ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 3)
ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 3)
Page Visitors: 1773

ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 3)
ਸਿੱਖੀ ਵਿਚੋਂ ਕਰਮ ਕਾਂਡ ਅਤੇ ਵਹਿਮ-ਭਰਮ ਦੂਰ ਕਰਨ ਦਾ ਹੀਲਾ

    ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥
    ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥1॥
    ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥
    ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ਰਹਾਉ॥
    ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ॥
    ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ॥2॥
    ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ॥
    ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ॥3॥
    ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ॥
    ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ
॥4॥6॥     (672)

 ਅਰਥ:-

    ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥
    ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ
॥ਰਹਾਉ॥  (672)
 ਹੇ ਭਾਈ, ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕੋਈ ਮਨੁੱਖ, ਮਾਇਆ ਵਲੋਂ ਨਹੀਂ ਰੱਜਿਆ, ਤ੍ਰਿਪਤ ਨਹੀਂ ਹੋਇਆ। ਜਿਵੇਂ ਅੱਗ, ਬਾਲਣ ਨਾਲ ਨਹੀਂ ਰੱਜਦੀ, ਓਵੇਂ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ, ਪਰਮਾਤਮਾ ਦੇ ਹੁਕਮ ਵਿਚ ਚੱਲੇ ਬਗੈਰ, ਬੰਦਾ ਮਾਇਆ ਵਲੋਂ ਨਹੀਂ ਰੱਜ ਸਕਦਾ।
   ਗੁਰੂ ਸਾਹਿਬ ਨੇ ਮਾਇਆ ਕਮਾਉਣ ਵਲੋਂ ਬੰਦੇ ਤੇ ਕੋਈ ਪਾਬੰਦੀ ਨਹੀਂ ਲਾਈ, ਕਿਉਂਕਿ ਦੁਨੀਆ ਦਾ ਕਾਰ-ਵਿਹਾਰ ਮਾਇਆ ਬਗੈਰ ਚੱਲ ਹੀ ਨਹੀਂ ਸਕਦਾ।          ਗੁਰ ਫੁਰਮਾਨ ਹੈ, 
   ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
    ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
॥1॥    (522)
  ਹੇ ਨਾਨਕ, ਦੂਸਰਿਆਂ ਦਾ ਭਲਾ ਲੋਚਦੇ ਹੋਏ, ਉੱਦਮ ਕਰਨ ਨਾਲ ਆਤਮਕ ਜੀਵਨ ਮਿਲਦਾ ਹੈ, ਅਜਿਹੀ ਕਮਾਈ ਕੀਤਿਆਂ ਸੁਖ ਮਾਣੀਦਾ ਹੈ। ਪ੍ਰਭੂ ਦੀ ਰਜ਼ਾ ਵਿਚ ਚਲਿਆਂ, ਰੱਬ ਨੂੰ ਮਿਲ ਪਈਦਾ ਹੈ ਅਤੇ ਚਿੰਤਾ ਮਿਟ ਜਾਂਦੀ ਹੈ।                     ਅਤੇ,
   ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥                                 
   ਹਸੰਦਿਆ ਖੇਲੰਦਿਆ ਪੈਨ੍‍ੰਦਿਆਂ ਖਾਵੰਦਿਆ ਵਿਚੇ ਹੋਵੈ ਮੁਕਤਿ
॥2॥   (522)
 ਹੇ ਨਾਨਕ, ਜੇ ਸ਼ਬਦ ਗੁਰੂ ਨਾਲ ਮਿਲਾਪ ਹੋ ਜਾਵੇ ਤਾਂ ਜੀਊਣ ਦਾ ਠੀਕ ਵੱਲ ਆ ਜਾਂਦਾ ਹੈ, ਫਿਰ ਹੱਸਦਿਆਂ, ਖੇਡਦਿਆਂ, ਖਾਂਦਿਆਂ, ਪਹਿਨਦਿਆਂ (ਭਾਵ ਦੁਨੀਆ ਦੇ ਸਾਰੇ ਕੰਮ-ਕਾਰ ਕਰਦਿਆਂ) ਮਾਇਆ ਵਿਚ ਵਿਚਰਦਿਆਂ ਹੀ ਵਿਕਾਰਾਂ ਤੋਂ ਬਚੇ ਰਹੀਦਾ ਹੈ।
   ਇਹ ਹੈ ਮਾਇਆ ਕਮਾਉਣ ਅਤੇ ਵਰਤਣ ਦਾ ਢੰਗ, ਪਰ ਇਸ ਨਾਲ ਅਸੀਂ ਗੁਜ਼ਾਰੇ ਲਾੲਕ ਹੀ ਕਮਾ ਸਕਦੇ ਹਾਂ, ਬੈਂਕਾਂ ਨਹੀਂ ਭਰ ਸਕਦੇ। ਬੈਂਕਾਂ ਵਿਚ ਭਰੀ ਮਾਇਆ ਬਾਰੇ ਵੀ ਗੁਰੂ ਸਾਹਿਬ ਦਾ ਉਪਦੇਸ਼ ਹੈ,
   ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
   ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਜਾਈ॥
   ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ
॥3॥    (417)
  ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ, ਇਸ ਧਨ ਨੇ ਬਹੁਤ ਲੋਕਾਂ ਨੂੰ ਖੁਆਰ ਕੀਤਾ ਹੈ।
  ਪਾਪ ਕਰਨ ਤੋਂ ਬਗੈਰ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਅਤੇ ਮਰਨ ਵੇਲੇ ਇਹ ਇਕੱਠੀ ਕਰਨ ਵਾਲੇ ਦੇ ਨਾਲ ਨਹੀਂ ਜਾਂਦੀ, ਏਥੇ ਸੰਸਾਰ ਵਿਚ ਹੀ ਰਹਿ ਜਾਂਦੀ ਹੈ। ਪਰ ਜੀਵ ਦੇ ਵੱਸ ਦਾ ਕੀ ਹੈ? ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਉਂਦਾ ਹੈ, ਪਹਿਲਾਂ ਉਸ ਪਾਸੋਂ ਉਸ ਦੀ ਚੰਗਿਆਈ ਖੋਹ ਲੈਂਦਾ ਹੈ।
ਇਹ ਸੀ ਗੁਰਮਤਿ ਅਨੁਸਾਰ ਮਾਇਆ ਬਾਰੇ ਕੁਝ ਨਜ਼ਰੀਏ। ਅੱਗੇ ਵਧਦੇ
     ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥
      ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ
॥1॥    (672) 
 ਅਰਥ:- 
  ਹੇ ਭਾਈ ਦੁਨੀਆ ਵਿਚ ਇਕ ਤੋਂ ਇਕ ਵੱਡੇ ਰਾਜੇ ਹਨ, ਇਕ ਤੋਂ ਇਕ ਜ਼ਮੀਨਾਂ ਦੇ ਮਾਲਕ ਹਨ, ਪਰ ਉਨ੍ਹਾਂ ਦੀ ਮਾਇਆ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ, ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ, ਉਨ੍ਹਾਂ ਦੀਆਂ ਅੱਖਾਂ ਨੂੰ ਮਾਇਆ ਤੋਂ ਬਗੈਰ ਹੋਰ ਕੁਝ ਦਿਸਦਾ ਹੀ ਨਹੀਂ ।
      ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ॥
      ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ
॥2॥
  ਹੇ ਭਾਈ ਜਿਹੜਾ ਬੰਦਾ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ , ਉਸ ਦੀ ਸੁਆਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁਕਦੀ। ਸੁਆਦਲੇ ਖਾਣਿਆਂ ਦੀ ਖਾਤਰ ਉਹ ਬੰਦਾ, ਕੁੱਤੇ ਵਾਙ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਲੱਭਦਾ ਰਹਿੰਦਾ ਹੈ ।
      ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ॥
      ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ
॥3॥
  ਹੇ ਭਾਈ, ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿੰਨੀਆਂ ਹੀ ਜਨਾਨੀਆਂ ਹੋਣ, ਪਰਾਏ ਘਰ ਵੱਲੋਂ ਉਸ ਦੀ ਮੰਦੀ ਨਜ਼ਰ ਫਿਰ ਵੀ ਨਹੀਂ ਹਟਦੀ, ਉਹ ਹਰ ਰੋਜ਼ ਵਿਸ਼ੇ-ਰੂਪੀ-ਪਾਪ ਕਰਦਾ ਹੈ ਅਤੇ ਪਛਤਾਉਂਦਾ ਵੀ ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛਤਾਵੇ ਵਿਚ ਉਸ ਦਾ ਆਤਮਕ ਜੀਵਨ, ਮੁੱਕਦਾ ਜਾਂਦਾ ਹੈ ।
      ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ॥
      ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ
॥4॥6॥     (672)
  ਹੇ ਭਾਈ, ਰੱਬ ਦਾ ਨਾਮ ਹੀ ਇਕ ਐਸਾ ਬੇ-ਅੰਤ ਤੇ ਕੀਮਤੀ ਖਜ਼ਾਨਾ ਹੈ, ਜਿਹੜਾ ਆਤਮਕ ਜੀਵਨ ਦਿੰਦਾ ਹੈ, ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸਤ-ਸੰਗੀਆਂ ਦੇ ਹਿਰਦੇ ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ ਹੇ ਨਾਨਕ, ਇਸ ਖਜ਼ਾਨੇ ਦੀ ਸੋਝੀ, ਸ਼ਬਦ ਗੁਰੂ ਤੋਂ ਹੀ ਪਰਾਪਤ ਹੁੰਦੀ ਹੈ ।
   ਪਰ ਅਸੀਂ ਅੱਜ ਕੀ ਕੀਤਾ ਹੋਇਆ ਹੈ ?
 ਅਸੀਂ ਆਪ ਤਾਂ ਮਾਇਆ ਵਿਚ ਫਸੇ ਹੀ ਹੋਏ ਹਾਂ, ਆਪਣੇ ਲਾਲਚ, ਆਪਣੇ ਸਵਾਰਥ ਦੇ ਵੱਸ, ਹਰ ਉਹ ਥਾਂ , ਜਿਸ ਨੂੰ ਧਰਮ-ਅਸਥਾਨ, ਗੁਰਦਵਾਰਾ ਆਖਦੇ ਹਾਂ, ਜਿਸ ਵਿਚੋਂ ਸਾਨੂੰ ਗੁਰਮਤਿ ਦਾ ਗਿਆਨ ਮਿਲਣਾ ਸੀ, ਉਸ ਥਾਂ ਨੂੰ ਅਜਿਹੇ ਮਾਇਆ-ਧਾਰੀਆਂ ਦੇ ਹਵਾਲੇ ਕਰ ਚੁੱਕੇ ਹਾਂ, ਜਿਸ ਦੇ ਨਤੀਜੇ ਵਜੋਂ, ਇਨ੍ਹਾਂ ਮਾਇਆ ਧਾਰੀਆਂ ਦੇ ਪੱਲੇ ਪਈ ਦਸਵੰਧ ਦੀ ਅਰਬਾਂ ਰੁਪਏ ਦੀ ਮਾਇਆ ਹੀ ਨਹੀਂ, ਗੁਰਦਵਾਰਿਆਂ ਦੀ ਖਰਬਾਂ ਰੁਪਏ ਦੀ ਜਾਇਦਾਦ, ਜੋ ਲੋੜ-ਵੰਦ ਸਿੱਖਾਂ ਦੇ ਕੰਮ ਆਉਣੀ ਸੀ, ਉਹ ਸਾਰੀ ਮਾਇਆ ਧਾਰੀਆਂ ਦੇ ਢਿਡ ਵਿਚ ਪਈ ਜਾਂਦੀ ਹੈ, ਨਾ ਮਾਇਆ-ਧਾਰੀਆਂ ਦਾ ਢਿਡ ਭਰੇ, ਨਾ ਸਿੱਖਾਂ ਦੇ ਕੰਮ ਆਵੇ, ਨਤੀਜੇ ਵਜੋਂ ਸਿੱਖ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਜਾਂਦੇ ਹਨ, ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਹਨ, ਆਪਸ ਵਿਚ ਲੜਾਈ-ਝਗੜਾ ਵਧਦਾ ਜਾ ਰਿਹਾ ਹੈ, ਜਿਨ੍ਹਾਂ ਗੁਰਦਵਾਰਿਆਂ ਵਿਚਲੀ ਮਾਇਆ ਨਾਲ ਸਿੱਖੀ ਦਾ ਭਲਾ ਹੋਣਾ ਸੀ, ਉਨ੍ਹਾਂ ਗੁਰਦਵਾਰਿਆਂ ਤੇ ਕਬਜ਼ਿਆਂ ਲਈ ਚੱਲ ਰਹੇ ਮੁਕੱਦਮਿਆਂ ਤੇ ਹੀ ਬੇਓੜਕਾ ਪੈਸਾ ਲੱਗ ਰਿਹਾ ਹੈ। ਪੈਸੇ ਵਾਲੇ ਪੈਸੇ ਕਾਰਨ ਆਫਰੇ ਹੋਏ, ਸਿੱਖੀ ਤੋਂ ਦੂਰ ਹੋ ਰਹੇ ਹਨ ਅਤੇ ਗਰੀਬ ਗੁਰਦਵਾਰੇ ਨੂੰ ਦਸਵੰਧ ਦੇ ਦੇ ਕੇ ਭੁੱਖੇ ਮਰਦੇ ਸਿੱਖੀ ਤੋਂ ਦੂਰ ਹੋ ਰਹੇ ਹਨ। ਜੇ ਇਵੇਂ ਹੀ ਚਲਦਾ ਰਿਹਾ ਤਾਂ, ਸਿੱਖੀ ਭੇਸ ਵਿਚਲੇ ਠੱਗ, ਭਾਵੇਂ ਉਹ ਜਥੇਦਾਰ ਹੋਣ, ਸੰਤ-ਮਹਾਂ ਪੁਰਸ਼-ਬ੍ਰਹਮਗਿਆਨੀ ਹੋਣ,ਆਗੂ ਹੋਣ, ਮੁਕਦਮ-ਕੁਤੇ ਹੋਣ, ਡੇਰੇਦਾਰ ਹੋਣ,ਉਨ੍ਹਾਂ ਦੇ ਝੋਲੀ-ਚੁੱਕ ਚੇਲੇ ਹੋਣ, ਅਖੰਡ-ਪਾਠੀ ਹੋਣ, ਜਾਂ ਚੁਫੇਰ-ਗੜ੍ਹੀਏ ਪਰਚਾਰਕ ਹੋਣ, ਇਹ ਤਾਂ ਬਹੁਤ ਹੋਣਗੇ, ਪਰ ਸਿੱਖ ਕੋਈ ਟਾਂਵਾ ਹੀ ਹੋਵੇਗਾ, ਇਸ ਦੇ ਨਾਲ ਹੀ, ਨਾਨਕ ਦਾ ਟੀਚਾ ਤਾਂ ਕੀ ਪੂਰਾ ਹੋਣਾ, ਸ੍ਰੀ ਚੰਦ ਦਾ ਬਾਲੇ ਦਾ, ਚੂੜਾ-ਮਨੀ ਕਵੀ ਸੰਤੋਖ ਸਿੰਘ ਦਾ, ਜਥੇਦਾਰ ਵੇਦਾਂਤੀ ਤੇ ਉਸ ਦੇ ਬਾਰਾਂ ਸਾਥੀਆਂ ਦਾ ਟੀਚਾ ਜ਼ਰੂਰ ਪੂਰਾ ਹੋ ਜਾਵੇਗਾ। 
  ਇਕ ਨਿਮਾਣੀ ਜਿਹੀ ਜੋਦੜੀ ਹੈ, ਸੰਭਲੋ, ਜਿਹੜੇ ਡੁੱਬਣ ਵਾਲੇ, ਬਚਣਾ ਨਹੀਂ ਚਾਹੁੰਦੇ, ਉਨ੍ਹਾਂ ਨੂੰ ਬਚਾਉਣ ਦੇ ਚੱਕਰ ਵਿਚ ਆਪ ਵੀ ਨਾ ਡੁੱਬੋ, ਜਿਹੜੇ ਬਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲੈ ਕੇ ਅੱਡ ਹੋ ਜਾਵੋ, ਮਾਇਆ ਦੇ ਚੱਕਰ ਵਿਚ ਨਾ ਪਵੋ, ਗੁਰਬਾਣੀ ਨੂੰ ਸੰਭਾਲਣ ਲਈ ਹੰਭਲਾ ਮਾਰੋ।

                 ਅਮਰ ਜੀਤ ਸਿੰਘ ਚੰਦੀ              (ਚਲਦਾ)                                                                                                                                                                                                                                                        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.