ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
= * ਮਰਨ ਮੁਕਤਿ ਕਿਨਿ ਪਾਈ॥ * = (ਭਾਗ 1)
= * ਮਰਨ ਮੁਕਤਿ ਕਿਨਿ ਪਾਈ॥ * = (ਭਾਗ 1)
Page Visitors: 2764

=  *  ਮਰਨ ਮੁਕਤਿ ਕਿਨਿ ਪਾਈ॥  * =  (ਭਾਗ 1)
ਸਿਰੀ ਰਾਗ ਵਿੱਚ ਬੇਣੀ ਜੀ ਦਾ ਸ਼ਬਦ ਹੈ:
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ॥
 ਤੇ ਦਿਨ ਸੰਭਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ॥
 ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ
॥ 1॥ ਰਹਾਉ॥
 ਫਿਰ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥
 ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ
॥1॥ਰਹਾਉ॥
ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ॥
 ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ॥
 ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮੁ ਨਾਮੁ ਨ ਅਰਾਧਿਆ॥
 ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ
॥ 2॥
 ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ॥
 ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ॥
 ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ॥
 ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ
॥ 3॥
 ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥
 ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥
 ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ॥
 ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ
॥ 4॥
 ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥
 ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੂਝੈ॥
 ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥
 ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ
॥5॥{ਪੰਨਾ-93}
   ਇਸ ਸ਼ਬਦ ਵਿਚ ਭਗਤ ਬੇਣੀ ਜੀ ਮਨੁੱਖ ਨੂੰ ਸੰਬੋਧਨ ਕਰਦੇ ਕਿਹੰਦੇ ਹਨ ਕਿ, ਹੇ ਮਨੁੱਖ ਜਦੋਂ ਤੂੰ ਮਾਂ ਦੇ ਗਰਭ ਵਿਚ ਸੀ, ਤਾਂ ਤੇਰੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਸੀ, ਭਾਵੇਂ ਤੂੰ ਉਸ ਵੇਲੇ ਬੜੇ ਕਸ਼ਟਾਂ ਵਿਚ ਸੀ। ਜਦੋਂ ਦਾ ਤੂੰ ਗਰਭ ਛੱਡ ਕੇ ਸੰਸਾਰ ਵਿਚ ਆਇਆ ਹੈਂ, ਤੂੰ ਆਪਣੇ ਮਨ ਨੂੰ ਦੁਨਿਆਵੀ ਝੰਜਟਾਂ ‘ਚ ਫਸਾ ਕੇ ਕਰਤਾਰ ਨੂੰ ਭੁਲਾਅ ਦਿੱਤਾ ਹੈ।1।
 ਤੂੰ ਅਮੋੜ੍ਹ ਹੋ ਕੇ ਫਿਰਦਾ ਹੈਂ । ਪ੍ਰਭੂ ਨੂੰ ਚੇਤੇ ਕਰ ਨਹੀਂ ਤਾਂ ਜਮਪੁਰੀ ਵਿਚ ਘੱਲ ਦਿੱਤਾ ਜਾਵੇਂਗਾ, ਮੁੜ ਜਨਮ-ਮਰਨ ਦੇ ਗੇੜ ਵਿਚ ਪੈ ਜਾਵੇਂਗਾ।1॥ਰਹਾਉ॥
 ਬਾਲਪਨ ਵਿਚ ਤਾਂ ਤੂੰ ਖੇਡਾਂ ਵਿਚ ਲੱਗਾ ਰਿਹਾ, ਹੁਣ ਤੂੰ ਪ੍ਰਭੂ ਦੇ ਨਾਮ ਨੂੰ ਭੁੱਲ ਕੇ, ਕਾਮ, ਕ੍ਰੋਧ, ਲੋਭ, ਮੋਹ. ਹੰਕਾਰ ਨਾਲ ਆਪਣਾ ਨਾਤਾ ਜੋੜ ਲਿਆ ਹੈ।2। 
 ਹੁਣ ਤੈਨੂੰ ਜੁਆਨੀ ਦੇ ਜੋਰ ਕਾਰਨ, ਕਾਮ ਅਤੇ ਮਾਇਆ ਵਿਚ ਫਸੇ ਨੂੰ ਪਾਪ-ਪੁੰਨ ਦੀ ਸੋਝੀ ਵੀ ਨਹੀਂ ਰਹੀ, ਤੂੰ ਮਨੋ ਪ੍ਰਭੂ ਨੂੰ ਵਿਸਾਰ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।3।
 ਤੇਰੇ ਕੇਸ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ ਮੱਧਮ ਪੈ ਗਈ ਹੈ, ਤੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਤੇਰੀ ਚਤਰਾਈ ਵਾਲੀ ਮੱਤ ਕਮਜ਼ੋਰ ਹੋ ਚੁੱਕੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੇ ਦਾ ਤੇਰਾ ਕੌਲ ਫੁੱਲ ਵਰਗਾ ਸਰੀਰ ਵੀ ਕਮਲਾਅ ਗਿਆ ਹੈ, ਤੂੰ ਕਰਤਾਰ ਦਾ ਭਜਨ ਛੱਡ ਕੇ ਪਿੱਛੋਂ ਪਛਤਾਵੇਂਗਾ।4।
 ਤੈਨੂੰ ਕੁਟੰਭ ਦੇ ਪਿਆਰ ਵਿਚ ਇਹ ਵੀ ਯਾਦ ਨਹੀਂ ਰਹਿੰਦਾ ਕਿ, ਇਕ ਦਿਨ ਤੇਰਾ ਇਹ ਸਰੀਰ ਵੀ ਜਰਜਰਾ ਹੋ ਜਾਣਾ ਹੈ, ਤੂੰ ਇਹ ਸਾਰਾ ਪਰਿਵਾਰ ਛੱਡ ਕੇ, ਇਸ ਸੰਸਾਰ ਤੋਂ ਚਲੇ ਜਾਣਾ ਹੈ। ਫਿਰ ਤੇਰੀ ਇਹ ਮੁਰਦਾ ਦੇਹੀ ਵੇਹੜੇ ਵਿਚ ਪਈ, ਕਿਸੇ ਨੂੰ ਵੀ ਚੰਗੀ ਨਹੀਂ ਲੱਗਣੀ।
ਬੇਣੀ ਜੀ ਸਮਝਾਉਂਦੇ ਹਨ ਕਿ, ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਵਿਸ਼ੇ ਵਿਕਾਰਾਂ ਤੋਂ ਮੁਕਤ ਨਾ ਹੋਇਆ, ਤਾਂ ਮਰਨ ਮਗਰੋਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ।5।
ਬੇਣੀ ਜੀ ਵਾਲੇ ਉਪਰੋਕਤ ਸ਼ਬਦ ਵਿਚੋਂ ਮਹਾਨਤਮ ਵਿਦਵਾਨਾਂ ਨੂੰ ਕਿੱਥੋਂ ਲੱਭ ਪਿਆ ਕਿ ਮਰਨ ਮਗਰੋਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ,  ਆਵਾ-ਗਵਣ ਹੈ ਹੀ ਨਹੀਂ, ਮਰਨ ਮਗਰੋਂ ਸਾਰੀ ਖੇਲ ਖਤਮ ਹੋ ਜਾਂਦੀ ਹੈ, ਕੋਈ ਲੇਖਾ-ਜੋਖਾ ਬਾਕੀ ਨਹੀਂ ਰਹਿ ਜਾਂਦਾ ? ਇਕ ਤੁਕ ਲੈ ਕੇ, ਉਸ ਦੇ ਗਲਤ ਅਰਥ ਕਰ ਕੇ ਹੇਠ ਲਿਖੇ ਸ਼ਬਦ ਨੂੰ ਜਵਾਂ ਹੀ ਰੱਦ ਕਰ ਦਿੱਤਾ ਹੈ।
         ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
         ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ
॥22॥   (1365)
ਅਰਥ:- ਹੇ ਕਬੀਰ, ਜਗਤ ਨੂੰ ਮਰਨ ਤੋਂ ਡਰ ਲਗਦਾ ਹੈ, ਕਿਉਂਕਿ ਮੋਹ ਅਧੀਨ ਇਕੱਠੀਆਂ ਕੀਤੀਆਂ ਚੀਜ਼ਾਂ ਤੋਂ ਵਿਛੜਨਾ ਪੈਣਾ ਹੈ, ਪਰ ਮੈਨੂੰ ਉਨ੍ਹਾਂ ਚੀਜ਼ਾਂ ਨਾਲੋਂ ਮੋਹ ਤੋੜਦਿਆਂ ਖੁਸ਼ੀ ਹੁੰਦੀ ਹੈ, ਮੈਨੂੰ ਮਰਨ ਤੋਂ ਡਰ ਨਹੀਂ ਲਗਦਾ, ਕਿਉਂਕਿ ਮਰਨ ਮਗਰੋਂ ਹੀ ਉਸ ਪ੍ਰਭੂ ਨਾਲ ਇਕ-ਮਿਕ ਹੋਈਦਾ ਹੈ, ਜੋ ਪੂਰਨ ਰੂਪ ‘ਚ ਆਨੰਦ ਹੀ ਆਨੰਦ ਹੈ।     
     ਅਗਾਂਹ ਵਧਣ ਤੋਂ ਪਹਿਲਾਂ, ਇਹ ਵਿਚਾਰ ਕਰ ਲੈਣੀ ਜ਼ਰੂਰੀ ਹੈ ਕਿ ‘ਮੁਕਤੀ ਹੈ ਕੀ ਚੀਜ਼ ?’
  ਗੁਰਬਾਣੀ ਵਿਚ ਮੁਕਤੀ ਦੇ ਦੋ ਪੜਾਅ ਹਨ, ‘ਜੀਵਨ ਮੁਕਤੀ’  ਅਤੇ ‘ਮੁਕਤੀ’
    ਜੀਵਨ ਮੁਕਤਿ ਉਸ ਨੂੰ ਕਿਹਾ ਜਾਂਦਾ ਹੈ, ਜੋ ਗੁਰਬਾਣੀ ਦੀ ਰੌਸ਼ਨੀ ਵਿਚ ਜ਼ਿੰਦਗੀ ਬਿਤਾਉਂਦਿਆਂ , ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਨਾਜਾਇਜ਼ ਵਰਤੋਂ ਬੰਦ ਕਰ ਕੇ, ਕਰਤਾਰ ਅਤੇ ਮਨ ਵਿਚਲੀ, ਮਨ ਦੀ ਹਉਮੈ  (ਹਉਂ +ਮੈਂ) ਮਾਰ ਲੈਂਦਾ ਹੈ।
  ਗੁਰਬਾਣੀ ਵਿਚੋਂ ਜੀਵਨ ਮੁਕਤਿ ਬਾਰੇ ਇਕ ਸ਼ਬਦ     
                         ਜੀਵਨ ਮੁਕਤਿ 
              ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
              ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥
              ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
              ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
          ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓੁਹੁ ਪੇਰਖੁ ਕਹੀਐ ਜੀਵਨ ਮੁਕਤਿ
॥7॥  (275)
    ਇਸ ਪਦੇ ਵਿਚ ਗੁਰਬਾਣੀ , ਉਸ ਬੰਦੇ ਬਾਰੇ ਸੋਝੀ ਦਿੰਦੀ ਹੈ , ਜਿਸ ਨੂੰ ਜੀਵਨ ਮੁਕਤ ਕਿਹਾ ਜਾ ਸਕਦਾ ਹੈ ? ਇਹ ਪਦਾ ਖਾਸ ਤੌਰ ਤੇ ਉਨ੍ਹਾਂ ਦੇ ਸਮਝਣ ਦੀ ਗੱਲ ਹੈ , ਜੋ ਰੋਜ਼ , ਇਕ ਵਾਰ ਨਹੀਂ , ਦੋ ਵਾਰੀ ਜਾਂ ਤਿੰਨ ਵਾਰੀ , ਬਾਣੀ ਸੁਖਮਨੀ ਦਾ ਪਾਠ ਕਰਦੇ ਹਨ , ਇਸ ਵਿਚਲੀ ਤੇਰ੍ਹਵੀਂ ਅਸ਼ਟਪਦੀ ਦੇ ਆਧਾਰ ਤੇ , ਬਗਲਿਆਂ ਵਰਗੇ ਗੋਲ ਪੱਂਗਿਆਂ ਨੂੰ ਸੰਤ ਮੰਨ ਕੇ , ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦੀ ਗੱਲ ਕਰਨ ਨੂੰ ਵੀ , ਸੰਤ ਦੀ ਨਿੰਦਾ ਮੰਨ ਕੇ , ਅੱਖੀਂ ਵੇਖਦਿਆਂ ਵੀ ਮੱਖੀਆਂ ਨਿਗਲੀ ਜਾਂਦੇ ਹਨ । ਗੱਲ ਉਨ੍ਹ੍ਹਾਂ ਦੀ ਨਹੀਂ ਕਰ ਰਿਹਾ , ਜਿਨ੍ਹਾਂ ਦਾ ਕੰਮ ਹੀ ਗੋਲ ਪਂੱਗਿਆਂ ਦੇ ਕਹੇ ਨੂੰ ਰੱਬ ਦਾ ਹੁਕਮ ਮੰਨ ਕੇ , ਗੁਰਬਾਣੀ ਦੀ ਵਿਚਾਰ ਵਲੋਂ , ਦਿਮਾਗ ਨੂੰ ਜਿੰਦੇ ਲਾ ਕੇ , ਬਾਣੀ ਸੁਖਮਨੀ ਦਾ ਖਾਲੀ ਰੱਟਾ ਲਾਉਣਾ ਹੈ । ਗੱਲ ਉਨ੍ਹਾਂ ਦੀ ਹੈ ਜੋ ਗੁਰਬਾਣੀ ਨੂੰ ਗੁਰੂ ਮੰਨਦੇ ਹਨ , ਗੁਰਬਾਣੀ ਬਾਰੇ ਕੁਝ ਸਮਝਣ ਦੇ ਚਾਹਵਾਨ ਹਨ । ਉਨ੍ਹਾਂ ਨੂੰ ਇਹ ਤਾਂ ਮੰਨਣਾ ਹੀ ਪਵੇਗਾ ਕਿ ਜਿਨ੍ਹਾਂ ਗੋਲ ਪੱਂਗਿਆਂ ਨੂੰ ਤੁਸੀਂ , ਸੰਤ , ਬ੍ਰਹਮਗਿਆਨੀ , ਮਹਾਂਪੁਰਖ ਕਹਿ ਕੇ ਸਤਿਕਾਰਦੇ ਹੋ , ਉਨ੍ਹਾਂ ਦੀ ਅਵੱਸਥਾ ਘੱਟੋ-ਘੱਟ ਜੀਵਨ ਮੁਕਤਿ ਵਾਲੀ ਤਾਂ ਹੋਣੀ ਹੀ ਚਾਹੀਦੀ ਹੈ । ਜੇ ਗੁਰਬਾਣੀ ਦੀ ਦਿੱਤੀ ਇਸ ਸੇਧ ਅਨੁਸਾਰ , ਤੁਹਾਡੈ ਹਜ਼ਾਰਾਂ ਵਿਚੋਂ ਇਕ ਗੋਲ ਪੱਗੇ ਦਾ ਵੀ ਜੀਵਨ ਹੋਵੇ , ਤੁਸੀਂ ਮੈਨੂੰ ਜੋ ਵੀ ਸਜ਼ਾ ਲਾਵੋਗੇ , ਮੈਂ ਖੁਸ਼ੀ ਨਾਲ ਸਵੀਕਾਰ ਕਰਾਂਗਾ । ਜੇ ਇਨ੍ਹਾਂ ਤਿੰਨ ਹਜ਼ਾਰ ਤੋਂ ਉਪਰ ਭੇਖੀਆਂ ਵਿਚੋਂ ਇਕ ਦਾ ਜੀਵਨ ਵੀ ਇਸ ਪਦੇ ਅਨੁਸਾਰ ਨਾ ਹੋਵੇ , ਤਾਂ ਤੁਹਾਨੂੰ ਇਹ ਤਾਂ ਮੰਨ ਹੀ ਲੈਣਾ ਪਵੇਗਾ ਕਿ ਇਹ ਬਨਾਰਸ ਦੇ ਠੱਗ , ਪੰਥ ਨੂੰ ਕੁਰਾਹੇ ਪਾ ਕੇ ਲੁੱਟ ਰਹੇ ਹਨ , ਅਤੇ ਇਨ੍ਹਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰ ਕੇ , ਇਨ੍ਹਾਂ ਲਹੂ ਪੀਣੀਆਂ ਜੋਕਾਂ ਤੋਂ ਪੰਥ ਨੂੰ ਬਚਾਉਣ ਦਾ ਉਪ੍ਰਾਲਾ ਕਰਨਾ ਤੁਹਾਡਾ ਫਰਜ਼ ਬਣਦਾ ਹੈ ।
                  ਆਉ ਗੁਰਬਾਣੀ ਵਿਚਾਰੀਏ ,
     ਪਹਲੀ ਪੰਗਤੀ ।   ਜੀਵਨ ਮੁਕਤਿ ਸੋਊ ਕਹਾਵੈ ?  ਜੀਉਂਦਿਆਂ ਹੀ ਮੁਕਤ ਹੋਇਆ-ਹੋਇਆ ਅਖਵਾਉਣ ਦਾ ਹੱਕਦਾਰ ਉਹੀ ਹੈ , ਜੋ ਪ੍ਰਭੂ ਦੀ ਆਗਿਆ , ਪਰਭੂ ਦੇ ਹੁਕਮ ਨੂੰ , ਅਪਣੀ ਆਤਮਾ , ਅਪਣੇ ਮਨ ਵਿਚ ਮਿੱਠਾ ਕਰ ਕੇ ਮੰਨਦਾ ਹੈ । ਓਸੇ ਨੌਕਰ ਨੂੰ ਮਾਲਕ ਦਾ ਹੁਕਮ ਮਿੱਠਾ ਲਗਦਾ ਮੰਨਿਆ ਜਾ ਸਕਦਾ ਹੈ , ਜੋ ਅਪਣੇ ਮਾਲਕ ਦੇ  ਹੁਕਮ ਦਾ , ਬਿਨਾ ਕਿਸੇ ਹੀਲ-ਹੁੱਜਤ ਦੇ , ਬਿਨਾ ਕਿਸੇ ਲਾਲਚ ਜਾਂ ਡਰ ਦੇ ਪਾਲਣ ਕਰਦਾ ਹੋਵੇ । ਇਨ੍ਹਾਂ ਸੰਤ , ਬ੍ਰਹਮਗਿਆਨੀ , ਮਹਾਂਪੁਰਖਾਂ ਦੀ ਤਾਂ ਸਥਾਪਤੀ ਦਾ ਆਧਾਰ ਹੀ ਪਰਮਾਤਮਾ ਦੇ ਹੁਕਮ ਨੂੰ ਰੱਦ ਕਰਨਾ ਹੈ । ਜਿਨ੍ਹਾਂ ਬੰਦਿਆਂ ਨੂੰ ਰੱਬ ਕੁਝ ਨਹੀਂ ਦੇ ਸਕਦਾ , ਉਨ੍ਹਾਂ ਨੂੰ ਇਹ ਦੁਨਿਆਵੀ ਪਦਾਰਥਾਂ ਦਾ ਭੰਡਾਰ ਬਖਸ਼ ਸਕਦੇ ਹਨ । ( ਭਾਵੇਂ ਇਨ੍ਹਾਂ ਦਾ ਅਪਣਾ ਗੁਜ਼ਾਰਾ , ਕਿਰਤੀ ਸਿੱਖਾਂ ਦੀ ਕਮਾਈ ਨਾਲ ਚਲਦਾ ਹੈ ) ਜਿਸ ਬੀਬੀ ਨੂੰ ਰੱਬ ਬੱਚਾ ਨਹੀਂ ਦੇ ਸਕਦਾ , ਉਸ ਨੂੰ ਇਹ ਸ਼ਰਤੀਆ ਪੁਤ੍ਰ ਦੇ ਸਕਦੇ ਹਨ ।
           ( ਫਿਰ ਇਹ ਰੱਬ ਦਾ ਹੁਕਮ ਕਿਉਂ ਮੰਨਣ ਗੇ ?)
    ਦੂਜੀ ਪੰਗਤੀ ।   ਜੀਵਨ ਮੁਕਤ ਉਸ ਨੂੰ ਹੀ ਆਖਿਆ ਜਾ ਸਕਦਾ ਹੈ , ਜਿਸ ਲਈ ਖੁਸ਼ੀ ਅਤੇ ਗਮੀ ਇਕੋ ਜਿਹੀ ਹੋਵੇ । ਜਿਸ ਤੇ ਨਾ ਤਾਂ ਖੁਸ਼ੀ ਦਾ ਹੀ ਕੋਈ ਖਾਸ ਪ੍ਰਭਾਵ ਪਵੇ ਅਤੇ ਨਾ ਹੀ ਦੁਖ ਵਿਚ ਦੁਖੀ ਹੋਵੇ । ਉਸ ਦਾ ਅਕਾਲ ਪੁਰਖ ਦੀ ਰਜ਼ਾ ਨਾਲ ਹਮੇਸ਼ਾ ਦਾ ਮੇਲ ਹੋਵੇ , ਜਿਸ ਆਸਰੇ ਉਹ ਹਮੇਸ਼ਾ ਆਨੰਦ ਵਿਚ ਰਹਿੰਦਾ ਹੋਵੇ ।
    ਤੀਜੀ ਪੰਗਤੀ ।   ਜੀਵਨ ਮੁਕਤ ਉਸ ਨੂੰ ਹੀ ਕਿਹਾ ਜਾ ਸਕਦਾ ਹੈ , ਜਿਸ ਲਈ ਸੋਨਾ ਅਤੇ ਮਿੱਟੀ ਇਕ ਸਮਾਨ ਹੋਵੇ । ਉਹ ਅਮੀਰਾਂ ਅਤੇ ਗਰੀਬਾਂ ਦਾ ਇਕ ਸਮਾਨ ਆਦਰ ਕਰਦਾ ਹੋਵੇ । ਸੋਨੇ ਦੀਆਂ ਚੇਨੀਆਂ , ਸੋਨੇ ਦੀਆਂ ਮੁੰਦਰੀਆਂ ਦਾ ਸ਼ੌਕੀਨ ਨਾ ਹੋਵੇ । ਸੋਨੇ ਦੀਆਂ ਮੁੰਦਰੀਆਂ , ਸੋਨੇ ਦੀਆਂ ਚੇਨੀਆਂ , ਵੱਡੇ-ਵੱਡੇ ਨੋਟ ਭੇਂਟ ਕਰਨ ਵਾਲਿਆਂ ਦਾ ਖਾਸ ਆਦਰ ਕਰਨ ਵਾਲਾ ਨਾ ਹੋਵੇ । ਗੁਰਬਾਣੀ ਦਾ ਪਰਚਾਰ ਕਰਨ ਵੇਲੇ , ਇਹ ਨਾ ਸੋਚੇ ਕਿ ਜਿਸ ਘਰ ਵਿਚ ਮੈਂ ਜਾ ਰਿਹਾ ਹਾਂ , ਉਸ ਘਰ ਵਿਚੋਂ ਮੈਨੂੰ ਕੀ ਮਿਲੇਗਾ ? ਇਸ ਝਾਕ ਵਾਲਾ ਜੀਵਨ ਮੁਕਤ ਨਹੀਂ ਹੋ ਸਕਦਾ । ਉਸ ਦੀ ਮਾਨਸਿਕਤਾ ਵਿਚ , ਅਖੌਤੀ ਅੰਮ੍ਰਿਤ ਦੇ ਅਮਰ ਕਰ ਦੇਣ ਦੇ ਭਰਮ ਅਤੇ ਜ਼ਹਰ ਦੇ ਮਾਰੂ ਅਸਰ ਵਿਚ ਕੋਈ ਫਰਕ ਨਾ ਹੋਵੇ । ਉਹ ਪਰਮਾਤਮਾ ਦੀ ਰਜ਼ਾ ਵਿਚ ਖੁਸ਼ ਰਹਣ ਵਾਲਾ ਹੋਵੇ ।
    ਚੌਥੀ ਪੰਗਤੀ ।   ਉਸ ਬੰਦੇ ਦੀ ਨਿਗਾਹ ਵਿਚ , ਉਸ ਦਾ ਮਾਣ , ਉਸ ਦੀ ਇਜ਼ਤ ਕਰਨ ਵਾਲਾ ਅਤੇ ਉਸ ਨਾਲ ਅਭਿਮਾਨ ਰੂਪ ਵਿਚ ਪੇਸ਼ ਆਉਣ ਵਾਲਾ , ਉਸ ਦੀ ਨਿਰਾਦਰੀ ਕਰਨ ਵਾਲਾ , ਦੋਵੇਂ ਇਕ ਸਮਾਨ ਹੋਣ , ਏਕ ਨੂਰ ਤੇ ਸਭੁ ਜਗੁ ਉਪਜਿਆ , ਦੀ ਵਿਚਾਰ ਦਾ ਧਾਰਨੀ ਹੋਵੇ । ਉਸ ਦੀ ਨਿਗਾਹ ਵਿਚ ਇਕ ਮੰਗਤਾ ਅਤੇ ਇਕ ਸ਼ਹਿਨਸ਼ਾਹ ਇਕ ਬਰਾਬਰ ਹੋਣ , ਦੋਵੇਂ ਉਸ ਨੂੰ ਰੱਬ ਦਾ ਰੂਪ ਜਾਪਣ ।
    ਪੰਜਵੀਂ ਪੰਗਤੀ ।   ਪ੍ਰਭੂ ਜੋ ਜੁਗਤ ਵਰਤਾਉਂਦਾ ਹੈ , ਦੁਨੀਆਂ ਨੂੰ ਜਿਸ ਢੰਗ ਨਾਲ ਚਲਾਉਂਦਾ ਹੈ , ਦੁਨੀਆਂ ਨੂੰ ਚਲਾਉਣ ਲਈ ਬਣਾਏ ਨਿਯਮਾਂ ਅਨੁਸਾਰ ਹੀ ਉਸ ਬੰਦੇ ਦੀ ਜਵਿਨ ਜੁਗਤ ਹੋਵੇ । 
      ਹੇ ਨਾਨਕ ਅਜਿਹਾ ਮਨੁੱਖ ਹੀ ਜੀਵਨ ਮੁਕਤ ਕਿਹਾ ਜਾ ਸਕਦਾ ਹੈ ।
          ਆਪਾਂ ਵੇਖਿਆ ਹੈ ਕਿ ਜਿਸ ਬੰਦੇ ਲਈ ਪਰਮਾਤਮਾ ਦੀ ਰਜ਼ਾ ਹੀ , ਦਿਲੋਂ ਪਿਆਰੀ ਹੋਵੇ , ਜਿਸ ਬੰਦੇ ਦਾ ਜੀਵਨ ਢੰਗ , ਕਰਤਾਪੁਰਖ ਵਲੋਂ ਬਣਾਏ ਨਿਯਮ ਕਾਨੂਨਾਂ ਅਨੁਸਾਰ ਹੋਵੇ ,( ਜਿਸ ਵਿਚ ਕਿਰਤ ਕਰਨੀ ਹੀ ਪਹਿਲਾ ਅਸੂਲ ਹੈ ) ਉਸ ਨੂੰ ਹੀ ਜੀਵਨ ਮੁਕਤਿ , ਇਸ ਜੀਵਨ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਮੁਕਤ ਮੰਂਨਿਆ ਜਾ ਸਕਦਾ ਹੈ ।     
 ਇਹ ਅਸਲ ਮੁਕਤੀ ਦਾ ਰਾਹ ਹੈ।
ਜਿਸ ਦੀ ਪਰਖ ਆਸਰੇ ਪ੍ਰਭੂ ਆਪਣੀ ਮਿਹਰ ਕਰ ਕੇ, ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ, ਅਤੇ ਮਨ ਵਿਚ ਹਉਮੈ ਉੱਠਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਮਨ ਦੀ ਵੱਖਰੀ ਹੋਂਦ ਹੀ ਖਤਮ ਹੋ ਜਾਂਦੀ ਹੈ।
    ਅਸਲੀ ਮੁਕਤੀ ਉਹ ਹੈ ਜਿਸ ਵਿਚ ਮਨ, ਆਪਣੇ ਮੂਲ ਅਕਾਲ-ਪੁਰਖ ਵਿਚ ਹੀ ਲੀਨ, ਇਕ-ਮਿਕ ਹੋ ਜਾਂਦਾ ਹੈ, ਜਿਸ ਬਾਰੇ ਗੁਰਬਾਣੀ ਵਿਚ ਇਵੇਂ ਕਿਹਾ ਗਇਆ ਹੈ,
       ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
       ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ
॥3॥11॥     (633-34)
ਅਰਥ:- ਹੇ ਨਾਨਕ, ਜਿਸ ਮਨੁੱਖ ਤੇ (ਸ਼ਬਦ) ਗੁਰੂ ਨੇ ਕਿਰਪਾ ਕੀਤੀ, ਉਸ ਨੇ ਹੀ ਜੀਵਨ ਦਾ ਅਸਲੀ ਢੰਗ ਜਾਣਿਆ ਹੈ, ਉਹ ਮਨੁੱਖ ਹੀ ਅਕਾਲ-ਪੁਰਖ ਨਾਲ ਇਵੇਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਇਕ-ਮਿਕ ਹੋ ਜਾਂਦਾ ਹੈ, ਫਿਰ ਦੋਵਾਂ ਨੂੰ ਉਸ ਤਰ੍ਹਾਂ ਅਲੱਗ ਨਹੀਂ ਕੀਤਾ ਜਾ ਸਕਦਾ, ਜਿਵੇਂ ਉਹ ਪਹਿਲਾਂ ਸਨ।  
   ਜਦੋਂ ਤਕ ਪਾਣੀ ਦਾ ਤੁਪਕਾ ਦਰਿਆ ਜਾਂ ਸਮੁੰਦਰ ਨਾਲੋਂ ਵੱਖਰਾ ਹੁੰਦਾ ਹੈ, ਉਸ ਦੀ ਆਪਣੇ ਮੂਲ ਨਾਲੋ ਵੱਖਰੀ ਪਛਾਣ ਹੁੰਦੀ ਹੈ, ਜਦ ਉਹ ਤੁਪਕਾ ਦਰਿਆ ਜਾਂ ਸਮੁੰਦਰ ਵਿਚ ਮਿਲ ਜਾਂਦਾ ਹੈ, ਉਸ ਦੀ ਵੱਖਰੀ ਹੋਂਦ ਖਤਮ ਹੋ ਜਾਂਦੀ ਹੈ, ਫਿਰ ਉਸ ਤੁਪਕੇ ਨੂੰ ਦਰਿਆ ਜਾਂ ਸੁੰਦਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।  ਇਹੀ ਹਾਲ ਮਨ ਅਤੇ ਪਰਮਾਤਮਾ ਦਾ ਹੈ, ਦੁਨਿਆਵੀ ਖੇਡ ਅਨੁਸਾਰ ਜਦ ਤੱਕ ਮਨ, ਪ੍ਰਭੂ ਨਾਲ ਮਿਲਾਪ ਨਹੀਂ ਕਰਦਾ, ਜੂਨਾਂ ਵਿਚ ਭਟਕਦਾ ਰਹਿੰਦਾ ਹੈ, ਉਸ ਦੀ ਵੱਖਰੀ ਹੋਂਦ ਕਾਇਮ ਰਹਿੰਦੀ ਹੈ, ਉਸ ਵਿਚ ਹਉਮੈ ਦਾ ਰੋਗ ਬਣਿਆ ਰਹਿੰਦਾ ਹੈ। ਜਦ ਮਨ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ, ਪਾਣੀ ਵਾਙ ਇਕ-ਮਿਕ ਹੋ ਜਾਂਦਾ ਹੈ, ਫਿਰ ਉਨ੍ਹਾਂ ਨੂੰ ਪਹਿਲੇ ਵਾਲੇ ਰੂਪ ਵਿਚ ਵੱਖ ਨਹੀਂ ਕੀਤਾ ਜਾ ਸਕਦਾ। ਮਨ ਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਇਹ ਹੈ ਆਵਾ-ਗਵਣ ਤੋਂ ਮੁਕਤੀ, ਅਸਲੀ ਮੁਕਤੀ।
            ਪੂਰਾ ਸ਼ਬਦ ਇਵੇਂ ਹੈ,
     ਜੋ ਨਰ ਦੁਖ ਮੈ ਦੁਖੁ ਨਹੀ ਮਾਨੈ ॥
     ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ
॥1॥ਰਹਾਉ॥
     ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
      ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ
॥1॥
       ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
       ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ
॥2॥
       ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
       ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ
॥3॥11॥     (633-34) 
    (ਰਹਾਉ)  ਹੇ ਭਾਈ ਜਿਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਮਨ ਵਿਚ ਸੁੱਖਾਂ ਪ੍ਰਤੀ ਮੋਹ ਨਹੀਂ, ਜਿਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਡਰ ਨਹੀਂ, ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਸਮਾਨ ਸਮਝਦਾ ਹੈ।
    (1)  ਜਿਸ ਮਨੁੱਖ ਦੇ ਮਨ ਵਿਚ ਕਿਸੇ ਦੀ ਚੁਗਲੀ, ਬੁਰਾਈ ਨਹੀਂ, ਕਿਸੇ ਦੀ ਖੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ, ਨਾ ਹੰਕਾਰ ਹੈ, ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾ ਆਦਰ ਪੋਹ ਸਕਦਾ ਹੈ ਨਾ ਨਿਰਾਦਰੀ।
    (2)  ਹੇ ਭਾਈ ਜਿਹੜਾ ਮਨੁੱਖ ਆਸਾਂ ਉਮੇਦਾਂ ਸਭ ਤਿਆਗ ਕੇ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾ ਕਾਮ-ਵਾਸਨਾ ਛੋਹ ਸਕਦੀ ਹੈ, ਨਾ ਕ੍ਰੋਧ ਛੋਹ ਸਕਦਾ ਹੈ। (ਇਹ ਸਾਰੇ ਕੰਮ ਲੋੜੋਂ ਵੱਧ ਹੋਣ ਤੇ ਹੀ ਗਲਤ ਹੁੰਦੇ ਹਨ, ਜਿਵੇਂ ਗ੍ਰਿਹਸਤ ਆਦਮੀ ਦੀ ਜ਼ਰੂਰੀ ਲੋੜ ਹੈ, ਤਾਂ ਜੋ ਦੁਨੀਆ ਵਿਚ ਬੰਦੇ ਦੀ ਨਸਲ ਚਲਦੀ ਰਹਿ ਸਕੇ, ਪਰ ਜਦੋਂ ਬੰਦਾ ਇਸ ਦੀ ਲੋੜੋਂ ਵੱਧ ਵਰਤੋਂ ਕਰੇ, ਹਮੇਸ਼ਾ ਇਸ ਵਿਚ ਹੀ ਧਿਆਨ ਰਹੇ, ਤਾਂ ਉਹ ਕਾਮ-ਵਾਸਨਾ ਹੋ ਜਾਂਦੀ ਹੈ। ਬੰਦੇ ਦੇ ਆਪਣੇ ਬਚਾਉ ਲਈ ਉਸ ਵਿਚ ਬੀਰ-ਰਸ ਹੋਣਾ ਜ਼ਰੂਰੀ ਹੈ, ਪਰ ਜਦੋਂ ਉਸ ਦੀ ਗਲਤ ਵਰਤੋਂ ਕਰਦਿਆਂ ਬੰਦਾ ਦੂਸਰਿਆਂ ਤੇ ਹੀ ਗੁੱਸਾ ਕਰਦਾ ਰਹੇ ਤਾਂ ਉਹ ਕ੍ਰੋਧ ਹੋ ਜਾਂਦਾ ਹੈ। ਇਹ ਸਾਰੀਆਂ ਤਾਕਤਾਂ ਰੱਬ ਨੇ ਬੰਦੇ ਨੂੰ ਲੋੜ ਮੁਤਾਬਕ ਵਰਤਣ ਨੂੰ ਦਿੱਤੀਆਂ ਹਨ, ਜਦ ਬੰਦਾ ਉਨ੍ਹਾਂ ਦੀ ਲੋੜੋਂ ਵੱਧ ਵਰਤੋਂ ਕਰਨ ਲੱਗ ਜਾਵੇ ਤਾਂ ਉਹੀ ਬੰਦੇ ਦੇ ਅਵਗੁਣ ਅਤੇ ਕਮਜ਼ੋਰੀਆਂ ਹੋ ਨਿਬੜਦੀਆਂ ਹਨ। ਇਸ ਸ਼ਬਦ ਵਿਚ ਵੀ ਬੰਦੇ ਦੇ ਅਵਗੁਣਾਂ ਦਾ ਜ਼ਿਕਰ ਕਰ ਕੇ ਇਹ ਸਮਝਾਇਆ ਗਿਆ ਹੈ ਕਿ, ਜੋ ਮਨੁੱਖ ਇਨ੍ਹਾਂ ਅਵਗੁਣਾਂ ਦੇ ਚੱਕਰ ਤੋ ਬਚਿਆ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
   (3)  ਹੇ ਨਾਨਕ ਆਖ, ਜਿਸ ਮਨੁੱਖ ਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਹੀ, ਜੀਵਨ ਦੀ ਇਹ ਜਾਚ ਸਮਝੀ ਹੈ। ਉਹ ਮਨੁੱਖ ਅਕਾਲ-ਪੁਰਖ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਰਲ ਜਾਂਦਾ ਹੈ, ਮੁੜ ਅਲੱਗ ਨਹੀਂ ਹੁੰਦਾ।
                ਅਮਰ ਜੀਤ ਸਿੰਘ ਚੰਦੀ                        (ਚਲਦਾ)       

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.