ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ! (ਭਾਗ 2/2)
ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ! (ਭਾਗ 2/2)
Page Visitors: 2353

ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ!  (ਭਾਗ 2/2)
    ਫਿਰ ਉਸਦਾ ਅਸਲੀ ਨਾਮ ਕੀ ਹੈ?   
       ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ,
       ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥   (753)
    ਹੇ ਭਾਈ ਪ੍ਰਭੂ ਦੇ ਨਾਮ ਤੋਂ ਹੀ ਸਭ ਕੁਝ ਹੋਇਆ ਹੈ,ਬਣਿਆ ਹੈ,ਪਰ ਇਸ ਨਾਮ ਬਾਰੇ ਸੋਝੀ, ਸ਼ਬਦ ਗੁਰੂ ਤੋਂ ਬਗੈਰ ਨਹੀਂ ਹੋ ਸਕਦੀ। ਇਸ ਲਈ ਇਸ ਨਾਮ ਨੂੰ ਸਮਝਣ ਲਈ, ਗੁਰੂ ਗ੍ਰੰਥ ਸਾਹਿਬ ਨਾਲ ਡੂੰਘੇ ਜੁੜਨਾ ਪਵੇਗਾ ।
                     ਆਉ ਉਪ੍ਰਾਲਾ ਕਰੀਏ ।
    ਇਥੇ ਗੁਰੂ ਬਾਰੇ ਥੋੜ੍ਹੀ ਵਿਚਾਰ ਕਰ ਲੈਣੀ ਵੀ ਲਾਹੇਵੰਦ ਹੋਵੇ ਗੀ। ਗੁਰੂ ਗ੍ਰੰਥ ਸਾਹਿਬ ਵਿਚ 52 ਅੰਗ ਤੇ  4-30-100 ਦਾ ਇਕ ਸ਼ਬਦ , ਗੁਰੂ ਨਾਲ ਸਬੰਧਤ ਹੈ,ਜਿਸ ਦੀ ਰਹਾਉ ਦੀ ਤੁਕ ਹੈ,
       ਭਾਈ ਰੇ ਸਾਚੀ ਸਤਿਗੁਰ ਸੇਵ ॥
       ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ
॥1॥ਰਹਾਉ ॥
    ਹੇ ਭਾਈ ਸੱਚੇ ਗੁਰੂ (ਸ਼ਬਦ ਗੁਰੂ) ਦੀ ਸੇਵਾ ਹੀ ਸੱਚੀ ਸੇਵਾ ਹੈ। ਏਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦੀ ਸੇਵਾ ਕੀ ਹੈ? ਇਸ ਬਾਰੇ ਗੁਰ ਫੁਰਮਾਨ ਹੈ ,
        ਗੁਰ ਕੀ ਸੇਵਾ ਸਬਦੁ ਬੀਵਾਰੁ ॥ ਹਉਮੈ ਮਾਰੇ ਕਰਣੀ ਸਾਰੁ ॥  (223)
    ਜੇ ਸ਼ਬਦ ਗੁਰੂ ਦੀ ਸੇਵਾ ਕੀਤਿਆਂ,ਸ਼ਬਦ ਦੀ ਵਿਚਾਰ ਕੀਤਿਆਂ ਮਨ ਵਿਚੋਂ ਹਉਮੈ ਮਰ ਜਾਵੇ,ਗਿਆਨ ਹਾਸਲ ਹੋ ਜਾਵੇ ਤਾਂ ਉਹ ਪਰਮਾਤਮਾ ਮਿਲ ਜਾਂਦਾ ਹੈ ਜੋ ਹਰ ਥਾਂ ਵਿਆਪਕ ਹੈ,ਅਦ੍ਰਿਸ਼ਟ ਹੈ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ।
    ਇਹ ਸੀ ਔਂਕੜ ਰਹਿਤ “ਗੁਰ” ਦੀ ਗੱਲ। ਹੁਣ ਔਂਕੜ ਸਹਿਤ “ਗੁਰੁ” ਦੀ ਗੱਲ ਇਸੇ ਸ਼ਬਦ ਵਿਚੋਂ ਕਰਦੇ ਹਾਂ,
         ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
         ਜਿਨ ਕਉ ਪੂਰਬਿ ਲਿਖਿਆ  ਸੇਈ ਨਾਮੁ ਧਿਆਇ ॥
         ਨਾਨਕ  ਗੁਰ ਸਰਣਾਗਤੀ  ਮਰੈ ਨ  ਆਵੈ  ਜਾਇ 
॥          (52)
    ਹੇ ਭਾਈ, ਗੁਰੁ, ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ,ਸਮਾਇਆ ਹੋਇਆ ਹੈ,ਉਹ ਸਿਰਫ ਇਕ ਹੈ। ਜਿਨ੍ਹਾਂ ਮਨੁੱਖਾਂ ਦੇ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਵਜੋਂ ਚੰਗੇ ਲੇਖ ਲਿਖੇ ਹੁੰਦੇ ਹਨ, ਉਹੀ ਮਨੁੱਖ ਪਰਮਾਤਮਾ ਦਾ  ਨਾਮ ਧਿਆਉਂਦੇ ਹਨ,ਕਰਤਾਰ ਦੇ ਨਾਮ ਵਿਚ ਧਿਆਨ ਰੱਖਦੇ ਹਨ। ਹੇ ਨਾਨਕ ਜਿਹੜਾ ਮਨੁੱਖ ਗੁਰ (ਸ਼ਬਦ) ਦੀ ਸਰਨ ਲੈ ਕੇ ਅਕਾਲ ਦਾ ਨਾਮ ਧਿਆਉਂਦਾ ਹੈ, ਉਹ ਮਨੁੱਖ ਜ਼ਿੰਦਗੀ ਵਿਚ ਆਤਮਕ ਮੌਤੇ ਨਹੀਂ ਮਰਦਾ ਅਤੇ ਜ਼ਿੰਦਗੀ ਮਗਰੋਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
    ਇਸ ਵਿਚ “ਗੁਰ” ਅਤੇ “ਗੁਰੁ” ਦਾ ਫਰਕ ਧਿਆਨ ਵਿਚ ਰੱਖਣ ਦੀ ਲੋੜ ਹੈ। ਅਸਲੀ ਗੁਰੁ ਪਰਮਾਤਮਾ ਹੀ ਹੈ, ਉਸ ਪ੍ਰਭੂ ਬਾਰੇ ਸੋਝੀ ਹਾਸਲ ਕਰਨ ਦਾ ਵਸੀਲਾ,ਉਸ ਨਿਰਾਕਾਰ ਦਾ ਸਾਕਾਰ ਰੂਪ ਗੁਰ,ਸ਼ਬਦ ਹੀ ਹੈ।ਦੋਵਾਂ ਵਿਚ ਇਹ ਫਰਕ ਹੈ ਕਿ ਗੁਰੁ, ਕਰਤਾਰ ਸਦੀਵੀ ਹੈ,ਜਦ ਕਿ ਗੁਰ ਸ਼ਬਦ ਸ੍ਰਿਸ਼ਟੀ ਰਚਨਾ ਦੇ ਨਾਲ ਹੀ  ਵਜੂਦ ਵਿਚ ਆਉਂਦਾ ਹੈ ਅਤੇ ਅਕਾਲ ਵੱਲੋਂ ਸ੍ਰਿਸ਼ਟੀ ਦੀ ਰਚਨਾ ਸੰਕੋਚਣ ਦੇ ਨਾਲ ਹੀ ਉਹ ਵੀ ਸੰਕੋਚਿਆ ਜਾਂਦਾ ਹੈ।
    ਬਾਬਾ ਨਾਨਕ ਜੀ ਨੇ, ਨਿਰਾਕਾਰ ਦੇ ਸਾਕਾਰ ਰੂਪ ਸ਼ਬਦ (ਗੁਰ) ਨੂੰ ਹੀ ਅਪਣਾ ਗੁਰੂ ਕਿਹਾ ਹੈ। ਸਿੱਖਾਂ ਦਾ ਸਦੀਵੀ ਗੁਰੂ ਸ਼ਬਦ (ਗੁਰੂ ਗ੍ਰੰਥ ਸਾਹਿਬ ਜੀ) ਹੀ ਹੈ।
           ਗੁਰੁ  ਪਰਮੇਸਰੁ  ਗੁਰੁ  ਗੋਬਿੰਦ ॥
           ਗੁਰੁ  ਕਰਤਾ ਗੁਰੁ ਸਦ ਬਖਸੰਦ
॥  (1080)
    ਕੀ ਇਹ ਖੂਬੀਆਂ ਵਾਹਿਗੁਰੂ ਤੋਂ ਇਲਾਵਾ ਕਿਸੇ ਹੋਰ ਵਿਚ ਹੋ ਸਕਦੀਆਂ ਹਨ ? ਕੀ ਉਸ ਦੇ ਨਾਮ ਬਾਰੇ ਸੋਝੀ ਸ਼ਬਦ ਤੋਂ ਇਲਾਵਾ ਕਿਸੇ ਹੋਰ ਕੋਲੋਂ ਹੋ ਸਕਦੀ ਹੈ ?
    ਏਨੀ ਸਪੱਸ਼ਟ ਸੇਧ ਹੋਣ ਤੇ ਵੀ ਸਿੱਖ,ਹੱਡ-ਚੱਮ ਦੇ ਪੁਤਲਿਆਂ,ਦੂਸਰਿਆਂ ਦੀ ਕਮਾਈ ਤੇ ਪਲਣ ਵਾਲਿਆਂ ਕੋਲੋਂ ਨਾਮ ਲੱਭਦੇ ਫਿਰਦੇ ਹਨ।     
    ਗੁਰੂ ਸਾਹਿਬ ਦੀ ਨਾਮ ਬਾਰੇ ਸੇਧ ਇਵੇਂ ਹੈ.
            ਨਾਮ ਨਿਰੰਜਨ ਅਲਖੁ ਹੈ ਕਿਉਂ ਲਖਿਆ ਜਾਈ ॥
            ਨਾਮ ਨਿਰੰਜਨ ਨਾਲਿ ਹੈ  ਕਿਉ ਪਾਈਐ ਭਾਈ ॥
            ਨਾਮ ਨਿਰੰਜਨ ਵਰਤਦਾ  ਰਵਿਆ ਸਭ ਠਾਈ  ॥
            ਗੁਰ ਪੂਰੇ ਤੇ ਪਾਈਐ   ਹਿਰਦੈ ਦੇਇ ਦਿਖਾਈ 
॥       (1242)
    ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ ਦਾ ਨਾਮ ਅਲਖ ( ਜੋ ਵਿਖਾਈ ਨਾ ਦੇਵੇ) ਹੈ। ਉਸਨੂੰ ਕਿਵੇਂ ਬਿਆਨ ਕੀਤਾ ਜਾਵੇ ? ਨਰਿੰਜਨ ਦਾ ਨਾਮ ਹਰ ਵੇਲੇ ਨਾਲ ਹੈ,ਹਰ ਵੇਲੇ ਵਿਆਪਕ ਹੋ ਕੇ ਹਰ ਥਾਂ ਵਰਤ ਰਿਹਾ ਹੈ,ਪਰ ਉਸਨੂੰ ਪਾਇਆ ਕਿਵੇਂ ਜਾਵੇ ? ਇਨ੍ਹਾਂ ਸਵਾਲਾਂ ਦਾ ਜਵਾਬ ਹੈ ਕਿ ਇਸ ਨਾਮ ਬਾਰੇ ਸੋਝੀ ਪੂਰੇ ਗੁਰੂ ਤੋਂ ਹੁੰਦੀ ਹੈ, ਜੋ ਇਸ ਨਾਮ ਨੂੰ ਹਿਰਦੇ,ਮਨ ਵਿਚ ਹੀ ਵਿਖਾ ਦਿੰਦਾ ਹੈ। ਇਸ ਨਾਲ ਪੂਰੀ ਗੱਲ ਤਾਂ ਸਾਫ ਨਹੀਂ ਹੋਈ, ਪਰ ਇਕ ਗੱਲ ਜ਼ਰੂਰ ਸਾਫ਼ ਹੋ ਗਈ ਕਿ ਨਾਮ ਗਿਆਨ ਇੰਦ੍ਰਆਂ ਜਾਂ ਕਰਮ ਇੰਦ੍ਰੀਆਂ ਦਾ ਵਿਸ਼ਾ ਨਹੀਂ ਹੈ । ਇਹ ਤਾਂ ਹਿਰਦੇ, ਮਨ ਦਾ ਵਿਸ਼ਾ ਹੈ । ਇਸ ਨੂੰ ਥੋੜ੍ਹਾ ਹੋਰ ਵਿਸਤਾਰ ਦਿੰਦੇ ਗੁਰੂ ਸਾਹਿਬ ਸਮਝਾੳਂਦੇ ਹਨ,
            ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥
            ਜਿਸੁ ਨਾਮੁ ਰਿਦੈ ਤਿਸ ਪੂਰੈ ਕਾਜਾ
॥     (1155)
    ਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਸਮਝ ਲਿਆ,ਉਹ ਰਾਜਿਆਂ ਦਾ ਵੱਡਾ ਰਾਜਾ ਹੈ। ਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ,ਉਸ ਦੇ ਸਾਰੇ ਕੰਮ ਪੂਰਨ ਹੁੰਦੇ ਹਨ।                  ਅਤੇ
            ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥  (1156)
    ਜਿਸ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ ਉਹ ਅਪਣੇ ਜੀਵਨ ਵਿਚ ਹੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ।(ਇਹੀ ਹਰ ਸਿੱਖ ਲਈ ਜ਼ਿੰਦਗੀ ਦੀ ਮੰਜ਼ਿਲ ਹੈ।)                        ਅਤੇ
            ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥
            ਨਾਮ  ਬਿਨਾ  ਫਿਰ  ਆਵਣ  ਜਾਣੁ
॥ (1156)
     ਜੋ ਬੰਦਾ ਹਿਰਦੇ ਵਿਚਲੇ ਨਾਮ ਨੂੰ ਸਮਝ ਲੈਂਦਾ ਹੈ,ਉਹ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ। ਜੋ ਇਸ ਵੱਲੋਂ ਅਵੇਸਲਾ ਰਹਿੰਦਾ ਹੈ,ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
     ਇਸ ਵਿਚਾਰ ਤੋਂ ਇਹ ਤਾਂ ਸਪੱਸ਼ਟ ਹੈ ਕਿ ਨਾਮ ਕੋਈ ਅਜਿਹੀ ਚੀਜ਼ ਨਹੀਂ ਜੋ ਕਿਸੇ ਕੋਲੋਂ ਲਿਆ ਜਾਂ ਦਿੱਤਾ ਜਾ ਸਕੇ। ਢੋਲਕੀਆਂ ਚਿਮਟਿਆਂ ਨਾਲ ਜਪਿਆ ਜਾ ਸਕੇ । ਨਾਮ ਹਰ ਬੰਦੇ ਦੇ ਅੰਦਰ ਵਰਤ ਰਿਹਾ ਹੈ,ਜਿਸ ਬਾਰੇ ਸੋਝੀ ਸ਼ਬਦ ਗੁਰੂ ਤੋਂ ਹੁੰਦੀ ਹੈ,
            ਨਾਨਕ ਘਟਿ ਘਟਿ ਏਕੋ ਵਰਤਦਾ  ਸਬਦ ਕਰੇ ਪਰਗਾਸ ॥  (1420)
     ਹੁਣ ਸਵਾਲ ਉਠਦਾ ਹੈ ਕਿ ਕੀ ਨਾਮ ਨੂੰ ਜਾਣ ਲੈਣ ਨਾਲ ਹੀ ਬੰਦਾ ਮੁਕਤ ਹੋ ਜਾਂਦਾ ਹੈ ?  ਇਹ ਅੜਾਉਣੀ ਤਦ ਹੀ ਹੱਲ ਹੋ ਸਕਦੀ ਹੈ,ਜੇਕਰ ਇਹ ਸਪੱਸ਼ਟ ਹੋ ਜਾਵੇ ਕਿ ਨਾਮ ਕੀ ਚੀਜ਼ ਹੈ ? ਆਉ ਵਿਚਾਰ ਅਗਾਂਹ ਤੋਰੀਏ।
     ਗੁਰ ਸ਼ਬਦ ਹੈ ,
            ਸਚਾ ਪੁਰਖੁ ਅਲਖੁ  ਸਬਦਿ ਸੁਹਾਵਣਾ ॥
            ਮੰਨੇ  ਨਾਉ ਬਿਸੰਖ  ਦਰਗਹ ਪਾਵਣਾ
॥    (148)
     ਅਰਥਾਤ ਉਹ ਸੱਚਾ ਅਕਾਲ ਪੁਰਖ, ਹੈ ਤਾਂ ਅਦ੍ਰਿਸ਼ਟ ਪਰ ਸ਼ਬਦ ਵਿਚਾਰ ਰਾਹੀਂ ਵੇਖਿਆਂ ਬੜਾ ਸੋਹਣਾ ਲਗਦਾ ਹੈ। ਜੋ ਪੁਰਖ ਪ੍ਰਭੂ ਦੇ ਬੇਅੰਤ ਨਾਮ ਨੂੰ ਮੰਨਦਾ ਹੈ ਉਹ ਅਕਾਲ ਦੀ ਦਰਗਾਹ ਵਿਚ, ਆਪਣੇ ਅਸਲੀ ਘਰ ਵਿਚ ਪਹੁੰਚ ਜਾਂਦਾ ਹੈ।                                          ਅਤੇ
            ਮੰਨੇ ਨਾਉ ਸੋਈ ਜਿਣਿ ਜਾਇ ॥
            ਅਉਰੀ ਕਰਮ ਨ ਲੇਖੈ ਲਾਇ
॥    (954)
     ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ,ਉਹੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। ਨਾਮ ਮੰਨਣ ਤੋਂ ਬਿਨਾ ਹੋਰ ਕੋਈ ਕੰਮ ਜ਼ਿੰਦਗੀ ਦੀ ਬਾਜ਼ੀ ਜਿਤਣ ਵਿਚ ਸਫ਼ਲ ਨਹੀਂ ਹੈ।                  ਅਤੇ
            ਮੰਨੇ ਨਾਮੁ ਸਚੀ ਪਤਿ ਪੂਜਾ ॥
            ਕਿਸੁ ਵੇਖਾ  ਨਾਹੀ ਕੋ ਦੂਜਾ
॥   (832)
     ਮੈਂ ਕਿਸ ਦੀ ਆਸ ਕਰਾਂ ਕਰਤਾਰ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਨੂੰ ਮੰਨਦਾ ਹੈ, ਉਸਨੂੰ ਆਦਰ ਮਿਲਦਾ ਹੈ,ਉਸ ਦੀ ਹੀ ਇਜ਼ਤ ਹੁੰਦੀ ਹੈ।                     ਅਤੇ
            ਸਾਚੀ ਦਰਗਹ ਪੂਛ ਨਾ ਹੋਇ ॥
            ਮਾਨੇ ਹੁਕਮੁ ਸੀਝੈ ਦਰਿ ਸੋਇ
॥ (832)
     ਜੋ ਬੰਦਾ ਕਰਤਾਰ ਦਾ ਹੁਕਮ ਮੰਨਦਾ ਹੈ,ਉਹੀ ਉਸ ਦੇ ਦਰ ਤੇ ਕਾਮਯਾਬ ਹੁੰਦਾ ਹੈ।ਉਸ ਕੋਲੋਂ ਕਰਮਾਂ ਦਾ ਲੇਖਾ ਨਹੀਂ ਪੁਛਿਆ ਜਾਂਦਾ।                         ਅਤੇ
            ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
            ਨਾਉ  ਮੰਨਿਐ  ਹਉਮੈ  ਗਈ  ਸਭਿ ਰੋਗ ਗਵਾਇਆ
॥   (1242)
     ਨਾਮ ਨੂੰ ਮੰਨਣ ਨਾਲ ਭੈੜੀ ਮੱਤ ਦੂਰ ਹੋ ਜਾਂਦੀ ਹੈ,ਚੰਗੀ ਮੱਤ ਪਰਗਟ ਹੋ ਜਾਂਦੀ ਹੈ। ਨਾਮ ਨੂੰ ਮੰਨਣ ਨਾਲ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ,ਅਤੇ ਮਨ ਦੇ ਸਾਰੇ ਰੋਗ, ਵਿਕਾਰ ਖਤਮ ਹੋ ਜਾਂਦੇ ਹਨ , ਕਿਉਂਕਿ ਮਨ ਦੇ ਸਾਰੇ ਰੋਗਾਂ , ਵਿਕਾਰਾਂ ਦੀ ਜੜ੍ਹ ਹਉਮੈ ਹੈ ।                 ਅਤੇ ,
            ਨਾਇ ਮੰਨਿਐ ਸੰਗਤਿ ਉਧਰੈ ਜਿਨ੍ਹ ਰਿਦੈ ਵਸਾਇਆ ॥   (1241 )
      ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਮੰਨਿਆ ਹੈ , ਉਸ ਨੂੰ ਹਿਰਦੇ ਵਿਚ ਵਸਾਇਆ ਹੈ , ਯਾਨੀ ਖਾਲੀ ਦਿਖਾਵੇ ਲਈ ਹੀ ਨਹੀਂ ਮੰਨਿਆ , ਬਲਕਿ ਦਿਲੋਂ , ਖੁਸ਼ੀ ਨਾਲ ਮੰਨਿਆ ਹੈ , ਉਨ੍ਹਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ।                                                ਅਤੇ ,
            ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥    ( 1242 )
      ਹੇ ਨਾਨਕ , ਪੂਰੇ ਗੁਰੂ , ਸ਼ਬਦ ਗੁਰੂ ਦੀ ਸਿਖਿਆ ਤੋਂ ਇਹ ਨਿਸਚਾ ਹੁੰਦਾ ਹੈ ਕਿ ਨਾਮ ਮੰਨਣਾ ਹੀ , ਜੀਵਨ ਦਾ ਸਹੀ ਰਸਤਾ ਹੈ । ਪਰ ਇਹ ਦਾਤ ਉਸੇ ਨੂੰ ਪਰਾਪਤ ਹੁੰਦੀ ਹੈ , ਜਿਸ ਤੇ ਪ੍ਰਭੂ ਆਪ ਨਖਸ਼ਿਸ਼ ਕਰੇ ।
      ਇਸ ਵਿਚਾਰ ਤੋਂ ਜੋ ਗੱਲ ਉਭਰ ਕੇ ਸਾਮ੍ਹਣੇ ਆਈ , ਉਹ ਇਹ ਹੈ ਕਿ ਨਾਮ , ਕੋਈ ਖਾਲੀ ਗਾਉਣ ਵਾਲੀ , ਰੱਟਾ ਲਾਉਣ ਵਾਲੀ ਚੀਜ਼ ਨਹੀਂ ਹੈ , ਬਲਕਿ ਮੰਨਣ ਦੀ ਚੀਜ਼ ਹੈ । ਇਸ ਬਾਰੇ ਖਾਲੀ ਸੋਝੀ ਹੋ ਜਾਣ ਨਾਲ ਕੁਝ ਨਹੀਂ ਸੌਰਦਾ , ਬਲਕਿ ਇਸ ਨੂੰ ਮੰਨਣ ਨਾਲ ਹੀ , ਉਪਰ ਵਿਚਾਰੇ ਲਾਭ ਮਿਲ ਸਕਦੇ ਹਨ ।
ਗੁਰੂ ਗ੍ਰੰਥ ਸਾਹਿਬ ਵਿਚ ਤੁਕ ਹੈ ,
            ਹੁਕਮੁ ਮੰਨੇ ਸੋ ਜਨੁ ਪਰਵਾਣ ॥ ਗੁਰ ਕੈ ਸਬਦਿ ਨਾਮ ਨੀਸਾਣੁ ॥1॥ਰਹਾਉ॥  ( 1175 )
     ਜੋ ਬੰਦਾ ਗੁਰੂ ਦੀ ਸਿਖਿਆ ਅਨੁਸਾਰ , ਨਾਮ ਨਾਲ ਜੁੜਿਆ ਰਹਿੰਦਾ ਹੈ , ਉਹ ਪ੍ਰਮਾਤਮਾ ਦੇ ਹੁਕਮ ਨੂੰ ਦਿਲੋਂ ਮੰਨਦਾ ਹੋਇਆ , ਪਰਮਾਤਮਾ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ । ਕਰਤਾਰ ਨਾਲ ਇਕ ਮਿਕ ਹੋ ਜਾਂਦਾ ਹੈ ।                                            ਅਤੇ ,
            ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥  ( 832 )
      ਜਿਹੜਾ ਬੰਦਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ , ਉਹ ਪ੍ਰਭੂ ਦਰ ਤੇ ਕਾਮਯਾਬ ਹੋ ਜਾਂਦਾ ਹੈ , ਸੱਚੀ ਦਰਗਾਹ ਵਿਚ ਉਸ ਤੋਂ ਲੇਖਾ ਨਹੀੰ  ਮੰਗਿਆ ਜਾਂਦਾ ।
      ਇਸ ਹਿਸਾਬ ਪਰਮਾਤਮਾ ਦਾ ਨਾਮ ਮੰਨਣਾ ਉਸ ਦਾ ਹੁਕਮ ਮੰਨਣਾ ਹੀ ਹੈ ।
      ਇਸ ਦੀ ਬੜੀ ਸੁਆਦਲੀ ਸਾਂਝ , ਗੁਰੂ ਗ੍ਰੰਥ ਸਾਹਿਬ ਜੀ ਦੇ 471 ਅੰਗ ਤੇ ਮਿਲਦੀ ਹੈ ।
            ਨਾਇ ਮੰਨਇਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
            ਦਰਗਹਿ ਅੰਦਰਿ ਪਾਈਐ  ਤਗੁ ਨ ਤੁਟਸਿ ਪੂਤ
॥ ( 471 )
     ਕਪਾਹ ਦੇ ਧਾਗੇ ਤੋਂ ਬਣੇ ਜਨੇਊ ਨੂੰ ਰੱਦ ਕਰਦੇ ਗੁਰੂ ਸਾਹਿਬ ਸਮਝਾਉੰਦੇ ਹਨ ਕਿ , ਹੇ ਪਾਂਡੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਸੱਚਾ ਸੂਤ ਹੈ । ਉਸ ਤੋਂ ਬਣਿਆ  ( ਪ੍ਰਭੂ ਦੇ ਨਾਮ ਨੂੰ ਮੰਨਣ ਤੋਂ ਬਣਿਆ ) ਜਨੇਊ , ਕਦੇ ਟੁਟਦਾ ਨਹੀਂ, ਹਮੇਸ਼ਾ ਸਾਥ ਦਿੰਦਾ ਹੈ । ਇਸ ਆਸਰੇ ਹੀ ,ਕਰਤਾਰ ਦੀ ਦਰਗਾਹ ਵਿਚ , ਪਹੁੰਚ ਹੁੰਦੀ ਹੈ ਅਤੇ ਉਥੇ ਇਜ਼ਤ ਮਾਣ ਮਿਲਦਾ ਹੈ ।                      ਅਤੇ ,
            ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥   ( 471 )
     ਅਕਾਲ ਦਾ ਹੁਕਮ ਮੰਨਣ ਨਾਲ ਬੰਦਾ , ਅਕਾਲ ਨੂੰ ਪਰਵਾਨ ਹੋ ਜਾਂਦਾ ਹੈ , ਅਤੇ ਮਾਲਕ ਪ੍ਰਭੂ ਦਾ ਮਹਲ ਪਾ ਲੈਂਦਾ ਹੈ । ਉਸ ਨਾਲ ਇਕ ਮਿਕ ਹੋ ਜਾਂਦਾ ਹੈ ।

          (ਚਲਦਾ)                                               ਅਮਰ ਜੀਤ ਸਿੰਘ ਚੰਦੀ                  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.