ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 5)
ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 5)
Page Visitors: 1846

ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 5) 
  ਦੁਨੀਆਂ ਬਣਨ ਤੋਂ ਪਹਿਲਾਂ ਦੇ ਹਾਲਾਤ ਅਤੇ ਦੁਨੀਆਂ ਬਣਨ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ.

ਅਰਬਦ ਨਰਬਦ ਧੁੰਦੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ
॥4॥ 

ਅਰਬਦ ਨਰਬਦ ਧੁੰਦੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ
॥1॥
ਅਰਥ:-ਜਦੋਂ ਜਗਤ ਦੀ ਰਚਨਾ ਨਹੀਂ ਹੋਈ ਸੀ, ਉਸ ਤੋਂ ਪਹਿਲਾਂ ਦਾ ਬੇ ਅੰਤ ਸਮਾ,(ਜਿਸ ਦੀ ਗਿਣਤੀ ਵਾਸਤੇ, ਅਰਬਦ-ਨਰਬਦ ਲਫਜ਼ ਵੀ ਪੂਰੇ ਨਹੀਂ ਹਨ) ਜਿਸ ਵਿਚ ਘੁੱਪ-ਹਨੇਰੇ ਦੀ ਹਾਲਤ ਸੀ, ਉਸ ਵੇਲੇ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਹੀ ਚਲ ਰਿਹਾ ਸੀ । ਉਸ ਵੇਲੇ ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਹੀ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ, ਐਸੀ ਸਮਾਧੀ ਲਾਈ ਬੈਠਾ ਸੀ, ਜਿਸ ਵਿਚ ਕਿਸੇ ਕਿਸਮ ਦਾ ਕੋਈ ਫੁਰਨਾ ਨਹੀਂ ਸੀ।1।
ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ
॥2॥     
ਉਸ ਵੇਲੇ ਨਾ ਜਗਤ ਰਚਨਾ ਦੀਆਂ ਚਾਰ ਖਾਣੀਆਂ ਸਨ, ਨਾ ਜੀਵਾਂ ਦੀਆਂ ਬੋਲੀਆਂ ਸਨ। ਤਦੋਂ ਨਾ ਹਵਾ ਸੀ ਨਾ ਪਾਣੀ ਸੀ, ਨਾ ਉਤਪਤੀ ਦੇ ਸਾਧਨ ਸਨ, ਨਾ ਪਰਲੋ ਸੀ, ਨਾ ਜੱਮਣ ਸੀ ਨਾ ਮਰਨ ਸੀ। ਤਦੋਂ ਨਾ ਧਰਤੀ ਸੀ, ਨਾ ਆਕਾਸ਼ ਸੀ। ਤਦੋਂ ਨਾ ਧਰਤੀ ਦੇ ਨੌਂ ਹਿੱਸੇ ਸਨ, ਨਾ ਪਾਤਾਲ ਸੀ, ਨਾਂਹ ਸੱਤ ਸਮੁੰਦਰ ਸਨ ਤੇ ਨਾ ਹੀ ਨਦੀਆਂ ਵਿਚ ਪਾਣੀ ਵਗ ਰਿਹਾ ਸੀ।2।
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ
॥3॥ 
ਤਦੋਂ ਨਾ ਸੁਰਗ-ਲੋਕ ਸੀ, ਨਾ ਮਾਤ-ਲੋਕ ਸੀ, ਤੇ ਨਾ ਹੀ ਪਾਤਾਲ ਸੀ। ਤਦੋਂ ਨਾ ਕੋਈ ਦੋਜ਼ਖ ਸੀ ਨਾ ਬਹਿਸ਼ਤ ਸੀ, ਤੇ ਨਾ ਹੀ ਮੌਤ ਲਿਆਉਣ ਵਾਲਾ ਕਾਲ ਸੀ।  ਤਦੋਂ ਨਾਂਹ ਸੁਰਗ ਸੀ ਨਾਂਹ ਨਰਕ ਸੀ, ਨਾ ਜੰਮਣ ਸੀ ਨਾ ਮਰਨ ਸੀ, ਨਾਂਹ ਕੋਈ ਜੰਮਦਾ ਸੀ ਨਾਂਹ ਮਰਦਾ ਸੀ।3।
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ
॥4॥   
ਤਦੋਂ ਨਾ ਕੋਈ ਬ੍ਰਹਮਾ ਸੀ, ਨਾ ਕੋਈ ਵਿਸ਼ਨੂ ਸੀ ਤੇ ਨਾ ਹੀ ਸ਼ਿਵ ਸੀ। ਤਦੋਂ ਇਕ ਰੱਬ ਹੀ ਰੱਬ ਸੀ, ਹੋਰ ਕੋਈ ਵਿਅਕਤੀ ਨਹੀਂ ਦਿਸਦਾ ਸੀ। ਤਦੋਂ ਨਾ ਕੋਈ ਇਸਤ੍ਰੀ ਸੀ ਨਾ ਕੋਈ ਮਰਦ ਸੀ। ਤਦੋਂ ਨਾ ਕੋਈ ਜਾਤਿ ਸੀ ਨਾ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾ ਕੋਈ ਦੁੱਖ ਭੋਗਣ ਵਾਲਾ ਜੀਵ ਹੀ ਸੀ ॥4॥ 

         ਅਮਰ ਜੀਤ ਸਿੰਘ ਚੰਦੀ             (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.