ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਚਉਰਾਸੀਹ ਲੱਖ ਜੂਨਾਂ- ਭਾਗ 4:-
-: ਚਉਰਾਸੀਹ ਲੱਖ ਜੂਨਾਂ- ਭਾਗ 4:-
Page Visitors: 3079

-: ਚਉਰਾਸੀਹ ਲੱਖ ਜੂਨਾਂ- ਭਾਗ 4:-
ਇਹ ਪੋਸਟ ਚਮਕੌਰ ਸਿੰਘ ਬਰਾੜ ਦੇ - “ਚਉਰਾਸੀਹ ਜੂਨਾਂ” ਲੇਖ ਸੰਬੰਧੀ ਉਹਨਾਂ ਦੇ ਅਰਥਾਂ ਤੋਂ ਉਠੇ ਸਵਾਲਾਂ ਬਾਰੇ ਹੈ।
ਚਮਕੌਰ ਸਿੰਘ ਬਰਾੜ ਗੁਰਬਾਣੀ ਵਿੱਚ ਆਏ ਸ਼ਬਦ ‘ਚਉਰਾਸੀਹ ਲੱਖ’ ਦੇ ਹਰ ਜਗ੍ਹਾ ਤੇ ਭਾਵਾਰਥ, ਇਸੇ ਜਨਮ ਵਿੱਚ ਬੰਦਾ ਨੀਵੇਂ ਆਚਰਣ ਵਾਲਾ ਜੀਵਨ ਜਿਉਂ ਰਿਹਾ ਹੈ, ਜਿਸ ਦੇ ਇਹ ‘ਜੂਨਾਂ’ ਜਿਉਂ ਰਿਹਾ ਭਾਵਾਰਥ ਕਰਦੇ ਹਨ।ਇਹ ਪੁੱਛੇ ਜਾਣ ਤੇ ਕਿ ਸ਼ਬਦ ਚਉਰਾਸੀਹ ਲੱਖ ਤਾਂ ਵੱਖ ਵੱਖ ਕਿਸਮ ਦੇ ਜੀਵ ਜੋ ਆਪਾਂ ਸੰਸਾਰ ਤੇ ਦੇਖਦੇ ਹਾਂ ਉਹਨਾਂ ਬਾਰੇ ਆਇਆ ਹੈ ਤਾਂ ਤੁਸੀਂ ਮਨੁੱਖ ਦੇ ਸੁਭਾਵ ਅਤੇ ਆਚਰਣ ਵਾਲੇ ਭਾਵਾਰਥ ਕਿਸ ਆਧਾਰ ਤੇ ਕਰਦੇ ਹੋ? ਇਹ ਪੁੱਛੇ ਜਾਣ ਤੇ ਕਿ ਕੀ ਤੁਸੀਂ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਦੇ ਆਧਾਰ ਤੇ ਤੁਸੀਂ ਇਹ ਭਾਵਾਰਥ ਕਰਦੇ ਹੋ ਅਤੇ ਜਿਸ ਵਿੱਚ **ਗੁਰਮਤਿ ਅਨੁਸਾਰ ਇਸ ਜਨਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਜੂਨਾਂ ਵਿੱਚ ਪੈਣ ਵਾਲੇ ਸਿਧਾਂਤ ਦਾ ਖੰਡਣ ਕੀਤਾ ਗਿਆ ਹੋਵੇ**? ਇਸ ਸੰਬੰਧੀ ਚਮਕੌਰ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਬਹੁਤ ਸਾਰੀਆਂ ਉਦਾਹਰਣਾਂ ਆਪਣੇ ਕੀਤੇ ਅਰਥਾਂ / ਭਾਵਾਰਥਾਂ ਸਮੇਤ ਪੇਸ਼ ਕੀਤੀਆਂ ਸਨ।ਉਹਨਾਂ ਪੇਸ਼ ਕੀਤੀਆਂ ਗਈਆਂ ਉਦਾਹਰਣਾਂ ਵਿੱਚੋਂ ਪੇਸ਼ ਹੈ ਇਹ ਹੋਰ ਉਦਾਹਰਣ ਸੰਬੰਧੀ ਵਿਚਾਰ ਅਤੇ ਕੁਝ ਸਵਾਲ:- 
“ਸਿਰੀਰਾਗੁ ਮਹਲਾ ੫ ਘਰੁ ੨ ॥
 ਗੋਇਲ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
 ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ
॥੧॥
 ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
 ਕਿਆ ਥੋੜੜੀ ਬਾਤ ਗੁਮਾਨੁ
॥੧॥ ਰਹਾਉ ॥
 ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
 ਕਿਆ ਤੂੰ ਰਤਾ ਗਰਿਸਤ ਸਿਉ ਸਭ ਫੁਲਾ ਕੀ ਬਾਗਾਤਿ
॥੨॥
 ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
 ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ
॥੩॥
 ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
 ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ
॥੪॥{ਪੰਨਾ 50}”
ਚਮਕੌਰ ਸਿੰਘ ਬਰਾੜ ਜੀ ਦੇ ਕੀਤੇ ਅਰਥ:-
“ਔਖੇ ਸ਼ਬਦਾਂ ਦੇ ਅਰਥ---- ਹਰਿ ਗੁਣ—ਹਰੀ ਦੇ ਗੁਣ { ਕਰਮਕਾਰਕ, ਬਹੁਵਚਨ, ਪੁਲਿੰਗ}, ਗਾਉ--- ਗਾਇਆ ਕਰੋ { ਪ੍ਰੇਰਾਣਾਥਕ ਹੁਕਮੀ ਭਵਿਖਤ ਕਿਰਿਆ ਹੈ}, ਮਨਾ—ਹੇ ਮਨਾ, ਸਤਿਗੁਰੁ—ਪ੍ਰਭੂ { ਕਰਮਕਾਰਕ}, ਸੇਵਿ—ਸਿਮਰ ਭਾਵ ਉਸਦੇ ਗੁਣਾਂ ਨੂੰ ਆਪਣੇ ਹਿਰਦੇ ਦਿਲ ਵਿੱਚ ਯਾਦ ਰੱਖ, ਪਿਆਰਿ—ਪਿਆਰ ਨਾਲ {ਕਰਣ ਕਾਰਕ}, ਕਿਆ—ਕੀ, ਥੋੜੜੀ { ਵਿਸ਼ੇਸ਼ਣ, ਇਸਤਰੀ ਲਿੰਗ}, ਬਾਤ { ਸੰਬੰਧ ਕਾਰਕ ਨਾਂਵ} ਗੁਮਾਨੁ—ਮਾਨ ਜਾਂ ਹੰਕਾਰ {ਕਰਮਕਾਰਕ}
ਅਰਥ===ਹੇ ਮਨ ! ਤੂੰ ਕਿਸ ਗਲੋਂ ਛੋਟੀ ਜਿਹੀ ਗਲੱ ਦਾ ਗੁਮਾਨ ਕਰਦਾ ਹੈ { ਜਿਹੜੀਆਂ ਵੀ ਨਾਸ਼ਵੰਤ ਚੀਜਾਂ ਤੇਰੇ ਪਾਸ ਹਨ} { ਛੱਡ ਇੰਨਾ ਦਾ ਖਹਿੜਾ}। ਓਸ ਪ੍ਰਭੁ ਦੇ ਗੁਣ ਗਾਇਆ ਕਰ। ਉਸ ਪ੍ਰਭੁ ਦੇ ਗੁਣਾਂ ਨੂੰ ਆਪਣੇ ਹਿਰਦੇ ਦਿਲ ਵਿੱਚ ਪਿਆਰ ਨਾਲ ਵਸਾ ਲੈ॥ 1॥ ਰਹਾਉ॥
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
 ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ
॥੪॥{ਪੰਨਾ 50}”
ਚੌਥੇ ਪਦ ਦੇ ਔਖੇ ਸ਼ਬਦਾਂ ਦੇ ਅਰਥ—  ਲਖ ਚਉਰਾਸੀਹ—84 ਲੱਖ ਸਪੀਸੀਜ਼, ਜਾਂ ਜੂਨਾਂ, ਭ੍ਰਮਤਿਆ—ਭਟਕਿਆ ਹੋਇਆ( ਭੂਤ ਕਾਲ ਕਿਰਦੰਤ ਪਰ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਹੈ) { ਮਨ ਕਿਉਂਕਿ ਇਹ ਰਹਾਉ ਵਾਲੀ ਪੰਗਤੀ ਵਿੱਚ ਮਨ ਨੂੰ ਸੰਬੋਧਨ ਕੀਤਾ ਹੋਇਆ ਹੈ ਇਸ ਲਈ ਇਸ ਪਦ ਵਿੱਚ ਵੀ ਮਨ ਨੂੰ ਸੰਬੋਧਨ ਕੀਤਾ ਹੈ। , ਦੁਲਭ—ਅਦਭੁਤ ਜਾਂ ਬਹੁਤ ਕੀਮਤੀ { ਵਿਸ਼ੇਸ਼ਣ }  ਜਨਮੁ—ਜੀਵਨ { ਕਰਮ ਕਾਰਕ}, ਪਾਇਓਇ-- ਦੋ ਸ਼ਬਦਾਂ ਤੋਂ ਬਣਿਆ ਹੋਇਆ ਹੈ। ਪਾਇਓ + ਓਏ ਤੂੰ {ਪੜਨਾਂਵੀ ਪਿਛੇਤਰ ਵਾਲੀ ਭੁਤ ਕਾਲ ਦੀ ਕਿਰਿਆ}, ਨਾਨਕ—ਹੇ ਨਾਨਕ, ਨਾਮੁ—ਪ੍ਰਭੂ ਦੇ ਗੁਣ ਜਾਂ ਪ੍ਰਭੁ ਦਾ ਨਾਮ, ਸਮਾਲਿ—ਸਿਮਰਿਆ ਕਰ ਜਾਂ ਹਿਰਦੇ ਦਿਲ ਵਿੱਚ ਵਸਾ, {ਪ੍ਰੇਰਣਾਥਮਿਕ, ਹੁਕਮੀ ਭਵਿਖਤ ਕਿਰਿਆ ਹੈ} ਤੂੰ—ਹੇ ਮਨ! ਤੂੰ, ਨੇੜਾ—ਅੰਤ ਦਾ ਸਮਾਂ ਨੇੜੇ ਹੀ ਹੈ, ਆਇਓਇ == ਫੇਰ ਇਹ ਵੀ ਦੋ ਸ਼ਬਦਾਂ ਤੋਂ ਬਣਿਆ ਹੋਇਆ ਹੈ। ਆਇਓ+ਓਏ ਤੇਰਾ॥
ਅਰਥ – ਹੇ ਲੱਖ ਚੋਰਾਸੀਹ ਵਿਚ ਭੜਕੇ ਹੋਏ ਮਨ! {ਸੁਣ} ਤੂੰ ਬੜਾ ਕੀਮਤੀ ਜਨਮ ਜਾਂ ਜੀਵਨ { ਮਨੁਖੀ ਜੀਵਨ ਜਿਹੜਾ ਦੂਜੀਆ ਸਾਰੀਆਂ ਸਪੀਸੀਜ਼ ਨਾਲੋ ਵਧੀਆ ਜਾਂ ਦੁਰਲਭ ਹੈ} ਪਾਇਆ ਹੋਇਆ ਹੈ । ਹੇ ਨਾਨਕ ! ਕਹੁ ਕਿ ਹੇ ਮਨ !ਪ੍ਰਭੁ ਦਾ ਨਾਮ ਜਾਂ ਪ੍ਰਭੁ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਜਾਂ ਪ੍ਰਭੁ ਦਾ ਨਾਮ ਸਿਮਰਿਆ ਕਰ ਕਿਉਂਕਿ ਇਹ ਜੀਵਨ ਬਹੁਤ ਛੋਟਾ ਹੈ{ ਰਹਾਉ ਵਾਲੀ ਪੰਗਤੀ} ਜਿਸਦਾ ਤੂੰ ਐਵੇਂ ਗੁਮਾਨ ਕਰੀ ਜਾਂਦਾ ਹੈ। ਤੇਰੇ {ਛੋਟੇ ਜਿਹੇ} ਜੀਵਨ ਦੇ ਦਿਨ ਨੇੜੇ ਹੀ ਹਨ ॥ ”
ਜਸਬੀਰ ਸਿੰਘ ਵਿਰਦੀ:- ਚਮਕੌਰ ਸਿੰਘ ਬਰਾੜ ਜੀ! ਤੁਸੀਂ “ਲਖ ਚਉਰਾਸੀਹ” ਦੇ ਅਰਥ ਚਉਰਾਸੀਹ ਲੱਖ ਸਪੀਸੀਜ਼, ਜਾਂ ਜੂਨਾਂ ਕੀਤੇ ਹਨ ਅਤੇ ਪੰਗਤੀ ਦੇ ਅਰਥ ਕੀਤੇ ਹਨ- “ਹੇ ਲੱਖ ਚਉਰਾਸੀਹ ਵਿੱਚ ਭੜਕਦੇ(ਭਟਕਦੇ) ਹੋਏ ਮਨ! {ਸੁਣ) ਤੂੰ ਬੜਾ ਕੀਮਤੀ ਜਨਮ …ਪਾਇਆ ਹੋਇਆ ਹੈ।”
ਏਥੇ ਤੁਸੀਂ ਪੰਗਤੀ ਵਿੱਚ ‘ਲਖ ਚਉਰਾਸੀਹ’ ਦੇ ਅਰਥਾਂ ਵਿੱਚ ਇਹ ਦਰਸਾਉਣਾ ਚਾਹੁੰਦੇ ਹੋ ਕਿ ‘ਮਨ ਇਸੇ ਜਨਮ ਵਿੱਚ, ਲੱਖ ਚਉਰਾਸੀਹ ਜੂਨਾਂ (ਅਰਥਾਤ ‘ਨੀਵੇਂ ਆਚਰਣ ਵਾਲਾ ਜੀਵਨ ਜਿਸ ਨੂੰ ਕਿ ਤੁਸੀਂ ਆਪਣੀ ਫਲੌਸਫੀ ਮੁਤਾਬਕ ‘84 ਲੱਖ ਜੂਨਾਂ’ ਨਾਮ ਦੇ ਰੱਖਿਆ ਹੈ), ਵਿੱਚ ਭ੍ਰਮ ਰਿਹਾ ਹੈ।
ਅਰਥਾਤ ਤੁਹਾਡੇ ਮੁਤਾਬਕ ‘ਲਖ ਚਉਰਾਸੀਹ ਭ੍ਰਮਤਿਆ’ ਸ਼ਬਦ ਇਸੇ ਜੀਵਨ ਵਿੱਚ ਲਈ ਆਇਆ ਹੈ।
ਸੋ ਮੇਰਾ ਜਿਹੜਾ ਮੁਖ ਸਵਾਲ ਸੀ ਕਿ ਕੀ ਤੁਸੀਂ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਚਉਰਾਸੀਹ ਲੱਖ ਅਰਥਾਤ ਅਨੇਕਾਂ ਜੂਨਾਂ ਵਿੱਚ ਪੈਣ ਦਾ ਖੰਡਣ ਕੀਤਾ ਹੋਵੇ, ਜਿਸ ਦੇ ਆਧਾਰ ਤੇ ਤੁਸੀਂ ‘84 ਲਖ’ ਦੇ ਹਰ ਥਾਂ ਭਾਵਾਰਥ ‘ਮਨੁੱਖ ਦਾ ਨੀਵਾਂ ਆਚਰਣ’ ਕਰਦੇ ਹੋ, ਉਸ ਦਾ ਖੰਡਣ ਇਸ ਸ਼ਬਦ ਵਿੱਚ ਵੀ ਨਹੀਂ ਕੀਤਾ ਗਿਆ।ਅਰਥਾਤ ਤੁਹਾਡੇ ਮੁਤਾਬਕ ਹੀ ਇਸ ਸ਼ਬਦ ਵਿੱਚ ਇਸੇ ਜੀਵਨ ਬਾਰੇ ਹੀ ਗੱਲ ਕੀਤੀ ਗਈ ਹੈ।ਅਰਥਾਤ ਹਾਲੇ ਤੱਕ ਦੀਆਂ ਉਦਾਹਰਣਾਂ ਵਿੱਚੋਂ ਕਿਸੇ ਇੱਕ ਵਿੱਚ ਵੀ 84 ਲੱਖ(/ਅਨੇਕਾਂ) ਜੂਨਾਂ ਵਿੱਚ ਪੈਣ ਵਾਲੇ ਸਿਧਾਂਤ ਦਾ ਗੁਰਬਾਣੀ ਵਿੱਚ ਖੰਡਣ ਕੀਤਾ ਤੁਸੀਂ ਨਹੀਂ ਦਿਖਾ ਸਕੇ।
ਵੀਰ ਜੀ! ਮੁਖ ਸਵਾਲ ਸੰਬੰਧੀ ਤੈਅ ਹੋ ਗਿਆ ਹੈ ਕਿ ਹੁਣ ਤੱਕ ਦੀਆਂ ਤੁਹਾਡੀਆਂ ਪੇਸ਼ ਕੀਤੀਆਂ ਗਈਆਂ  ਉਦਾਹਰਣਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਤੁਸੀਂ ਸਾਬਤ ਨਹੀਂ ਕਰ ਸਕੇ ਕਿ ਗੁਰਬਾਣੀ ਜੂਨਾਂ ਵਿੱਚ ਪੈਣ ਵਾਲੇ ਸਿਧਾਂਤ ਦਾ ਖੰਡਣ ਕਰਦੀ ਹੈ।
        *********
ਹੁਣ ਤੁਹਾਡੀ ਵਿਆਕਰਣ ਸੰਬੰਧੀ, ਜਿਸ ਦੇ ਆਧਾਰ ਤੇ ਤੁਸੀਂ ਗੁਰਬਾਣੀ ਵਿੱਚ ਆਏ ‘ਲਖ ਚਉਰਾਸੀਹ’ ਦੇ ਹਰ ਥਾਂ ਅਰਥ ਮਨੁੱਖ ਇਸੇ ਜਨਮ ਵਿੱਚ ਜੂਨਾਂ ਭੁਗਤ ਰਿਹਾ ਹੈ ਕਰਦੇ ਹੋ:-
ਔਖੇ ਸ਼ਬਦਾਂ ਦੇ ਅਰਥਾਂ ਵਿੱਚ ਤੁਸੀਂ ਖੁਦ ਹੀ ਲਿਖਿਆ ਹੈ ਕਿ ‘ਭ੍ਰਮਤਿਆ- ਭਟਕਿਆ ਹੋਇਆ (ਭੂਤਕਾਲ ਕਿਰਦੰਤ…) ਜਿਸ ਨੂੰ ਤੁਸੀਂ ਕਹਿ ਰਹੇ ਹੋ ਕਿ- ‘ਪਰ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਹੈ’।
ਵੀਰ ਜੀ! ਇਸ ਹਿਸਾਬ ਨਾਲ ਤਾਂ ਭਟਕਿਆ ਦੇ ਅਰਥ ਭੂਤ ਕਾਲ ਵਾਲੇ ਹੀ ਹੋਣੇ ਚਾਹੀਦੇ ਹਨ ਜਾਂ ਨਹੀਂ?
ਪਰ ਤੁਸੀਂ ਭਟਕੇ ਹੋਏ ਮਨ ਨੂੰ ਵਰਤਮਾਨ ਕਾਲ ਵਿੱਚ ਸੰਬੋਧਨ ਕਰੀ ਜਾ ਰਹੇ ਹੋ- “ਹੇ ਲੱਖ ਚਉਰਾਸੀਹ ਵਿੱਚ ***ਭੜਕੇ ਹੋਏ*** ਮਨ!” ਇਹ ਕਿਸ ਤਰ੍ਹਾਂ ਸੰਭਵ ਹੈ?
ਭੂਤਕਾਲ ਕਿਰਦੰਤ ਹੈ ਤਾਂ ਇਸ ਦੇ ਅਰਥ ਵੀ ਭੂਤਕਾਲ ਵਿੱਚ ਹੀ ਹੋਣੇ ਚਾਹੀਦੇ ਹਨ।
ਦੇਖੋ ਜੋਗਿੰਦਰ ਸਿੰਘ ਤਲਵਾੜਾ ਜੀ ਕੀ ਲਿਖਦੇ ਹਨ:- “ਭੂਤ-ਕਿਰਦੰਤ ਤੋਂ ਭਾਵ ਹੈ ਕ੍ਰਿਆ-ਮੂਲ ਤੋਂ ਬਣਿਆ ਅਜਿਹਾ ਸ਼ਬਦ ਜਿਸ ਦੀ ਬਣਤਰ ਵਿੱਚ ਭੂਤ ਕਾਲ ਦੀ ਦਿਖ ਤਾਂ ਭਾਵੇਂ ਹੋਵੇ ਪਰ ਉਸ (ਸ਼ਬਦ) ਦੀ ਵਰਤੋਂ ਕ੍ਰਿਆ ਦੀ ਬਜਾਏ ਵਿਸ਼ੇਸ਼ਣ ਦੇ ਤੌਰ ਤੇ ਕੀਤੀ ਗਈ ਹੋਵੇ।”
ਜਿਵੇਂ- “ਪੜੵ ਤੋਂ ਪੜਿੵਆ’ , ਬੋਲ ਤੋਂ ਬੋਲਿਆ,  ਸੁਣ ਤੋਂ ਸੁਣਿਆ…”
“ਮਨ ‘ਵਿਛੁੜਿਆ’ ਹਰਿ ਮੇਲੀਐ ਨਾਨਕ ਇਹੁ ਸੁਆਉ॥”
“ਪਇਆ’ ਕਿਰਤੁ ਨ ਮੇਟੈ ਕੋਇ॥” 
ਏਥੇ ‘ਵਿਛੁੜਿਆ’ ਅਤੇ ‘ਪਇਆ’ ਦੀ ਭੁਤਕਾਲ ਦੀ ਦਿਖ ਸਾਫ ਨਜ਼ਰ ਆ ਰਹੀ ਹੈ। ਪਰ ਤੁਹਾਡੇ ਅਰਥਾਂ “ਹੇ ਲੱਖ ਚਉਰਾਸੀਹ ਵਿੱਚ ਭੜਕੇ ਹੋਏ ਮਨ!” ਵਿੱਚ ਭੂਤ ਕਾਲ ਦੀ ਦਿਖ ਕਿੱਥੇ ਹੈ?
ਜਸਬੀਰ ਸਿੰਘ ਵਿਰਦੀ                                                   
    22-02-2-16
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.