ਗੁਰਬਾਣੀ ਦੀ ਸਰਲ ਵਿਆਖਿਆ
ਆਸਾ ਮਹਲਾ 5 ਅਸਟਪਦੀਆ ਘਰੁ 2
ੴਸਤਿ ਗੁਰ ਪ੍ਰਸਾਦਿ ॥
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥1॥
ਇਨ੍ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥1॥ ਰਹਾਉ ॥
ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥2॥
ਨਾਮੁ ਖੇਤੀ ਬੀਜਹੁ ਭਾਈ ਮੀਤ ॥ ਸਉਦਾ ਕਰਹੁ ਗੁਰੁ ਸੇਵਹੁ ਨੀਤ ॥3॥
ਸਾਂਤਿ ਸਹਜ ਸੁਖ ਕੇ ਸਭਿ ਹਾਟ ॥ ਸਾਹ ਵਾਪਾਰੀ ਏਕੈ ਥਾਟ ॥4॥
ਜੇਜੀਆ ਡੰਨੁ ਕੋ ਲਏ ਨ ਜਗਾਤਿ ॥ ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥5॥
ਵਖਰੁ ਨਾਮੁ ਲਦਿ ਖੇਪ ਚਲਾਵਹੁ ॥ ਲੈ ਲਾਹਾ ਗੁਰਮੁਖਿ ਘਰਿ ਆਵਹੁ ॥6॥
ਸਤਿਗੁਰੁ ਸਾਹੁ ਸਿਖ ਵਣਜਾਰੇ ॥ ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥7॥
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ ਅਬਿਚਲ ਨਗਰੀ ਨਾਨਕ ਦੇਵ ॥8॥1॥
ਅਰਥ:-
ੴਸਤਿ ਗੁਰ ਪ੍ਰਸਾਦਿ
ਜਿਹੜਾ ਪਰਮਾਤਮਾ, ਨਿਰਗੁਣ ਸਰੂਪ ਵਿਚ, ਇਕ ਤੇ ਸਿਰਫ ਇਕ ਹੈ, ਓਹੀ ਪਰਮਾਤਮਾ ਸਰਗੁਣ ਸਰੂਪ ਵਿਚ ਸ੍ਰਿਸ਼ਟੀ ਦੇ ਕਣ ਕਣ ਵਿਚ, ਹਰ ਥਾਂ ਹੈ. ਉਹ ਹੀ ਸਦਾ-ਥਿਰ, ਸਦਾ ਕਾਇਮ ਰਹਣ ਵਾਲਾ ਹੈ। ਉਸ ਬਾਰੇ ਸੋਝੀ, ਗਿਆਨ, ਸਿਰਫ ਤੇ ਸਿਰਫ, ਸ਼ਬਦ ਗੁਰੂ ਦੀ ਕਿਰਪਾ ਸਦਕਾ ਹੋ ਸਕਦਾ ਹੈ।
ਇਨ੍ ਬਿਧਿ ਨਗਰੁ ਵੁਠਾ ਮੇਰੇ ਭਾਈ ॥
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥1॥ ਰਹਾਉ॥
ਗੁਰ ਨੇ, (ਸ਼ਬਦ ਗੁਰੂ ਨੇ) ਜਿਸ ਮਨੁੱਖ ਨੂੰ, ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ, ਉਸ ਦੇ ਅੰਦਰੋਂ
ਵਿਕਾਰ-ਪਾਪ ਦੂਰ ਹੋ ਗਿਆ, ਤੇ, ਹੇ ਮੇਰੇ ਵੀਰ, ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ ।
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥1॥
ਹੇ ਭਾਈ, ਜਿਸ ਮਨੁੱਖ ਨੂੰ ਸ਼ਬਦ ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਉਸ ਮਨੁੱਖ ਨੇ ਆਪਣੇ ਸਰੀਰ ਨਗਰ ਵਿਚ ਸਤ, ਸੰਤੋਖ, ਦਇਆ, ਧਰਮ, ਧੀਰਜ ਵਾਲੇ ਪੰਜੇ ਗੁਣ ਪ੍ਰਫੁਲੱਤ ਕਰ ਲਏ, ਵਸਾ ਲਏ, ਤੇ, ਕਾਮਾਦਿਕ ਪੰਜੇ ਵਿਕਾਰ ਨਾਰਾਜ਼ ਕਰ ਲਏ, ਸਰੀਰ ਨਗਰ ਵਿਚੋਂ ਕੱਢ ਦਿਤੇ।
ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥2॥
ਹੇ ਭਾਈ, ਜਿਸ ਨੂੰ ਸ਼ਬਦ ਗੁਰੂ ਨੇ ਗਿਆਨ ਬਖਸ਼ਿਆ, ਉਸ ਨੇ ਆਪਣੇ ਸਰੀਰ ਨਗਰ ਦੀ ਰਾਖੀ ਲਈ, ਸਦਾ
ਕਾਇਮ ਰਹਣ ਵਾਲੇ ਪ੍ਰਭੂ ਦੇ ਸਿਮਰਨ ਦੀ ਵਾੜ ਕਰ ਲਈ । ਗੁਰੂ ਦੇ ਦਿੱਤੇ ਗਿਆਨ ਨੂੰ, ਸੋਚ-ਮੰਡਲ ਵਿਚ
ਟਿਕਾ ਕੇ, ਉਸ ਨੇ ਆਪਣੇ ਸਰੀਰ ਨਗਰ ਦੇ ਦਰਵਾਜੇ, ਗਿਆਨ ਇੰਦ੍ਰੇ ਪੱਕੇ ਕਰ ਲਏ।
ਨਾਮੁ ਖੇਤੀ ਬੀਜਹੁ ਭਾਈ ਮੀਤ ॥ ਸਉਦਾ ਕਰਹੁ ਗੁਰੁ ਸੇਵਹੁ ਨੀਤ ॥3॥
ਹੇ ਮੇਰੇ ਮਿੱਤਰ, ਹੇ ਮੇਰੇ ਭਾਈ, ਤੁਸੀਂ ਵੀ ਸਦਾ ਗੁਰੁ, ਪ੍ਰਭੂ ਦੀ ਸਰਨ ਲਵੋ, ਸਰੀਰ-ਪੈਲੀ ਵਿਚ ਪਰਮਾਤਮਾ ਦਾ ਨਾਮ ਬੀਜਿਆ ਕਰੋ, ਸਰੀਰ ਨਗਰ ਵਿਚ, ਨਾਮ ਸਿਮਰਨ ਦਾ ਸੌਦਾ ਕਰਦੇ ਰਹੋ।
ਸਾਂਤਿ ਸਹਜ ਸੁਖ ਕੇ ਸਭਿ ਹਾਟ ॥ ਸਾਹ ਵਾਪਾਰੀ ਏਕੈ ਥਾਟ ॥4॥
ਹੇ ਭਾਈ, ਜਿਹੜੇ ਨਾਮ ਦੇ ਵਣਜਾਰੇ (ਸਿੱਖ) ਸ਼ਬਦ ਗੁਰੂ ਨਾਲ ਜੁੜ ਜਾਂਦੇ ਹਨ, ਉਨ੍ਹਾਂ ਦੇ ਸਾਰੇ ਗਿਆਨ ਇੰਦ੍ਰੈ ਧੀਰਜ, ਆਤਮਕ ਆਨੰਦ ਦੇ ਹੱਟ (ਵੱਡੀਆਂ ਦੁਕਾਨਾਂ) ਬਣ ਜਾਂਦੇ ਹਨ।
ਜੇਜੀਆ ਡੰਨੁ ਕੋ ਲਏ ਨ ਜਗਾਤਿ ॥ ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥5॥
ਹੇ ਭਾਈ , ਜਿਨ੍ਹਾਂ ਨੂੰ ਸ਼ਬਦ ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਉਨ੍ਹਾਂ ਦੀ ਰਾਹ-ਦਾਰੀ ਤੇ, ਪ੍ਰਭੂ ਵਲੋਂ ਪਰਵਾਨ
ਹੋਈ ਮਾਫੀ ਦੀ ਮੋਹਰ ਲਗਾ ਦਿੱਤੀ। ਉਨ੍ਹਾਂ ਦੇ ਹਰਿ-ਨਾਮ ਸੌਦੇ ਤੇ ਕੋਈ ਵੀ ਜਜ਼ੀਆ, ਡੰਨ, ਮਸੂਲ (ਆਤਮਕ ਵਿਘਨ) ਨਹੀਂ ਪਾ ਸਕਦਾ।
ਵਖਰੁ ਨਾਮੁ ਲਦਿ ਖੇਪ ਚਲਾਵਹੁ ॥ ਲੈ ਲਾਹਾ ਗੁਰਮੁਖਿ ਘਰਿ ਆਵਹੁ ॥6॥
ਹੇ ਮੇਰੇ ਮਿੱਤਰ, ਹੇ ਮੇਰੇ ਭਾਈ, ਤੁਸੀਂ ਵੀ ਗੁਰਮੁੱਖ ਹੋ ਕੇ, ਗੁਰੂ ਦੀ ਸਰਨ ਪੈ ਕੇ, ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ, ਉੱਚੇ ਆਤਮਕ ਜੀਵਨ ਦਾ ਲਾਭ ਖੱਟ ਕੇ, ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪਰਾਪਤ ਕਰੋ।
ਸਤਿਗੁਰੁ ਸਾਹੁ ਸਿਖ ਵਣਜਾਰੇ ॥ ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥7॥
ਹੇ ਭਾਈ ਨਾਮ ਦੇ ਇਸ ਸਰਮਾਏ ਦਾ ਸਤਿਗੁਰੁ (ਕਰਤਾਰ) ਹੀ ਸ਼ਾਹ ਹੈ, ਆਤਮਕ ਜੀਵਨ ਦਾ ਵਪਾਰ ਕਰਨ ਵਾਲੇ ਸਿੱਖ, ਹਰਿ ਨਾਮ ਦਾ ਸਰਮਾਇਆ ਪ੍ਰਭੂ ਕੋਲੋਂ ਹੀ ਲੈਂਦੇ ਹਨ। ਜਿਸ ਸਿੱਖ ਨੂੰ ਸ਼ਬਦ ਗੁਰੂ ਨੇ ਗਿਆਨ ਦੀ ਦਾਤ ਦੇ ਦਿੱਤੀ, ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰਖਦਾ ਹੈ, ਇਹੀ ਉਸ ਦਾ ਲੇਖਾ-ਜੋਖਾ ਹੈ।
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ ਅਬਿਚਲ ਨਗਰੀ ਨਾਨਕ ਦੇਵ ॥8॥1॥
ਹੇ ਨਾਨਕ ਆਖ, ਹੇ ਭਾਈ, ਪੂਰਾ ਗੁਰੂ (ਗੁਰ) ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖਸ਼ਦਾ ਹੈ,
ਉਹ ਇਸ ਅਬਿਚਲ ਨਗਰੀ, (ਅਜਿਹੇ ਹਿਰਦੇ ਘਰ) ਵਿਚ ਵਸਦਾ ਰਹਿੰਦਾ ਹੈ, ਜੋ ਵਿਕਾਰਾਂ ਵਿਚ ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ
Page Visitors: 60