ਸੁਖਮਨੀ ਸਾਹਿਬ(ਭਾਗ 25)
(ਟਿੱਪਣੀ) ਸੁਖਮਨੀ ਸਾਹਿਬ(ਭਾਗ 24) ਵਿਚ "ਸੰਤ" ਦੀ ਵਿਆਖਿਆ ਵਿਚ ਬਹੁਤ ਸਾਰੀ ਖੋਜ ਦੀ ਲੋੜ ਹੈ, ਜਦ ਤੱਕ ਇਸ ਦਾ ਨਿਰਣਾ ਨਹੀਂ ਹੁੰਦਾ, ਤਦ ਤੱਕ ਇਸ ਨੂੰ ਪਾਸੇ ਰੱਖ ਲਿਆ ਹੈ, ਪੂਰਾ ਹੋਣ ਤੇ ਤੁਹਾਡੀ ਸੇਵਾ ਵਿਚ ਪੇਸ਼ ਕਰ ਦਿੱਤਾ ਜਾਵੇਗਾ। ਅਸੁਵਿਧਾ ਲਈ ਮੁਆਫੀ ਦੇ ਜਾਚਕ ਹਾਂ। ਅਮਰ ਜੀਤ ਸਿੰਘ ਚੰਦੀ
ਸਲੋਕੁ ॥
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥1॥
ਅਰਥ:-
ਹੇ ਭਲੇ ਬੰਦਿਉ, ਚਤੁਰਾਈ ਛਡੋ ਤੇ ਅਕਾਲ-ਪੁਰਖ ਨੂੰ ਸਿਮਰੋ, ਸਿਰਫ ਪ੍ਰਭੂ ਦੀ ਆਸ ਹੀ ਮਨ ਵਿਚ ਰੱਖੋ। ਹੇ ਨਾਨਕ,
ਇਸ ਤਰ੍ਹਾਂ ਦੁਖ, ਵਹਿਮ ਤੇ ਡਰ ਦੂਰ ਹੋ ਜਾਂਦਾ ਹੈ।1।
ਅਸਟਪਦੀ ॥
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥1॥
ਹੇ ਮਨ, ਕਿਸੇ ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇਕ ਅਕਾਲ-ਪੁਰਖ ਹੀ ਸਭ ਜੀਆਂ ਨੂੰ ਦੇਣ ਵਾਲਾ ਹੈ।
ਜਿਸ ਦੇ ਦਿੱਤਿਆਂ ਮਨੁੱਖ, ਰੱਜਿਆ ਰਹਿੰਦਾ ਹੈ, ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ। ਪ੍ਰਭੂ ਆਪ ਹੀ ਜੀਵਾਂ ਨੂੰ ਮਾਰਦਾ ਹੈ ਜਾਂ ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਵੀ ਨਹੀੰ ਹੈ। ਇਵੇਂ ਉਸ ਮਾਲਕ ਦਾ ਹੁਕਮ ਸਮਝ ਕੇ ਤਸੱਲੀ ਹੁੰਦੀ ਹੈ। ਹੇ ਮਨ, ਉਸ ਪ੍ਰਭੂ ਦਾ ਨਾਮ ਹਰ ਵੇਲੇ ਯਾਦ ਕਰ। ਉਸ ਪ੍ਰਭੂ ਨੂੰ ਸਦਾ ਸਿਮਰ। ਹੇ ਨਾਨਕ, ਸਿਮਰਨ ਦੀ ਬਰਕਤ ਨਾਲ, ਜ਼ਿੰਦਗੀ ਦੇ ਸਫਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ।1।
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ਸਾਧਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥ ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ ਊਜਲ ਮਥਾ ॥2॥
ਹੇ ਮਨ, ਆਪਣੇ ਅੰਦਰ ਅਕਾਲ-ਪੁਰਖ ਦੀ ਵਡਿਆਈ ਕਰ। ਹੇ ਮੇਰੇ ਮਨ ਇਹ ਸੱਚਾ ਵਿਹਾਰ ਹੈ। ਜੀਭ ਨਾਲ ਮਿੱਠਾ ਨਾਮ ਅੰਮ੍ਰਿਤ ਜਲ ਪੀ, ਇਸ ਤਰ੍ਹਾਂ ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ। ਅੱਖਾਂ ਨਾਲ ਅਕਾਲ-ਪੁਰਖ ਦਾ ਜਗਤ-ਤਮਾਸ਼ਾ ਵੇਖ, ਭਲਿਆਂ ਦੀ ਸੰਗਤ ਵਿਚ ਟਿਕਿਆਂ, ਹੋਰ ਕਟੁੰਭ ਆਦਿ ਦਾ ਮੋਹ ਖਤਮ ਹੋ ਜਾਂਦਾ ਹੈ।
ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ। ਪ੍ਰਭੂ ਨੂੰ ਰਤਾ ਭਰ ਵੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ। ਹੱਥਾਂ ਨਾਲ ਪ੍ਰਭੂ ਦੇ ਰਾਹ ਦੇ ਕੰਮ ਕਰ ਤੇ ਕੰਨ ਨਾਲ ਪ੍ਰਭੂ ਦੀ ਵਡਿਆਈ ਸੁਣ, ਇਸ ਤਰ੍ਹਾਂ, ਹੇ ਨਾਨਕ, ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਜਾਈਦਾ ਹੈ।2।
ਬਡਭਾਗੀ ਤੇ ਜਨ ਜਗ ਮਾਹਿ ॥ ਸਦਾ ਸਦਾ ਹਰਿ ਕੇ ਗੁਨ ਗਾਹਿ ॥
ਰਾਮ ਨਾਮ ਜੋ ਕਰਹਿ ਬੀਚਾਰ ॥ ਸੇ ਧਨਵੰਤ ਗਨੀ ਸੰਸਾਰ ॥
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ ਸਦਾ ਸਦਾ ਜਾਨਹੁ ਤੇ ਸੁਖੀ ॥
ਏਕੋ ਏਕੁ ਏਕੁ ਪਛਾਨੈ ॥ ਇਤ ਉਤ ਕੀ ਓਹੁ ਸੋਝੀ ਜਾਨੈ ॥
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ ਨਾਨਕ ਤਿਨਹਿ ਨਿਰੰਜਨੁ ਜਾਨਿਆ ॥3॥
ਜੋ ਮਨੁੱਖ ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ। ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ, ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ। ਜਿਹੜੇ ਭਲੇ ਲੋਕ, ਮਨ,ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ, ਉਨ੍ਹਾਂ ਨੂੰ ਸਦਾ ਸੁਖੀ ਜਾਣੋ। ਜੋ ਮਨੁੱਖ, ਕੇਵਲ ਇਕ ਪ੍ਰਭੂ ਨੂੰ ਹਰ ਥਾਂ ਪਛਾਣਦਾ ਹੈ, ਉਸ ਨੂੰ ਲੋਕ-ਪਰਲੋਕ ਦੀ, ਜੀਵਨ ਦੇ ਸਾਰੇ ਸਫਰ ਦੀ ਸੋਝੀ ਹੋ ਜਾਂਦੀ ਹੈ।
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ-ਮਿਚ ਜਾਂਦਾ ਹੈ, ਹੇ ਨਾਨਕ, ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ।3।
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
ਸਾਧਸੰਗਿ ਹਰਿ ਹਰਿ ਜਸੁ ਕਹਤ ॥ ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
ਅਨਦਿਨੁ ਕੀਰਤਨੁ ਕੇਵਲ ਬਖ੍ਹਾਨੁ ॥ ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ਏਕ ਊਪਰਿ ਜਿਸੁ ਜਨ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ ਨਾਨਕ ਤਿਸਹਿ ਨ ਲਾਗਹਿ ਦੂਖ ॥4॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ, ਇਹ ਜਾਣ ਲਵੋ ਕਿ ਉਸ ਦੀ ਤ੍ਰਿਸਨਾ ਮਿਟ ਜਾਂਦੀ ਹੈ। ਜੋ ਰੱਬ ਦਾ ਪਿਆਰਾ ਸਤਸੰਗ ਵਿਚ, ਅਕਾਲ-ਪੁਰਖ ਦੀ ਸਿਫਤ ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ। ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ, ਕੀਰਤੀ, ਵਡਿਆਈ ਕਰਦਾ ਹੈ, ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦਾ ਹੋਇਆ ਵੀ, ਮਾਇਆ ਵਲੋਂ ਨਿਰਲੇਪ ਹੈ। ਜਿਸ ਮਨੁੱਖ ਦੀ ਆਸ ਇਕ ਅਕਾਲ-ਪੁਰਖ ਉੱਤੇ ਹੈ, ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ। ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਮਿਲਣ ਦੀ ਚਾਹ ਹੈ, ਹੇ ਨਾਨਕ, ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਹੰਦਾ।4।
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਸੋਧਤ ਸੋਧਤ ਸੋਧਤ ਸੀਝਿਆ ॥ ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥5॥
ਜਿਸ ਮਨੁੱਖ ਨੂੰ ਹਰੀ-ਪ੍ਰਭੂ, ਮਨ ਵਿਚ ਸਦਾ ਯਾਦ ਰਹਿੰਦਾ ਹੈ, ਉਹ ਸੰਤ ਹੈ, ਸੁਖੀ ਹੈ, ਉਹ ਕਦੇ ਘਬਰਾਂਦਾ ਨਹੀਂ। ਜਿਸ ਮਨੁੱਖ ਉੱਤੇ, ਪ੍ਰਭੂ ਆਪਣੀ ਮਿਹਰ ਕਰਦਾ ਹੈ, ਦਸੋ ਪ੍ਰਭੂ ਦਾ ਉਹ ਸੇਵਕ, ਹੋਰ ਕਿਸ ਤੋਂ ਡਰ ਸਕਦਾ ਹੈ ?
ਕਿਉਂਕਿ ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿਸ ਪੈਂਦਾ ਹੈ, ਜਿਹੋ ਜਿਹਾ ਉਹ ਅਸਲ ਵਿਚ ਹੈ, ਉਸ ਨੂੰ ਇਹ ਦਿਸ ਪੈਂਦਾ ਹੈ ਕਿ, ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਹੀ ਸਭ-ਕੁਝ ਹੈ। ਨਿੱਤ ਵਿਚਾਰ ਕਰਦਿਆਂ ਉਸ ਸੇਵਕ ਨੂੰ, ਵਿਚਾਰ ਵਿਚ ਸਫਲਤਾ ਮਿਲ ਜਾਂਦੀ ਹੈ, ਗੁਰੂ ਦੀ ਕਿਰਪਾ ਨਾਲ, ਉਸ ਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ। ਹੇ ਨਾਨਕ, ਮੇਰੇ ਉੱਤੇ ਵੀ ਗੁਰੂ ਦੀ ਕਿਰਪਾ ਹੋਈ ਹੈ, ਹੁਣ ਮੈਂ ਜਦੋਂ ਤੱਕਦਾ ਹਾਂ, ਤਾਂ ਹਰੇਕ ਚੀਜ਼, ਉਸ ਸਭ ਦੇ ਮੁੱਢ, ਅਕਾਲ-ਪੁਰਖ ਦਾ ਰੂਪ ਦਿਸਦੀ ਹੈ। ਇਹ ਦਿਸਦਾ ਸੰਸਾਰ ਭੀ ਉਹ ਆਪ ਹੀ ਹੈ, ਤੇ ਸਭ ਵਿਚ ਵਿਆਪਕ ਜੋਤ ਵੀ ਆਪ ਹੀ ਹੈ।5।
ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
ਆਪੇ ਆਪਿ ਸਗਲ ਮਹਿ ਆਪਿ ॥ ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ਅਬਿਨਾਸੀ ਨਾਹੀ ਕਿਛੁ ਖੰਡ ॥ ਧਾਰਣ ਧਾਰਿ ਰਹਿਓ ਬ੍ਰਹਮੰਡ ॥
ਅਲਖ ਅਭੇਵ ਪੁਰਖ ਪਰਤਾਪ ॥ ਆਪਿ ਜਪਾਏ ਤ ਨਾਨਕ ਜਾਪ ॥6॥
ਨਾਹ ਕੁਝ ਜੰਮਦਾ ਹੈ, ਨਾਹ ਕੁਝ ਮਰਦਾ ਹੈ, ਇਹ ਜਨਮ-ਮਰਨ ਦਾ ਤਾਂ, ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ। ਜੰਮਣਾ, ਮਰਨਾ, ਦਿਸਦਾ ਅਤੇ ਅਣਦਿਸਦਾ, ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ। ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ, ਅਨੇਕਾਂ ਤਰੀਕਿਆਂ ਨਾਲ ਜਗਤ ਨੂੰ ਬਣਾ ਬਣਾ ਕੇ, ਨਾਸ ਵੀ ਕਰ ਦੇਂਦਾ ਹੈ। ਪ੍ਰਭੂ ਆਪ ਅਬਿਨਾਸੀ ਹੈ, ਉਸ ਦਾ ਕੁਝ ਨਾਸ ਨਹੀਂ ਹੁੰਦਾ, ਸਾਰੇ ਬ੍ਰਹਮੰਡ ਦੀ ਰਚਨਾ ਵੀ ਆਪ ਹੀ ਰਚ ਰਿਹਾ ਹੈ। ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ। ਹੇ ਨਾਨਕ, ਜੇ ਉਹ ਆਪ, ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ।6।
ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥ ਸਗਲ ਸੰਸਾਰੁ ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ ਸਗਲ ਉਧਾਰਨ ॥ ਪ੍ਰਭ ਕੇ ਸੇਵਕ ਦੂਖ ਬਿਸਾਰਨ ॥
ਆਪੇ ਮੇਲਿ ਲਏ ਕਿਰਪਾਲ ॥ ਗੁਰ ਕਾ ਸਬਦੁ ਜਪਿ ਭਏ ਨਿਹਾਲ ॥
ਉਨ ਕੀ ਸੇਵਾ ਸੋਈ ਲਾਗੈ ॥ ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
ਨਾਮੁ ਜਪਤ ਪਾਵਹਿ ਬਿਸ੍ਰਾਮੁ ॥ ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥7॥
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ, ਸਾਰਾ ਜਗਤ ਉਨ੍ਹਾਂ ਦੇ ਉਪਦੇਸ਼ਾਂ ਨਾਲ ਵਿਕਾਰਾਂ ਤੋਂ ਬਚਦਾ ਹੈ। ਪ੍ਰਭੂ ਦੇ ਭਗਤ, ਸਭ ਜੀਵਾਂ ਨੂੰ ਬਚਾਉਣ ਜੋਗੇ ਹਨ, ਸਭ ਦੇ ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ। ਸੇਵਕਾਂ ਨੂੰ ਕਿਰਪਾਲ ਪ੍ਰਭੂ, ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਗੁਰੂ ਦਾ ਸ਼ਬਦ ਜਪ ਕੇ ਉਹ ਫੁੱਲ ਵਾਙ ਖਿੜ ਜਾਂਦੇ ਹਨ। ਉਹੀ ਮਨੁੱਖ, ਉਨ੍ਹਾਂ ਸੇਵਕਾਂ ਦੀ ਸੇਵਾ ਵਿਚ ਜੁੜਦਾ ਹੈ, ਜਿਸ ਭਾਗਾਂ ਵਾਲੇ ਉੱਤੇ, ਹੇ ਪ੍ਰਭੂ ਤੂੰ ਆਪ ਮਿਹਰ ਕਰਦਾ ਹੈਂ।7।
ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥ ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ॥ ਕਰਣੈਹਾਰੁ ਪਛਾਣੈ ਸੋਇ ॥
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥ ਜੈਸਾ ਸਾ ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥ ਓਇ ਸੁਖ ਨਿਧਾਨ ਉਨਹੂ ਬਨਿ ਆਏ ॥
ਆਪਸ ਕਉ ਆਪਿ ਦੀਨੋ ਮਾਨੁ ॥ ਨਾਨਕ ਪ੍ਰਭ ਜਨੁ ਏਕੋ ਜਾਨੁ ॥8॥14॥
ਪ੍ਰਭੂ ਦਾ ਸੇਵਕ, ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵਸਦਾ ਹੈ, ਤੇ ਜੋ ਕੁਝ ਕਰਦਾ ਹੈ, ਉਹ ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਕਰਦਾ ਹੈ। ਜੋ ਕੁਝ ਵੀ ਸਹਿਜ ਸੁਭਾਇ ਹੁੰਦਾ ਹੈ, ਉਸ ਨੂੰ ਪ੍ਰਭੂ ਦਾ ਭਾਣਾ ਮੰਨਦਾ ਹੈ, ਤੇ ਪ੍ਰਭੂ ਨੂੰ ਹੀ ਸਭ ਕੁਝ ਕਰਨ ਵਾਲਾ ਸਮਝਦਾ ਹੈ। ਪ੍ਰਭੂ ਦਿਆਂ ਸੇਵਕਾਂ ਨੂੰ, ਪ੍ਰਭੂ ਦਾ ਕੀਤਾ, ਮਿੱਠਾ ਲਗਦਾ ਹੈ। ਪ੍ਰਭੂ ਜਿਹਾ ਉਨ੍ਹਾਂ ਨੂੰ ਹੋਰ ਵਿਖਾਈ ਨਹੀਂ ਦਿੰਦਾ। ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਓਸੇ ਵਿਚ ਹੀ ਲੀਨ ਰਹਿੰਦੇ ਹਨ, ਉਹ ਸੁੱਖਾਂ ਦਾ ਖਜ਼ਾਨਾ ਹੋ ਜਾਂਦੇ ਹਨ, ਤੇ ਇਹ ਦਰਜਾ, ਫੱਬਦਾ ਵੀ ਉਨ੍ਹਾਂ ਨੂੰ ਹੀ ਹੈ। ਹੇ ਨਾਨਕ, ਪ੍ਰਭੂ ਅਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ, ਸੇਵਕ ਨੂੰ ਮਾਣ ਦੇ ਕੇ, ਪ੍ਰਭੂ ਆਪਣੇ-ਆਪ ਨੂੰ ਆਪ ਮਾਣ ਦੇਂਦਾ ਹੈ, ਕਿਉੁਂਕਿ ਸੇਵਕ ਦਾ ਮਾਣ, ਪ੍ਰਭੂ ਦਾ ਹੀ ਮਾਣ ਹੈ।8।14।
ਅਮਰ ਜੀਤ ਸਿੰਘ ਚਂਦੀ (ਚਲਦਾ)