ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ , ਉਸ ਨੂੰ ਸਮਝਣ ਦੇ ਚਾਹਵਾਨਾਂ ਲਈ ਹੈ
ਗੁਰਬਾਣੀ , ਉਸ ਨੂੰ ਸਮਝਣ ਦੇ ਚਾਹਵਾਨਾਂ ਲਈ ਹੈ
Page Visitors: 2617

     ਗੁਰਬਾਣੀ ਨੂੰ ਸਹੀ ਅਰਥਾਂ ਵਿਚ ਸਮਝਣ ਲਈ , ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ । ਨਾ ਇਹ ਵੇਦਾਂਤ ਦੇ ਆਧਾਰ ਤੇ ਸਮਝੀ ਜਾ ਸਕਦੀ ਹੈ , (ਜੋ ਅੱਜ ਤਕ ਪੁਜਾਰੀ ਜਮਾਤ ਨੇ ਕੀਤਾ ਹੈ) ਨਾ ਹੀ ਇਹ ਪਦਾਰਥ-ਵਾਦ ਦੇ ਆਧਾਰ ਤੇ ਸਮਝੀ ਜਾ ਸਕਦੀ ਹੈ , (ਜਿਵੇਂ ਅੱਜ ਦੇ ਨਵੇਂ ਵਿਦਵਾਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ)  ਇਹ ਉਸ ਰਾਸਤੇ ਦੀ ਸੋਝੀ ਦੇਂਦੀ ਹੈ , ਜੋ ਖੰਡੇ ਤੋਂ ਵੀ ਤਿੱਖਾ ਅਤੇ ਵਾਲ ਨਾਲੋਂ ਵੀ ਸੌੜਾ ਹੈ । ਇਸ ਬਾਰੇ ਗੁਰਬਾਣੀ ਫੁਰਮਾਨ ਹੈ ,

                  ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥   (918)

     ਆਉ ਪੂਰੇ ਸ਼ਬਦ ਦੀ ਵਿਚਾਰ ਕਰਦੇ ਹਾਂ ।

(ਗੁਰਬਾਣੀ ਨੂੰ ਸਮਝਣ ਲਈ, ਪੂਰੇ ਸ਼ਬਦ ਬਾਰੇ ਵਿਚਾਰ ਕੀਤੀ ਜਾਂਦੀ ਹੈ । ਸ਼ਬਦ ਵਿਚੋਂ ਇਕ ਤੁਕ ਦੀ ਵਿਚਾਰ ਕਈ ਵਾਰੀ ਕੁਰਾਹੇ ਪੈਣ ਦਾ ਕਾਰਨ ਵੀ ਬਣਦੀ ਹੈ , ਅਤੇ ਸ਼ਬਦ ਦੀ ਵਿਚਾਰ ਦਾ ਕੇੰਦਰੀ ਧੁਰਾ , ਰਹਾਉ ਦੀ ਪੰਗਤੀ ਹੁੰਦੀ ਹੈ ।ਜਿਥੇ ਰਹਾਉ ਦੀ ਪੰਗਤੀ ਨਾ ਹੋਵੇ , ਓਥੇ ਪੂਰੇ ਸ਼ਬਦ ਦੀ ਵਿਚਾਰ ਕਰਨੀ ਬਣਦੀ ਹੈ)

                          ਪੂਰਾ ਸ਼ਬਦ ਇਵੇਂ ਹੈ ,   
 
         ਭਗਤਾ ਕੀ ਚਾਲ ਨਿਰਾਲੀ ॥
         ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
         ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
         ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ 
         ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
         ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥14॥

      ਪਰਮਾਤਮਾ ਦੇ ਨਾਮ ਨਾਲ ਜੁੜੇ , ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚੱਲਣ ਵਾਲੇ ਭਗਤਾਂ ਦੀ ਜੀਵਨ ਵਿਧੀ , ਦੁਨੀਆ ਦੇ ਦੂਸਰੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ , ਉਹ ਬੜੇ ਔਖੇ ਰਸਤੇ ਤੇ ਤੁਰ ਰਹੇ ਹੁੰਦੇ ਹਨ । ਉਹ ਲੱਬ-ਲੋਭ , ਹੰਕਾਰ ਅਤੇ ਤ੍ਰਿਸ਼ਨਾ ਤੋਂ ਨਿਰਲੇਪ ਰਹਿੰਦੇ ਹੋਏ ਵੀ ਆਪਣੀ ਵਡਿਆਈ ਨਹੀਂ ਕਰਦੇ ।

     ਇਸ ਮਾਰਗ ਤੇ ਚਲਣਾ ਇਵੇਂ ਹੈ ਜਿਵੇਂ ਖੰਡੇ ਦੀ ਧਾਰ ਤੇ ਚਲਣਾ ਹੋਵੇ , ਜਿਵੇਂ ਵਾਲ ਨਾਲੋਂ ਵੀ ਸੌੜੇ ਰਸਤੇ ਥਾਣੀ ਨਿਕਲਣਾ ਹੋਵੇ । ਇਸ ਤੋਂ ਕਿਸੇ ਪਾਸੇ ਵੀ ਉਲਾਰ ਹੋਣ ਨਾਲ (ਭਾਵੇਂ ਉਹ ਕਰਮ-ਕਾਂਡਾਂ ਵਾਲਾ ਪਾਸਾ ਹੋਵੇ ਤੇ ਭਾਵੇਂ ਪਦਾਰਥੀ ਪਾਸਾ ਹੋਵੇ) ਤਿਲਕ ਜਾਣ ਦੀ ਪੂਰੀ ਸੰਭਾਵਨਾ ਹੁੰਦੀ ਹੈ) ਜਿਸ ਨਾਲ ਮਨ ਵਿਚ ਹੰਕਾਰ ਆ ਕੇ , ਉਹ ਸਹੀ ਰਾਸਤੇ ਤੇ ਚੱਲਣ ਦੇ ਸਮਰੱਥ ਨਹੀਂ ਰਹਿ ਜਾਂਦੇ ।  ਪਰ ਭਗਤ-ਜਨਾਂ ਨੇ , ਗੁਰ (ਸ਼ਬਦ) ਆਸਰੇ ਆਪਾ-ਭਾਵ , ਪਰਮਾਤਮਾ ਨਾਲੋਂ ਅੱਡਰੀ ਹੋਂਦ ਦੀ ਸੋਚ ਤਿਆਗ ਕੇ , ਹਉਮੈ ਤੋਂ ਖਲਾਸੀ ਪਾ ਲਈ ਹੁੰਦੀ ਹੈ , ਉਨ੍ਹਾਂ ਵਿਚ ਹਰੀ ਨੂੰ ਮਿਲਣ ਦੀ ਵਾਸਨਾ , ਪ੍ਰਭੂ ਨੂੰ ਮਿਲਣ ਦੀ ਚਾਹ ਪੈਦਾ ਹੋ ਜਾਂਦੀ ਹੈ ।

     ਨਾਨਕ ਆਖਦਾ ਹੈ ਕਿ ਅਜਿਹੇ ਭਗਤਾਂ ਦੀ ਜੀਵਨ-ਵਿਧੀ , ਜੁਗਾਂ-ਜੁਗਾਂ ਤੋਂ ਹੀ , ਸੰਸਾਰੀ ਬੰਦਿਆਂ ਤੋਂ ਵੱਖਰੀ ਰਹੀ ਹੈ ।

                        ਇਸ ਰਾਸਤੇ ਬਾਰੇ ਗੁਰਬਾਣੀ ਇਵੇਂ ਵੀ ਕਹਿੰਦੀ ਹੈ ,

          ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥
         ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥  (509)

                     (ਇਸ ਪੂਰੇ ਸ਼ਬਦ ਦੀ ਵਿਆਖਿਆ ਅਗਲੀ ਵਾਰੀ ਵਿਚਾਰਾਂਗੇ)

      ਇਹ ਜੀਵਨ-ਜੁਗਤ ਤਾਂ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ , ਉਸ ਦੀ ਹੋ ਸਕਦੀ ਹੈ , ਜੋ ਨਾ ਤਾਂ ਕਰਮ-ਕਾਂਡੀ ਹੋਵੇ (ਜੋ ਪਰਮਾਤਮਾ ਦੀ ਭਗਤੀ ਦੇ ਨਾਮ ਤੇ , ਵਿਖਾਵੇ ਦੀਆਂ ਰੀਤਾਂ-ਰਸਮਾਂ ਵਿਚ ਹੀ ਉਲਝਿਆ ਹੋਵੇ , ਜਿਸ ਨੇ ਲਾਲਚ , ਹੰਕਾਰ ਅਤੇ ਤ੍ਰਿਸ਼ਨਾ ਦਾ ਤਿਆਗ ਨਾ ਕੀਤਾ ਹੋਵੇ । ਕਿਉਂਕਿ ਇਹ ਤਿਆਗ , ਕਰਮ ਕਾਂਡਾਂ ਆਸਰੇ ਨਹੀਂ ਹੋਣਾ ਬਲਕਿ , ਸ਼ਬਦ ਵਿਚਾਰ ਆਸਰੇ ਹੀ ਹੋਣਾ ਹੈ)  ਅਤੇ ਨਾ ਹੀ ਪਦਾਰਥ-ਵਾਦੀ ਹੋਵੇ । (ਕਿਉਂਕਿ ਪਦਾਰਥ-ਵਾਦੀ ਨੂੰ , ਹਰ ਚੀਜ਼ ਦੇ ਪ੍ਰਤੱਖ ਸਬੂਤ ਦੀ ਲੋੜ ਹੁੰਦੀ ਹੈ) ਅਤੇ ਗੁਰੂ ਸਾਹਿਬ ,  ਪਰਮਾਤਮਾ (ਹਮੇਸ਼ਾ ਕਾਇਮ ਰਹਣ ਵਾਲੇ , ਨਿਰਾਕਾਰ ਪ੍ਰਭੂ) ਦੀ ਸ਼ਨਾਖਤ (ਪਛਾਣ)

          ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥    (141)

   ਕੁਦਰਤ ਵਿਚੋਂ ਹੀ ਹੋਣ ਦੀ ਗੱਲ ਕਰਦੇ ਹਨ , ਅਤੇ ਮਨ ਵੀ ਜੋਤ ਸਰੂਪ ਹੋਣ ਕਰ ਕੇ , ਉਸ ਦਾ ਵੀ ਕੋਈ ਪ੍ਰਤੱਖ ਪਰਮਾਣ ਨਹੀਂ ਦਿੱਤਾ ਜਾ ਸਕਦਾ ।(ਅਜਿਹੀ ਹਾਲਤ ਵਿਚ ਪਦਾਰਥ-ਵਾਦੀਆਂ ਦਾ ਸ਼ੰਕਾ ਹਮੇਸ਼ਾ ਬਣਿਆ ਹੀ ਰਹਿਣਾ ਹੈ ) ਏਸੇ ਲਈ ਗੁਰਬਾਣੀ ਨੂੰ ਸਮਝਣ ਵਾਲਿਆਂ ਦੀ ਚਾਲ , ਇਨ੍ਹਾਂ ਦੋਵਾਂ ਤੋਂ ਵੱਖਰੀ , ਅਲੱਗ ਰਹੀ ਹੈ ਅਤੇ ਭਵਿੱਖ ਵਿਚ ਵੀ ਅਲੱਗ ਹੀ ਰਹਣੀ ਹੈ ।

     ਇਹ ਹੈ ਗੁਰਬਾਣੀ ਦਾ ਸਿਧਾਂਤ , ਜਿਸ ਅਨੁਸਾਰ ਗੁਰਬਾਣੀ ਨੂੰ ਸਮਝਣ ਲਈ ਸੋਝੀ ਵੀ ਗੁਰਬਾਣੀ ਵਿਚੋਂ ਹੀ ਮਿਲਣੀ ਹੈ । ਆਉ ਗੁਰਬਾਣੀ ਨੂੰ ਸਮਝਣ ਲਈ , ਗੁਰਬਾਣੀ ਨਾਲ ਹੀ ਗੱਲਾਂ ਕਰੀਏ , ਗੁਰਬਾਣੀ ਤੋਂ ਹੀ ਸਵਾਲ ਪੁਛੀਏ ਅਤੇ ਗੁਰਬਾਣੀ ਵਲੋਂ ਦਿੱਤੇ ਜਵਾਬਾਂ ਨੂੰ ਹੀ ਆਪਣੇ ਜੀਵਨ ਵਿਚ ਢਾਲੀਏ ।

     ਮਨ ਦੀਆਂ ਚਤਰਾਈਆਂ ਸਾਬਤ ਕਰਨ ਲਈ ਅਤੇ ਸਾਇੰਸ ਦੀਆਂ ਕਾਢਾਂ ਦਾ ਪਰਚਾਰ ਕਰਨ ਲਈ , ਸਾਇੰਸ ਦਾ ਨਵੇਕਲਾ ਪਿੜ ਹੈ । ਜਿੰਨੇ ਜਿਣੇ ਗੁਰਬਾਣੀ ਨੂੰ  , ਸਾਇੰਸ ਦੀ ਕਸਵੱਟੀ ਤੇ ਪਰਖਣ ਦਾ ਜ਼ੋਰ ਲਗਾ ਰਹੇ ਹਨ , ਉਨ੍ਹਾਂ ਵਿਚੋਂ ਕਿਸੇ ਇਕ ਨੇ ਵੀ , ਸਾਇੰਸ ਦੀ ਕੋਈ ਨਵੀਂ ਖੋਜ ਨਹੀਂ ਕੀਤੀ । ਉਨ੍ਹਾਂ ਲਈ ਤਾਂ ਗੁਰਬਾਣੀ ਅਤੇ ਸਾਇੰਸ , ਦੋਵੇਂ “ ਕਾਲਾ ਅੱਖਰ ਭੈਂਸ ਬਰਾਬਰ ” ਹਨ , ਗੁਰਬਾਣੀ ਨੂੰ ਉਹ ਰੱਦ ਕਰਨ ਨੂੰ ਫਿਰਦੇ ਹਨ , ਸਾਇੰਸ ਉਨ੍ਹਾਂ ਦੇ ਪੱਲੇ ਓਨੀ ਹੀ ਹੈ , ਜਿੰਨੀ ਕਿਸੇ ਮਾਸਟਰ ਨੇ ਪੜ੍ਹਾਈ ਹੋਵੇਗੀ , ਜਾਂ ਕਿਸੇ ਰਸਾਲੇ ਵਿਚੋਂ ਪੜ੍ਹੀ ਹੋਵੇਗੀ । ਜੇ ਉਨ੍ਹਾਂ ਵੀਰਾਂ ਨੇ ਸਾਇੰਸ ਵਿਚ ਕੋਈ ਮਾਰਕਾ ਮਾਰਿਆ ਹੁੰਦਾ ਤਾਂ ਉਨ੍ਹਾਂ ਨੂੰ ਸਾਇੰਸ ਦੀ ਅਸਲੀਅਤ ਬਾਰੇ ਵੀ ਪਤਾ ਹੁੰਦਾ ਅਤੇ  ਉਨ੍ਹਾਂ ਦੀ ਵਡਿਆਈ ਵੀ ਹੋਣੀ ਸੀ । ਖਾਲੀ ਪੈਸਿਆਂ ਆਸਰੇ ਮਨ-ਮਤ ਫੈਲਾਉਣ ਨਾਲ , ਸਮਾਜ-ਭਲਾਈ ਦਾ ਕੋਈ ਕੰਮ ਨਹੀਂ ਹੋਣ ਲੱਗਾ।

                  

                                             ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.