ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ …(ਭਾਗ 2)………
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ …(ਭਾਗ 2)………
Page Visitors: 2504

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
       …(ਭਾਗ 2)………

      ਆਉ ਹੁਣ ਆਪਾਂ ਇਹ ਵਿਚਾਰ ਕਰੀਏ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਦਾਨ ਕਰਨ ਦੀ ਗੱਲ ਕੀਤੀ ਹੈ।

      ਪੂਰਾ ਸ਼ਬਦ ਇਵੇਂ ਹੈ, 

             ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥    (1245)

              ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ॥

              ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥

              ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥

              ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

              ਅਕਲੀ ਪੜ੍‍ ਿਕੈ ਬੁਝੀਐ ਅਕਲੀ ਕੀਚੈ ਦਾਨੁ॥

              ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥1॥

    ਅਰਥ:-  ਜੋ ਮਨੁੱਖ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਰਜ਼ਾ, ਪ੍ਰਭੂ ਦੇ ਹੁਕਮ ਨੂੰ ਲਿਖ ਲਿਖ ਕੇ ਵੇਚਦੇ ਹਨ, ਉਨ੍ਹਾਂ ਦੇ ਜੀਉਣ ਤੇ ਲਾਨ੍ਹਤ ਹੈ।
ਇਸ ਬਾਰੇ ਕੁਝ ਪ੍ਰਚਲਤ ਗੱਲਾਂ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ,
1, ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਗਿਆ ਹੈ ਕਿ ਇਹ ਤੁਕ, ਸਿੱਖਾਂ ਲਈ ਹੈ। ਕਿਉਂ ਜੋ ਇਸ ਦਾ ਅਰਥ ਕੀਤਾ ਜਾਂਦਾ ਹੈ ਕਿ ਇਹ ਤੁਕ ਉਨ੍ਹਾਂ ਲਈ ਹੈ, ਜੋ ਲੋਕਾਂ ਨੂੰ ਤਵੀਤ ਤੇ ਜੰਤ੍ਰ-ਮੰਤ੍ਰ ਆਦਿ ਲਿਖ ਕੇ ਵੇਚਦੇ ਹਨ। (ਅਤੇ ਇਹ ਲੋਕ ਮੁਸਲਮਾਨ ਹੀ ਹੋ ਸਕਦੇ ਹਨ,ਇਸ ਵਲ ਵੀ ਇਸ਼ਾਰਾ ਕੀਤਾ ਗਿਆ ਹੈ) (ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੁਸਲਮਾਨ ਇਨ੍ਹਾਂ ਤਬੀਤਾਂ ਵਿਚ ਕਦੇ ਵੀ ਗੁਰਬਾਣੀ ਨਹੀਂ ਲਿਖਦੇ) 
 ਇਸ ਬਾਰੇ ਵੀ ਥੋੜੀ ਵਿਚਾਰ ਕਰ ਲੈਣੀ, ਲਾਹੇਵੰਦ ਹੋਵੇਗੀ।
ਇਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਸੱਚ, ਸੱਚ ਹੀ ਹੁੰਦਾ ਹੈ, ਚਾਪਲੂਸੀ, ਚਾਪਲੂਸੀ ਹੀ ਹੁੰਦੀ ਹੈ,
ਜੋ ਮੈਂ ਲਿਖਣ ਜਾ ਰਿਹਾ ਹਾਂ, ਉਸ ਨੂੰ ਗਹੁ ਨਾਲ ਪੜ੍ਹ ਕੇ ਸੋਚਣਾ ਕਿ ਜੋ ਮੈਂ ਲਿਖਿਆ ਹੈ, ਉਹ ਸੱਚ ਹੈ ਜਾਂ ਆਪਣੇ ਗੁਰੂ ਦੀ ਚਾਪਲੂਸੀ ਹੈ ?
  ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ, ਉਹ ਪੂਰਨ ਸੱਚ ਹੈ, ਇਹ ਸੱਚ ਹੋਰ ਕਿਸੇ ਵੀ ਧਰਮ ਗ੍ਰੰਥ ਵਿਚ ਨਹੀਂ ਹੈ।  ਆਉ ਵਿਚਾਰਦੇ ਹਾਂ,
ਦੁਨੀਆ ਵਿਚ ਵੱਡੇ ਦੋ ਧਰਮ ਹਨ, ਜੋ ਇਕ ਪਰਮਾਤਮਾ ਦੀ ਗੱਲ ਕਰਦੇ ਹਨ, ਹੋਰ ਛੋਟੇ ਵੀ ਹੋ ਸਕਦੇ ਹਨ, ਪਰ ਉਹ ਮੇਰੀ ਜਾਣਕਾਰੀ ਵਿਚ ਨਹੀਂ ਹੈ। ਉਨ੍ਹਾਂ ਵਿਚੋਂ ਇਕ ਹੈ ਈਸਾਈ ਧਰਮ ਅਤੇ ਦੂਸਰਾ ਹੈ ਇਸਲਾਮ ਧਰਮ। ਜਿਸ ਦੀ ਗੱਲ ਹੋ ਰਹੀ ਹੈ।
ਇਹ ਦੋਵੇਂ ਧਰਮ, ਇਕ ਰੱਬ ਦੀ ਗਲ ਕਰਦੇ ਹਨ, ਪਰ ਇਨ੍ਹਾਂ ਦੇ ਧਰਮ-ਗ੍ਰੰਥਾਂ ਵਚ ‘ਈਸਾ ਜੀ’ ਅਤੇ ‘ਮੁਹੱਮਦ ਸਾਹਿਬ’ ਤੋਂ ਅਗਾਂਹ ਰੱਬ ਦੀ ਕੋਈ ਜਾਣਕਾਰੀ ਨਹੀਂ ਹੈ। ਨਤੀਜੇ ਵਜੋਂ ਜਦ, ਪਰਲੋ ਵਾਲੇ ਦਿਨ, ਇਹ ‘ਗਾਡ’ ਜਾਂ ‘ਅਲ੍ਹਾ’ ਦੇ ਦਰਬਾਰ ਵਿਚ ਪਹੁੰਚਣਗੇ, ਇਨ੍ਹਾਂ ਦਾ ਹਿਸਾਬ ਹੋਵੇਗਾ ਤਾਂ ਈਸਾਈਆਂ ਵਾਲੇ ਦਿਨ, ਉਨ੍ਹਾਂ ਦੀ ਮਦਦ ਲਈ ‘ਈਸਾ’ ਜੀ ਆਉਣਗੇ ਅਤੇ ਗਾਡ ਕੋਲ ਸਿਫਾਰਸ਼ ਕਰਨਗੇ ਕਿ ਇਹ ਮੇਰੇ ‘ਪੈਰੋਕਾਰ’ ਹਨ ਇਸ ਲਈ ਇਨ੍ਹਾਂ ਨੂੰ ਹੈਵਨ ਵਿਚ ਭੇਜ ਦਿੱਤ ਜਾਵੇ, ਅਤੇ ਉਨ੍ਹਾਂ ਨੂੰ ਹੈਵਨ ਵਿਚ ਭੇਜ ਦਿੱਤਾ ਜਾਵੇਗਾ।  ਹੁਣ ਤੁਸੀਂ ਹੀ ਦੱਸੋ ਕਿ ਜੇ ਈਸਾਈਆਂ ਅਤੇ ਗਾਡ ਦੇ ਵਿਚਾਲਿਉਂ ‘ਈਸਾ ਜੀ ਨੂੰ ਹਟਾ ਦਿੱਤਾ ਜਾਵੇ ਤਾਂ, ਗਾਡ ਅਤੇ ਈਸਾਈਆਂ ਦਾ ਕੀ ਸੰਪਰਕ ਰਹਿ ਜਾਂਦਾ ਹੈ? ‘ਬਾਈਬਲ’ ਵਿਚ, ਗਾਡ ਦਾ ਕੋਈ ਹੋਰ ਵੇਰਵਾ ਨਹੀਂ ਹੈ। ਅਤੇ ਗਾਡ ਦੀ ਸਹੂਲੀਅਤ ਲਈ ਈਸਾਈਆਂ ਦੇ ਗਲ ਵਿਚ ‘ਸਲੀਬ’ ਪਾਈ ਹੁੰਦੀ ਹੈ।
  ਇਵੇਂ ਹੀ ਮੁਸਲਮਾਨਾਂ ਦੀ ਕਿਆਮਤ ਵਾਲੇ ਦਿਨ ਵੀ ਮੁਹੱਮਦ ਸਾਹਿਬ ਅਲ੍ਹਾ ਦੀ ਦਰਗਾਹ ਵਿਚ ਆਉਣਗੇ, ਅਤੇ ਮੁਸਲਮਾਨਾਂ ਦੀ ਸਿਫਾਰਸ਼ ਕਰਨਗੇ ਕਿ ਇਹ ਮੇਰੇ ‘ਪੈਰੋਕਾਰ’ ਹਨ, ਇਨ੍ਹਾਂ ਨੂੰ ‘ਜੱਨਤ’ ਵਿਚ ਘੱਲ ਦਿੱਤਾ ਜਾਵੇ, ਉਨ੍ਹਾਂ ਨੂੰ ਜੱਨਤ ਵਿਚ ‘ਹੂਰਾਂ’ ‘ਖਜੂਰਾਂ ਦੇ ਢੇਰ’ ਅਤੇ ‘ਸ਼ਹਦ’ ਦੀਆਂ ਨਹਿਰਾਂ ਮਿਲਣਗੀਆਂ। ਅਗਰ ਅਲ੍ਹਾ ਅਤੇ ਮੁਸਲਮਾਨਾਂ ਵਿਚਾਲਿਉਂ ‘ਮੁਹੱਮਦ ਜੀ’ ਨੂੰ ਲਾਂਭੇ ਕਰ ਦਿੱਤਾ ਜਾਵੇ ਤਾਂ, ਅਲ੍ਹਾ ਅਤੇ ਮੁਸਲਮਾਨਾਂ ਦਾ ਆਪਸ ਵਿਚ ਕੀ ਸੰਪਰਕ ਰਹਿ ਜਾਂਦਾ ਹੈ ?  ਕੁਰਾਨ ਸ਼੍ਰੀਫ ਵਿਚ ਮੁਹੱਮਦ ਸਾਹਿਬ ਤੋਂ ਅੱਗੇ ਅਲ੍ਹਾ ਬਾਰੇ ਕੋਈ ਜ਼ਿਕਰ ਨਹੀਂ ਹੈ । ਅਤੇ ਅਲ੍ਹਾ ਦੀ ਸਹੂਲੀਅਤ ਲਈ ਮੁਸਲਮਾਨਾਂ ਦੇ ਵਾਲ ਅਤੇ ਦਾੜ੍ਹੀ ਏਸ ਢੰਗ ਨਾਲ ਕੱਟੇ ਜਾਂਦੇ ਹਨ ਕਿ ਉਨ੍ਹਾਂ ਨੂੰ ਦੂਰੋਂ ਪਛਾਣਿਆ ਜਾ ਸਕੇ।
  ਇਸ ਆਧਾਰ ਤੇ ਹੀ ਮੈਂ ਕਿਹਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ ਵਿਚ ਪੂਰਨ ਸੱਚ ਹੈ, ਜੋ ਹੋਰ ਕਿਸੇ ਧਰਮ ਗ੍ਰੰਥ ਵਿਚ ਨਹੀਂ ਹੈ. ਅਤੇ ਏਥੇ ਗੱਲ, ਨਾਮ ਦੇ ਲਿਖ ਕੇ ਵੇਚਣ ਦੀ ਹੈ, ਜੋ ਪਰਮਾਤਮਾ ਦਾ ਹੁਕਮ ਹੈ, ਉਸ ਨੂੰ ਵੇਚਣ ਵਾਲਾ ਹੀ ਦੋਸ਼ੀ ਹੋਵੇਗਾ।
   ਗੁਰੂ ਸਾਹਿਬ ਨੇ ਸਿੱਖਾਂ ਨੂੰ ਰੱਬ ਨਾਲ ਮਿਲਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੱਸਿਆ ਹੈ, ਜੇ ਸਿੱਖਾਂ ਨੂੰ ਇਸ ਲਿਖ ਕੇ ਵੇਚਣ ਦੇ ਜੁਰਮ ਤੋਂ ਬਰੀ ਕਰ ਦਿੱਤਾ ਜਾਵੇ ਤਾਂ ਫਿਰ ਇਹ ਤੁਕ ਕਿਸ ਲਈ ਲਿਖੀ ਗਈ ਹੈ ?
  ਅਤੇ ਕੀ ਲਿਖੇ ਬਿਨਾ, ਮੂੰਹ-ਜ਼ਬਾਨੀ ਹੀ ਵੇਚ ਦੇਣਾ ਜਾਇਜ਼ ਹੈ ?
  ਫਿਰ ਇਸ ਤੁਕ ਦਾ ਅਜਿਹਾ ਮਤਲਬ ਕਿਸ ਨੇ ਅਤੇ ਕਿਉਂ ਲਿਖ ਦਿੱਤਾ ?   
  ਇਹ ਭਾਲਣਾ ਅਸੰਭਵ ਹੈ, ਪਰ ਇਸ ਦੇ ਨਤੀਜੇ ਬਹੁਤ ਮਾਰੂ ਹਨ। ਆਉ ਵਿਚਾਰਦੇ ਹਾਂ।
  ਇਹ ਪਹਿਲੇ ਨਾਨਕ ਜੀ ਦਾ ਲਿਖਿਆ ਹੋਇਆ ਹੈ, ਯਕੀਨਨ ਉਸ ਵੇਲੇ ਗੁਰਬਾਣੀ ਨੂੰ ਵਧਾਉਣ ਦਾ ਸਾਧਨ ਲਿਖਣਾ ਹੀ ਸੀ, ਫਿਰ ਇਸ ਨੂੰ ਲਿਖ ਕੇ ਵੇਚਣ ਵਾਲਿਆਂ ਲਈ ਕਉਂ ਨਹੀਂ ਵਰਤਿਆ ਜਾਂਦਾ ? 
ਪਹਿਲੇ ਨਾਨਕ ਜਦ ਕਿਸੇ ਥਾਂ, ਧਰਮ-ਸਾਲ ਸਥਾਪਤ ਕਰਦੇ ਸਨ ਤਾਂ ਉਸ ਥਾਂ ਦੇ ਸੇਵਾਦਾਰਾਂ ਨੂੰ ਆਪਣੀ ਅਤੇ ਭਗਤਾਂ ਦੀ ਬਾਣੀ (ਪਰਚਾਰ ਦੀ ਸੁਵਿਧਾ ਲਈ) ਲਿਖ ਕੇ ਦਿੱਤੀ ਜਾਂਦੀ ਸੀ, ਅਤੇ ਉਸ ਬਾਣੀ ਦੇ ਹੋਰ ਉਤਾਰੇ ਕਰ ਕੇ, ਯਕੀਨਨ ਸੰਗਤਾਂ ਵਿਚ ਵੰਡੇ ਜਾਂਦੇ ਹੋਣਗੇ । ਅਜਹੇ ਉਤਾਰਿਆਂ ਨੂੰ ਵੇਚਣ ਤੇ ਪਾਬੰਦੀ ਲਾਈ ਗਈ ਹੈ।
  ਪਰ ਅਸੀਂ ਕੀ ਕਰਦੇ ਹਾਂ ?
ਇਤਿਹਾਸ ਇਸ ਗੱਲ ਦਾ ਤਾਂ ਗਵਾਹ ਹੈ ਕਿ ਗੁਰੂ ਘਰ ਤੋਂ ਬਾਗੀ ‘ਉਦਾਸੀ’ ਅਤੇ ‘ਨਿਰਮਲੇ’, ਗੁਰਬਾਣੀ ਦੇ ਉਤਾਰੇ ਹੀ ਨਹੀਂ, ਆਪਣੇ ਗ੍ਰੰਥ ਵੀ ਲਿਖ ਲਿਖ ਕੇ ਵੇਚਦੇ ਰਹੇ ਹਨ, ਅਤੇ ਇਨ੍ਹਾਂ ਦੇ ਖਰੀਦ-ਦਾਰ, ਜ਼ਿਆਦਾ ਕਰ ਕੇ ਫੂਲਕੀਆਂ ਮਿਸਲਾਂ ਦੇ ਰਾਜੇ ਹੀ ਹੁੰਦੇ ਸਨ।
   ਵੈਸੇ ਨਾਲੋ-ਨਾਲ ਸਿੱਖਾਂ ਵਲੋਂ ਗੁਰਬਾਣੀ ਦੇ ਉਤਾਰੇ ਕਰ ਕੇ, ਸਿੱਖਾਂ ਨੂੰ, ਧਰਮ-ਸਾਲਾਂ ਨੂੰ ਭੇਂਟ ਕੀਤੇ ਜਾਂਦੇ ਸੀ। ਪਰ ਇਨ੍ਹਾਂ ਵਿਚੋਂ ਕੋਈ, ਵੇਚਣ ਦਾ ਜ਼ਿਕਰ ਕਿਤੇ ਨਹੀਂ ਆਉਂਦਾ।
ਛਪਵਾ ਕੇ ਵੇਚਣਾ।
ਜਦੋਂ ਦਾ ਛਾਪਾ-ਖਾਨਾ ਸ਼ੁਰੂ ਹੋਇਆ ਹੈ, ਤਦ ਤੋਂ ਅੱਜ ਤੱਕ, ਅਸੀਂ ਇਹ ਪਿਰਤ ਪਾਈ ਹੈ ਕਿ, “ਗੁਰੂ ਗ੍ਰੰਥ ਸਾਹਿਬ ਜੀ” ਸਾਡੇ ਗੁਰੂ ਵੀ ਹਨ ਅਤੇ ਸ਼੍ਰੇਆਮ ਵੇਚੇ ਵੀ ਜਾਂਦੇ ਹਨ। ਅਜਿਹਾ ਹੀ ਨਹੀਂ ਕਿ ਇਹ ਮਾਇਆ ਦੀ ਘਾਟ ਕਾਰਨ ਕੀਤਾ ਜਾਂਦਾ ਹੋਵੇ, ਬਲਕਿ ਕੁਝ ਹੋਰ ਲੋਕ, ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਛਾਪ ਕੇ ਵੇਚਦੇ ਹਨ, ਉਨ੍ਹਾਂ ਨੂੰ ਰੋਕਣ ਦੀ ਥਾਂ, ਉਨ੍ਹਾਂ ਦੀ ਸਹੂਲਤ ਅਤੇ ਆਪਣੀ ਕਮਾਈ ਲਈ, ਸ਼੍ਰੋਮਣੀ ਕਮੇਟੀ ਅਜਿਹਾ ਕਰਦੀ ਹੈ। 
   ਜਿੰਨਾ ਬਜਟ ਸ਼੍ਰੋਮਣੀ-ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਹਰਿਆਣਾ ਕਮੇਟੀ, ਰਾਜਸਤਾਨ ਕਮੇਟੀ, ਪਟਨਾ ਕਮੇਟੀ, ਹਜੂਰ ਸਾਹਿਬ ਕਮੇਟੀ ਦਾ ਹੈ, ਉਸ ਤੋਂ ਕਿਤੇ ਵੱਧ, ਦੁਨੀਆਂ ਦੀਆਂ ਟਕਸਾਲਾਂ, ਸੰਤ-ਮਹਾਂ ਪੁਰਸ਼ਾਂ-ਬ੍ਰਹਮ ਗਿਆਨੀਆਂ ਦੇ ਠਾਠਾਂ, ਰੀਠਾ ਸਾਹਿਬ, ਨਾਨਕ ਮਤਾ ਵਰਗੇ ਸੈਂਕੜੇ ਗੁਰਦਵਾਰਿਆਂ, ਕਾਰ-ਸੇਵਾ ਦੇ ਹਜ਼ਾਰਾਂ ਡੇਰਿਆਂ। ਦੁਨੀਆਂ ਵਿਚਲੀਆਂ “ਸਿੰਘ-ਸਭਾਵਾਂ” ਦਾ ਹੈ। (ਜੋ ਕਿਸੇ ਹਾਲਤ ਵਿਚ ਵੀ ਇਕ ਲੱਖ ਕ੍ਰੋੜ ਤੋਂ ਘਟ ਨਹੀਂ ਹੈ) ਪਰ ਇਹ ਸਾਰਾ ਪੈਸਾ ਵਿਖਾਵੇ ਵਿਚ ਰੋੜ੍ਹਿਆ ਜਾਂਦਾ ਹੈ, ਸਿੱਖਾਂ ਦੀ ਆਪਸੀ ਫੁੱਟ ਦਾ ਕਾਰਨ ਬਣਦਾ ਹੈ।
    ਜੇ ਇਸ ਪੈਸੇ ਨੂੰ ਵਿਉਂਤ-ਬੰਦੀ ਨਾਲ ਵਰਤਿਆ ਜਾਵੇ ਤਾਂ ਇਸ ਨਾਲ ਸਿੱਖਾਂ ਦੇ ਸਾਰੇ ਬੱਚਿਆਂ ਦੀ ਮੁਫਤ ਪੜ੍ਹਾਈ ਹੋ ਸਕਦੀ ਹੈ; ਸਾਰੇ ਸਿੱਖਾਂ ਦਾ ਮੁਫਤ ਇਲਾਜ ਹੋ ਸਕਦਾ ਹੈ। ਹਰ ਸਾਲ ਇਕ-ਦੋ ਫੈਕਟਰੀਆਂ
ਨਵੀਆਂ ਲਗ ਸਕਦੀਆਂ ਹਨ। ਲੱਖਾਂ ਸਿੱਖਾਂ ਨੂੰ ਇਨ੍ਹਾਂ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ, ਹਸਪਤਾਲਾਂ, ਮੈਡੀਕਲ-ਕਾਲਜਾਂ, ਫੈਕਟਰੀਆਂ ਵਿਚ, ਅਤੇ ਇਨ੍ਹਾਂ ਨਾਲ ਸਬੰਧਤ ਹੋਰ ਕੰਮਾਂ ਵਿਚ ਬੜੀ ਇੱਜ਼ਤ ਦਾ ਰੁਜ਼ਗਾਰ ਮਿਲ ਸਕਦਾ ਹੈ।
  ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਵੇਚਣ ਦੀ ਲੋੜ ਨਹੀਂ ਪਵੇਗੀ। ਬਹੁਤ ਸਰਲਤਾ ਨਾਲ ਹਰ ਲੋੜ-ਵੰਦ ਨੂੰ “ਗੁਰੂ ਗ੍ਰੰਥ ਸਾਹਿਬ” ਭੇਟ ਵਜੋਂ ਦਿੱਤਾ ਜਾ ਸਕਦਾ ਹੈ। 
 ਇਹ ਤਾਂ ਸੀ ਲਿਖ ਕੇ ਵੇਚਣ ਦੀ ਗੱਲ, ਜਿਸ ਤੇ ਬਹੁਤ ਬੰਦੇ ਇਤਰਾਜ਼ ਕਰਨਗੇ, ਮੈਂ ਉਹ ਖਾਤਾ ਤਾਂ ਅਜੇ ਖੋਲ੍ਹਿਆ ਹੀ ਨਹੀਂ ਜਿਸ ਵਿਚ ਲਿਖਣ ਦੀ ਵੀ ਲੋੜ ਨਹੀਂ ਪੈਂਦੀ, ਆਉ ਵਿਚਾਰ ਕਰਦੇ ਹਾਂ। ਸ਼ਾਇਦ ਇਹ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਹੈ, ਜਿਸ ਵਿਚ ਹਿੰਗ ਲਗੇ ਨਾ ਫਟਕਰੀ, ਰੰਗ ਚੋਖਾ, ਨਾਲ ਹੀ ਮਜ਼ਾ ਇਹ ਵੀ ਹੈ ਕਿ ਇਸ ਵਿਚ ਪੈਸੇ ਲੈਣ ਵਾਲੇ ਦੀ ਕੋਈ ਜ਼ਿੱਮੇਵਾਰੀ ਵੀ ਨਹੀਂ ਹੈ। 
  ਇਸ ਵਪਾਰ ਦਾ ਨਾਮ ਹੈ “ ਅਖੰਡ ਪਾਠ” ਸਹਿਜ ਪਾਠ, “ਸੰਪਟ ਪਾਠ” ਆਦਿ ਪਾਠ।
   ਅਖੰਡ ਪਾਠ.
  ਇਸ ਵਿਚ ਨਾ ਤਾਂ ਪਾਠੀ ਨੂੰ, ਕੁਝ ਸੁਨਾਉਣ ਦੀ ਹੀ ਲੋੜ ਹੈ, ਨਾਂ ਉਸ ਦੀ ਕੋਈ ਜ਼ਿੱਮੇਵਾਰੀ ਹੈ। ਪੈਸੇ ਦੇਣ ਵਾਲੇ ਨੂੰ ਬੜੇ ਸਹਿਜ ਨਾਲ ਹੀ ਤਸੱਲੀ ਹੋ ਜਾਂਦੀ ਹੈ ਕਿ, ਪੜ੍ਹੇ ਗਏ ਪਾਠ ਦਾ ਫਲ ਉਸ ਦੇ ਖਾਤੇ ਵਿਚ ਜਮ੍ਹਾਂ ਹੋ ਗਿਆ ਹੈ।         
 ਇਸ ਪਿੱਛੇ ਸਿੱਖ ਏਨੇ ਪਾਗਲ ਹੋਏ ਪਏ ਹਨ ਕਿ, ਕਈ ਥਾਵਾਂ ਤੇ ਦਸ-ਦਸ ਸਾਲ ਪਹਿਲਾਂ ਪੈਸੇ ਜਮ੍ਹਾ ਕਰਵਾ ਕੇ, ਉਡੀਕਣਾ ਪੈਂਦਾ ਹੈ ਕਿ ਕਦ ਮੈਨੂੰ ‘ਹੁਕਮ ਨਾਮੇ’ ਦੇ ਰੂਪ ਵਿਚ ਰਸੀਦ ਮਿਲ ਜਾਵੇ, ਅਤੇ ਯਕੀਨ ਹੋ ਜਾਵੇ ਕਿ ਇਸ ਦਾ ਫਲ ਮੇਰੇ ਖਾਤੇ ਵਿਚ ਜਮ੍ਹਾ ਹੋ ਗਿਆ ਹੈ।  ਇਸ ਦਾ ਇਕ ਰੂਪ ਹੈ, ‘ਸਪਤਾਹਿਕ ਪਾਠ’।  ਇਸ ਦਾ ਕੁਝ ਸਰਲ ਰੂਪ ਹੈ ‘ਸਹਿਜ ਪਾਠ’ ਜੋ ਦੋਵੇਂ ਵੇਲੈ, ਕਰਵਾਉਣ ਵਾਲਿਆਂ ਨੂੰ ਸੁਣਾਇਆ ਜਾਂਦਾ ਹੈ।  ਇਕ ਹੋਰ ਪਾਠ ਹੈ ‘ਸੰਪਟ ਪਾਠ’ ਜਿਸ ਨਾਲ ਅਖੰਡ ਪਾਠ ਦੀ ਲੁੱਟ ਨੂੰ ਸਹਿਜੇ ਹੀ ਦੁਗਣਾ, ਚੌਗਣਾ ਕੀਤਾ ਜਾ ਸਕਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਵਪਾਰ, ਪੰਥ ਦੀਆਂ ਮਾਣਯੋਗ ਹਸਤੀਆਂ ਦੀ ਸਰਪਰੱਸਤੀ ਵਿਚ ਚਲਦਾ ਹੈ।   
   ਆਉ ਆਪਾਂ ਇਸ ਤੋਂ ਅੱਗੇ ਦੀ ਵੀ ਵਿਚਾਰ ਕਰਦੇ ਹਾਂ। 
  ਦੁਨੀਆ ਵਿਚ ਲੱਖਾਂ ਹੀ ਅਜਿਹੇ ਪਰਚਾਰਕ ਹਨ, ਜੋ ਗੁਰਬਾਣੀ ਦੀਆਂ ਤੁਕਾਂ ਵਿਚ ਆਪਣੀ ਮਨ-ਮੱਤ ਰਲਾਅ ਕੇ ਮੂੰਹ ਜ਼ਬਾਨੀ ਵੇਚਦੇ ਹਨ, ਗੁਰਬਾਣੀ ਦੀਆਂ ਆਪਣੀਆਂ ਵੀਡੀਉ ਬਣਾ ਕੇ ਵੇਚਦੇ ਹਨ। ਯਾਨੀ ਅਸੀਂ ਮੁਫਤ ਵਿਚ ਮਿਲੀ ਚੀਜ਼ ਨੂੰ ਧੜੱਲੇ ਨਾਲ ਵੇਚ ਰਹੇ ਹਾਂ, ਅਤੇ ਨਾਮ ਹੈ ਸੇਵਾ। ਇਹ ਸੇਵਾ ਉਸ ਵੇਲੇ ਬਣਦੀ ਹੈ, ਜਦ ਅਸੀਂ ਆਪਣੀ ਰੋਜ਼ੀ-ਰੋਟੀ ਲਈ ਕਿਰਤ ਕਰ ਕੇ ਗੁਜ਼ਾਰਾ ਕਰੀਏ, ਅਤੇ ਇਹ ਪਰਚਾਰ ਮੁਫਤ ਕਰੀਏ। 
   ਜਿੱਥੋਂ ਤੱਕ ਸਾਡੇ ਗੁਜ਼ਾਰੇ ਦਾ ਸਵਾਲ ਹੈ, ਗੁਰੂ ਸਾਹਿਬ ਨੇ ਤਾਂ ਸਾਨੂੰ ਕਰਤਾਰ ਪੁਰ ਵਿਖੇ ਅਜਿਹਾ ਢੰਗ ਵਰਤ ਕੇ ਦੱਸਿਆ ਸੀ ਕਿ, ਆਪਣੀ ਸਾਰੀ ਆਮਦਨ ਸਾਂਝੀ ਕਰੋ ਅਤੇ ਆਪਣੀਆਂ ਸਾਰੀਆਂ ਲੋੜਾਂ ਵੀ ਉਸ ਸਾਂਝੇ ਖਾਤੇ ਵਿਚੋਂ ਪੂਰੀਆਂ ਕਰੋ। ਜਿਸ ਨਾਲ ਤੁਹਾਨੂੰ ਸਾਂਝੀ ਫਿਕਰ ਤਾਂ ਹੋਵੇ, ਪਰ ਆਵਦੀ ਇਕੱਲਿਆਂ ਦੀ ਫਿਕਰ ਨਾ ਹੋਵੇ। ਇਸ ਨਾਲ ਸਿੱਖਾਂ ਦੇ ਸਾਰੇ ਫਿਕਰ ਮੁੱਕ ਜਾਂਦੇ ਹਨ। ਪਰ ਗੱਲ ਤਾਂ ਸਾਡੀ ਹਉਂ-ਮੈਂ ਦੀ ਹੈ, ਦੂਸਰਿਆਂ ਨੂੰ ਪਿੱਛੇ ਛੱਡਣ ਦੀ ਹੈ ।
    ਆਉ ਹੁਣ ਵਿਚਾਰਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ, ਕੀ ਦਾਨ ਕਰਨ ਨੂੰ ਕਿਹਾ ਹੈ ?   

       ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥    (1245)
       ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ॥
       ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥
       ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥
       ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
       ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ॥
       ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ
॥1॥ 
   ਅਰਥ:- ਜੋ ਮਨੁੱਖ, ਪਰਮਾਤਮਾ ਦਾ ਨਾਮ, ਉਸ ਦੀ ਬਣਾਈ ਧਰਤੀ ਨੂੰ ਨਿਰਵਿਘਨ ਚਲਦਾ ਰੱਖਣ ਵਾਲੇ ਨਿਯਮਾਂ , ਨੂੰ ਲਿਖ ਲਿਖ ਕੇ ਵੇਚਣ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਜੀਵਨ ਤੇ ਲਾਨ੍ਹਤ ਹੈ। ਕਿਉਂਕਿ ਇਹ ਤਾਂ ਜੀਵਨ ਵਿਚ ਢਾਲਣ ਵਾਲੀ ਚੀਜ਼ ਹੈ, ਵੇਚਣ ਵਾਲੀ ਨਹੀਂ। 
  ਜੇ ਉਹ ਇਹ ਵੇਚਣ ਵਾਲਾ ਕੰਮ ਵੀ ਕਰਦੇ ਹਨ ਅਤੇ ਉਸ ਦੇ ਨਾਲ ਨਾਲ ਉਨ੍ਹਾਂ ਨਿਯਮਾਂ ਅਨੁਸਾਰ ਚੱਲਣ ਦਾ ਯਤਨ ਵੀ ਕਰਦੇ ਹਨ, ਤਾਂ ਵੀ ਉਨ੍ਹਾਂ ਦੇ ਖਲਵਾੜੇ ਵਿਚ, ਉਨ੍ਹਾਂ ਦੇ ਪੱਲੇ ਕੁਝ ਵੀ ਇਕੱਠਾ ਨਹੀਂ ਹੁੰਦਾ, ਕਿਉਂਕਿ ਉਹ ਤਾਂ ਸਾਰਾ ਕੁਝ ਨਾਲ ਦੀ ਨਾਲ ਹੀ ਵੇਚੀ ਜਾਂਦੇ ਹਨ।

    ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥
    ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥
    ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ

   ਸੱਚਾ ਕੰਮ ਕੀਤੇ ਬਗੈਰ, ਹੁਕਮ ਰਜ਼ਾਈ ਚਲਣ ਤੋਂ ਬਗੈਰ, ਕਰਤਾਰ ਦੀ ਦਰਗਾਹ ਵਿਚ ਵੀ ਇੱਜ਼ਤ ਨਹੀਂ ਮਿਲਦੀ। ਇਹ ਅਕਲ ਦੀ ਗੱਲ ਨਹੀਂ ਹੈ ਕਿ ਅਸੀਂ ਇਸ ਮਾਮਲੇ ਵਿਚ ਵੀ ਇਕ-ਦੂਸਰੇ ਨਾਲ ਵਾਦ-ਵਿਵਾਦ ਕਰਦੇ ਰਹੀਏ, ਅਕਲ ਦੀ ਗੱਲ ਤਾਂ ਇਹ ਹੈ ਕਿ ਅਸੀਂ ਅਕਲ ਦੇ ਨਾਲ ਆਪਸੀ ਵਾਦ-ਵਿਵਾਦ ਖਤਮ ਕਰੀਏ, ਹੱਲ ਕਰੀਏ।
  ਅਕਲ ਦੇ ਨਾਲ ਹੀ ਅਸੀਂ ਪ੍ਰਭੂ ਨੂੰ ‘ਸੇਵੀਐ’ ਉਸ ਦਾ ਸਿਮਰਨ ਕਰੀਏ।
  ਏਥੇ ਸੇਵੀਐ ਬਾਰੇ ਕੁਝ ਵਿਚਾਰ ਕਰਨਾ ਵੀ ਲਾਹੇਵੰਦ ਹੋਵੇਗਾ।
   ਜੇ ਆਪਾਂ ਸ਼ਬਦ ਗੁਰੂ ਦੀ ਗੱਲ ਕਰੀਏ ਤਾਂ ਸੇਵੀਐ ਦਾ ਮਤਲਬ ਬਣਦਾ ਹੈ ਸੇਵਾ ਕਰਨੀ, ਗੁਰਬਾਣੀ ਵਿਚ ਸਾਫ ਕੀਤਾ ਗਿਆ ਹੈ, 
   ਗੁਰ ਕੀ ਸੇਵਾ ਸਬਦੁ ਬੀਚਾਰੁ ॥
   ਹਉਮੈ ਮਾਰੇ ਕਰਣੀ ਸਾਰੁ
॥7॥      (223) 
   ਸ਼ਬਦ ਗੁਰੂ ਦੀ ਸੇਵਾ, ਉਸ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਜਿਸ ਦੀ ਸ੍ਰੇਸ਼ਟ ਕਰਨੀ, ਸ੍ਰੇਸ਼ਟ ਫਲ ਸਾਨੂੰ ਇਹ ਮਿਲਦਾ ਹੈ ਕਿ ਸਾਡੇ ਮਨ ਵਿਚੋਂ ਹਉਮੈ ਖਤਮ ਹੋ ਜਾਂਦੀ ਹੈ, ਮਰ ਜਾਂਦੀ ਹੈ।
   ਪਰ ਏਥੇ ਗੱਲ ਸਾਹਿਬ ਦੀ ਹੈ, ਪਰਮਾਤਮਾ ਦੀ ਹੈ, ਅਤੇ ਅਸੀਂ ਉਸ ਦੀ ਕੋਈ ਸੇਵਾ ਨਹੀਂ ਕਰ ਸਕਦੇ, ਅਸੀਂ ਉਸ ਦਾ ਸਿਮਰਨ ਹੀ ਕਰ ਸਕਦੇ ਹਾਂ, ਗੁਰੂ ਜੀ, ਉਸ ਸਿਮਰਨ ਨੂੰ ਵੀ ਅਕਲ ਨਾਲ ਹੀ ਕਰਨ ਨੂੰ ਕਹਿੰਦੇ ਹਨ।
  ਆਉ ਆਪਾਂ ਵਿਚਾਰੀਏ, ਅੱਜ ਜੋ ਸਿਮਰਨ ਗੁਰਦਵਾਰਿਆਂ ਵਿਚ ਕੀਤਾ ਜਾ ਰਿਹਾ ਹੈ, ਉਹ ਕਿੰਨਾ ਕੁ ਅਕਲ ਨਾਲ ਕੀਤਾ ਜਾ ਰਿਹਾ ਹੈ ?

ਅਮਰ ਜੀਤ ਸਿੰਘ ਚੰਦੀ                                                                 (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.