾਂ ਨਾਲ, ਪਾਣੀ ਚੋਂਦੇ ਘਾਹ ਦੀ ਪੰਡ ਚੁਕ ਸਕਦੇ ਸਨ। ਗੁਰੂ ਅੰਗਦ ਜੀ, ਮਰੀ ਹੋਈ ਚੂਹੀ ਹੱਥ ਨਾਲ ਚੁਕ ਸਕਦੇ ਸਨ। ਗੁਰੂ ਅੰਗਦ ਸਾਹਿਬ ਗੰਦ ਵਾਲੇ ਟੋਏ ਵਿਚ ਵੜ ਕੇ ਕਟੋਰਾ ਕੱਢ ਸਕਦੇ ਸਨ। ਗੁਰੂ ਅੰਗਦ ਸਾਹਿਬ ਮੁਰਦਾ ਖਾਣ ਨੂੰ ਤਿਆਰ ਹੋ ਸਕਦੇ ਸਨ।
            ਕੀ ਗੁਰੂ ਅੰਗਦ ਸਾਹਿਬ ਦੀ ਪਰਖ ਕਸਵੱਟੀ ਬਾਰੇ, ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਇਸ ਤੋਂ ਇਲਾਵਾ ਕੁਝ ਹੋਰ ਵੀ ਕਿਹਾ ਜਾਂਦਾ ਹੈ ਕੀ ਪੁਜਾਰੀ ਲਾਣਾ ਇਸ ਤਰ੍ਹਾਂ ਗੁਰੂ ਸਾਹਿਬ ਦੀ ਵਡਿਆਈ ਕਰ ਰਿਹਾ ਹੁੰਦਾ ਹੈ ਜਾਂ ਨਖੇਧੀ ? ਕੀ ਇਹੀ ਹਨ ਸਿੱਖ ਗੁਰੁੂ ਸਾਹਿਬ ਦੀ ਲਿਆਕਤ ਦੇ ਮਾਪ ਦੰਡ ?
                     ਆਉ ਇਨ੍ਹਾਂ ਪਰਚਾਰਕਾਂ ਕੋਲੋਂ ਗੁਰੂ ਅਮਰ ਦਾਸ ਜੀ ਬਾਰੇ ਵੀ ਕੁਝ ਜਾਣੀਏ,
             ਗੁਰੂ ਅਮਰ ਦਾਸ ਜੀ ਨਿਥਾਵੇਂ ਸਨ,ਇਸ ਨੁੂੰ ਯਾਦ ਕਰਵਾਉਣ ਲਈ ਅੱਜ ਵੀ ਮਹਾਨ ਪਰਚਾਰਕ, ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਗੁਰੂ ਜੀ ਬਾਰੇ ਅਮਰੂ ਨਥਾਵਾਂ ਕਹਿੰਦੇ ਸੁਣੇ ਜਾ ਸਕਦੇ ਹਨ।                             
             ਗੁਰੂ ਅਮਰ ਦਾਸ ਜੀ ਅੱਧੇ ਕਿਲੋਮੀਟਰ ਵਾਲੇ ਖੂਹ ਦੇ ਸਾਫ ਪਾਣੀ ਨੂੰ ਛੱਡ ਕੇ ,12 ਕਿਲੋਮੀਟਰ ਤੇ ਵਗਦੇ ਦਰਿਆ ਦਾ ਪਾਣੀ, ਅਪਣੇ ਗੁਰੂ ਦੇ ਇਸ਼ਨਾਨ ਲਈ ਲੈ ਕੇ ਆਉਂਦੇ ਸਨ,ਉਹ ਵੀ ਪੁੱਠੇ ਪੈਰੀਂ,ਤਾਂ ਜੋ ਗੁਰੁੂ ਵੱਲ ਪਿੱਠ ਨਾ ਹੋ ਜਾਵੇ। ਉਹ 70 ਸਾਲ ਦੀ ਉਮਰ ਵਿਚ ਵੀ ਏਨੇ ਬਲਵਾਨ ਸਨ ਕਿ ਜਦ ਹਨੇਰੀ ਝੱਖੜ ਵਿਚ ਪਾਣੀ ਲਿਆਉਂਦਿਆਂ, ਜੁਲਾਹੇ ਦੀ ਖੱਡੀ ਵਿਚ ਡਿਗ ਪਏ ਤਾਂ ਮੋਢੇ ਤੇ ਰੱਖੀ ਗਾਗਰ ਦਾ ਪਾਣੀ ਨਾ ਡੁਲ੍ਹਣ ਦਿੱਤਾ।
             ਕੀ ਇਹ ਪਰਚਾਰਕ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਕਹੇ ਮੁਤਾਬਕ ਜੋ ਸ਼ਖਸ ਗੁਰ ਗੁਦੀ ਮਿਲਣ ਤੋਂ ਪਹਿਲਾਂ ਅੱਧੀ ਰਾਤ ਵੇਲੇ ਦਰਿਆ ਤੇ ਕਪੜੇ ਧੋ ਕੇ ਲਿਆ ਸਕਦਾ ਸੀ, ਉਹ ਗੁਰੂ ਬਣਦਿਆਂ ਹੀ ਏਨਾ ਆਲਸੀ ਹੋ ਗਿਆ ਸੀ ਕਿ ਉਹ ਆਪ ਇਸ਼ਨਾਨ ਵੀ ਨਹੀਂ ਕਰ ਸਕਦਾ ਸੀ। ਜਦ ਕਿ ਉਸ ਨੇ ਗੁਰੁੂ ਬਣਦਿਆਂ ਹੀ ਸਿੱਖਾਂ ਦੀ ਸਿਹਤ ਵੱਲ ਖਾਸ ਧਿਆਨ ਕਰਦਿਆਂ ਅਖਾੜੇ ਬਣਵਾਏ ਸਨ।
              ਇਹੀ ਉਹ ਤੀਰ  ਹਨ , ਜਿਨ੍ਹਾਂ ਰਾਹੀਂ , ਸਿੱਖੀ ਦੇ ਭੇਖ ਵਿਚਲੇ ਨਿਸ਼ਾਨਚੀ, ਸਿੱਖਾਂ ਨੂੰ ਸਿੱਖੀ ਬਾਰੇ ਜਾਣਕਾਰੀ ਦਿੰਦੇ ਹਨ।
                     ਆਉ ਇਨ੍ਹਾਂ ਕੋਲੋਂ ਗੁਰੂ ਰਾਮ ਦਾਸ ਜੀ ਬਾਰੇ ਵੀ ਕੁਝ ਜਾਣੀਏ,
              ਭਾਈ ਜੇਠਾ ਜੀ (ਗੁਰੂ ਰਾਮ ਦਾਸ ਜੀ) ਛੋਟੀ ਉਮਰੇ ਅਨਾਥ ਹੋ ਗਏ ਸਨ, ਗਲੀਆਂ ਵਿਚ ਘੁੰਙਣੀਆਂ ਵੇਚਿਆ ਕਰਦੇ ਸਨ।ਇਕ ਵਾਰ ਜਦ ਗੁਰੂ ਅਮਰਦਾਸ ਜੀ ਅਪਣੇ ਮਹਲ,ਮਾਤਾ ਰਾਮੋ ਜੀ ਨਾਲ ਅਪਣੀ ਬੇਟੀ, ਬੀਬੀ ਭਾਨੀ ਜੀ ਦੇ ਵਿਆਹ ਬਾਰੇ ਵਿਚਾਰ ਕਰ ਰਹੇ ਸਨ,ਤਾਂ ਭਾਈ ਜੇਠਾ ਜੀ ਓਧਰ ਆ ਨਿਕਲੇ। ਮਾਤਾ ਜੀ ਦੇ ਕਹਿਣ ਤੇ ਕਿ ਲੜਕਾ ਇਹੋ ਜਿਹਾ ਹੋਣਾ ਚਾਹੀਦਾ ਹੈ,ਬੀਬੀ ਭਾਨੀ ਜੀ ਦੀ ਮੰਗਣੀ ਉਨ੍ਹਾਂ ਨਾਲ ਕਰ ਦਿੱਤੀ ਗਈ। ਗੁਰੂ ਅਮਰਦਾਸ ਜੀ ਦੇ ਕਹਣ ਤੇ ਅਪਣੇ ਸਾਂਢੂ ਦੇ ਮੁਕਾਬਲੇ ਤੇ ਥੜੇ ਬਣਾਉਂਦੇ ਰਹੇ।
             ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ, ਗੁਰੂ ਅਮਰਦਾਸ ਜੀ ਨੇ ਜਦ,ਵਰ ਮੰਗਣ ਲਈ ਕਿਹਾ ਤਾਂ ਬੀਬੀ ਭਾਨੀ ਜੀ ਨੇ ਅਪਣੇ ਪਤੀ ਭਾਈ ਜੇਠਾ ਜੀ ਲਈ, ਗੁਰ ਗੱਦੀ ਮੰਗ ਲਈ। ਇਸ ਤਰ੍ਹਾਂ ਭਾਈ ਜੇਠਾ ਜੀ ਚੌਥੇ ਗੁਰੂ, ਗੁਰੂ ਰਾਮਦਾਸ ਜੀ ਬਣ ਗਏ।
              ਇਹ ਹਨ ਗੁਰ ਗੱਦੀ ਲਈ ਪਰਖ ਕਸਵੱਟੀਆਂ, ਜੋ ਪੁਜਾਰੀ ਲਾਣਾ ਸਿੱਖਾਂ ਸਾਹਵੇਂ ਪੇਸ਼ ਕਰਦਾ ਹੈ। ਕੀ ਇਹ ਸਿੱਖਾਂ ਦੀਆਂ ਨਜ਼ਰਾਂ ਵਿਚ ਗੁਰੂ ਸਾਹਿਬ ਦੀ ਇਜ਼ਤ ਵਧਾਉਣ ਦੇ ਉਪਰਾਲੇ ਹਨ ਜਾਂ ਘਟਾਉਣ ਦੇ ? ਇਨ੍ਹਾਂ ਹਾਲਤਾਂ ਵਿਚ ਸਿੱਖ, ਚਤਰ ਚਲਾਕ ਡੇਰੇਦਾਰਾਂ (ਪੁਜਾਰੀ ਲਾਣੈ) ਨੂੰ ਗੁਰੁੂ ਸਾਹਿਬਾਂ ਨਾਲੋਂ ਵੱਧ ਮਾਨਤਾ ਕਿਉਂ ਨਾ ਦੇਣ ?
                    ਆਉ ਇਨ੍ਹਾਂ ਕੋਲੋਂ ਗੁਰੂ ਅਰਜਨ ਪਾਤਸ਼ਾਹ ਬਾਰੇ ਵੀ ਕੁਝ ਜਾਣੀਏ,
              ਗੁਰੂ ਅਰਜਨ ਸਾਹਿਬ ਨੇ ਛੋਟੇ ਹੁੰਦਿਆਂ, ਇਕ ਵਾਰੀ ਨਾਨਾ ਗੁਰੁੂ , ਗੂਰੂ ਅਮਰਦਾਸ ਜੀ ਦਾ ਮੰਜਾ ਬੜੇ ਜ਼ੋਰ ਨਾਲ ਹਿਲਾ ਦਿੱਤਾ।ਗੁਰੂ ਅਮਰਦਾਸ ਜੀ ਨੇ ਖੁਸ਼ ਹੋ ਕੇ ਵਰ ਦਿੱਤਾ “ ਦੋਹਤਾ, ਬਾਣੀ ਕਾ ਬੋਹਥਾ “ ਤਾਂ ਗੁਰੂ ਅਰਜਨ ਪਾਤਸ਼ਾਹ ਬਾਣੀ ਦੇ ਮਹਾਨ ਰਚਨਾਕਾਰ ਹੋ ਗਏ, ਅਤੇ ਮਗਰੋਂ ਇਸੇ ਖੂਬੀ ਕਰ ਕੇ ਪੰਜਵੇਂ ਗੁਰੂ ਬਣ ਗਏ।
              ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਸਿਧਾਂਤਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ , ਉਹ ਸਿਧਾਂਤ ਤਾਂ ਅਸੀਂ ਕਦੋਂ ਦੇ ਮਿੱਠੇ ਪਾਣੀ ਨਾਲ ਹਜ਼ਮ ਕਰ ਚੁਕੇ ਹਾਂ। ਹੁਣ ਤਾਂ ਉਨ੍ਹਾਂ ਦੀ ( ਸਿੱਖਾਂ ਦੇ ਕਰਦਾਰ ਨੂੰ ਵੇਖ ਕੇ) ਤਪਦੀ ਆਤਮਾ ਨੂੰ ਸ਼ਾਂਤ ਕਰਨ ਲਈ ਠੰਡੇ ਮਿੱਠੇ ਪਾਣੀ ਦਾ ਆਸਰਾ ਲੈਂਦੇ ਹਾਂ। ਉਨ੍ਹਾਂ ਵਲੋਂ ਝੱਲੇ,ਅਸਹਿ ਤੇ ਅਕਹਿ ਕਸ਼ਟਾਂ ਨੂੰ ਵੀ ਘੱਟੇ ਰੋਲਦਿਆਂ ਪਰਚਾਰਿਆ ਜਾਂਦਾ ਹੈ ਕਿ ਜਦ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ਤੇ ਪੈਰ ਧਰਿਆ ਤਾਂ ਸੜਦੀ ਬਲਦੀ ਤਵੀ ਠੰਡੀ ਸੀਤ ਹੋ ਗਈ। ( ਅੱਜ ਸਿੱਖਾਂ ਵਿਚ ਗੂਰੂ (ਸੰਤੁ) ਬਣੇ ਬੈਠੇ ਹਜ਼ਾਰਾਂ ਭੇਖੀਆਂ ਅਤੇ ਉਨ੍ਹਾਂ ਦੇ ਚੇਲਿਆਂ ਵਿਚੋਂ ਜੇ ਕਿਸੇ ਇਕ ਨੂੰ ਵੀ ਵਿਸ਼ਵਾਸ ਹੈ ਕਿ ਤਵੀ ਠੰਡੀ ਹੋ ਸਕਦੀ ਹੈ ਤਾਂ ਉਹ ਸਿੱਖੀ ਲਈ ਅਜਿਹਾ ਡਰਾਮਾ ਰਚ ਕੇ ਸਾਰਿਆਂ ਦਾ ਸਿਰਮੌਰ ਕਿਉਂ ਨਹੀਂ ਬਣ ਜਾਂਦਾ ?)
              ਗੁਰੂ ਅਰਜਨ ਸਾਹਿਬ ਪੁਕਾਰ ਪੁਕਾਰ ਕੇ ਕਹਿ ਰਹੇ ਹਨ,                        
                             ਗੁਝੀ ਛੰਨੀ ਨਾਹੀ ਬਾਤ  ॥ ਗੁਰੁ ਨਾਨਕ ਤੁਠਾ ਕੀਨੀ ਦਾਤ ॥     (396)     
           ਅਰਥਾਤ, ਹੇ ਨਾਨਕ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ,ਪਰਮਾਤਮਾ ਮਿਹਰਬਾਨ ਹੋਇਆ ਹੈ ਤਾਂ ਉਸ ਨੇ ਇਸ ਦਾਤ ਦੀ ਬਖਸ਼ਿਸ਼ ਕੀਤੀ ਹੈ। ਪਰ ਦੁਨੀਆ ਦਾ ਕੋਈ ਕੋਨਾ ਅਜਹਿਾ ਨਹੀਂ ਹੈ, ਜਿੱਥੇ ਇਹ ਕਹਾਣੀ ਨਾ ਸੁਣਾਈ ਜਾਂਦੀ ਹੋਵੇ ਕਿ ਗੁਰੂ ਅਰਜਨ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਪੁਤ੍ਰ ਦਾ ਵਰ ਲੈਣ ਲਈ ਭੇਜਿਆ ਅਤੇ (ਬੇ ਸ਼ਰਮੀ ਦੀ ਹੱਦ ਹੈ ) ਮਾਤਾ ਗੰਗਾ ਜੀ ਉਥੋਂ ਗਰਭਵਤੀ ਹੋ ਕੇ ਪਰਤੇ। ( ਜਦ ਬੱਚੇ ਅਪਣੀ ਮਾਂ ਬਾਰੇ ਅਜਿਹੀਆਂ ਗੱਲਾਂ ਸੁਣ ਕੇ ਬਰਦਾਸ਼ਤ ਕਰਨ ਦੇ ਆਦੀ ਹੋ ਜਾਣ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਅਜਿਹੇ ਬੱਚਿਆਂ ਵਿਚ ਅਣਖ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੇ ਅਜੇਹੀਆਂ ਕਹਾਣੀਆਂ ਸੁਨਾਉਣ ਵਾਲਿਆਂ  ਦੀ ਪੂਜਾ ਹੀ ਸ਼ੁਰੂ ਕਰ ਦੇਣ ਤਾਂ ਇਸ ਤੋਂ ਅਗਾਂਹ ਗਿਰਾਵਟ ਵਾਲੀ ਕੋਈ ਪੌੜੀ ਹੈ ਹੀ ਨਹੀਂ।
               ਗੁਰੂ ਅਰਜਨ ਪਾਤਸ਼ਾਹ, ਭਗਤ ਧੰਨਾ ਜੀ ਦੀ ਇਸ ਗੱਲ,
                              ਧੰਨੇ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥      (487)                  
                ਅਰਥਾਤ, ਮੈ ਧੱਨੇ ਨੇ ਪਰਮਾਤਮਾ ਦੇ ਜਨਾਂ,ਸੰਤਾਂ,ਸਤਸੰਗੀਆਂ ਨੂੰ ਮਿਲ ਕੇ, ਧਰਤੀ ਨੂੰ ਸਹਾਰਾ ਦੇਣ ਵਾਲੇ (ਪ੍ਰਭੂ) ਧਨ ਨੂੰ ਪਪਰਾਪਤ ਕੀਤਾ ਹੈ ਅਤੇ ਉਸ ਵਿਚ ਹੀ ਸਮਾ ਗਿਆ ਹਾਂ।         ਦੀ ਪ੍ਰੋੜਤਾ ਕਰਦੇ ਲਿਖਦੇ ਹਨ ਕਿ
ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਨ ਜੀ ਬਾਰੇ ਸੁਣ ਕੇ,                        
                                   ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
                                   ਮਿਲੈ  ਪ੍ਰਤਖਿ   ਗੁਸਾਈਆ    ਧੰਨਾ  ਵਡਭਾਗਾ ॥
          (488)     
   ਜੱਟ ਵੀ ਭਗਤੀ ਕਰਨ ਲਗ ਪਿਆ। ਭਗਤ ਧੰਨਾ ਵਡੇ ਭਾਗਾਂ ਵਾਲਾ ਸੀ ਉਸ ਨੂੰ ਪ੍ਰਤੱਖ ਰੂਪ ਵਿਚ ਧਰਤੀ ਦਾ ਮਾਲਿਕ ,ਪਰਮਾਤਮਾ  ਮਿਲ ਪਿਆ।                                
             ਪਰ ਗੁਰਦਵਾਰਿਆਂ ਦੀ ਸਟੇਜ ਤੋਂ ਕਦੇ ਇਹ ਗੱਲ ਨਹੀਂ ਕੀਤੀ ਜਾਂਦੀ। ਭਗਤ ਧੰਨਾ ਜੀ ਅਤੇ ਗੁਰੂੁ ਅਰਜਨ ਸਾਹਿਬ ਦੀ ਗੱਲ ਨੂੰ ਰੱਦ ਕਰਦਿਆਂ ਪੁਜਾਰੀ ਲਾਣਾ ਪਰਚਾਰ ਕਰਦਾ ਹੈ,ਕਿ ਧੰਨਾ ਜੱਟ ਰੋਜ਼ ਗਾਈਆਂ ਚਾਰਨ ਜਾਂਦਾ ਸੀ,ਰਸਤੇ ਵਿਚ ਉਹ ਬ੍ਰਾਹਮਣ ਨੂੰ ਠਾਕਰਾਂ (ਪੱਥਰਾਂ ) ਦੀ ਪੂਜਾ ਕਰਦਿਆਂ ਵੇਖਦਾ ਸੀ। ਉਸ ਨੇ ਬ੍ਰਾਹਮਣ ਨੂੰ ਪੁਛਿਆ ਕਿ ਇਹ ਕੀ ਕਰਦਾ ਹੈਂ ? ਤਾਂ ਬ੍ਰਾਹਮਣ ਨੇ ਕਿਹਾ ਕਿ ਮੈ ਠਾਕੁਰ ਦੀ ਸੇਵਾ ਕਰਦਾ ਹਾਂ, ਠਾਕੁਰ ਦੀ ਸੇਵਾ ਕੀਤਿਆਂ, ਬੰਦਾ ਜੈਸੀ ਇਛਾ ਕਰੇ, ਉਸ ਨੂੰ ਵੈਸਾ ਹੀ ਫੱਲ ਮਿਲ ਜਾਂਦਾ ਹੈ। ਧੰਨੇ ਨੇ ਬ੍ਰਾਹਮਣ ਨੂੰ ਇਕ ਠਾਕੁਰ (ਪੱਥਰ ) ਦੇਣ ਲਈ ਬੇਨਤੀ ਕੀਤੀ। ਬ੍ਰਾਹਮਣ ਨੇ ਇਕ ਪੱਥਰ, ਕਪੜੇ ਵਿਚ ਲਪੇਟ ਕੇ ਧੰਨੇ ਨੂੰ ਦੇ ਦਿੱਤਾ। ਧੰਨੇ ਨੇ ਪੱਥਰ ਨੂੰ ਨਵਾਲ (ਧੋ) ਕੇ,ਉਸ ਦੇ ਸਾਹਮਣੇ ਲੱਸੀ ਅਤੇ ਰੋਟੀ ਲਿਆ ਰੱਖੀ ਅਤੇ ਭੋਗ ਲਾਉਣ ਦੀ ਬੇਨਤੀ ਕੀਤੀ। ਜਦ ਪੱਥਰ ਨੇ ਭੋਗ ਨਾ ਲਾਇਆ ਤਾਂ ਧੰਨੇ ਨੇ ਕਿਹਾ ਜੇ ਤੂੰ ਭੋਗ ਨਹੀਂ ਲਾਵੇਂਗਾ ਤਾਂ ਮੈ ਵੀ, ਭੁੱਖਾ ਹੀ ਰਹਾਂਗਾ। ਇਸ ਤੇ ਭਗਵਾਨ ਨੇ ਦਿਆਲ ਹੋ ਕੇ ਪ੍ਰਤੱਖ ਦਰਸ਼ਨ ਦਿਤੇ, ਰੋਟੀ ਖਾਧੀ, ਲੱਸੀ ਪੀਤੀ। ਧੰਨੇ ਦਾ ਖੂਹ ਵੀ ਵਾਹਿਆ, ਕਿਆਰੇ ਵੀ ਮੋੜੇ, ਗਾਈਆਂ ਵੀ ਚਾਰੀਆਂ।
ਗੁਰਦਵਾਰਿਆਂ ਵਿਚਲੀ ਅਜਿਹੀ ਸਿਖਿਆ, ਕੀ ਗੁਰਮਤ ਨਾਲ ਜੋੜਦੀ ਹੈ ਜਾਂ ਮੂਰਤੀ ਪੂਜਾ ਨਾਲ ? 
             ਸਿੱਖ ਵਿਚਾਰੇ ਕੀ ਕਰਨ ? ਗੁਰਦਵਾਰਿਆਂ ਵਿਚੋਂ ਪਰਚਾਰ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹਨ। ਅਤੇ ਇਹ ਕੁੰਜੀ, ਦਸਵੀਂ ਵਾਰ ਦੀ ਤੇਰ੍ਹਵੀਂ ਪੌੜੀ ਵਿਚ ਪੁਜਾਰੀਆਂ ਦੀ ਇਸ ਗੱਲ  (ਕਿ ਪੱਥਰ ਵਿਚੋਂ ਭਗਵਾਨ ਨਿਕਲ ਕੇ ਪ੍ਰਤੱਖ ਦਰਸ਼ਨ ਵੀ ਦਿੰਦਾ ਹੈ, ਰੋਟੀ ਵੀ ਖਾਂਦਾ ਹੈ ਅਤੇ ਲੱਸੀ ਵੀ ਪੀਂਦਾ ਹੈ।) ਦੀ ਪੁਸ਼ਟੀ ਕਰਦੀ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨੀ ਜਾਵੇ ਜਾਂ ਕੁੰਜੀਆਂ ਦੀ ? 
                      ਗੁਰੂ ਦੇ ਸਿੱਖ ਨੂੰ ਤਾਂ ਗੁਰੂੁ ਗ੍ਰੰਥ ਸਹਿਬ ਜੀ ਦੀ ਗੱਲ ਹੀ ਮੰਂਨਣੀ ਬਣਦੀ ਹੈ।   
                  ਆਉ ਹੁਣ ਇਨ੍ਹਾਂ ਪਰਚਾਰਕਾਂ ਕੋਲੋਂ ਗੁਰੁੂ ਹਰਿ ਗੋਬਿੰਦ ਸਾਹਿਬ ਬਾਰੇ ਕੁਝ ਜਾਣੀਏ,
             ਗੁਰੂ ਹਰਿ ਗੋਬਿੰਦ ਜੀ ਦਾ ਤਾਂ ਜਨਮ ਹੀ ਗੁਰੂ ਬਨਣ ਲਈ ਹੋਇਆ ਸੀ, ਬਕੌਲ ਭਾਈ ਗੁਰਦਾਸ ਜੀ,                            
                                    ਚਲੀ ਪੀੜ੍ਹੀ ਸੋਢੀਆਂ ਰੂਪ ਵਿਖਾਵਣ ਵਾਰੋ ਵਾਰੀ।
                  ਅਨੁਸਾਰ ਜੇ (ਗੁਰੂੁ) ਹਰਿ ਗੋਬਿੰਦ ਜੀ ਦਾ ਜਨਮ ਨਾ ਹੁੰਦਾ ਤਾਂ ਗੁਰਗੱਦੀ ਪ੍ਰਿਥੀ ਚੰਦ ਦੇ ਮੁੰਡੇ ਮੇਹਰਬਾਨ ਨੂੰ ਮਿਲਣੀ ਸੀ। ( ਪਤਾ ਨਹੀਂ ਸਿੱਖੀ ਦੇ ਕਿਸ ਸਿਧਾਂਤ ਅਨੁਸਾਰ ਇਹ ਪਰਚਾਰਿਆ ਜਾਂਦਾ ਹੈ ? ਜਦ ਕਿ ਸਿੱਖੀ ਵਿਚ ਇਹੋ ਜੇਹੀ ਕੋਈ ਰੀਲ ਨਹੀਂ। ਸਿੱਖੀ ਦੀ ਸੇਵਾ ਕੋਈ ਗੁਰ ਗੱਦੀ ਨਹੀਂ। ਇਹ ਸੇਵਾ ਹੈ, ਮਿਲਦੀ ਵੀ ਉਸ ਨੂੰ ਹੈ ਜੋ ਲਾਇਕ ਹੋਵੇ। ਜੋ ਨਾਨਕ ਜੋਤ ਨਾਲ ਜੁੜ ਕੇ ਕਰਤਾਰ ਅਤੇ ਉਸ ਵੱਲੋਂ ਸਿਰਜੀ ਸ੍ਰਿਸ਼ਟੀ ਦੇ ਸਿਧਾਂਤ ਨੂੰ ਸਮਝ ਚੁੱਕਾ ਹੋਵੇ। ਪਹਿਲੀ ਜੋਤ ਨੇ, ਦੋ ਪੁਤ੍ਰਾਂ ਦੇ ਹੁੰਦਿਆਂ,ਇਹ ਸੇਵਾ ਭਾਈ ਲਹਿਣਾ ਜੀ ਨੂੰ ਬਖਸ਼ੀ ਸੀ। ਏਸੇ ਜੋਤ ਨੇ ਦੂਸਰੇ ਥਾਂ ਵੀ,ਦੋ ਪੁਤ੍ਰਾਂ ਦੇ ਹੁੰਦਿਆਂ ਇਹ ਸੇਵਾ ਬਾਬਾ ਅਮਰ ਦਾਸ ਜੀ ਨੂੰ ਬਖਸ਼ੀ ਸੀ, ਤੀਸਰੇ ਥਾਂ ਵੀ ਨਾਨਕ ਜੋਤ ਨੇ ਦੋ ਪੁਤ੍ਰਾਂ ਦੇ ਹੁੰਦਿਆਂ ਇਹ ਸੇਵਾ ਭਾਈ ਜੇਠਾ ਜੀ ਨੂੰ ਬਖਸ਼ੀ ਸੀ। ਚੌਥੇ ਥਾਂ ਵੀ ਨਾਨਕ ਜੋਤ ਨੇ ਇਹ ਮਹਿਸੂਸ ਕਰਦਿਆਂ ਕਿ (ਗੁਰੂੁ)ਅਰਜਨ ਸਾਹਿਬ ਇਸ ਸੇਵਾ ਨੂੰ ਨਿਭਾਉਣ ਦੇ ਸਮਰੱਥ ਹਨ, ਸੇਵਾ ਉਨ੍ਹਾਂ ਨੂੰ ਬਖਸ਼ੀ ਸੀ।(ਵੱਡਾ ਪੁਤ੍ਰ, ਜੋ ਦੁਨੀਆ ਦਾਰੀ ਵਿਚ ਚਤੁਰ ਸੀ ਉਸ ਦਾ ਵੀ ਲਿਹਾਜ਼ ਨਹੀਂ ਕੀਤਾ ਸੀ।) ਇਸ ਪਰਖ ਦੀ ਸਾਰਥਿਕਤਾ ਗੁਰੂ ਅਰਜਨ ਸਾਹਿਬ ਨੇ, ਬਾਣੀ ਦੀ ਸੰਭਾਲ ਕਰ ਕੇ ਅਤੇ ਸਿਧਾਂਤਾਂ ਦੀ ਰਾਖੀ ਲਈ ਅਪਣੀ ਸ਼ਹਾਦਤ ਦੇ ਕੇ ਕੀਤੀ ਸੀ।) 
                 ਅਜਿਹੀ ਹਾਲਤ ਵਿਚ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਜੇਕਰ ਗੁਰੂ ਅਰਜਨ ਸਾਹਿਬ ਦੇ ਘਰ ਪੁਤ੍ਰ ਨਾ ਪੈਦਾ ਹੁੰਦਾ ਤਾਂ ਇਹ ਸੇਵਾ ਮਿਹਰਵਾਨ ਨੂੰ ਹੀ ਮਿਲਣੀ ਸੀ। (ਪਰ ਦੁਸ਼ਮਣ ਗੱਲ ਕਰੇ ਅਣਹੋਈ।) ਜੇ ਮਿਹਰਵਾਨ ਇਸ ਸੇਵਾ ਦੇ ਲਾਇਕ ਹੁੰਦਾ ਤਾਂ ਇਹ ਸੇਵਾ ਯਕੀਨਨ ਉਸ ਨੂੰ ਹੀ ਮਿਲਣੀ ਸੀ। ਗੁਰਬਾਣੀ ਦੀ ਤਾਂ ਸਿਖਿਆ ਹੀ ਇਹ ਹੈ,                          
                             ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥             (1349)       
                 ਚਤੁਰ ਪੁਜਾਰੀ ਲਾਣੇ,(ਜਿਸ ਨੇ ਕਮਾਈ ਹੀ ਹੇਰਾ ਫੇਰੀਆਂ ਦੀ, ਲੋਕਾਂ ਨੂੰ ਧਰਮ ਦੇ ਨਾਂ ਤੇ ਕੁਰਾਹੇ ਪਾਉਣ ਦੀ ਖਾਣੀ ਹੈ।) ਜਿਸ ਤੋਂ ਭੋਲੇ ਲੋਕਾਂ ਦੀ ਜਾਨ ਛੁਡਾਉਣ ਲਈ ਨਾਨਕ ਜੋਤ ਨੇ ਦੋ ਸਦੀਆਂ ਤੋਂ ਵੱਧ ਸਮਾ ਲਾਇਆ ਸੀ, ਨੇ ਪਿੜ ਵੇਹਲਾ ਵੇਖ ਕੇ ,ਚਤੁਰਾਈ ਆਸਰੇ ਅਜਿਹਾ ਮਾਹੌਲ ਸਿਰਜ ਦਿੱਤਾ ਕਿ ਜੇਕਰ ਗੁਰੂ ਅਰਜਨ ਸਾਹਿਬ ਦੇ ਘਰ ਪੁਤ੍ਰ ਨਾ ਪੈਦਾ ਹੁੰਦਾ ਤਾਂ,ਗੁਰ ਗੱਦੀ ਮਿਹਰਵਾਨ ਨੂੰ ਮਿਲਣੀ ਸੀ, ਜੋ ਮਾਤਾ ਗੰਗਾ ਜੀ ਨੂੰ ਨਹੀਂ ਭਾਉੰਦਾ ਸੀ। ਇਸ ਦੀ ਆੜ ਵਿਚ ਪੁਜਾਰੀ ਨੇ ਸਿੱਖੀ ਵਿਚੋਂ ਰੱਦ ਕੀਤਾ ਵਰ-ਸਰਾਪ ਦਾ ਗੰਦ ਸਿੱਖੀ ਵਿਚ ਪਾ ਦਿੱਤਾ।  ਇਹ ਹਨ ਉਹ ਪ੍ਰਸੰਗ, ਜੋ ਆਮ ਕਰ ਕੇ ਸੰਗਤਾਂ ਨੂੰ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਸੁਨਣ ਨੂੰ ਮਿਲਦੇ ਹਨ।
                ਗੁਰੂੁ ਹਰਿ ਕ੍ਰਿਸ਼ਨ ਜੀ ਦੀ ਇਹ ਵਡਿਆਈ ਸੀ ਕਿ ਉਨ੍ਹਾਂ ਦਾ ਨਾਮ,ਭਗਵਾਨ ਕ੍ਰਿਸ਼ਨ ਜੀ ਨਾਲ ਮਿਲਦਾ ਸੀ, ਇਸੇ ਗੱਲ ਦਾ ਮਿਹਣਾ ਮਾਰ ਕੇ ਪੰਡਤ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੀਤਾ ਦੇ ਅਰਥ ਕਰਨ ਲਈ ਵੰਗਾਰਿਆ ਸੀ। ਗੁਰੂ ਜੀ ਨੇ ਇਕ ਬੋਲੇ ਗੂੰਗੇ ਦੇ ਸਿਰ ਤੇ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਵਾ ਦਿਤੇ। ਫਿਰ ਅੱਜ ਕਲ ਦੇ ਨੌਜਵਾਨ ਅਜੇਹੇ ਗੁਰੂਆਂ (ਸੰਤਾਂ) ਦੀ ਪੂਜਾ ਕਿਉਂ ਨਾ ਕਰਨ, ਜੋ ਉਨ੍ਹਾਂ ਨੂੰ ਬਿਨਾ ਪੜ੍ਹਿਆਂ, ਪਾਸ ਕਰਵਾਉਣ ਦਾ ਲਾਰਾ ਲਾ ਸਕਦੇ ਹੋਣ ?     ਗੁਰੂ ਸਾਹਿਬ ਤਾਂ ਗੋਲੀਆਂ ਦੇ ਕਪੜੇ ਪਾਈ ਰਾਣੀ ਪੁਸ਼ਪਾ ਨੂੰ ਵੀ ਪਛਾਣ ਸਕਦੇ ਸਨ।
                         ਆਉ ਪੁਜਾਰੀਆਂ ਕੋਲੋਂ ਗੁਰੂ ਤੇਗ ਬਹਾਦਰ ਜੀ ਬਾਰੇ ਵੀ ਕੁਝ ਜਾਣੀਏ।
               ਗੁਰੂ ਤੇਗ ਬਹਾਦਰ ਜੀ ਨੇ  ਸਿੱਖੀ ਸਿਧਾਂਤ,
                         ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤਿ ॥ (522)
          ਨੂੰ ਰੱਦ ਕਰਦਿਆਂ )ਭੋਰੇ ਵਿਚ 27 ਸਾਲ 9 ਮਹੀਨੇ 9 ਦਿਨ ਘੋਰ ਤਪੱਸਿਆ ਕੀਤੀ । ਭੋਰੇ ਵਿਚ ਬੈਠਿਆਂ ਹੀ, ਮੱਖਣ ਸ਼ਾਹ ਲੁਬਾਣੇ ਦਾ,ਸਮੁੰਦਰ ਵਿਚ ਡੁੱਬ ਰਿਹਾ ਜਹਾਜ਼, ਮੋਢਾ ਲਾ ਕੇ ਪਾਰ ਕੀਤਾ , ਜਿਸ ਕਾਰਨ ਮੋਢੇ ਤੇ ਜ਼ਖਮ ਹੋ ਗਿਆ ਸੀ। (ਜਦ ਕਿ ਮੱਖਣ ਸ਼ਾਹ ਲੁਬਾਣੇ ਨੇ, ਸਮੁੰਦਰ ਰਾਹੀਂ ਕਦੀ ਵਪਾਰ ਹੀ ਨਹੀਂ ਸੀ ਕੀਤਾ। ਉਹ ਗੱਡੀਆਂ, ਬਲਦਾਂ ਅਤੇ ਊਠਾਂ ਨਾਲ ਵਪਾਰ ਕਰਦਾ ,ਜਿਸ ਨੂੰ ਟਾਂਡਾ ਕਿਹਾ ਜਾਂਦਾ ਸੀ।ਲੱਖੀ ਸ਼ਾਹ ਵਣਜਾਰੇ ਦੇ ਅਜੇਹੇ ਟਾਂਡੇ ਦੀ ਮਦਦ ਨਾਲ ਹੀ ਚਾਂਦਨੀ ਚੌਂਕ ਵਿਚੋਂ ਗੁਰੂ  ਤੇਗ ਬਹਾਦਰ ਜੀ ਦਾ ਧੱੜ ਅਤੇ ਸੀਸ ਚੁਕਿਆ ਗਿਆ ਸੀ।) ਗੁਰੂ ਤੇਗ ਬਹਾਦਰ ਜੀ ਨੇ ਤਿਲਕ, ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ।( ਦੂਸਰੀਆਂ ਕੌਮਾਂ ਅਪਣੇ ਨਿਕੇ ਨਿਕੇ ਕਾਰਨਾਮਿਆਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੀਆਂ ਹਨ। ਸਿੱਖੀ ਵਿਚ ਹੀ, ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਲਈ ਦਿੱਤੀ ਪਹਿਲੀ ਸ਼ਹਾਦਤ ਨੂੰ , ਤਿਲਕ ਜੰਜੂ ਲਈ ਦਿੱਤੀ ਸ਼ਹਾਦਤ ਬਣਾਇਆ ਜਾਂਦਾ ਹੈ।) ਗੁਰੂ ਤੇਗ ਬਹਾਦਰ ਜੀ ਵੀ,ਅਪਣੇ ਮਹਲ ਮਾਤਾ ਗੁਜਰੀ ਜੀ ਨਾਲ ਪੁਤ੍ਰ ਦੀ ਚਾਹ ਵਿਚ ਹਿੰਦੂ ਤੀਰਥਾਂ ਦੇ ਇਸ਼ਨਾਨ ਅਤੇ ਬਰਾਹਮਣਾ ਨੂੰ ਦਾਨ ਕਰਦੇ,ਇਨ੍ਹਾਂ ਪੁਜਾਰੀਆਂ ਕੋਲੋਂ ਸੁਣੇ ਜਾ ਸਕਦੇ ਹਨ। ਜਦ ਕਿ ਸਿੱਖੀ ਵਿਚ ਇਨ੍ਹਾਂ ਨੂੰ ਰੱਦ ਕੀਤਾ ਗਿਆ ਹੈ।
                            ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਇਨ੍ਹਾਂ ਕੋਲੋਂ ਕੁਝ ਜਾਣੀਏ।
               ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ, ਕਿਸੇ ਕਲਪਤ ,ਹੇਮ ਕੁੰਡ ਵਾਲੀ ਥਾਂ ਤੇ ,ਬੇਅੰਤ ਯੁਗ ਘੋਰ ਤਪੱਸਿਆ ਕੀਤੀ , ਦੇਵੀ ਨੇ ਵਰ ਦਿੱਤਾ ਅਤੇ ਦੁਸਟ ਦਮਨ ਨਾਮ ਰੱਖਿਆ।    ਅਕਾਲ ਪੁਰਖ ਨੇ ਦੁਸਟ ਦਮਨ ਕੋਲ ਅਪਣਾ ਰੋਣਾ ਰੋਇਆ ਕਿ ਮੈਂ ਅੱਜ ਤਕ ਜਿੰਨੇ ਵੀ ਦੇਵੀ ਦੇਵਤੇ,ਦੈਂਤ,ਰਿਸ਼ੀ ਮੁਨੀ,ਪੀਰ ਪੈਗੰਬਰ,ਮਨੁੱਖ ਪੈਦਾ ਕੀਤੇ ਹਨ, ਕਿਸੇ ਨੇ ਮੇਰਾ ਕਿਹਾ ਨਹੀਂ ਮੰਨਿਆ। ਕੋਈ ਧਰਮ ਦੇ ਰਾਹ ਤੇ ਨਹੀਂ ਚਲਿਆ। ਮੈਂ ਤੈਨੂੰ ਅਪਣਾ ਪੁਤ੍ਰ ਬਣਾ ਕੇ ਧਰਤੀ ਤੇ ਭੇਜਦਾ ਹਾਂ, ਤੂੰ ਧਰਤੀ ਤੇ ਜਾ ਕੇ ਲੋਕਾਂ ਕੋਲੋਂ ਧਰਮ ਦੀ ਪਾਲਣਾ ਕਰਵਾ ਅਤੇ ਮੇਰਾ ਨਾਮ ਜਪਵਾ। ਅਰਥਾਤ ਉਹ ਜਮਾਂਦਰੂ ਗੁਰੂ ਸਨ, ਉਨ੍ਹਾਂ ਨੂੰ ਨਾਨਕ ਜੋਤ ਦੀ ਕੋਈ ਲੋੜ ਨਹੀਂ ਸੀ।( ਚਾਰਾਂ ਜੁਗਾਂ ਵਿਚ ਪੈਦਾ ਹੋਏ ਸਭ,ਰਿਸ਼ੀ ਮੁਨੀ,ਦੇਵੀ ਦੇਵਤੇ, ਦੈਂਤ, ਅਵਤਾਰ, ਪੀਰ ਪੈਗੰਬਰ, ਮਨੁੱਖ, ਸਾਰੇ ਅਧਰਮੀ ਸਨ। ਏਥੋਂ ਤਕ ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤਕ ਵੀ ਸਾਰੇ ਕਰਤਾਰ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਸਨ।)
              ਵਿਚਾਰਨ ਵਾਲੀ ਗੱਲ ਹੈ ਕਿ, ਕੀ ਗੁਰੂ ਬਣਨ ਲਈ ਇਹੀ ਮਾਪ ਦੰਡ ਸਨ ? ਜਾਂ ਗੁਰਬਾਣੀ ਨੂੰ ਜਾਨਣ ਸਮਝਣ, ਉਸ ਅਨੁਸਾਰ ਜੀਵਨ ਢਾਲਣ ਦੀ ਵੀ ਕੋਈ ਲੋੜ ਸੀ ? ਜੇ ਸੀ ਤਾਂ ਫਿਰ (ਪੁਜਾਰੀਆਂ ਦੇ ਪਰਚਾਰ ਅਨੁਸਾਰ) ਗੁਰੂ ਸਾਹਿਬਾਂ ਦੇ ਜੀਵਨ ਵਿਚੋਂ ਇਸ ਦੀ ਝਲਕ ਕਿਉਂ ਗਾਇਬ ਹੈ ? ਕੀ ਵਾਕਿਆ ਹੀ ਗੁਰੂ ਸਾਹਿਬ ਕਰਤਾਰ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਸਨ ? ਜਾਂ ਸਿੱਖਾਂ ਨੂੰ ਕੁਰਾਹੇ ਪਾਉਣ ਲਈ ਅਜਿਹਾ ਇਤਿਹਾਸ ਘੜਿਆ ਗਿਆ ਹੈ   ਜੇ ਜਾਣ ਬੁਝ ਕੇ ਅਜਿਹਾ ਇਤਿਹਾਸ ਘੜਿਆ ਗਿਆ ਹੈ,ਤਾਂ ਇਸ ਨੂੰ ਘੜਨ ਲਈ ਜ਼ਿਮੇਵਾਰ ਕੌਣ ਹੈ ? ਇਸ ਦਾ ਮਕਸਦ ਕੀ ਹੈ ? ਇਸ ਨਾਲ,ਘੜਨ ਵਾਲਿਆਂ ਦਾ,ਪਰਚਾਰਨ ਵਾਲਿਆਂ ਦਾ ਕੀ ਸੌਰਦਾ ਹੈ ?
                                       ਆਉ ਵਿਚਾਰੀਏ।         
               ਗੁਰਬਾਣੀ ਨੂੰ ਜੇ ਅਸੀਂ ਆਪ ਪੜ੍ਹੀਏ, ਵਿਚਾਰੀਏ,(ਏਥੇ ਇਕ ਗੱਲ ਸਮਝਣੀ ਜ਼ਰੂਰੀ ਹੈ ਕਿ ਗੁਰਬਾਣੀ ਦਾ ਸਿਧਾਂਤ, ਦੁਨੀਆ ਦੇ ਦੂਸਰੇ ਧਰਮਾਂ ਦੇ ਸਿਧਾਂਤਾਂ ਨਾਲੋਂ ਵੱਖਰਾ,ਕੁਦਰਤੀ ਨਿਯਮਾਂ ਦੀ ਸਚਾਈ ਤੇ ਅਧਾਰਿਤ ਹੈ। ਉਸ ਨੂੰ ਸਮਝਣ ਲਈ ਗੁਰਬਾਣੀ ਦੀ ਕਸਵੱਟੀ ਹੀ ਵਰਤੀ ਜਾ ਸਕਦੀ ਹੈ। ਦੂਸਰੇ ਧਰਮ ਸਿਧਾਂਤਾਂ , ਹੋਰ ਗ੍ਰੰਥਾਂ, ਕੁੰਜੀਆਂ ਦੀਆਂ ਕਸਵੱਟੀਆਂ ਇਸ ਦੇ ਨਿਰਮਲ ਸਿਧਾਂਤਾਂ ਨੂੰ ਸਮਝਾਉਣ ਦੀ ਥਾਂ, ਇਸ ਤੋਂ ਥਿੜਕਾਉਣ ਦਾ ਕਾਰਨ ਹੀ ਬਣਦੀਆਂ ਹਨ।) ਤਾਂ ਉਸ ਵਿਚ ਸਪੱਸ਼ਟ ਤੌਰ ਤੇ ਕਰਮ ਕਾਂਡਾਂ ਦੀ ਨਖੇਦੀ ਕੀਤੀ ਹੈ। ਕੁਦਰਤ ਦੇ ਨਿਯਮਾਂ,ਯਾਨੀ ਪਰਮਾਤਮਾ ਦੇ ਹੁਕਮ ਨੂੰ ਪਾਲਣ ਦੀ ਹਦਾਇਤ ਕੀਤੀ ਹੈ।
               ਬਾਬਾ ਬੰਦਾ ਸਿੰਘ ਜੀ ਬਹਾਦਰ ਮਗਰੋਂ ਜਦ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ,ਉਨ੍ਹਾਂ ਦਾ ਪਿੰਡਾਂ ਸ਼ਹਿਰਾਂ ਵਿਚ ਰਹਿਣਾ ਅਸੰਭਵ ਹੋ ਗਿਆ ,ਉਸ ਵੇਲੇ ਗੁਰਦਵਾਰੇ,ਉਦਾਸੀਆਂ,ਨਿਮਲਿਆਂ ਦੇ ਅੱਡੇ ਬਣ ਗਏ। ਗੁਰਦਵਾਰਿਆਂ ਵਿਚ ਬ੍ਰਾਹਮਣੀ ਰਹੁ ਰੀਤਾਂ ਸ਼ੁਰੂ ਹੋ ਗਈਆਂ।ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਵੀ ਇਨ੍ਹਾਂ ਰੀਤਾਂ ਦੀ ਭਰਮਾਰ ਹੋ ਗਈ।ਜਿਸ ਨੂੰ ਅਕਾਲੀ ਫੂਲਾ ਸਿੰਘ ਜੀ ਨੇ ਆ ਕੇ ਬੰਦ ਕਰਵਾਇਆ।ਅਕਾਲੀ ਜੀ 1820 ਈਸਵੀ ਤਕ ਦਰਬਾਰ ਸਾਹਿਬ ਰਹੇ । ਉਸ ਮਗਰੋਂ ਦਰਬਾਰ ਸਾਹਿਬ ਮੁੜ ਉਦਾਸੀਆਂ,ਨਿਰਮਲਿਆਂ ਦੇ ਕਬਜ਼ੇ ਹੇਠ ਆ ਗਿਆ। ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਗਈਆਂ। ਜੋ 1920 ਵਿਚ ਹਟਾਈਆਂ ਗਈਆਂ।
              ਓਸੇ ਦੌਰਾਨ ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਵਿਚ “ਗੁਰਬਿਲਾਸ ਪਾਤਸ਼ਾਹੀ 6 “ ਨਾਮ ਦੀ ਕਿਤਾਬ ਦੀ ਕਥਾ ਸ਼ੁਰੂ ਹੋ ਗਈ। (ਜਿਸ ਦੇ ਲਿਖਾਰੀ ਬਾਰੇ ਅਜੇ ਤੱਕ ਫੈਸਲਾ ਨਹੀ ਹੋ ਸਕਿਆ ) ਇਸ ਤੋਂ ਪ੍ਰਭਾਵਤ ਹੋ ਕਵੀ ਸੰਤੋਖ ਸਿੰਘ ਨੇ ਵੀ ਏਸੇ ਤਰਜ਼ ਦੀ ਇਕ ਕਿਤਾਬ “ਗੁਰ ਪਰਤਾਪ ਸੂਰਜ “ ਲਿਖੀ, ਜਿਸ ਲਈ ਉਸ ਨੂੰ ਅਕਾਲ ਤਖਤ ਵਲੋਂ “ਚੂੜਾਮਨੀ ਕਵੀ” (ਮਹਾਨ ਕਵੀ) ਦਾ ਖਿਤਾਬ ਦਿੱਤਾ ਗਿਆ, ਅਤੇ ਇਸ ਦੀ ਕਥਾ ਵੀ ਗੁਰਦਵਾਰਿਆਂ ਵਿਚੋਂ ਸ਼ੁਰੂ ਹੋ ਗਈ। (ਹਾਲਾਂਕਿ ਇਸ ਵਿਚ ਵੀ ਗੁਰਬਿਲਾਸ ਪਾਤਸ਼ਾਹੀ 6 ਵਾਂਗ ਬਹੁਤ ਸਾਰੀਆਂ ਗੱਲਾਂ ਸਿੱਖੀ ਵਿਰੁੱਧ ਅਤੇ ਗੁਰ ਨਿੰਦਾ ਵਾਲੀਆਂ ਹਨ) ਇਸ ਮਗਰੋਂ ਏਸੇ ਤਰਜ਼ ਦੀ ਇਕ ਹੋਰ ਕਿਤਾਬ,ਗਿਆਨੀ ਗਿਆਨ ਸਿੰਘ ਜੀ ਦੀ ਲਿਖੀ “ਤਵਾਰੀਖ ਗੁਰੂ ਖਾਲਸਾ “ ਗੁਰਦਵਾਰਿਆਂ ਵਿਚ ਪੁਜ ਗਈ। ਥੋੜੇ ਬਹੁਤੇ ਫਰਕ ਨਾਲ ਤਿੰਨਾਂ ਨੇ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕਿਸੇ ਗੁਰੂ ਜਾਂ ਭਗਤ ਦੀ ਬਾਣੀ ਲਿਖੀ ਹੋਈ ਨਹੀਂ ਸੀ।( ਯਾਨੀ ਅਸੀਂ ਜਿਸ ਗੱਲ ਤੇ ਮਾਣ ਕਰਦੇ ਹਾਂ ਕਿ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਹੀ  ਅਜਿਹਾ ਗ੍ਰੰਥ ਹੈ ਜਿਸ ਦੇ ਬਾਣੀਕਾਰਾਂ ਨੇ ਅਪਣੀ ਬਾਣੀ ਆਪ ਲਿਖੀ ਹੈ,ਉਸ ਤੇ ਇਹ ਸਿੱਧੀ ਸੱਟ ਹੈ।)
                ਜਦ ਦੋ ਸਦੀਆਂ ਵਿਚ, ਬਿਨਾ ਕਿਸੇ ਹੀਲ ਹੁੱਜਤ ਦੇ ਸਿੱਖਾਂ ਨੇ ਪੁਜਾਰੀ ਲਾਣੇ ਨੂੰ ਮਾਨਤਾ ਦੇ ਦਿੱਤੀ ,ਤਾਂ ਦੌਰ ਸ਼ੁਰੂ ਹੋਇਆ ਗੁਰਬਾਣੀ ਸਿਧਾਂਤ ਨੂੰ ਵਿਗਾੜਨ ਦਾ। ਬਾਜ਼ਾਰ ਵਿਚ ਰੰਗ ਬਰੰਗੀਆਂ ਕਿਤਾਬਾਂ ਆਉਣੀਆਂ ਸ਼ੁਰੂ ਹੋਈਆਂ, ਜੋ ਪਤਾ ਨਹੀਂ ਕਦ ਲਿਖੀਆਂ ਗਈਆਂ ਸਨ। ਸ਼ੁਰੂਆਤ ਹੋਈ,”ਪੁਰਾਤਨ ਸਾਖੀ “ਤੋਂ। ਜਿਸ ਵਿਚ 70 ਸਾਲ ਦੀ ਉਮਰ ਤੱਕ ਕਿਰਤ ਕਰਨ ਵਾਲੇ ਬਾਬਾ ਨਾਨਕ ਨੂੰ, ਕਿਰਤ ਤੋਂ ਭਗੌੜਾ ਦੱਸਿਆ ਹੈ ,ਜਿਸ ਤੋਂ ਉਨ੍ਹਾਂ ਦੇ ਪਿਤਾ ਨਾਰਾਜ਼ ਸਨ।  ਗੁਰਬਾਣੀ ਨੂੰ ਤ੍ਰੈਕਾਲ ਸੱਚ ਨਹੀਂ, ਬਲਕਿ ਵਕਤੀ ਘਟਨਾਵਾਂ ਦਾ ਪ੍ਰਤੀਕਰਮ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਹਾਹਿਬ ਨੇ ਅਪਣੀ ਬਾਣੀ ਗੁਰੂ ਅੰਗਦ ਸਾਹਿਬ ਨੂੰ ਨਹੀਂ ਦਿੱਤੀ ਬਲਕਿ ਇਹ ਬਾਣੀ ਸ੍ਰੀ ਚੰਦ ਨੂੰ ਮਿਲੀ ਸੀ। ਜੋ ਸ੍ਰੀ ਚੰਦ ਦੇ ਸਰੀਰ ਨੂੰ ਰਾਵੀ ਵਿਚ ਰੋੜ੍ਹਨ ਵੇਲੇ, ਨਾਲ ਹੀ ਰੋੜ੍ਹ ਦਿੱਤੀ ਗਈ।
                              ਇਸ ਦਾ ਲਿਖਾਰੀ ਕੀ ਕਹਿਣਾ ਚਾਹੁੰਦਾ ਹੈ   
                ਇਹੀ ਕਿ, ਗੁਰੁ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਸਾਹਿਬ ਦੀ ਬਾਣੀ, ੳਨ੍ਹਾਂ ਦੀ ਅਸਲੀ ਬਾਣੀ ਨਹੀਂ ਹੈ। ਉਹ ਤਾਂ ਸ੍ਰੀ ਚੰਦ ਦੇ ਨਾਲ ਹੀ ਰਾਵੀ ਵਿਚ ਰੋੜ੍ਹ ਦਿਤੀ ਗਈ ਸੀ। ਇਸ ਸਾਖੀ ਬਾਰੇ ਪਰਚਾਰਿਆ ਜਾਂਦਾ ਹੈ ਕਿ ਇਹ ਗੁਰੂ ਅੰਗਦ ਸਾਹਿਬ ਵੇਲੇ ਲਿਖੀ ਗਈ ਸੀ, ਜਦ ਕਿ ਇਸ ਵਿਚਲੀ ਬੋਲੀ ਅਤੇ ਘਟਨਾਵਾਂ ਇਹ ਸਾਬਤ ਕਰਦੀਆਂ ਹਨ ਕਿ ਇਹ ਗੁਰੂ ਅੰਗਦ ਸਾਹਿਬ ਵੇਲੇ ਨਹੀਂ ਬਲਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇ ਕਿਸੇ ਵੇਲੇ ਲਿਖੀ ਗਈ ਹੈ। ਜੋ ਇਸ ਦੇ ਲਿਖਣ ਉਦੇਸ਼ ਨੂੰ ਹੋਰ ਵਧੇਰੇ ਸ਼ੱਕੀ ਬਣਾਉੰਦਾ ਹੈ।
                ਇਕ ਹੋਰ ਕਿਤਾਬ ਸਿੱਖਾਂ ਵਿਚ ਬੜੀ ਪ੍ਰਚਲਤ ਰਹੀ ਹੈ,ਨਾਮ ਹੈ ਬਾਲੇ ਵਾਲੀ ਸਾਖੀ। ਪਰਚਾਰਿਆ ਜਾਂਦਾ ਹੈ ਕਿ ਭਾਈ ਬਾਲਾ ਨਾਮ ਦਾ ਵਿਅਕਤੀ ਗੁਰੂ ਨਾਨਕ ਸਹਿਬ ਦਾ ਸਾਥੀ ਸੀ,ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅੰਗਦ ਸਾਹਿਬ ਨੇ ਭਾਈ ਬਾਲੇ ਨੂੰ ਸੱਦ ਕੇ ਇਹ ਸਾਖੀ ਲਿਖਵਾਈ । ਗੁਰੂੁ ਨਾਨਕ ਸਾਹਿਬ ਤੇ ਚੌਰ ਕਰਦੇ ਭਾਈ ਬਾਲੇ ਦੇ ਦਰਸ਼ਨ, ਦਰਬਾਰ ਸਾਹਿਬ ਦੇ ਅੰਦਰ ਵੜਨ ਲਗਿਆਂ ਦਰਵਾਜੇ ਦੇ ਉਪਰ ਲਗੀ ਫੋਟੋ ਤੋਂ ਹੋ ਜਾਂਦੇ ਹਨ। ਪੁਜਾਰੀਆਂ ਦੀ ਕਰਾਮਾਤ ਨੂੰ ਮੰਨਣਾ ਪਵੇਗਾ ਕਿ ਜਿਸ ਬੰਦੇ ਬਾਰੇ ਗੁਰੂ ਨਾਨਕ ਸਾਹਿਬ ਵੇਲੇ ਦੇ ਇਤਿਹਾਸ ਵਿਚ ਕਿਤੇ ਕੋਈ ਜ਼ਿਕਰ ਨਹੀਂ ਆਉਂਦਾ,ਉਸ ਬੰਦੇ ਨੂੰ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਧ ਨਿਕਟਵਰਤੀ,ਗੁਰੂ ਨਾਨਕ ਸਾਹਿਬ ਤੋਂ ਵੀ ਵੱਧ ਸਿਆਣਾ ਬਣਾ ਧਰਿਆ। ਅਤੇ ਉਸ ਤੋਂ,ਗੁਰੂ ਅੰਗਦ ਸਾਹਿਬ ਦੀ ਮਾਨਤਾ ਵਾਲੀ ਸਾਖੀ ਲਿਖਵਾ ਦਿੱਤੀ। ਇਸ ਸਾਖੀ ਵਿਚਲੀਆਂ ਬਹੁਤੀਆਂ ਸਾਖੀਆਂ, ਸਾਇੰਸ ਦੀ ਪਰਖ ਕਸਵੱਟੀ ਤੇ ਰੱਦ ਹੋ ਚੁਕੀਆਂ ਹਨ। ਕੁਝ ਸਾਖੀਆਂ, ਨਵੀਆਂ ਕਿਤਾਬਾਂ ਦਾ   ਪ੍ਰੇਰਨਾ ਸ੍ਰੋਤ ਬਣ ਕੇ,ਸਿੱਖੀ ਦੇ ਵੇਹੜੇ ਵਿਚ ਗੰਦ ਵਧਾਉਣ ਦਾ ਕਾਰਨ ਬਣ ਰਹੀਆਂ ਹਨ।
               ਇਸ ਕਿਤਾਬ ਬਾਰੇ ਪ੍ਰਸਿੱਧ ਵਿਦਵਾਨ,ਭਾਈ ਕਰਮ ਸਿੰਘ ਜੀ ਹਿਸਟੋਰੀਅਨ, ਅਪਣੀ ਕਿਤਾਬ “ ਕਤਕ ਕਿ ਵਿਸਾਖ “ ਵਿਚ ਇਵੇਂ ਲਿਖਦੇ ਹਨ,
               “ਬਿਨਾ ਕਿਸੇ ਵੱਡੀ ਭੁਲ ਦੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਨਮ ਸਾਖੀ , ਗੁਰੂ ਗੋਬਿੰਦ ਸਿੰਘ ਜੀ ਦੇ ਛੇਕੜਲੇ ਸਮੇ ਵਿਚ ਬਣੀ ਹੈ…………………..ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੋਂ ਪਹਿਲਾਂ ਦੀ ਲਿਖੀ ਹੋਈ ਕਦੇ ਵੀ ਨਹੀਂ ਹੋ ਸਕਦੀ।“
               ਇਵੇਂ ਜਾਪਦਾ ਹੈ ਕਿ ਇਹ ਸਾਖੀ ਲਿਖੀ ਹੀ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ , ਗੁਰੂ ਵਲੋਂ ਸਨਮਾਨੇ ਭਾਈ ਮਰਦਾਨਾ ਜੀ ਦਾ ਅਕਸ ਵਿਗਾੜਨ ਦੀ ਨੀਅਤ ਨਾਲ ਹੀ ਲਿਖੀ ਗਈ ਹੈ। ਇਸ ਕਿਤਾਬ ਰਾਹੀਂ ਬਾਬੇ ਨਾਨਕ ਦੇ ਇਸ ਮਹਾਨ ਸਿੱਖ ਨੂੰ (ਜਿਸ ਨੇ 50 ਸਾਲ ਤੋਂ ਉਪਰ, ਬਿਖੜੇ ਪੈਂਡਿਆਂ ਵਿਚ ਬਾਬੇ ਨਾਨਕ ਦਾ ਸਾਥ ਨਿਭਾਇਆ) ਅਜਿਹਾ ਗੇੜਾ ਦਿੱਤਾ ਕਿ ਉਹ ਸਿੱਖੀ ਦੀਆਂ ਸਟੇਜਾਂ ਤੋਂ ਹੀ, ਇਕ ਭੁੱਖੜ ਮਰਾਸੀ ਬਣ ਕੇ ਰਹਿ ਗਿਆ। (ਇਹ ਹੈ ਸਿੱਖਾਂ ਵਲੋਂ ਅਪਣੀ ਮਹਾਨ ਵਰਾਸਤ ਦੀ ਸੰਭਾਲ) ਅਤੇ ਇਕ ਉਹ ਬੰਦਾ, ਜਿਸ ਨੇ ਕਦੀ, ਬਾਬੇ ਨਾਨਕ ਦਾ ਪਰਛਾਵਾਂ ਵੀ ਨਹੀਂ ਵੇਖਿਆ,ਉਹ ਝੂਠ ਆਸਰੇ ਹੀ,ਇਕ ਮਹਾਨ ਸ਼ਖਸੀਅਤ ਬਣ ਗਿਆ।
               ਵਾਰਾਂ ਭਾਈ ਗੁਰਦਾਸ ਜੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਰ ਕੇ ਜਾਣਿਆ ਜਾਂਦਾ ਹੈ। ਇਸ ਵਿਚਲੀਆਂ ਬਹੁਤ ਸਾਰੀਆਂ ਰਚਨਾਵਾਂ, ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਟ ਕਰਦੀਆਂ ਹਨ। ਜਦ ਇਸ ਬਾਰੇ ਗੱਲ ਚਲਦੀ ਹੈ ਤਾਂ ਇਹ ਕਹਿ ਕੇ ਪਾਸਾ ਵੱਟ ਲਿਆ ਜਾਂਦਾ ਹੈ ਕਿ , ਇਸ ਵਿਚ ਕੁਝ ਰਲੇ ਹਨ। ਸਦੀਆਂ ਤੋਂ ਇਹ ਰਲੇ ਗੁਰਦਵਾਰਿਆਂ ਵਿਚੋਂ ਪਰਚਾਰੇ ਜਾਂਦੇ ਹਨ। ਇਹ ਰਲੇ ਕਿੰਨੇ ਹਨ ? ਇਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ ? ਇਸ ਤੇ ਵਿਚਾਰ ਕਰਨ ਬਾਰੇ ਕਦੇ ਕਿਸੇ ਸੰਨਸਥਾ ਨੇ ਸੋਚਿਆ ਵੀ ਨਹੀਂ। ਇਵੇਂ ਹੋਰ ਕਿਨੀਆਂ ਸਦੀਆਂ ਬੀਤਦੀਆਂ ਹਨ ? ਇਹ ਸਮਾ ਹੀ ਦੱਸੇ ਗਾ।
               ਉਪਰ ਲਿਖੀਆਂ ਕਿਤਾਬਾਂ ਤੋਂ ਇਲਾਵਾ, ਇਸ ਸਾਖੀ ਦੇ ਅਧਾਰ ਤੇ ਲਿਖੀਆਂ ਹੋਰ ਕਿਤਾਬਾਂ ਵੀ ਹਨ, ਜਿਵੇਂ “ਪ੍ਰਾਚੀਨ ਬੀੜਾਂ “ ਲੇਖਕ ਸ੍ਰ,ਜੀ. ਬੀ. ਸਿੰਘ. (ਗੁਰਬਖਸ਼ ਸਿੰਘ ) “ਸਿੱਖ ਰਿਲੀਜਨ “ (ਪੰਨਜਾਬੀ ਅਨੁਵਾਦ, ਸਿੱਖ ਇਤਿਹਾਸ ) ਲੇਖਕ, ਮੈਕਾਲਫ।
 “ਪ੍ਰਾਣ ਸੰਗਲੀ “ ਇਸ ਬਾਰੇ ਉਪਰੋਕਤ ਕਿਤਾਬਾਂ ਦਾ ਕਹਿਣਾ ਹੈ,ਕਿ ਇਹ ਕਿਤਾਬ, ਗੁਰੂ ਨਾਨਕ ਜੀ ਨੂੰ , ਰਾਜਾ ਸ਼ਿਵਨਾਭ ਨੂੰ ਮਿਲਣ ਵੇਲੇ, ਸਿੰਗਲਾ ਦੀਪ ਵਿਚ ਉਤਰੀ, ਗੁਰੂ ਜੀ ਉਸ ਨੂੰ ਉਥੈ ਹੀ ਛੱਡ ਆਏ।ਗੁਰੁ ਅਰਜਨ ਸਾਹਿਬ ਨੇ ਇਕ ਸਿੱਖ ਪੈੜੇ ਮੋਖੇ ਨੂੰ ਘੱਲ ਕੇ ਸਿੰਗਲਾ ਦੀਪ ਤੋਂ ਮੰਗਵਾਈ ।ਜਦੋਂ ਪੈੜਾ ਗਂਗਾ ਕਿਨਾਰੇ ਅਪੜਿਆ ਤਾਂ ੲਕਿ ਸਾਧੂ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਪੋਥੀ ‘ਪ੍ਰਾਣ ਸੰਗਲੀ , ਭਾਈ ਪੈੜੇ ਦੇ ਸਿਰ ਤੋਂ ਉੱਚੀ, ਬਿਨਾਂ ਕਿਸੇ ਆਸਰੇ ਦੇ ਹੀ ਆ ਰਹੀ ਹੈ। ਇਹ ਅਜ਼ਮਤ ਵੇਖ ਕੇ ਉਸ ਸਾਧੂ ਨੇ ਸਿੱਖ ਤੋਂ ਸਾਰੀ ਗੱਲ ਪੁੱਛੀ ਤੇ ਆਖਰ ਉਹ ਵੀ ਨਾਲ ਹੀ ਤੁਰ ਪਿਆ।
     ਇਹ ਪ੍ਰਾਣ ਸੰਗਲੀ ਕੀ ਹੈ ?
                 ਇਸ ਬਾਰੇ ਬਹੁਤ ਸਾਰੀਆਂ ਗੱਲਾਂ ਵਿਚੋਂ ਦੋ ਗੱਲਾਂ ਦੱਸਣੀਆਂ ਜ਼ਰੂਰੀ ਹਨ,  ਗੁਰੂੁ ਅਰਜਨ ਸਾਹਿਬ ਨੇ ਵਿਚਾਰਿਆ ਕਿ ਕਲਜੁਗੀ ਜੀਵ ਮੂਰਖ-ਮਤਿ ਹਨ, ਇਹ ਪੋਥੀ ਪੜ੍ਹ ਕੇ ਉਨ੍ਹਾਂ ਦੀ ਮਤ ਫਿਰ ਜਾਵੇ ਗੀ,ਗਿਆਨ ਹੀਣ ਲੋਕ ਅਪਣੇ ਆਪ ਨੂੰ ਸਿੱਧ ਅਖਵਾਂਉਣ ਲਗ ਜਾਣਗੇ,ਇਹ ਵਿਚਾਰ ਕੇ ਉਨ੍ਹਾਂ ਪੋਥੀ ਜਲ ਪ੍ਰਵਾਹ ਕਰ ਦਿਤੀ। ਪੈੜੇ ਦੇ ਨਾਲ ਆਏ ਸਾਧੂ ਨੇ ਬੇਨਤੀ ਕੀਤੀ ਕਿ ਮੈਂ ਤਾਂ ਬੜੀ ਦੂਰੋਂ ਆਸ ਧਾਰ ਕੇ ਆਇਆ ਸਾਂ,ਇਹ ਪੋਥੀ ਮੈਨੂੰ ਬਖਸ਼ੋ । ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ। ਤੇ ਉਸ ਸਾਧ ਨੇ ਪੋਥੀ ਤੁਰਤ ਪਾਣੀ ਵਿਚੋਂ ਕੱਢ ਲਈ।( ਇਹ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਇਸ ਕਿਤਾਬ ਵਿਚ ਬ੍ਰਾਹਮਣ ਕੀ ਫਿਟ ਕਰ ਕੇ , ਕਿਸ ਤਖਤ ਤੋਂ ਮਾਨਤਾ ਦਿਵਾਉਂਦਾ ਹੈ ?)
       ਇਸ ਤੋਂ ਇਲਾਵਾ ਇਕ ਚੀਜ਼ ਹੋਰ ਹੈ, “ ਰਾਹ ਹਕੀਕਤ “ ਜਿਸ ਨੂੰ ਭਾਈ ਬੰਨੋ ਨੇ ਬੀੜ ਦਾ ਉਤਾਰਾ ਕਰਦਿਆਂ ਉਸ ਵਿਚ ਸਥਾਪਤ ਕਰ ਦਿੱਤਾ,ਅਤੇ ਫਿਰ ਇਹ ਪੁਰਾਤਨ ਜਨਮ ਸਾਖੀ ਵਿਚ ਜਾ ਬਿਰਾਜੀ, ਫਿਰ ਇਸ ਨੂੰ ਚੂੜਾਮਨੀ (ਮਹਾਨ) ਕਵੀ ਸੰਤੋਖ ਸਿੰਘ ਨੇ ਅਪਣੇ ਗ੍ਰੰਥ ਦਾ ਸ਼ਿੰਗਾਰ ਬਣਾ ਕੇ ਗੁਰਦਵਾਰਿਆਂ ਵਿਚ ਪਰਚਾਰ ਲਈ ਪਹੁੰਚਾ ਦਿੱਤਾ। ਇਸ ਤੋਂ ਇਲਾਵਾ,ਜੁਗਾਵਲੀ, ਰਤਨ ਮਾਲਾ ਆਦਿ ਹੋਰ ਵੀ ਕਈ ਪੁਸਤਕਾਂ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ। ਜੇ ਸਿੱਖਾਂ ਨੇ ਅਜੇਹੀਆਂ ਸਾਰੀਆਂ ਕਿਤਾਬਾਂ ਤੋਂ ਖਹਿੜਾ ਛਡਾ ਕੇ ਇਕੋ ਇਕ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਫੈਸਲਾ ਨਾ ਕੀਤਾ ਤਾਂ ਆਉਣ ਵਾਲਾ ਸਮਾ ਬਹੁਤ ਔਕੜਾਂ ਭਰਿਆ ਹੋਵੇਗਾ, ਇਹ ਵੀ ਸੰਭਵ ਹੈ ਕਿ ਭਾਰਤ ਵਿਚ ਸਿੱਖੀ ਦਾ ਹਾਲ ਵੀ ਬੁਧ ਮਤ ਨਾਲੋਂ ਕੋਈ ਵਖਰਾ ਨਾ ਹੋਵੇ।
                 ਅਮਰ  ਜੀਤ ਸਿੰਘ ਚੰਦੀ
                 ਫੋਨ 95685 41414

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.