ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 5)
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 5)
Page Visitors: 1666

      ਸਿੱਖੀ  ਅਤੇ ਇਸ ਦੇ ਸਿਧਾਂਤ! (ਭਾਗ 5) 
    ਇਹ ਸੀ ਗੁਰਬਾਣੀ ਪਰਚਾਰ ਦਾ ਇਕ ਪੱਖ, ਜਿਸ ਹਿਸਾਬ ਨਾਲ "ਨਾਮ" ਬਾਰੇ ਅਗਿਆਨਤਾ ਵੱਸ ਸਿੱਖ ਕੁਰਾਹੇ ਪੈ ਰਹੇ ਹਨ। ਇਵੇਂ ਹੀ ਕਈ ਹੋਰ ਅੱਖਰ ਹਨ, ਜਿਨ੍ਹਾਂ ਵਲੋਂ ਅਗਿਆਨਤਾ ਵੱਸ, ਸਿੱਖਾਂ ਨੂੰ ਗੁਰਬਾਣੀ ਸਮਝਣ ਵਿਚ ਮੁਸ਼ਕਿਲ ਆਉਣ ਕਾਰਨ ਸਿੱਖ ਗੁਰੂ ਗ੍ਰੰਥ ਸਾਹਬ ਬਾਰੇ ਉਹ ਸੇਧ ਨਹੀਂ ਲੈ ਸਕਦੇ,ਜੋ ਲੈਣੀ ਚਾਹੀਦੀ ਹੈ। ਅਜਿਹਾ ਹੀ ਇਕ ਅੱਖਰ ਹੈ ਕੁਦਰਤ, ਅੱਜ ਕਲ ਦੇ ਸਿੱਖ ਵਿਦਵਾਨ, ਬੜੇ ਧੜੱਲੇ ਨਾਲ ਪਰਚਾਰ ਕਰ ਰਹੇ ਹਨ ਕਿ ਰੱਬ ਕੋਈ ਚੀਜ਼ ਨਹੀਂ ਹੈ, ਕੁਦਰਤ ਹੀ ਸਭ ਕੁਝ ਹੈ। ਆਉ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ ਸੱਚ ਕੀ ਹੈ।   
  ਗੁਰਬਾਣੀ ਦਾ ਸ਼ਬਦ ਹੈ,
   ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
   ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
   ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
   ਕੁਦਰਤਿ ਖਾਣਾ ਪੀਣਾ ਪੈਨ੍ਣੁਕ ਕੁਦਰਤਿ ਸਰਬ ਪਿਆਰੁ ॥
   ਕੁਦਰਤਿ    ਜਾਤੀ   ਜਿਨਸੀ   ਰੰਗੀ  ਕੁਦਰਤਿ  ਜੀਅ  ਜਹਾਨ ॥
   ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
   ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
   ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
   ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ
॥2॥  (464)   
 ਅਰਥ:-   ਹੇ ਪ੍ਰਭੂ, ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਣਾਈ ਦੇ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ, ਕੁਦਰਤਿ ਅਨੁਸਾਰ ਹੀ ਡਰ ਅਤੇ ਸੁਖ ਦਾ ਮੂਲ ਹੈ। ਪਾਤਾਲਾਂ ਅਤੇ ਆਕਾਸ਼ਾਂ ਵਿਚ ਵੀ ਤੇਰੀ ਹੀ ਕੁਦਰਤ ਹੈ, ਜਗਤ ਦਾ ਇਹ ਸਾਰਾ ਪਸਾਰਾ ਵੀ ਤੇਰੀ ਹੀ ਕੁਦਰਤ ਹੈ। ਵੇਦ, ਪੁਰਾਣ ਤੇ ਕਤੇਬਾਂ ਆਦਿ ਵਿਚਲੀ ਵਿਚਾਰ ਚਰਚਾ ਵੀ ਤੇਰੀ ਹੀ ਕਲਾ ਹੈ। ਜੀਵਾਂ ਦਾ ਖਾਣ-ਪੀਣ, ਪੈਨ੍ਣਾ ਦਾ ਵਿਹਾਰ ਅਤੇ ਜਗਤ ਵਿਚ ਪਿਆਰ ਦਾ ਸਾਰਾ ਜਜ਼ਬਾ, ਇਹ ਸਭ ਤੇਰੀ ਹੀ ਕੁਦਰਤ ਹੈ ।    ਜਾਤਾਂ ਵਿਚ, ਜਿਨਸਾਂ ਵਿਚ ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ। ਜਗਤ ਵਿਚ ਭਲਾਈ ਦੇ ਜੋ ਕੰਮ ਹੋ ਰਹੇ ਹਨ, ਕਿਤੇ ਬੁਰੇ ਕੰਮ ਹੋ ਰਹੇ ਹਨ, ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਹੰਕਾਰ ਪਰਧਾਨ ਹੈ , ਇਹ ਤੇਰਾ ਹੀ ਅਸਚਰਜ ਕੌਤਕ ਹੈ।        ਪਉਣ, ਪਾਣੀ, ਅੱਗ ਅਤੇ ਧਰਤੀ ਦੀ ਖਾਕ ਆਦਿ ਦੇ ਤੱਤ, ਇਹ ਸਾਰਾ ਤੇਰਾ ਹੀ ਤਮਾਸ਼ਾ ਹੈ। ਹੇ ਪ੍ਰਭੂ, ਸਾਰੀ ਤੇਰੀ ਹੀ ਕਲਾ ਵਰਤ ਰਹੀ ਹੈ। ਤੂੰ ਕੁਦਰਤ ਦ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਣਹਾਰ ਹੈਂ , ਤੇਰੀ ਵਡਿਆਈ, ਸੁੱਚੀ ਤੋਂ ਵੀ ਸੁੱਚੀ ਹੈ।ਤੂੰ ਆਪ ਪਵਿੱਤਰ ਹਸਤੀ ਵਾਲਾ ਹੈਂ। 
  ਹੇ ਨਾਨਕ, ਪ੍ਰਭੂ ਇਸ ਸਾਰੀ ਕੁਦਰਤ ਨੂੰ ਆਪਣੇ ਹੁਕਮ ਵਿਚ ਰੱਖ ਕੇ, ਸਭ ਦੀ ਸੰਭਾਲ ਕਰ ਰਿਹਾ ਹੈ, ਤੇ ਸਭ ਥਾਈਂ ਆਪ ਹੀ ਆਪ  ਹੈ।2।
  ਇਸ ਨੂੰ ਪੜ੍ਹਨ ਮਗਰੋਂ ਆਪਣੇ ਆਪ ਵਿਚਾਰੋ ਕਿ ਜਿਹੜੇ ਸਿੱਖ ਵਿਦਵਾਨ, ਰੱਬ ਨੂੰ ਰੱਦ ਕਰ ਕੇ, ਕੁਦਰਤ ਨੂੰ ਹੀ ਰੱਬ ਕਹਿ ਰਹੇ ਹਨ, ਉਹ ਕੀ ਹਨ।
   ਹੁਣ ਮੁੜਦੇ ਹਾਂ ਸਿੱਖੀ ਦੈ ਮੁੱਢ ਵਲ।
  ਗੁਰੂ ਨਾਨਕ ਜੀ ਤੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਨਾਨਕ ਜੀ ਦਾ ਪਹਿਲਾ ਸੰਦੇਸ਼ ਸੀ, 
    'ਨਾ ਹਿੰਦੂ ਨਾ ਮੁਸਲਮਾਨ' 
   ਜਿਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ, ਅਖੌਤੀ ਲੀਡਰ ਆਪਣੀ ਲੋੜ ਅਨੁਸਾਰ , ਸਿੱਖੀ ਦਾ ਨੱਕ ਜਿੱਧਰ ਮਰਜ਼ੀ ਮੋੜਦੇ ਰਹਿੰਦੇ ਹਨ। ਇਹ ਗੱਲ ਸ਼ੁਰੂ ਹੁੰਦੀ ਹੈ, ਸੁਲਤਾਨਪੁਰ  ਲੋਧੀ ਤੋਂ ਉਸ ਵੇਲੇ, ਜਦ ਗੁਰੂ ਨਾਨਕ ਜੀ ਨਵਾਬ ਦੀ ਨੌਕਰੀ ਨੂੰ ਤਿਆਗਣ ਦਾ ਮਨ ਬਣਾ ਲੈਂਦੇ ਹਨ। ਉਹ ਵੇਈਂ ਤੇ ਇਸ਼ਨਾਨ ਕਰਨ ਗਏ ਗਾਇਬ ਹੋ ਜਾਂਦੇ ਹਨ, ਆਮ ਬੰਦੇ ਤਾਂ ਇਹੀ ਸੋਚਦੇ ਹਨ ਕਿ ਨਾਨਕ ਜੀ ਵੇਈਂ ਵਿਚ ਡੁੱਬ ਗਏ ਹਨ। ਪਰ ਮਗਰੋਂ ਦੇ ਹਾਲਾਤ ਅਨੁਸਾਰ ਸਾਫ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ, ਵੇਈਂ ਪਾਰਲੇ ਜੰਗਲ ਵਿਚ, ਆਪਣੇ ਭਵਿੱਖ ਬਾਰੇ ਵਿਚਾਰ ਕਰਨ ਲਈ, ਦੋ ਦਿਨ ਅਤੇ ਦੋ ਰਾਤ ਵਿਚਾਰ ਕਰਦੇ ਰਹੇ, ਜਦ ਕਿ ਬ੍ਰਾਹਮਣ ਨੇ ਬੜੀ ਦੂਰ ਦੀ ਸੋਚੀ ਕਿ ਗੁਰੂ ਨਾਨਕ ਜੀ ਵੇਈਂ ਰਾਹੀਂ ਸ਼ੀਰ ਸਮੁੰਦਰ ਵਿਚ ਪਰਮਾਤਮਾ ਕੋਲੋਂ ਗਿਆਨ ਲੈਣ ਗਏ ਸਨ।(ਜਦ ਕਿ ਸੁਲਤਾਨਪੁਰ ਵਾਲੀ ਵੇਈਂ ਦਾ ਸਮੁੰਦਰ ਨਾਲ ਕੋਈ ਸਿੱਧਾ ਲਿੰਕ ਨਹੀਂ ਬਣਦਾ) ਜਿਸ ਦਾ ਮਤਲਬ ਸਾਫ ਸੀ ਕਿ ਸ਼ੀਰ ਸਮੁੰਦਰ ਵਿਚ ਵਿਸ਼ਨੂ ਜੀ ਸ਼ੇਸ਼-ਨਾਗ ਦੀ ਸੇਜ ਤੇ ਲਕਸ਼ਮੀ ਸਮੇਤ ਬਿਰਾਜਦੇ ਹਨ, ਯਾਨੀ ਕਿ ਗੁਰੂ ਨਾਨਕ ਜੀ, ਵਿਸ਼ਨੂ ਕੋਲੋਂ ਗਆਨ ਲੈਣ ਗਏ ਸਨ। ਅਤੇ ਇਹੋ ਵਿਸ਼ਨੂ ਜੀ ਸਿੱਖ ਲੀਡਰਾਂ ਅਨੁਸਾਰ ਅੱਜ ਵੀ 'ਹਰਿਮੰਦਰ' ਵਿਚ ਵਸਦੇ ਹਨ, ਤਾਂ ਹੀ ਇਸ ਦਾ ਨਾਮ "ਦਰਬਾਰ ਸਾਹਿਬ" ਤੋਂ "ਹਰਿਮੰਦਰ" ਹੋ ਗਿਆ ਹੋਇਆ ਹੈ।                                                    ਇਹ ਵੱਖਰੀ ਗੱਲ ਹੈ ਕਿ ਮਿਲੀ ਖਬਰ ਅਨੁਸਾਰ , ਇਨ੍ਹਾਂ ਲੀਡਰਾਂ ਨੇ ਦਰਬਾਰ ਸਾਹਿਬ ਵਿਚ ਬਣ ਰਹੀ ਇਕ ਨਾਲੀ ਲਈ ਇੱਟਾਂ, ਰਾਮ ਦੇ ਨਾਮ ਵਾਲੀਆਂ ਬਣਵਾਈਆਂ ਹਨ ਤਾਂ ਜੋ ਆਉਣ ਵਾਲੇ 100/200 ਸਾਲ ਮਗਰੋਂ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਇਹ ਥਾਂ ਕਿਸੇ ਵੇਲੇ , ਦਸ਼ਰਥ ਪੁਤਰ ਰਾਮ ਚੰਦਰ, ਜਾਂ ਲਵ, ਕੁਸ਼ ਦੇ ਪਿਤਾ ਰਾਮ ਚੰਦਰ ਨਾਲ ਸਬੰਧਤ ਸੀ ਅਤੇ ਹਿੰਦੂ ਆਰਾਮ ਨਾਲ ਇਸ ਤੇ ਕਬਜ਼ਾ ਕਰ ਸਕਣ। ਅੱਜ-ਕੱਲ ਸਿੱਖਾਂ ਦਾ ਇਤਿਹਾਸ, ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਬਦਲਿਆ ਜਾ ਰਿਹਾ ਹੈ, ਜੋ ਬਾਦਲਾਂ ਦੀ ਛਤਰ-ਛਾਇਆ ਹੇਠ ਹੋ ਰਿਹਾ ਹੈ। ਪਰਮਾਤਮਾ ਹੀ ਸਿੱਖਾਂ ਨੂੰ ਸੁਮੱਤ ਬਖਸ਼ੇ। ਖੈਰ ਗੁਰੂ ਨਾਨਕ ਜੀ ਦਾ ਸਾਫ ਸੰਦੇਸ਼ ਸੀ ਕਿ ਸਿੱਖੀ ਕੋਈ ਧਰਮ ਨਹੀਂ ਹੈ, ਇਸ ਦਾ, ਆਧਾਰ ਪਰਮਾਤਮਾ ਵਲੋਂ ਬਣਾਏ ਧਰਮ ਦੇ ਆਧਾਰ ਤੇ ਹੋਵੇਗਾ,  
   ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
   ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥
   ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ 
  ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
   ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ
॥8॥3॥   (266)
ਅਰਥ:- ਹੇ ਮਨ, (ਧਰਮ ਦੇ ਮਾਮਲੇ ਵਿਚ ਕਰਮ-ਕਾਂਡ ਕਿਸੇ ਕੰਮ ਨਹੀਂ ਆਉਂਦੇ) ਪਰਮਾਤਮਾ ਵਲੋਂ ਬਣਾਏ ਧਰਮ ਅਨੁਸਾਰ, ਪ੍ਰਭੂ ਦਾ ਨਾਮ ਜਪ, ਪਵਿੱਤ੍ਰ ਆਚਰਨ ਬਣਾ, ਇਹ ਧਰਮ, ਸਾਰੇ ਧਰਮਾਂ ਨਾਲੋਂ ਚੰਗਾ ਹੈ।    ਸਤਸੰਗਿ ਵਿਚ ਜੁੜ ਕੇ ਭੈੜੀ ਮਤ ਰੂਪੀ ਮੈਲ ਦੂਰ ਕੀਤੀ ਜਾਵੇ, ਇਹ ਕੰਮ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।    ਹੇ ਮਨ , ਸਦਾ ਪ੍ਰਭੂ ਦਾ ਨਾਮ ਜਪ, ਇਹ ਉੱਦਮ, ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।  ਪ੍ਰਭੂ ਦਾ ਜੱਸ ਸੁਣ ਕੇ, ਮਨ ਵਿਚ ਉਸ ਦੀ ਵਿਚਾਰ ਕਰ, ਪ੍ਰਭੂ ਦੇ ਜੱਸ ਦੀ, ਆਤਮਕ ਜੀਵਨ ਦੇਣ ਵਾਲੀ ਇਹ ਬਾਣੀ, ਹੋਰ ਸਾਰੀਆਂ ਬਾਣੀਆਂ ਨਾਲੋਂ ਉੱਤਮ ਹੈ। 
 (ਏਥੇ ਸਮਝਣ ਵਾਲੀ ਇਹ ਗੱਲ ਹੈ ਕਿ ਗੁਰੂ ਸਾਹਿਬ ਨੇ 'ਜਪ' ਬਾਣੀ ਵਿਚ 8,9.10,ਅਤੇ 11 ਵੀਂ ਪਉੜੀ ਵਿਚ 'ਸੁਣਨ' ਦੀ ਵਡਿਆਈ ਕੀਤੀ ਹੈ, ਅਤੇ 12,13,14, ਅਤੇ 15 ਵੀ ਪਉੜੀ ਵਿਚ ਉਸ ਸੁਣੇ ਹੋਏ ਨੂੰ ਮੱਨਣ ਵਾਲੇ ਮਨ ਦੀ ਵਡਿਆਈ ਕੀਤੀ ਹੈ, ਯਾਨੀ ਬੋਲਣ ਨਾਲੋਂ ਸੁਣਨ ਦੀ ਵਡਿਆਈ ਵੱਧ ਹੈ ਅਤੇ ਸੁਣਨ ਨਾਲੋਂ ਮੱਨਣ ਦੀ ਵਡਿਆਈ ਵੱਧ ਹੈ, ਫਿਰ ਸੁਣਨ ਨਾਲੋਂ ਬੋਲਣ ਦੀ ਵਡਿਆਈ ਕਿਵੇਂ ਜ਼ਿਆਦਾ ਹੋ ਸਕਦੀ ਹੈ ? 
  ਇਸ ਤੋਂ ਵੀ ਵੱਡੀ ਇਹ ਗੱਲ ਹੈ ਕਿ, ਏਥੇ ਅੱਖਰ "ਰਸਨ" ਵਰਤਿਆ ਗਿਆ ਹੈ, ਜੋ 'ਰਸਨਾ' ਦਾ ਨਿੱਕਾ ਰੂਪ ਹੈ। ਸਾਡੇ ਮਹਾਨ ਵਿਦਵਾਨਾਂ ਨੇ ਰਸਨਾ ਨੂੰ ਸਮਝਣ ਦੀ ਥਾਂ ਇਕੋ ਰੱਸੇ ਨਾਲ ਬੰਨ੍ਹ ਦਿੱਤਾ ਹੈ. ਅਤੇ ਅਰਥ ਕਰ ਦਿੱਤਾ ਹੈ "ਜ਼ਬਾਨ" ਜੀਭ। ਜਦ ਕਿ ਰਸਨਾ ਹੈ 'ਰੱਸ ਲੈਣ ਵਾਲੀ ਇੰਦਰੀ' ਅਤੇ ਬੰਦੇ ਕੋਲ ਅਲੱਗ ਅਲੱਗ ਵਸਤਾਂ ਦਾ ਰਸ ਲੈਣ ਵਾਲੀਆਂ ਅਲੱਗ ਅਲੱਗ ਇੰਦਰੀਆਂ ਹਨ, ਜਿਵੇਂ ਕਿ
  1, ਖਾਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ=ਜ਼ਬਾਨ।
  2, ਵੇਖਣ ਵਾਲੀਆਂ ਚਜ਼ਾਂ ਦਾ ਰਸ ਲੈਣ ਵਾਲੀ ਇੰਦਰੀ= ਅੱਖਾਂ । 
  3, ਸੁੰਘਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ =ਨੱਕ ।
  4, ਸੁਣਨ ਵਾਲੀਆਂ ਚੀਜ਼ਾਂ ਦਾ ਰੱਸ ਲੈਣ ਵਾਲੀ ਇੰਦਰੀ = ਕੰਨ ।
  5, ਸਪੱਰਸ਼ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ =ਤਵੱਚਾ , ਖੱਲ।
  ਇਵੇਂ ਹੀ ਆਤਮਕ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ=ਮਨ।
   ਵੈਸੇ ਵੀ ਇਸ ਸ਼ਬਦ ਵਿਚ ਸਾਰੀ ਗੱਲ ਮਨ ਦੀ, ਮਨ ਨਾਲ ਹੋ ਰਹੀ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ, ਮਨ ਵਲੋਂ ਵਿਚਾਰੀ ਵਸਤੂ ਵਿਚ ਜ਼ਬਾਨ ਦਾ ਦਖਲ ਹੋ ਜਾਵੇ ? 
  ਸੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਸੁਣੀ ਹੋਈ ਬਾਣੀ ਨੂੰ , ਜ਼ਬਾਨ ਨਾਲ ਰੱਟਾ ਲਾਇਆ ਜਾਵੇ, ਹਰ ਕੰਮ ਕਰਮ-ਵਾਰ ਚਲਦਾ ਹੈ, ਬਚਪਨ ਮਗਰੋਂ ਜਵਾਨੀ ਤੇ ਫੇਰ ਬੁਢਾਪਾ ਆਉਂਦਾ ਹੈ ਕਰਮ ਬਦਲੇ ਨਹੀਂ ਜਾ ਸਕਦੇ, ਇਸ ਤਰ੍ਹਾਂ ਹੀ ਪਰਮਾਤਮਾ ਦੇ ਆਤਮਕ ਕਰਮ ਨੂੰ ਵੀ ਨਹੀਂ ਬਦਲਿਆ ਜਾ ਸਕਦਾ, ਪਹਿਲਾਂ ਸ਼ਬਦ ਪੜ੍ਹਿਆ ਜਾਂਦਾ ਹੈ, ਉਸ ਮਗਰੋਂ ਵਾਰੀ ਸੁਣਨ ਦੀ ਆਉਂਦੀ ਹੇ, ਗੁਰੂ ਸਾਹਿਬ ਵੀ ਸੇਧ ਦਿੰਦੇ ਹਨ ਕਿ ਮੇਰਾ ਗੁਰੂ ਸ਼ਬਦ ਹੈ, ਉਸ ਦਾ ਚੇਲਾ ਮੇਰੀ ਜ਼ਬਾਨ ਨਹੀਂ ਉਸ ਸ਼ਬਦ ਵਿਚ ਜੁੜੀ ਹੋਈ ਮੇਰੀ ਸੁਰਤ ਹੈ, ਜੇ ਸੁਰਤ ਨਾ ਜੁੜੀ ਹੋਵੇ ਤਾਂ ਪੜ੍ਹਿਆ ਵੀ ਬੇਕਾਰ ਜਾਂਦਾ ਹੈ, ਪੜ੍ਹਨਾ, ਸੁਣਨਾ ਅਤੇ ਸੁਰਤ ਨਾਲ ਸਮਝਣਾ ਇਕ ਕਰਮ ਹੈ, ਉਸ ਤੇ ਅਮਲ ਕਰਨਾ ਮਗਰੋਂ ਦੀ ਗੱਲ ਹੈ, ਇਹ ਕਰਮ ਤੋੜਿਆਂ, ਗੁਰੂ ਅਤੇ ਚੇਲੇ ਦਾ ਜੋਗ ਨਹੀਂ ਹੋ ਸਕਦਾ।
 ਨਾਨਕ , ਜਿਸ ਹਿਰਦੇ ਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਿਰਦਾ ਰੂਪੀ ਥਾਂ ਹੋਰ ਸਾਰੇ ਤੀਰਥ ਅਸਥਾਨਾਂ ਨਾਲੋਂ ਉਤਮ ਹੈ, ਪਵਿੱਤਰ ਹੈ ।
  ਆਪਾਂ ਗੱਲ ਕਰ ਰਹੇ ਸੀ  "ਨਾ ਹਿੰਦੂ ਨਾ ਮੁਸਲਮਾਨ" ਦੀ, ਜੋ ਗੁਰੂ ਸਾਨੂੰ ਸਮਝਾਉਂਦਾ ਹੈ ਕਿ
  ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ 
 ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
॥1॥    (1349)
  ਉਹ ਇਹ ਕਿਵੇਂ ਕਹਿ ਸਕਦਾ ਹੈ ਕਿ ਮੈਂ, ਨਾ ਹਿੰਦੂ ਹਾਂ, ਨਾ ਮੁਸਲਮਾਨ ਹਾਂ, ਉਹ ਰੱਬ ਦੇ ਬੰਦਿਆਂ ਵਿਚ ਕਿਵੇਂ ਫਰਕ ਕਰ ਸਕਦਾ ਹੈ ?  ਉਹ ਤਾਂ ਪਰਮਾਤਮਾ ਵਲੋਂ ਬਣਾਏ ਧਰਮ ਦੇ ਵਿਰੁੱਧ ਧਰਮ ਬਨਾਉਣ ਵਾਲਿਆਂ ਦੀ ਗੱਲ ਕਰ ਰਿਹਾ ਹੈ, ਉਹ ਤਾਂ ਕਹਿ ਰਿਹਾ ਹੈ ਕਿ ਇਹ ਦੋਵੇਂ ਧਰਮ, ਪਰਮਾਤਮਾ ਦੇ ਧਰਮ ਨਾਲੋਂ ਏਨੇ ਦੂਰ ਜਾ ਚੁੱਕੇ ਹਨ ਕਿ ਉਨ੍ਹਾਂ ਦੇ ਨਿਯਮਾਂ ਅਨੁਸਾਰ ਤਾਂ ਰੱਬ ਦੀ ਗੱਲ ਹੀ ਨਹੀਂ ਹੋ ਸਕਦੀ।   ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਵਿਚ ਹੀ ਇਹ ਗੱਲ ਸਾਬਤ ਕੀਤੀ, ਆਉ ਵਿਚਾਰਦੇ ਹਾਂ। 
  ਹਿੰਦੂ ਧਰਮ ਅਨੁਸਾਰ , ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਮੰਦਰ ਵਿਚ ਰੱਖੀਆਂ ਜਾਂਦੀਆਂ ਹਨ, ਫਿਰ ਬ੍ਰਹਮਣ ਉਨ੍ਹਾਂ ਦੀ ਪ੍ਰਾਣ-ਪਰਤਿਸ਼ਠਾ ਕਰਦਾ ਹੈ, ਯਾਨੀ ਉਨ੍ਹਾਂ ਮੂਰਤੀਆਂ ਵਿਚ ਜਾਨ ਪਾਉਂਦਾ ਹੈ। ਇਹ ਕਿਵੇਂ ਮੁਮਕਿਨ ਹੈ ? ਏਸੇ ਗੱਲ ਨਾਲ ਤਾਂ ਬ੍ਰਾਹਮਣ ਦਾ ਸਾਰਾ ਪਾਜ ਖੁਲ੍ਹਦਾ ਹੈ, ਜਿਸ ਦਾ ਗੁਰੂਆਂ ਅਤੇ ਭਗਤਾਂ ਨੇ ਵਿਰੋਧ ਕੀਤਾ ਹੈ, ਕੀ ਕਿਸੇ ਬੰਦੇ ਨੇ ਉਨ੍ਹਾਂ ਮੂਰਤੀਆਂ ਨੂੰ ਚਲਦੇ-ਫਿਰਦੇ, ਕੋਈ ਕੰਮ ਕਰਦੇ ਵੇਖਿਆ ਹੈ ? ਯਕੀਨਨ ਨਹੀਂ, ਉਹ ਤਾਂ ਆਪਣੇ ਆਪ ਹਿਲ ਵੀ ਨਹੀਂ ਸਕਦੇ, ਏਨਾ ਸਾਫ ਹੁੰਦੇ ਹੋਏ ਵੀ 5% ਬ੍ਰਾਹਮਣ ਦੀ ਤਸੱਲੀ ਨਾਲ 95% ਹਿੰਦੂ ਬੇਵਕੂਫ ਬਣ ਕੇ ਮਨ ਰਹੇ ਹਨ ਕਿ ਇਨ੍ਹਾਂ, ਪੱਥਰ ਦੀਆਂ ਮੂਰਤੀਆਂ ਵਿਚ ਬ੍ਰਾਹਮਣ ਨੇ ਜਾਨ ਪਾਈ ਹੋਈ ਹੈ । ਅਤੇ ਉਹ ਚਾਹੁੰਦੇ ਹਨ ਕਿ ਸਿੱਖ ਵੀ ਬੇਵਕੂਫ ਬਣਨ। ਅਤੇ ਅੱਜ ਦੇ ਕੇਸਾ-ਧਾਰੀ ਹਿੰਦੂ, ਸਿੱਖਾਂ ਨੂੰ ਹਿੰਦੂ ਬਨਾਉਣ ਲਈ ਬਜ਼ਿੱਦ ਹਨ, ਇਸ ਖਿਚ ਧੂਹ ਵਿਚ ਅੱਜ ਤੱਕ ਕ੍ਰੋੜਾਂ ਸਿੱਖ ਕਤਲ ਕੀਤੇ ਜਾ ਚੁੱਕੇ ਹਨ। ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ, ਦੋ ਇਨਸਾਨਾਂ ਤੇ ਛੇ ਗਧੈ ਰਾਜ ਕਰ ਰਹੇ ਹਨ ਅਤੇ ਦੋ ਜਣੇ ਮਜਬੂਰ ਹੋਏ ਵੇਖ ਰਹੇ ਹਨ। ਇਹੀ ਅੱਜ ਦੇ ਹਿੰਦੁਸਤਾਨ ਦੀ ਮਹਾਨਤਾ ਹੈ, ਏਸੇ ਬੱਲ ਤੇ ਇਹ ਦੁਨੀਆ ਦੇ ਉਸਤਾਦ ਬਣਨ ਨੂੰ ਕਾਹਲੇ ਹਨ।
   ਮੁਸਲਮਾਨ ਧਰਮ ਅਨੁਸਾਰ ਉਨ੍ਹਾਂ ਦਾ ਰੱਬ ਅਲ੍ਹਾ, ਮੱਕੇ ਦੀ ਮਸਜਦ ਦੇ ਵਿਚ ਹੀ ਰਹਿੰਦਾ ਹੈ, ਇਸ ਅਧਾਰ ਤੇ ਉਹ ਵੀ ਕ੍ਰੋੜਾਂ ਮੁਸਲਮਾਨਾਂ ਨੂੰ ਬੁਵਕੂਫ ਬਣਾ ਰਹੇ ਹਨ, ਭਲਾ ਸਾਰੇ ਸੰਸਾਰ ਦੇ ਕਣ ਕਣ ਵਿਚ ਹੋਣ ਵਾਲਾ, ਇਕ ਥਾਂ ਕਿਵੇਂ ਕੈਦ ਹੋ ਸਕਦਾ ਹੈ ? ਇਹੀ ਮਸਲ੍ਹਾ ਗੁਰੂ ਨਾਨਕ ਜੀ ਨੇ, ਕਾਬ੍ਹਾ ਦੀ ਮਸਜਿਦ ਦੀ ਮਹਿਰਾਬ ਵੱਲ ਪੈਰ ਕਰ ਕੇ ਉਠਾਇਆ ਸੀ, ਅਤੇ ਮੱਕੇ ਵਿਚਲੇ ਪ੍ਰਬੰਧਿਕਾਂ ਨੇ ਗੁਰੂ ਸਾਹਿਬ ਨਾਲ ਵਚਾਰ ਵਿਚ ਆਪਣੀ ਗਲਤੀ ਮੰਨੀ ਸੀ। (ਜਿਸ ਨੂੰ ਮੱਕਾ ਫੇਰ ਦੇਣਾ ਜਾਂ ਮੱਕਾ ਘੁਮਾ ਦੇਣਾ ਕਹਾ ਗਆ ਹੈ) ਇਸ ਗੱਲ ਨੂੰ ਨਾ ਸਮਝਦੇ ਹੋਏ, ਸਿੱਖਾਂ ਦੇ ਲੀਡਰ ਆਪਣੇ ਸੁਭਾਅ ਅਨੁਸਾਰ, ਇਹ ਕਹਿ ਕੇ ਹੀ ਖੁਸ਼ ਹੋ ਗਏ ਕਿ "ਸਾਡੇ ਬਾਬੇ ਨੇ ਮੁਸਲਮਾਨਾਂ ਦਾ ਮੱਕਾ ਘੁਮਾ ਦਿੱਤਾ"  ਅਤੇ ਮੁਸਲਮਾਨਾਂ ਨੇ ਵੀ ਇਸ ਗੱਲ ਨਾਲ ਸਹਿਮਤ ਹੋ ਕੇ ਆਪਣੇ ਧਰਮ ਦੀ ਮਹਾਨ ਗਲਤੀ ਤੇ ਪਰਦਾ ਪਾ ਲਿਆ। ਮੁਸਲਮਾਨਾਂ ਦਾ ਧਰਮ ਇਸ ਗੱਲ ਤੇ ਟਿਕਿਆ ਹੋੲਆ ਹੈ ਕਿ ਅਲ੍ਹਾ ਕਾਬ੍ਹੇ ਵਿਚ ਹੀ ਹੈ, ਦੁਨੀਆਂ ਭਰ ਦੇ ਜਿੰਨੇ ਵੀ ਨਮਾਜ਼ ਘਰ ਹਨ ਉਨ੍ਹਾਂ ਦਾ ਰੁਖ (ਧਰੂ ਤਾਰੇ ਵਾਙ) ਕਾਬ੍ਹੇ ਵੱਲ ਹੈ। ਜੇ ਸਿੱਖ ਲੀਡਰ ਇਸ ਗੱਲ ਨੂੰ ਸਮਝ ਕੇ ਗੱਲ ਕਰਦੇ ਤਾਂ ਮੁਸਲਮਾਨਾਂ ਨੂੰ ਇਹ ਗੱਲ ਮੰਨ ਕੇ ਕਿ ਅਲ੍ਹਾ ਹਰ ਥਾਂ ਹੈ ਆਪਣਾ ਸਾਰਾ ਸਿਸਟਮ ਬਦਲਨਾ ਪੈਣਾ ਸੀ, ਉਨ੍ਹਾਂ ਦੀ ਹਾਲਤ ਵੀ ਈਸਾਈਆਂ ਦੇ, ਧਰਤੀ ਨੂੰ ਗੋਲ ਨਾ ਮੰਨਣ ਵਾਲੀ ਹੋ ਜਾਣੀ ਸੀ । ਅੱਜ ਤਾਂ ਉਹ ਇਹ ਕਹਿੰਦੇ ਸੁਣੇ ਜਾਂਦੇ ਹਨ, ਕਿ ਬਾਬਾ ਨਾਨਕ ਤਾਂ ਮੱਕੇ ਜਾ ਹੀ ਨਹੀਂ ਸਕਦਾ।         ਇਹ ਹੈ ਉਹ ਫਲਸਫਾ ਜੌ ਗੁਰੂ ਨਾਨਕ ਜੀ ਨੇ ਵੇਈਂ ਨਦੀ ਦੇ ਪਾਰਲੇ ਜੰਗਲ ਵਚ ਦੋ ਦਿਨ ਅਤੇ ਦੋ ਰਾਤ, ਵਿਚਾਰ ਮਗਰੋਂ ਇਨ੍ਹਾਂ ਲਫਜ਼ਾਂ (ਨਾ ਹਿੰਦੂ ਨਾ ਮੁਸਲਮਾਨ) ਰਾਹੀਂ ਸਾਨੂੰ ਸਮਝਾਇਆ ਸੀ। ਅਸੀਂ ਅੱਜ ਵੀ ਔਝੜੇ ਪਏ ਹੋਏ ਹਾਂ।     
               ਅਮਰ ਜੀਤ ਸਿੰਘ ਚੰਦੀ               (ਚਲਦਾ)

    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.